ਪਿਛਲੇ ਪੰਜ ਸਾਲਾਂ ਵਿੱਚ ਯੁਕਰੇਨ ਦੀ ਫ਼ੌਜ ਵਿੱਚ ਔਰਤਾਂ ਦੀ ਗਿਣਤੀ ਤਕਰੀਬਨ ਦੁੱਗਣੀ ਹੋ ਗਈ ਹੈ।
ਯੁਕਰੇਨ ਦੀ ਫ਼ੌਜ ਵਿੱਚ ਨਿਸ਼ਾਨੇਬਾਜ਼, ਬੰਦੂਕ ਚਲਾਉਣ ਦੀਆਂ ਮਾਹਰ ਤੇ ਫ਼ੌਜੀ ਟੈਂਕ ਸਟਾਫ਼ ਵਿੱਚ ਔਰਤਾਂ ਦੀ ਸ਼ਮੂਲੀਅਤ ਹੁਣ ਆਮ ਗੱਲ ਹੈ।
ਪਰ ਮਰਦ ਪ੍ਰਧਾਨ ਸਮਾਜ ਵਿੱਚ ਔਰਤਾਂ ਨੂੰ ਆਪਣੀ ਜਗ੍ਹਾ ਬਣਾਉਣ ਲਈ ਅੱਜ ਵੀ ਜਦੋਜਹਿਦ ਕਰਨੀ ਪੈਂਦੀ ਹੈ।
ਔਰਤ ਫ਼ੌਜੀਆਂ ਲਈ ਸਫ਼ਰ ਸੌਖਾ ਨਹੀਂ
ਮੁਲੋਸ਼ਨਾ ਯੁਕਰੇਨ ਫ਼ੌਜ ਵਿੱਚ ਸੇਵਾਵਾਂ ਨਿਭਾਉਂਦੇ ਹਨ। ਉਹ ਯੁਕਰੇਨ ਦੀ ਰੂਸ ਨਾਲ ਹੋਈ ਜੰਗ ਦਾ ਹਿੱਸਾ ਵੀ ਰਹੇ।
ਪਰ ਇਹ ਮੌਕਾ ਹਾਸਲ ਕਰਨ ਲਈ ਤੇ ਮਰਦ ਪ੍ਰਧਾਨ ਫ਼ੌਜ ਵਿੱਚ ਆਪਣੀ ਹੋਂਦ ਬਚਾਈ ਰੱਖਣ ਲਈ ਉਨ੍ਹਾਂ ਨੂੰ ਹਰ ਰੋਜ਼ ਜੰਗ ਲੜਨੀ ਪੈਂਦੀ ਹੈ।
ਮੈਰੀਨਾ ਮੁਲੌਸ਼ਨਾ ਕਹਿੰਦੇ ਹਨ,“ ਔਰਤਾਂ ਨਾਲ ਵਧੇਰੇ ਸਾਵਧਾਨੀ ਨਾਲ ਵਿਵਾਹਰ ਕੀਤਾ ਜਾਂਦਾ ਹੈ, ਜਦੋਂ ਕਿ ਜੰਗੀ ਹਾਲਾਤ ਵਿੱਚ ਮਰਦਾਂ ਨੂੰ ਆਪਣੇ ਆਪ ਮਾਣ ਹਾਸਿਲ ਹੋ ਜਾਂਦਾ ਹੈ।"
"ਇੱਕ ਔਰਤ ਨੂੰ ਲਗਾਤਾਰ ਇਹ ਸਾਬਤ ਕਰਨਾ ਪੈਂਦਾ ਹੈ ਕਿ ਉਹ ਕਰ ਸਕਦੀ ਹੈ ਤੇ ਟੀਮ ਦੇ ਮਰਦ ਮੈਂਬਰਾਂ ਦਾ ਸਿਰ ਨੀਵਾਂ ਨਹੀਂ ਕਰੇਗੀ। ਇਹ ਵੀ ਦੱਸਣਾ ਪੈਂਦਾ ਹੈ ਕਿ ਉਹ ਯਕੀਨ ਕਰਨ ਯੋਗ ਹੈ ਅਤੇ ਉਸ ’ਤੇ ਭਰੋਸਾ ਕੀਤਾ ਜਾ ਸਕਦਾ ਹੈ।"
ਜਦੋਂ ਮੁਲੋਸ਼ਨਾ ਨੇ ਬੀਬੀਸੀ ਨਾਲ ਗੱਲਬਾਤ ਕੀਤੀ ਤਾਂ ਉਸ ਸਮੇਂ ਉਹ ਯੂਕਰੇਨ ਦੀਆਂ ਹਥਿਆਰਬੰਦ ਫ਼ੌਜਾਂ ਦੇ ਹਿੱਸੇ ਵਜੋਂ ਖਾਰਕੀਵ ਇਲਾਕੇ ਦੇ ਜੰਗੀ ਮਿਸ਼ਨ ਵਿੱਚ ਹਿੱਸਾ ਲੈ ਰਹੀ ਸੀ।
ਉਹ ਆਪਣੀ ਨਵੀਂ ਭੂਮਿਕਾ ਵਿੱਚ ਆਤਮਵਿਸ਼ਵਾਸ ਮਹਿਸੂਸ ਕਰਦੀ ਹੈ, ਹਾਲਾਂਕਿ ਉਹ ਮੰਨਦੀ ਹੈ ਕਿ ਯੂਕਰੇਨੀ ਫੌਜ ਵਿੱਚ ਇੱਕ ਔਰਤ ਦਾ ਫ਼ੌਜੀ ਹੋਣਾ ਸੌਖਾ ਕੰਮ ਨਹੀਂ ਹੈ।
ਹਮਲੇ ਤੋਂ ਬਾਅਦ, ਮੋਲੂਸ਼ਨਾ ਇੱਕ ਵਲੰਟੀਅਰ ਦੇ ਤੌਰ ''ਤੇ ਅੱਗੇ ਵਧੀ ਅਤੇ ਫਰੰਟ ਲਾਈਨ ਫ਼ੌਜੀਆਂ ਵਿੱਚ ਸ਼ਾਮਿਲ ਹੋਈ ਸੀ।
