ਜੇ ਕਤਰ ਇੱਕ ਬੁਲਬੁਲਾ ਹੈ ਤਾਂ ‘ਪਰਲ’ ਕਤਰ ਦੇ ਅੰਦਰ ਦਾ ਬੁਲਬੁਲਾ ਹੈ। ਕਤਰ ਵਿੱਚ ਪਰਵਾਸੀਆਂ ਲਈ ਬਣਾਏ ਗਏ ਆਲੀਸ਼ਾਨ ਬਣਾਉਟੀ ਦੀਪ ਵਿੱਚ ਰਹਿਣ ਵਾਲੇ ਬ੍ਰਿਟਿਸ਼ ਨਾਗਰਿਕ ਸਿਵੋਭਾਨ ਟਲੀ ਇਸ ਕਹਾਵਤ ਦਾ ਜ਼ਿਕਰ ਕਰਦੇ ਹਨ।
ਜੇ ਤੁਸੀਂ ਖਾਸ ਤੌਰ ’ਤੇ ਬਣਾਈਆਂ ਗਈਆਂ ਇਨ੍ਹਾਂ ਥਾਵਾਂ ਨੂੰ ਦੇਖੋ ਤਾਂ ਤੁਹਾਨੂੰ ਇਹ ਕਹਾਵਤ ਸਹੀ ਲੱਗਣ ਲੱਗੇਗੀ। ਇੱਥੋਂ ਦੀਆਂ ਗਲੀਆਂ ਤੁਹਾਨੂੰ ਕਿਸੇ ਖਾੜੀ ਦੇਸ਼ ਦੀ ਥਾਂ ਭੂ-ਮੱਧ ਸਾਗਰ ਵਾਲੇ ਯੂਰਪ ਦਾ ਹਿੱਸਾ ਲੱਗਣਗੀਆਂ।
ਇੱਥੇ ਪੂਰੇ ਦੇਸ਼ ਦੀ ਤੁਲਨਾ ਵਿੱਚ ਜ਼ਿਆਦਾ ਵਿਦੇਸ਼ੀ ਲੋਕ ਮਿਲਣਗੇ। ਕਈ ਦੇਸ਼ਾਂ ਦੇ ਨਾਗਰਿਕ ਜਿਨ੍ਹਾਂ ਵਿੱਚ ਜ਼ਿਆਦਾਤਰ ਪੱਛਮੀ ਸ਼ੈਲੀ ਦੀ ਪੁਸ਼ਾਕ ਪਹਿਨੇ ਹੋਏ ਹੁੰਦੇ ਹਨ।
ਇੱਥੇ ਉਹ ਸ਼ਾਮ ਨੂੰ ਸਟਰੀਟ ਕੈਫੇ ਅਤੇ ਵਿਸਟਰੋ ਸ਼ੈਲੀ ਦੇ ਰੈਸਟਰੋਰੈਂਟਾ ਵਿੱਚ ਬੈਠੇ ਮਿਲਣਗੇ।
ਇੱਥੇ ਸਪੈਨਿਸ਼ ਸਟਾਈਲ ਵਿੱਚ ਬਣੇ ਚੌਰਾਹੇ, ਨਹਿਰਾਂ ਅਤੇ ਵੇਨਿਸ ਦੀ ਤਰ੍ਹਾਂ ਬਣੀਆਂ ਹੋਈਆਂ ਬਿਲਡਿੰਗਾਂ ਦਿਖਣਗੀਆਂ
ਗੋਲ ਘੇਰੇ ਵਿੱਚ ਬਣੇ ਮਕਾਨ ਫੁਆਰਿਆਂ ਨਾਲ ਘਿਰੇ ਹੋਏ ਹਨ। ਇਨ੍ਹਾਂ ਵਿੱਚ ਘੱਟ ਚੌੜੀਆਂ ਸੜਕਾਂ ਲੰਘਦੀਆਂ ਹਨ ਅਤੇ ਉਨ੍ਹਾਂ ਵਿੱਚ ਤੁਹਾਨੂੰ ਕਈ ਲੱਖ ਡਾਲਰ ਦੀਆਂ ਸਪੋਰਟਸ ਕਾਰਾਂ ਦਾ ਕਾਰਵਾਂ ਵੀ ਨਜ਼ਰ ਆਵੇਗਾ।
ਇੱਥੇ ਲੋਕ ਲਗਜ਼ਰੀ ਵਿਲਾ ਜਾਂ ਅਪਾਰਟਮੈਂਟ ਬਲਾਕ ਵਿੱਚ ਰਹਿੰਦੇ ਹਨ। 20-20 ਮੰਜ਼ਿਲਾਂ ਦੇ ਇਹ ਅਪਾਰਟਮੈਂਟ ਸਵੀਮਿੰਗ ਪੂਲ, ਜਿਮ ਅਤੇ ਪ੍ਰਾਈਵੇਟ ਬੀਚ ਨਾਲ ਲੈਸ ਹਨ।
ਦੋਹਾ ਦੇ ਦੂਜੇ ਗੁਆਂਢੀ ਇਲਾਕਿਆਂ ਵਿੱਚ ਅਜਿਹਾ ਮੰਜ਼ਰ ਨਹੀਂ ਹੈ।
ਮਿਸਾਲ ਵਜੋਂ ਸਾਊਦੀ ਲੜਕੀਆਂ ਦਾ ਇੱਕ ਸਮੂਹ ਇੱਕ ਲੈਬਨਾਨੀ ਰੇਸਤਰਾਂ ਵਿੱਚ ਵੜਨ ਦੇ ਕੁਝ ਹੀ ਮਿੰਟ ਵਿੱਚ ਆਪਣੇ ਸਿਰ ਤੋਂ ਹਿਜਾਬ ਹਟਾ ਲੈਂਦੀਆਂ ਹਨ।
ਮਰੀਨਾ ਤੋਂ ਲੰਘਦੀਆਂ ਹੋਈਆਂ ਔਰਤਾਂ ਅਜਿਹੇ ਕੱਪੜੇ ਪਹਿਨਦੀਆਂ ਦਿਖਦੀਆਂ ਹਨ, ਜਿਨ੍ਹਾਂ ਦੇ ਗਲ਼ ਖੁੱਲ੍ਹੇ ਹੋਏ ਹਨ।ਔਰਤਾਂ ਦੇ ਕੱਪੜਿਆਂ ਦੀਆਂ ਬਾਹਾਂ ਖੁੱਲ੍ਹੀਆਂ ਹੋਈਆਂ ਹਨ ਅਤੇ ਉਹ ਸ਼ਾਰਟ ਸਕਾਰਟ ਪਹਿਨੇ ਦਿਖ ਰਹੀਆਂ ਹਨ। ਹੋਟਲਾਂ ਅਤੇ ਰੇਸਤਰਾਂ ਦੀ ਭਰਮਾਰ ਹੈ, ਜਿੱਥੇ ਸ਼ਰਾਬ ਪਰੋਸੀ ਜਾਂਦੀ ਹੈ।
ਲਾ ਪਰਲਾ ਦੀ ਹੁਸੀਨ ਦੁਨੀਆ
ਲਾ ਪਰਲਾ ਯੂਨਾਈਟਿਡ ਡਿਵਲਪਮੈਂਟ ਕੰਪਨੀ ਦਾ ਫਲੈਗਸ਼ਿਪ ਪ੍ਰਾਜੈਕਟ ਹੈ। ਇਹ ਕਤਰ ਦੀ ਪ੍ਰਮੁੱਖ ਕੰਸਟਰੱਕਸ਼ਨ ਕੰਪਨੀ ਹੈ। ਇਹ ਬਣਾਉਟੀ ਦੀਪ ਹੈ ਜਿਸ ਨੂੰ ਲੋਕਾਂ ਨੇ ਬਣਾਇਆ ਹੈ ਅਤੇ ਇਸ ਲਈ ਸਮੁੰਦਰ ਦਾ ਚਾਲੀ ਲੱਖ ਵਰਗ ਮੀਟਰ ਉਪਯੋਗ ਕੀਤਾ ਗਿਆ ਹੈ।