ਉਹ ਕਹਿੰਦੀ ਹੈ ਕਿ ਆਪਣੇ ਦੇਸ਼ ਦੀ ਰੱਖਿਆ ਲਈ ਹੋਰ ਕੁਝ ਕਰਨਾ ਚਾਹੁੰਦੀ ਸੀ ਅਤੇ ਮਾਰੀਉਪੋਲ ਜਿੱਥੇ ਉਨ੍ਹਾਂ ਨੇ ਜੰਗ ਤੋਂ ਪਹਿਲਾਂ ਪੱਤਰਕਾਰ ਵਜੋਂ ਕੰਮ ਕੀਤਾ ਸੀ, ਉਸ ਨੂੰ ਛੱਡਣ ਲਈ ਖ਼ੁਦ ਨੂੰ ਜ਼ਿੰਮੇਵਾਰ ਸਮਝਦੇ ਹਨ।
ਦੱਖਣ-ਪੂਰਬੀ ਯੂਕਰੇਨ ਦਾ ਤੱਟਵਰਤੀ ਸ਼ਹਿਰ ਮਾਰੀਉਪੋਲ ਜੰਗ ਤੋਂ ਬਾਅਦ ਰੂਸ ਦੇ ਹਿੱਸੇ ਆਇਆ।
ਇਸ ਸ਼ਹਿਰ ਨੂੰ ਰੂਸ ਵੱਲ ਜਾਣ ਤੋਂ ਪਹਿਲਾਂ ਕਈ ਮਹੀਨਿਆਂ ਤੱਕ ਖ਼ੌਫ਼ਜ਼ਦਾ ਕਰਨ ਵਾਲੀ ਜੰਗ ਹੋਈ ਸੀ।
ਯੂਰਕੇਨ ਦੀਆਂ ਫੌਜੀ ਔਰਤਾਂ:
- ਔਰਤਾਂ ਯੁਕਰੇਨ ਦੀ ਫੌਜ ਦਾ ਅਹਿਮ ਹਿੱਸਾ ਬਣ ਰਹੀਆਂ ਹਨ।
- ਔਰਤਾਂ ਜੰਗ ਦੇ ਦਿਨਾਂ ਵਿੱਚ ਪ੍ਰਮੁੱਖ ਭੂਮਿਕਾ ਵੀ ਨਿਭਾਉਂਦੀਆਂ ਨਜ਼ਰ ਆਉਂਦੀਆਂ ਹਨ।
- ਫ਼ੌਜ ਵਿੱਚ ਔਰਤਾਂ ਦੀ ਭਾਗੀਦਾਰੀ ਦਾ ਵਿਚਾਰ ਰੂਸ ਦੇ ਹਮਲੇ ਤੋਂ ਪਹਿਲਾਂ ਹੀ ਆ ਚੁੱਕਿਆ ਸੀ।
- ਅਧਿਕਾਰੀ ਔਰਤਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਸੁਧਾਰਾਂ ਦਾ ਵਾਅਦਾ ਕਰਦੇ ਹਨ।
- ਇਸ ਮੁਕਾਮ ਨੂੰ ਹਾਸਿਲ ਕਰਨਾ ਤੇ ਬਰਕਰਾਰ ਰੱਖਣਾ ਫ਼ੌਜੀ ਔਰਤਾਂ ਲਈ ਰੋਜ਼ ਦੀ ਜੰਗ ਹੈ।
ਔਰਤਾਂ ਦਾ ਫ਼ੌਜ ਵਿੱਚ ਜਾਣਾ ਤੇ ਸਮਾਜ
ਯੁਕਰੇਨ ਦੇ ਮਿਲਟਰੀ ਸੂਤਰਾਂ ਮੁਤਾਾਕ, ਪਿਛਲੇ ਪੰਜ ਸਾਲਾਂ ਵਿੱਚ, ਯੂਕਰੇਨ ਦੀ ਫੌਜ ਵਿੱਚ ਔਰਤਾਂ ਦੀ ਗਿਣਤੀ ਲਗਭਗ ਦੁੱਗਣੀ ਹੋ ਚੁੱਕੀ ਹੈ।
ਇਹ ਕਰੀਬ 40,000 ਹੋ ਗਈ ਹੈ ਅਤੇ ਇਨ੍ਹਾਂ ਵਿੱਚੋਂ 5,000 ਤੋਂ ਵੱਧ ਫਰੰਟ ਲਾਈਨਾਂ ''ਤੇ ਤਾਇਨਾਤ ਹੁੰਦੀਆਂ ਹਨ।
ਫੌਜ ਵਿੱਚ ਔਰਤਾਂ ਹਾਲੇ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨ ਦੀ ਸ਼ਿਕਾਇਤ ਕਰਦੀਆਂ ਹਨ।
ਫੌਜੀ ਸਾਜ਼ੋ-ਸਾਮਾਨ ਮਰਦਾਂ ਨੂੰ ਮੱਦੇਨਜ਼ਰ ਰੱਖਕੇ ਤਿਆਰ ਕੀਤਾ ਜਾਂਦਾ ਹੈ।
ਇੰਨਾਂ ਹੀ ਨਹੀਂ ਇਸ ਨੂੰ ਇੱਕ ਮਰਦ ਪ੍ਰਧਾਨ ਕਿੱਤਾ ਮੰਨਿਆ ਜਾਂਦਾ ਹੈ ਜਦਕਿ ਫੌਜ ਵਿੱਚ ਔਰਤਾਂ ਦੀ ਭੂਮਿਕਾ ਵੱਧਦੀ ਹੋਈ ਨਜ਼ਰ ਆ ਰਹੀ ਹੈ।
ਇਸ ਨੂੰ ਯੂਕਰੇਨੀ ਸਮਾਜ ਵਲੋਂ ਸਵੀਕਾਰ ਵੀ ਕੀਤਾ ਜਾ ਰਿਹਾ ਹੈ।
ਓਕਸਾਨਾ ਗ੍ਰੀਗੋਰਵੀਆ, ਯੂਕਰੇਨੀ ਆਰਮੀ ਦੇ ਕਮਾਂਡਰ ਦੇ ਲਿੰਗਕ ਮੁੱਦਿਆਂ ''ਤੇ ਸਲਾਹਕਾਰ ਹਨ।
ਉਹ ਇਸ ਬਾਰੇ ਕਹਿੰਦੇ ਹਨ, “ਇੱਕ ਵਾਰ ਇਹ ਸੋਵੀਅਤ ਦੇ ਭੰਗ ਹੋਣ ਤੋਂ ਬਾਅਦ ਬਣੀ ਫੌਜ ਸੀ, ਜੋ ਕਠੋਰ ਅਤੇ ਮਰਦਾਨਾ ਸੀ, ਪਰ ਹੁਣ ਫੌਜ ਵਧੇਰੇ ਉਚਿਤ ਅਤੇ ਬਰਾਬਰਤਾ ਦੇ ਸੰਕਲਪ ਨੂੰ ਸਮਝਣ ਵਾਲੀ ਬਣ ਰਹੀ ਹੈ, ਅਸਲ ਵਿੱਚ ਹੁਣ ਔਰਤਾਂ ਆਪਣੇ ਆਪ ਨੂੰ ਸਾਬਤ ਕਰ ਸਕਦੀਆਂ ਹਨ।"
ਇਹ ਵੀ ਪੜ੍ਹੋਂ:
ਅਫ਼ਸਰ, ਟੈਂਕ ਦਾ ਸਟਾਫ਼ ਤੇ ਬੰਦੂਕਧਾਰੀ
ਇੱਕ ਗ਼ੈਰ ਸਰਕਾਰੀ ਯੁਕਰੇਨ ਦੇ ਥਿੰਕ ਟੈਂਕ ਨਾਲ ਸਬੰਧ ਰੱਖਦੇ ਓਲੈਕਸੈ ਮੈਲਨਾਇਕ ਕਹਿੰਦੇ ਹਨ, “ਪਿਛਲੇ 15 ਸਾਲਾਂ ਦਰਮਿਆਨ ਯੁਕਰੇਨ ਦੀ ਆਰਮੀ ਵਿੱਚ ਔਰਤਾਂ ਦੀ ਭੂਮਿਕਾ ਬਹੁਤ ਬਦਲੀ ਹੈ, ਗਿਣਤੀ ਦੇ ਪੱਖ ਤੋਂ ਹੀ ਨਹੀਂ ਬਲਕਿ ਉਨ੍ਹਾਂ ਦੇ ਕੰਮ ਦੇ ਪੱਖ ਤੋਂ ਵੀ।”
ਪਹਿਲਾਂ ਔਰਤਾਂ ਨੂੰ ਗ਼ੈਰ-ਹਥਿਆਰਬੰਦ ਖੇਤਰਾਂ ਵਿੱਚ ਹੀ ਕੰਮ ਕਰਨ ਦੀ ਇਜ਼ਾਜਤ ਸੀ।
ਜ਼ਿਆਦਾਤਰ ਔਰਤਾਂ ਨੂੰ ਟੈਲੀਫ਼ੋਨ ਆਪਰੇਟਰ, ਟਾਈਪਿਸਟ, ਸਿਹਤ ਸੰਭਾਲ ਜਾਂ ਖਾਣਾ ਪਕਾਉਣ ਵਰਗੀਆਂ ਜਿੰਮੇਵਾਰੀਆਂ ਦਿੱਤੀਆਂ ਜਾਦੀਆਂ ਸਨ।
ਇਹ 2014 ਵਿੱਚ ਡੋਨਬਾਸ ਵਿੱਚ ਛਿੜੀ ਜੰਗ ਨਾਲ ਬਦਲਿਆ, ਜਦੋਂ ਔਰਤਾਂ ਪਹਿਲੀ ਵਾਰ ਵੱਡੀ ਗਿਣਤੀ ਵਿੱਚ ਵਾਲੰਟੀਅਰ ਬਟਾਲੀਅਨਾਂ ਵਿੱਚ ਲੜਨ ਲਈ ਗਈਆਂ।
ਉਸ ਵੇਲੇ ਜੰਗ ਆਪਣੇ ਜ਼ੋਰ ’ਤੇ ਸੀ ਅਤੇ ਕਿਸੇ ਨੇ ਵੀ ਨੌਕਰਸ਼ਾਹੀ ਕਾਰਜ-ਪ੍ਰਣਾਲੀ ਵੱਲ ਧਿਆਨ ਨਹੀਂ ਦਿੱਤਾ।
ਮੈਲਨਾਇਕ ਕਹਿੰਦੇ ਹਨ,"ਕੁਝ ਅਜਿਹੇ ਕੇਸ ਸਨ ਜਦੋਂ ਇੱਕ ਔਰਤ ਇੱਕ ਸਨਾਈਪਰ ਵਜੋਂ ਲੜਦੀ ਸੀ, ਪਰ ਹੈੱਡਕੁਆਰਟਰ ਵਿੱਚ ਇੱਕ ਰਸੋਈਏ ਜਾਂ ਟਾਈਪਿਸਟ ਵਜੋਂ ਭਰਤੀ ਹੋਈ ਸੀ।"
ਪਰ 2018 ਤੱਕ ਔਰਤਾਂ ''ਤੇ ਲੱਗੀਆਂ ਕੁਝ ਪਾਬੰਦੀਆਂ ਨੂੰ ਕਾਨੂੰਨੀ ਤੌਰ ''ਤੇ ਖਤਮ ਨਹੀਂ ਸੀ ਕੀਤਾ ਗਿਆ।
ਫ਼ਿਰ ਕਾਨੂੰਨ ਬਦਲਿਆ ਗਿਆ ਤੇ ਚਾਹੇ ਉਨ੍ਹਾਂ ਲਈ ਕੁਝ ਸ਼ਰਤਾਂ ਰੱਖੀਆਂ ਗਈਆਂ ਪਰ ਮਰਦਾਂ ਦੇ ਬਰਾਬਰ ਸਿਖਲਾਈ ਪ੍ਰਾਪਤ ਕਰਨ ਦੇ ਯੋਗ ਮੰਨਿਆ ਜਾਣ ਲੱਗਾ।