ਇਹ ਪਹਿਲਾ ਅਜਿਹਾ ਸ਼ਹਿਰੀ ਪ੍ਰਾਜੈਕਟ ਹੈ ਜਿਸ ਵਿੱਚ ਕਤਰ ਦੇ ਬਾਹਰ ਦੇ ਲੋਕ ਵੀ ਪ੍ਰਾਪਰਟੀ ਖਰੀਦ ਸਕਦੇ ਹਨ। ਇੱਥੇ 25 ਹਜ਼ਾਰ ਰੈਜੀਡੈਸ਼ੀਅਲ ਯੂਨਿਟਾਂ ਹਨ। ਫਿਲਹਾਲ ਇੱਥੇ 33 ਹਜ਼ਾਰ ਲੋਕ ਰਹਿੰਦੇ ਹਨ।
ਇੱਥੇ ਇੱਕ ਸਟੂਡਿਓ ਮਕਾਨ ਦੀ ਕੀਮਤ 3 ਲੱਖ ਡਾਲਰ ਹੈ। ਸਮੁੰਦਰ ਵੱਲ ਖੁੱਲ੍ਹਣ ਵਾਲੇ ਪੰਜ ਬੈੱਡਰੂਮ ਵਾਲੇ ਵਿਲਾ 1.20 ਕਰੋੜ ਡਾਲਰ ਵਿੱਚ ਉਪਲੱਬਧ ਹਨ।
ਅਸਮਾਨ ਤੋਂ ਦੇਖਣ ’ਤੇ ਇਹ ਇਲਾਕਾ ਕਿਸੇ ਮੋਤੀ ਦੀ ਤਰ੍ਹਾਂ ਦਿਖਦਾ ਹੈ। ਇੱਥੇ ਕਈ ਰੇਸਤਰਾਂ ਅਤੇ ਲਗਜ਼ਰੀ ਹੋਟਲ, ਸ਼ਾਪਿੰਗ ਮਾਲ, ਬਾਰ, ਸਿਨਮਾ ਘਰ ਅਤੇ ਆਲੀਸ਼ਾਨ ਥਾਵਾਂ ਹਨ।
ਇਨ੍ਹਾਂ ਲਗਜ਼ਰੀ ਹੋਟਲਾਂ ਵਿੱਚ ਇੱਕ ਵਿੱਚ ਵਰਲਡ ਕੱਪ ਵਿੱਚ ਹਿੱਸਾ ਲੈਣ ਵਾਲੀ ਅਮਰੀਕੀ ਟੀਮ ਰੁਕੀ ਹੋਈ ਹੈ।
ਪਰਵਾਸੀਆਂ ਦਾ ਨਖਲਿਸਤਾਨ
ਸਿਵੋਭਾਨ ਅਤੇ ਇਆਨ ਟਲੀ ਇੱਕ ਬ੍ਰਿਟਿਸ਼ ਜੋੜਾ ਹੈ ਜੋ ਕਤਰ ਵਿੱਚ ਸੱਤ ਸਾਲ ਤੋਂ ਰਹਿ ਰਿਹਾ ਹੈ। ਇਨ੍ਹਾਂ ਵਿੱਚੋਂ ਸਾਢੇ ਛੇ ਸਾਲ ਉਨ੍ਹਾਂ ਨੇ ਲਾ ਪਰਲਾ ਵਿੱਚ ਬਿਤਾਏ ਹਨ।