ਉੱਚ ਅਹੁਦਿਆਂ ’ਤੇ ਔਰਤਾਂ
ਲੈਫ਼ਟੀਨੈਂਟ ਜਨਰਲ ਸੈਰੀਏ ਨੀਵ ਕਹਿੰਦੇ ਹਨ, “ਹੁਣ ਔਰਤਾਂ ਕਮਾਂਡਰ ਵੱਜੋਂ ਜੰਗ ਦੇ ਮੈਦਾਨ ਵਿੱਚ ਜਾਂਦੀਆਂ ਹਨ, ਬਿਨ੍ਹਾਂ ਕਿਸੇ ਮਰਦ ਦੀ ਮਦਦ ਤੋਂ ਐਵੀਏਸ਼ਨ ਯੁਨਿਟਾਂ ਵਿੱਚ ਕੰਮ ਕਰਦੀਆਂ ਹਨ।”
ਉਨ੍ਹਾਂ ਦੇ ਅੰਕੜਿਆਂ ਮੁਤਾਬਕ, 8000 ਤੋਂ ਵੱਧ ਔਰਤ ਅਫ਼ਸਰਾਂ ਦੀਆਂ ਅਸਾਮੀਆਂ ਹਨ।
ਦੇਸ ਦੀ ਪਹਿਲੀ ਔਰਤ ਜਨਰਲ ਤੈਟਿਆਨਾ ਓਸਤਾਸ਼ਚੇਂਕੋ, ਜਿਨ੍ਹਾਂ ਨੇ 2021 ਵਿੱਚ ਅਹੁਦਾ ਸੰਭਾਲਿਆ ਦੱਸਦੇ ਹਨ ਕਿ ਹੁਣ ਔਰਤਾਂ ਫ਼ੌਜ ਦੇ ਮੈਡੀਕਲ ਵਿਭਾਗ ਵਿੱਚ ਹਨ ਪਰ ਨਾਲ ਹੀ ਬ੍ਰਿਗੇਡੀਅਰ ਜਨਰਲ ਤੱਕ ਦੇ ਆਹੁਦਿਆਂ ’ਤੇ ਵੀ ਬਿਰਾਜਮਾਨ ਹਨ।
ਗਰਿਗੋਰੇਵਾ ਇਸ ਗੱਲ ਨੂੰ ਸਹੀ ਠਹਿਰਾਉਂਦੇ ਹਨ ਕਿ, “ਫ਼ੌਜ ਵਿੱਚ ਬਹੁਤ ਸਾਰੀਆਂ ਤਾਕਤਵਰ ਔਰਤਾਂ ਹਨ। ਜਿਨ੍ਹਾਂ ਵਿੱਚ ਗੰਨ ਕਮਾਂਡਰ, ਪਲੈਟੂਨ ਕਮਾਂਡਰ ਤੇ ਨਿਸ਼ਾਨੇਬਾਜ਼ ਸ਼ਾਮਿਲ ਹਨ। ਐਨਾ ਹੀ ਨਹੀਂ, ਇੱਕ ਗੋਤਾਖੋਰ ਔਰਤ ਵੀ ਫ਼ੌਜ ਦਾ ਹਿੱਸਾ ਹੈ।”
ਉਹ ਕਹਿੰਦੇ ਹਨ, “ਬਹੁਤ ਸਾਰੀਆਂ ਔਰਤਾਂ ਹਨ ਜੋ ਟੈਂਕ ਸਟਾਫ਼ ਦਾ ਹਿੱਸਾ ਹਨ, ਉਹ ਮਰਦਾਂ ਦੇ ਮੁਕਾਬਲੇ ਕੱਦ ਵਿੱਚ ਛੋਟੀਆਂ ਤੇ ਪਤਲੀਆਂ ਹਨ ਪਰ ਸ਼ਾਇਦ ਕਿਸੇ ਜੰਗੀ ਟੈਂਕ ਤੇ ਉਨ੍ਹਾਂ ਦੀ ਮੌਜੂਦਗੀ ਵਧੇਰੇ ਸੁਵਿਧਾਜਨਕ ਹੈ।”
ਗਰਿਗੋਰੇਵਾ ਮੰਨਦੇ ਹਨ ਕਿ ਜੰਗ ਦੇ ਹਾਲਾਤ ਵਿੱਚ ਔਰਤਾਂ ਆਮ ਤੌਰ ’ਤੇ ਮਾਨਸਿਕ ਤੌਰ ’ਤੇ ਵਧੇਰੇ ਸੰਤੁਲਿਤ ਹਨ ਤੇ ਜਦੋਂ ਗੱਲ ਟੀਮ ਮੈਂਬਰਾਂ ਦੇ ਆਪਸੀ ਸੰਬਧਾਂ ਦੀ ਆਉਂਦੀ ਹੈ ਉਹ ਵਧੇਰੇ ਸੰਵੇਦਨਸ਼ੀਵਲ ਵੀ ਹਨ ਤੇ ਮਦਦਗਾਰ ਵੀ।
ਲੋਕਾਂ ਦੀ ਧਾਰਨਾ
ਸਮਾਜ ’ਚ ਫੌਜ ਵਿੱਚ ਭਰਤੀ ਹੋਣ ਵਾਲੀਆਂ ਔਰਤਾਂ ਪ੍ਰਤੀ ਨਜ਼ਰੀਆ ਵੀ ਬਦਲ ਗਿਆ ਹੈ।
ਤਮਾਰਾ ਮਾਰਟਸੇਨਯੁਕ ਕੀਵ-ਮੋਹਿਲਾ ਅਕੈਡਮੀ ਵਿੱਚ ਇੱਕ ਸਮਾਜ-ਵਿਗਿਆਨੀ ਅਤੇ ਲਿੰਗ ਖੋਜਕਰਤਾ ਵਜੋਂ ਕੰਮ ਕਰਦੇ ਹਨ।
ਉਨ੍ਹਾਂ ਨੇ ਇਸ ਵਿਸ਼ੇ ''ਤੇ ਦੋ ਸਮਾਜ ਵਿਗਿਆਨਿਕ ਸਰਵੇਖਣਾਂ ਦੀ ਤੁਲਨਾ ਕੀਤੀ ਹੈ।
2018 ਵਿੱਚ, ਕੀਵ ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਸੋਸ਼ਿਆਲੋਜੀ ਦੇ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ ਹਥਿਆਰਬੰਦ ਫ਼ੌਜਾਂ ਵਿੱਚ ਮਰਦਾਂ ਅਤੇ ਔਰਤਾਂ ਲਈ ਬਰਾਬਰ ਅਧਿਕਾਰਾਂ ਅਤੇ ਮੌਕਿਆਂ ਦੇ ਵਿਚਾਰ ਨੂੰ ਲਗਭਗ 53% ਯੂਕਰੇਨੀਅਨਾਂ ਵੱਲੋਂ ਸਮਰਥਨ ਦਿੱਤਾ ਗਿਆ ਸੀ।
ਚਾਰ ਸਾਲ ਬਾਅਦ, ਖੋਜ ਏਜੰਸੀ "ਇਨਫ਼ੋਸੈਪੀਅਨ" ਵਲੋਂ ਕੀਤੇ ਗਏ ਸਰਵੇਖਣ ਵਿੱਚ ਇਹ ਸੂਚਕ 80% ਤੱਕ ਵਧ ਚੁੱਕਿਆ ਸੀ।
ਮਾਰਟਸੇਨਯੁਕ ਦਾ ਮੰਨਣਾ ਹੈ ਕਿ ਯੂਕਰੇਨ ਵਿੱਚ ਅੱਠ ਸਾਲਾਂ ਦੀ ਦੁਸ਼ਮਣੀ ਨੇ ਫੌਜੀ ਔਰਤਾਂ ਦੀ ਇੱਕ ਸਕਾਰਾਤਮਕ ਤਸਵੀਰ ਨੂੰ ਉਤਸ਼ਾਹਿਤ ਕੀਤਾ ਹੈ।
ਇਸ ਸਾਲ ਹੋਏ ਵੱਡੇ ਰੂਸੀ ਹਮਲੇ ਦੌਰਾਨ ਹੋਰ ਲੋਕਾਂ ਨੂੰ ਲਾਮਬੰਦ ਕਰਨ ਦੀ ਲੋੜ ਨੂੰ ਮੁੜ ਉਤਸ਼ਾਹਿਤ ਕੀਤਾ ਗਿਆ ਹੈ।
ਫ਼ੌਜ ’ਚ ਭਰਤੀ ਦਾ ਤਰੀਕਾ ਔਰਤਾਂ ਦੇ ਅਨੁਕੂਲ ਨਹੀਂ
ਫ਼ੌਜ ਵਿੱਚ ਔਰਤਾਂ ਦੀ ਭਾਗੀਦਾਰੀ ਦਾ ਵਿਚਾਰ ਰੂਸ ਦੇ ਹਮਲੇ ਤੋਂ ਪਹਿਲਾਂ ਹੀ ਆ ਚੁੱਕਿਆ ਸੀ।
ਸਾਲ 2021 ਦੇ ਅੰਤ ਵਿੱਚ ਵਿੱਤ ਵਿਭਾਗ ਵਲੋਂ ਜਾਰੀ ਕੀਤੀ ਗਈ ਪੇਸ਼ਿਆਂ ਦੀ ਸੂਚੀ ਵਿੱਚ ਮਿਲਟਰੀ ਵਿੱਚ ਔਰਤਾਂ ਲਈ ਵੀ ਨੌਕਰੀਆਂ ਕੱਢੀਆਂ ਗਈਆਂ ਸਨ।
ਇਸ ਸੂਚੀ ਨੂੰ ਅਲੋਚਣਾ ਦਾ ਸਾਹਮਣਾ ਕਰਨਾ ਪਿਆ।
ਇਸ ਵਿੱਚ ਜੋ ਅਸਾਮੀਆਂ ਔਰਤਾਂ ਲਈ ਕੱਢੀਆਂ ਗਈਆਂ ਸਨ, ਉਹ ਆਈਟੀ ਮਾਹਰਾਂ, ਪੱਤਰਕਾਰਾਂ, ਸੰਗੀਤਕਾਰਾਂ ਅਤੇ ਇਸ਼ਤਿਹਾਰਬਾਜ਼ੀ ਵਿਭਾਗਾਂ ਵਿੱਚ ਕੱਢੀਆਂ ਗਈਆਂ।
ਇਹ ਇਸ ਗੱਲ ਦਾ ਸਬੂਤ ਸੀ ਕਿ ਬਹੁਤ ਸਾਰੇ ਯੁਕਰੇਨੀ ਜੋ ਵਿਦੇਸ਼ਾਂ ਵਿੱਚ ਜਾ ਵਸੇ, ਉਨ੍ਹਾਂ ਵਾਪਸ ਪਰਤਣ ਤੋਂ ਗੁਰੇਜ਼ ਕੀਤਾ ਸੀ।
ਅੱਨਾ ਕੀਵ ਤੋਂ ਇੱਕ ਮਨੋਵਿਗਿਆਨੀ ਹਨ ਜੋ ਆਪਣੀ ਧੀ ਨਾਲ ਆਸਟ੍ਰੀਆ ਵਿੱਚ ਨਾਲ ਰਹਿੰਦੇ ਹਨ।
ਉਹ ਸਵਿਕਾਰ ਕਰਦੇ ਹਨ ਕਿ ਜੰਗ ਛਿੜਣ ਤੋਂ ਬਾਅਦ ਉਨ੍ਹਾਂ ਨੇ ਕੀਵ ਵਾਪਸ ਆਉਣ ਨੂੰ ਤਰਜ਼ੀਹ ਨਾ ਦਿੱਤੀ।
ਉਹ ਕਹਿੰਦੇ ਹਨ ਕਿ ਅਚਾਨਕ ਭਰਤੀ ਹੋਣ ਦਾ ਖ਼ਿਆਲ ਸੁਖਾਲਾ ਨਹੀਂ ਸੀ।