ਪਤਨੀ ਬ੍ਰਿਟਿਸ਼ ਹੈ ਅਤੇ ਪਤੀ ਸਕਾਟਿਸ਼। ਦੋਵੇਂ ਹੈਲਥ ਸੈਕਟਰ ਵਿੱਚ ਕੰਮ ਕਰਦੇ ਹਨ।
ਉਨ੍ਹਾਂ ਨੇ ਸਾਨੂੰ ਵੀਵਾ ਬਾਹਰੀਆ ਵਿੱਚ ਬਣੀ ਆਪਣੀ ਬਿਲਡਿੰਗ ਦਿਖਾਈ। ਇਹ ਬੀਚ ’ਤੇ ਬਣੇ 30 ਲੰਬੇ ਟਾਵਰਾਂ ਦਾ ਇੱਕ ਸਮੂਹ ਹੈ ਜੋ ਸਮੁੰਦਰ ਤੱਟ ’ਤੇ ਅਰਧ ਗੋਲਾਕਾਰ ਸ਼ਕਲ ਵਿੱਚ ਫੈਲਿਆ ਹੈ।
ਸਿਵੋਭਾਨ ਨੇ ਬੀਬੀਸੀ ਨੂੰ ਕਿਹਾ, ‘‘ਜਦੋਂ ਅਸੀਂ ਸ਼ੁਰੂ ਵਿੱਚ ਆਏ ਸੀ ਤਾਂ ਇੱਥੇ ਸ਼ਾਇਦ ਹੀ ਕੋਈ ਸਰਵਿਸ ਉਪਲੱਬਧ ਸੀ। ਪਰ ਥੋੜ੍ਹੇ ਹੀ ਸਮੇਂ ਵਿੱਚ ਇੱਥੇ ਰੇਸਤਰਾਂ, ਕੈਫੇ ਅਤੇ ਬਿਜ਼ਨਸ ਖੜ੍ਹੇ ਹੋ ਗਏ।’’
‘‘ਇੱਥੇ ਪੈਦਲ ਤੁਰਨਾ ਖੁਸ਼ਨੁਮਾ ਅਨੁਭਵ ਹੈ, ਇੱਥੇ ਘੱਟ ਗੱਡੀ ਚਲਾਉਣਾ ਆਨੰਦ ਦਿੰਦਾ ਹੈ।’’
ਦੋਹਾ ਇੱਕ ਅਜਿਹਾ ਆਧੁਨਿਕ ਸ਼ਹਿਰ ਹੈ ਜੋ ਕਈ ਲੇਨ ਵਾਲੇ ਰਾਸਤਿਆਂ ਨਾਲ ਜੁੜਿਆ ਹੈ। ਸਿਰਫ਼ ਕੁਝ ਗਲੀਆਂ, ਚੌਰਾਹੇ ਅਤੇ ਕਈ ਸ਼ਾਪਿੰਗ ਸੈਂਟਰਾਂ ਨੂੰ ਛੱਡ ਦਈਏ ਤਾਂ ਇਨ੍ਹਾਂ ਰਸਤਿਆਂ ਦੀ ਬਣਾਵਟ ਪੈਦਲ ਯਾਤਰੀਆਂ ਦੇ ਹਿਸਾਬ ਨਾਲ ਨਹੀਂ ਹੈ। ਇਸ ਲਈ ਇੱਥੇ ਛਾਂ ਅਤੇ ਪਾਰਕ ਮਿਲਣੀ ਮੁਸ਼ਕਿਲ ਹੈ।
ਪੂਰੇ ਸਾਲ ਜ਼ਿਆਦਾ ਵਕਤ ਤੱਕ ਉੱਚਾ ਤਾਮਪਾਨ ਤੁਹਾਡਾ ਪੈਦਲ ਚੱਲਣਾ ਮੁਸ਼ਕਿਲ ਬਣਾ ਦਿੰਦਾ ਹੈ। ਲਾ ਪਰਲਾ ਭੂ-ਮੱਧ ਸਾਗਰੀ ਸ਼ਹਿਰਾਂ ਤੋਂ ਪ੍ਰੇਰਿਤ ਹੈ ਅਤੇ ਕਿਸੇ ਨਖਲਿਸਤਾਨ ਵਰਗਾ ਦਿਖਦਾ ਹੈ।