ਅੱਨਾ ਕਹਿੰਦੇ ਹਨ, “ਇਹ ਨਹੀਂ ਸੀ ਕਿ ਮੈਨੂੰ ਫ਼ੌਜ ਵਿੱਚ ਭਰਤੀ ਹੋਣ ਦਾ ਡਰ ਸੀ ਪਰ ਬੇਸ਼ੱਕ ਮੈਂ ਢੰਗ ਬਾਰੇ ਸਮਝ ਸਪੱਸ਼ਟ ਕਰਨਾ ਚਾਹੁੰਦੀ ਸੀ।”
“ਜੇ ਅਸੀਂ ਮਾਵਾਂ ਨੂੰ ਛੋਟੇ ਬੱਚਿਆਂ ਤੋਂ ਦੂਰ ਲੈ ਜਾਵਾਂਗੇ, ਅਸੀਂ ਇਕ ਸਧਾਰਨ ਸਮਾਜ ਦੀ ਸਿਰਜਣਾ ਨਹੀਂ ਕਰ ਸਕਾਂਗੇ। ਸਾਨੂੰ ਵੱਡਾ ਸੋਚਣਾ ਪਵੇਗਾ। ਦੇਸ਼ ਔਰਤਾਂ ’ਤੇ ਨਿਰਭਰ ਕਰਦਾ ਹੈ ਜੋ ਬੱਚਿਆਂ ਨੂੰ ਆਪਣਾ ਸਭਿਆਚਾਰ ਦਿੰਦੀਆਂ ਹਨ ਤੇ ਸਮਾਜ ਸਿਰਜਦੀਆਂ ਹਨ।”
ਅਲੋਚਣਾ ਦੇ ਜਵਾਬ ਵਿੱਚ ਰੱਖਿਆ ਵਿਭਾਗ ਨੇ ਇਸ ਦੀ ਰਜਿਸਟ੍ਰੇਸ਼ਨ 1 ਅਕਤੂਬਰ 2022 ਤੱਕ ਮੁਲਤਵੀ ਕਰ ਦਿੱਤੀ ਤੇ ਸੂਚੀ ਵਿੱਚ ਕਈ ਅਹੁਦਿਆਂ ਨੂੰ ਘਟਾ ਦਿੱਤਾ।
ਇਸ ਵਾਰ ਫ਼ਿਰ ਤੋਂ ਰਜ਼ਿਸਟ੍ਰੇਸ਼ਨ ਨੂੰ ਅਗਲੇ ਸਾਲ ਤੱਕ ਮੁਲਤਵੀ ਕਰ ਦਿੱਤਾ ਗਿਆ।
ਕੁਝ ਸਿਆਸਤਦਾਨ ਔਰਤਾਂ ਨਾਲ ਮਰਦਾਂ ਨਾਲੋਂ ਵੱਖਰੇ ਵਿਵਹਾਰ ਨਾਲ ਸਹਿਮਤ ਨਹੀਂ ਹਨ।
ਕੌਮੀ ਸੁਰੱਖਿਆ, ਰੱਖਿਆ ਅਤੇ ਖੁਫ਼ੀਆ ਬਾਰੇ ਕਮੇਟੀ ਦੀ ਉਪ ਮੁਖੀ ਮਰਿਆਨਾ ਬੇਜੁਗਲਾ ਕਹਿੰਦੇ ਹਨ ਕਿ ਉਸਨੇ ਔਰਤਾਂ ਨੂੰ ਭਰਤੀ ਕਰਨ ਲਈ ਨਵੇਂ, ਸਵੈ-ਇੱਛਤ ਨਿਯਮਾਂ ਲਈ ਸਹਿਮਤੀ ਨਹੀਂ ਜਤਾਈ।
ਫ਼ੌਜ ਵਿੱਚ ਔਰਤਾਂ ਤੇ ਮਰਦਾਂ ਵਿਚਲਾ ਵਖਰੇਵਾਂ
ਹਾਲਾਂਕਿ ਯੂਕਰੇਨੀ ਫੌਜ ਵਿੱਚ ਇੱਕ ਔਰਤਾਂ ਦੀ ਸਾਮੂਲੀਅਤ ਹੁਣ ਆਮ ਹੈ ਪਰ ਇਸਦਾ ਅਰਥ ਇਹ ਨਹੀਂ ਹੈ ਕਿ ਉਨ੍ਹਾਂ ਨਾਲ ਹਮੇਸ਼ਾ ਬਰਾਬਰ ਦਾ ਸਲੂਕ ਕੀਤਾ ਜਾਂਦਾ ਹੈ।
ਮੈਰੀਨਾ ਮੋਲੋਸ਼ਨਾ ਮੰਨਦੇ ਹਨ ਕਿ ਉਹ ਔਰਤਾਂ ਪ੍ਰਤੀ ਆਪਣੀ ਬਟਾਲੀਅਨ ਦਾ ਰਵੱਈਆ ਦੇਖ ਕੇ ਹੈਰਾਨ ਸਨ।
ਉਹ ਕਹਿੰਦੇ ਹਨ,"ਅਸੀਂ ਕਿਸੇ ਨਾਟੋ ਦੇ ਮਾਪਦੰਡਾਂ ਬਾਰੇ ਗੱਲ ਨਹੀਂ ਕਰ ਰਹੇ ਹਾਂ।”
"ਸਾਨੂੰ ਅਕਸਰ ਲਿੰਗ ਅਧਾਰਿਤ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਕੁਝ ਕਮਾਂਡਰ ਔਰਤਾਂ ਦੀ ਬੇਇੱਜਤੀ ਵੀ ਕਰਦੇ ਹਨ।"