ਸਿਵੋਭਾਨ ਕਹਿੰਦੇ ਹਨ, ‘‘ਪਹਿਲਾਂ ਅਸੀਂ ਸੋਚਿਆ ਸੀ ਕਿ ਅਸੀਂ ਇੱਥੇ ਤਿੰਨ ਸਾਲ ਰਹਾਂਗੇ, ਪਰ ਹੁਣ ਸਾਨੂੰ ਇੱਥੇ ਸੱਤ ਸਾਲ ਹੋ ਚੁੱਕੇ ਹਨ। ਅਸੀਂ ਇੱਥੇ ਕਾਫ਼ੀ ਖੁਸ਼ ਹਾਂ ਅਤੇ ਕਾਫ਼ੀ ਸੁਰੱਖਿਅਤ ਵੀ ਮਹਿਸੂਸ ਕਰਦੇ ਹਾਂ।’’
ਕਤਰ ਆਮ ਤੌਰ ’ਤੇ ਕਾਫ਼ੀ ਸੁਰੱਖਿਅਤ ਹੈ। ਪਰ ਇੱਥੋਂ ਦੇ ਨਾਗਰਿਕਾਂ ਦਾ ਕਹਿਣਾ ਹੈ ਕਿ ਪੱਛਮੀ ਦੇਸ਼ਾਂ ਦੇ ਲੋਕਾਂ ਦੇ ਕੁਝ ਵਿਵਹਾਰਾਂ, ਮਿਸਾਲ ਵਜੋਂ ਉਨ੍ਹਾਂ ਦੇ ਕੱਪੜੇ ਪਹਿਨਣ ਦੇ ਢੰਗ ਨਾਲ ਕਤਰ ਦੇ ਪਰੰਪਰਾ ਪਸੰਦ ਨਾਗਰਿਕਾਂ ਨੂੰ ਥੋੜ੍ਹੀ ਪਰੇਸ਼ਾਨੀ ਹੁੰਦੀ ਹੈ।
ਹਾਲਾਂਕਿ ਇੱਥੇ ਅਜਿਹਾ ਨਹੀਂ ਦਿਖਦਾ। ਸ਼ੁਰੂਆਤ ਵਿੱਚ ਪਰਲ ਵਿੱਚ ਪਰਵਾਸੀ ਸਮੁਦਾਏ ਦੇ ਲੋਕ ਹੀ ਰਹਿੰਦੇ ਸਨ। ਇਨ੍ਹਾਂ ਵਿੱਚੋਂ ਕਈ ਪੱਛਮੀ ਦੇਸ਼ਾਂ ਦੇ ਸਨ ਜੋ ਕਤਰ ਵਿੱਚ ਮਿਲ ਰਹੀਆਂ ਸੁਵਿਧਾਵਾਂ ਦੀ ਵਜ੍ਹਾ ਨਾਲ ਆਏ ਸਨ।
ਪਰ ਹੁਣ ਇੱਥੇ ਜ਼ਿਆਦਾ ਤੋਂ ਜ਼ਿਆਦਾ ਕਤਰ ਦੇ ਲੋਕ ਆ ਰਹੇ ਹਨ। ਇੱਥੇ ਕਈ ਪ੍ਰਾਪਰਟੀਜ਼ ਹਨ ਜੋ ਸ਼ਾਹੀ ਪਰਿਵਾਰ ਦੀਆਂ ਹਨ।
ਵੇਨਿਸ ਵਰਗੀਆਂ ਗਲੀਆਂ ਅਤੇ ਛੋਟੇ ਨਿੱਜੀ ਦੀਪ