ਫੌਜ ਵਿੱਚ ਰੋਜ਼ਾਨਾ ਜੀਵਨ ਅਜੇ ਵੀ ਮਰਦਾਂ ''ਤੇ ਕੇਂਦ੍ਰਿਤ ਹੈ। ਔਰਤਾਂ ਮਰਦਾਂ ਵਾਂਗ ਹੀ ਵਰਦੀ ਪਹਿਨਦੀਆਂ ਹਨ, ਛੋਟੇ ਸਾਈਜ਼ ਦੇ ਫੌਜੀ ਬੂਟਾਂ ਨੂੰ ਲੱਭਣਾ ਅਸਲੋ ਚੁਣੌਤੀ ਹੈ।”
“ਔਰਤਾਂ ਨੂੰ ਥਰਮਲ ਅੰਡਰਵੀਅਰ ਪ੍ਰਦਾਨ ਨਹੀਂ ਕੀਤੇ ਜਾਂਦੇ ਹਨ।”
ਮੋਲੋਸ਼ਨਾ ਕਹਿੰਦੀ ਹੈ ਕਿ ਔਰਤਾਂ ਨੂੰ ਆਪਣੇ ਖ਼ੁਦ ਦੇ ਔਰਤਾਂ ਸੰਬੰਧੀ ਸਫਾਈ ਉਤਪਾਦ ਵੀ ਖਰੀਦਣੇ ਪੈਂਦੇ ਹਨ, ਜਿਵੇਂ ਕਿ ਪੈਡ ਜਾਂ ਟੈਂਪੋਜ਼।
ਫੌਜ ਵਿੱਚ ਔਰਤਾਂ ਦੀ ਮਦਦ ਕਰਨ ਵਾਲੀ "ਜ਼ੇਮਲਿਆਚਕੀ" ਜਨਤਕ ਸੰਸਥਾ ਦੀ ਸਹਿ-ਸੰਸਥਾਪਕ, ਕਸੇਨੀਆ ਡ੍ਰਾਗਨਯੁਕ ਕਹਿੰਦੇ ਹਨ, “ਹਰ ਰੋਜ਼ ਹਜ਼ਾਰਾਂ ਫ਼ੌਜੀ ਔਰਤਾਂ ਸਾਡੇ ਕੋਲ ਅਜਿਹੀਆਂ ਸਮੱਸਿਆਵਾਂ ਨਾਲ ਆਉਂਦੀਆਂ ਹਨ।”
ਉਹ ਕਹਿੰਦੇ ਹਨ ਕਿ ਫੰਡ ਔਰਤਾਂ ਨੂੰ ਫੌਜੀ ਅੰਡਰਵੀਅਰ, ਥਰਮਲ ਅੰਡਰਵੀਅਰ, ਵਰਦੀਆਂ, ਹਲਕੇ ਸੁਰੱਖਿਆ ਵਾਲੀਆਂ ਪਲੇਟਾਂ, ਹੈਲਮੇਟ, ਸਫਾਈ ਉਤਪਾਦ, ਖ਼ਾਸ ਤੌਰ ''ਤੇ ਔਰਤਾਂ ਲਈ ਤਿਆਰ ਕੀਤੀਆਂ ਗਈਆਂ ਫਸਟ-ਏਡ ਕਿੱਟਾਂ ਪ੍ਰਦਾਨ ਕਰਦਾ ਹੈ।
“ਜਦੋਂ ਤੁਸੀਂ ਜਿਮ ਜਾਂਦੇ ਹੋ ਤਾਂ ਤੁਹਾਨੂੰ ਆਰਾਮਦਾਇਕ ਕੱਪੜੇ ਚਾਹੀਦੇ ਹਨ ਤਾਂ ਜੋ ਦੌੜਨਾ ਅਤੇ ਕਸਰਤ ਕਰਨਾ ਸੁਵਿਧਾਜਨਕ ਹੋਵੇ। ਜਦੋਂ ਇਹ ਫਰੰਟ ਲਾਈਨ ''ਤੇ ਹੁੰਦਾ ਹੈ ਅਤੇ ਤੁਹਾਨੂੰ ਲੜਾਈ ਦੇ ਕੰਮ ਕਰਨੇ ਪੈਂਦੇ ਹਨ, ਇਹ ਸੁਰੱਖਿਆ ਦਾ ਸਵਾਲ ਹੈ।"
ਫੰਡ ਮਨੋਵਿਗਿਆਨਕ ਸਹਾਇਤਾ ਪ੍ਰਦਾਨ ਕਰਨ ਲਈ ਵੀ ਹਨ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਸਮੱਸਿਆਵਾਂ ਨੂੰ ਸਮਝਦੇ ਹਨ ਅਤੇ ਸੁਧਾਰਾਂ ਦਾ ਵਾਅਦਾ ਕਰਦੇ ਹਨ।
ਜੁਲਾਈ ਵਿੱਚ, ਬੀਬੀਸੀ ਨੂੰ ਪਤਾ ਲੱਗਾ ਕਿ ਔਰਤਾਂ ਲਈ ਇੱਕ ਵਿਸ਼ੇਸ਼ ਫੌਜੀ ਵਰਦੀ ਤਿਆਰ ਕੀਤੀ ਗਈ ਹੈ ਪਰ ਇਹ ਸਾਫ਼ ਨਹੀਂ ਕਿ ਕਦੋਂ ਦਿੱਤੀਆਂ ਜਾਣਗੀਆਂ।
ਓਕਸਾਨਾ ਗ੍ਰੀਗੋਰੀਵਾ ਨੋਟ ਕਰਦੀ ਹੈ, ਜੋ ਵਿਸ਼ਵਾਸ ਕਰਦੀ ਹੈ ਕਿ ਯੂਕਰੇਨ ਇਸ ਖੇਤਰ ਵਿੱਚ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ ਕਹਿੰਦੇ ਹਨ,“ ਸਾਰੇ ਨਾਟੋ ਦੇਸ਼ਾਂ ਵਿੱਚ ਅਜੇ ਤੱਕ ਔਰਤਾਂ ਦੀਆਂ ਵਰਦੀਆਂ ਨਹੀਂ ਹਨ। ਸੰਯੁਕਤ ਰਾਜ ਵਿੱਚ ਉਹ 2009 ਵਿੱਚ ਵਿਕਸਤ ਹੋਣੇ ਸ਼ੁਰੂ ਹੋਏ ਸਨ।"
ਉਹ ਕਹਿੰਦੇ ਹਨ ਕਿ ਹਥਿਆਰਬੰਦ ਫ਼ੋਰਸਜ਼ ਵਿਤਕਰੇ ਦਾ ਮੁਕਾਬਲਾ ਕਰਨ ਅਤੇ ਫੌਜੀ ਕਰਮਚਾਰੀਆਂ ਨੂੰ ਸਿੱਖਿਅਤ ਕਰਨ ਲਈ ਕੰਮ ਕਰ ਰਹੇ ਹਨ, ਪਰ ਔਰਤਾਂ ਨੂੰ ਆਪਣੇ ਤਤਕਾਲ ਸੁਪਰਵਾਈਜ਼ਰ, ਸਲਾਹਕਾਰ ਜਾਂ ਰੱਖਿਆ ਮੰਤਰਾਲੇ ਵਲੋਂ ਦਿੱਤੇ ਗਏ ਸੰਪਰਕ ਨੰਬਰਾਂ ֹ’ਤੇ ਪਰੇਸ਼ਾਨੀ ਜਾਂ ਵਿਤਕਰੇ ਵਰਗੀਆਂ ਸਮੱਸਿਆਵਾਂ ਬਾਰੇ ਰਿਪੋਰਟ ਦਰਜ ਕਰਵਾਉਣੀ ਚਾਹੀਦੀ ਹੈ।
ਗ੍ਰੀਗੋਰੀਏਵਾ ਦਾ ਕਹਿੰਦੇ ਹਨ ਕਿ 1 ਫਰਵਰੀ ਨੂੰ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਹੁਣ ਤੱਕ ਉਨ੍ਹਾਂ ਨੂੰ ਮਹਿਜ਼ ਦੋ ਸ਼ਿਕਾਇਤਾਂ ਮਿਲੀਆਂ ਹਨ।
ਇਨ੍ਹਾਂ ਵਿੱਚੋਂ ਇੱਕ ਵਿਤਕਰੇ ਬਾਰੇ ਅਤੇ ਇੱਕ ਪਰੇਸ਼ਾਨੀ ਬਾਰੇ ਹੈ। ਦੋਵਾਂ ਦੀ ਬਾਰੀਕੀ ਨਾਲ ਪੜਤਾਲ ਕੀਤੀ ਗਈ।
ਉਹ ਫ਼ੌਜ ਵਿੱਚ ਕੰਮ ਕਰਦੀਆਂ ਔਰਤਾਂ ਨੂੰ ਕਹਿੰਦੇ ਹਨ, "ਮੈਂ ਔਰਤਾਂ ਨੂੰ ਬੋਲਣ ਲਈ ਉਤਸ਼ਾਹਿਤ ਕਰਦੀ ਹਾਂ, ਅਸੀਂ ਮਦਦ ਕਰਾਂਗੇ। ਕੋਈ ਵੀ ਕਮਾਂਡਰ ਤੰਗ ਕਰਨ ਜਾਂ ਵਿਤਕਰਾ ਕਰਨ ਤੋਂ ਡਰੇਗਾ ਜੇਕਰ ਉਹ ਜਾਣਦਾ ਹੋਵੇਗਾ ਕਿ ਉਸ ਨੂੰ ਸਜ਼ਾ ਮਿਲੇਗੀ। ਇਹ ਇੱਕ ਤਾੜਨਾ ਜਾਂ ਡਿਮੋਸ਼ਨ ਹੋ ਸਕਦਾ ਹੈ।"
ਮੋਲੋਸ਼ਨਾ ਕਹਿੰਦੇ ਹਨ ਕਿ ਯੂਕਰੇਨ ਦੀ ਫੌਜ ਵਿੱਚ ਜਿੰਨੀਆਂ ਜ਼ਿਆਦਾ ਔਰਤਾਂ ਆਉਣਗੀਆਂ, ਓਨੀ ਹੀ ਤੇਜ਼ੀ ਨਾਲ ਬਦਲਾਅ ਆਉਣਗੇ।
ਉਹ ਯਕੀਨ ਕਰਦੇ ਹਨ ਕਿ, "ਫ਼ੌਜ ਵਿੱਚ ਜ਼ਿਆਦਾ ਸਮਾਨਤਾ ਅਤੇ ਘੱਟ ਵਿਤਕਰਾ ਹੋਵੇਗਾ"
“ਹੁਣ ਤੱਕ ਅਸੀਂ ਬਹੁਤ ਸਾਰੀਆਂ ਔਰਤਾਂ ਉੱਚ ਅਹੁਦਿਆਂ ’ਤੇ ਹਾਂ, ਖਾਸ ਤੌਰ ''ਤੇ ਲੜਾਕੂ ਅਹੁਦਿਆਂ ''ਤੇ। ਪਿਛਲੇ ਸਾਲਾਂ ਦੇ ਮੁਕਾਬਲੇ ਇਹ ਨੰਬਰ ਬਹੁਤ ਵੱਡਾ ਹੈ ਪਰ ਫੌਜ ਵਿੱਚ ਇੱਕ ਔਰਤ ਨੂੰ ਅਜੇ ਵੀ ਨਿਯਮ ਦੇ ਅਪਵਾਦ ਵਜੋਂ ਦੇਖਿਆ ਜਾਂਦਾ ਹੈ।"

ਕੈਨੇਡਾ 2025 ਤੱਕ 15 ਲੱਖ ਪਰਵਾਸੀਆਂ ਨੂੰ ਦੇਸ਼ ਵਿੱਚ ਕਿਉਂ ਸੱਦਣਾ ਚਾਹੁੰਦਾ ਹੈ
NEXT STORY