ਇੱਥੇ ਇੱਕ ਇਲਾਕਾ ਹੈ ਜੋ ਦੇਖਣ ਵਿੱਚ ਵੇਨਿਸ ਵਰਗਾ ਲੱਗਦਾ ਹੈ। ਨਾਮ ਹੈ ਕਵਿਨੇਟ ਕਵਾਰਟੀਅਰ। ਇੱਥੇ ਰਹਿਣ ਵਾਲੇ ਵੈਨਜੁਏਲਾ ਦੇ ਗੁਸਤਾਵੋ ਜਾਰਾਮਿਲੋ ਕਹਿੰਦੇ ਹਨ, ‘‘ਇਹ ਬਿਲਕੁਲ ਵੇਨਿਸ ਵਰਗਾ ਹੈ। ਬਸ ਸਿਰਫ਼ ਛੋਟੀਆਂ ਕਿਸ਼ਤੀਆਂ ਨਹੀਂ ਹਨ ਜੋ ਉੱਥੇ ਤੈਰਦੀਆਂ ਰਹਿੰਦੀਆਂ ਹਨ।’’
ਗੁਸਤਾਵੋ ਇੰਜਨੀਅਰ ਹਨ ਅਤੇ ਲਾ ਪਰਲਾ ਵਿੱਚ ਰਹਿੰਦੇ ਹਨ। ਗੁਸਤਾਵੋ ਅਤੇ ਉਨ੍ਹਾਂ ਦੀ ਪਾਰਟਨਰ ਸਬਰਿਨਾ ਮਾਸਿਓਵਿਚੋ ਇੱਕ ਲੰਬੇ ਟਾਵਰ ਵਿੱਚ ਰਹਿੰਦੇ ਹਨ ਜਿਸ ਵਿੱਚ ਪੂਲ ਹੈ ਅਤੇ ਜਿਸ ਦੀ ਪਹੁੰਚ ਸਮੁੰਦਰ ਤੱਟ ਤੱਕ ਹੈ।
ਇਨ੍ਹਾਂ ਦੋਵਾਂ ਨੇ ਸਾਨੂੰ ਕਾਰ ਵਿੱਚ ਬਿਠਾ ਕੇ ਪੂਰਾ ਪਰਲ ਦਿਖਾਇਆ ਅਤੇ ਇੱਥੇ ਰਹਿਣ ਦੇ ਆਨੰਦ ਬਾਰੇ ਦੱਸਿਆ।
ਮਾਸਿਓਵਿਚੋ ਕਹਿੰਦੀ ਹੈ, ‘‘ਵੈਨਜੁਏਲਾ ਵਿੱਚ ਜੋ ਦਿੱਕਤਾਂ ਹਨ, ਉਸ ਤੋਂ ਤਾਂ ਕੋਈ ਵੀ ਜਗ੍ਹਾ ਚੰਗੀ ਹੈ। ਪਰ ਦੋਹਾ ਅਤੇ ਲਾ ਪਰਲਾ ਵਿੱਚ ਰਹਿਣਾ ਇੱਕ ਅਲੱਗ ਹੀ ਪੱਧਰ ਦਾ ਅਹਿਸਾਸ ਕਰਾਉਂਦਾ ਹੈ।’’
ਆਓਲਾ ਡਾਨਾ ਤੋਂ ਗੁਜ਼ਰਦੇ ਹੋਏ ਜਾਰਾਮਿਲੋ ਕਹਿੰਦੇ ਹਨ, ‘‘ਇੱਥੇ ਵੀਡਿਓ ਬਣਾਉਂਦੇ ਸਮੇਂ ਸਾਵਧਾਨ ਰਹਿਣਾ ਹੈ। ਇੱਥੇ ਇਹ ਮਨ੍ਹਾ ਹੈ। ਇਹ ਇੱਥੋਂ ਦੇ ਕਈ ਪ੍ਰਾਜੈਕਟਾ ਵਿੱਚੋਂ ਇੱਕ ਹੈ ਜਿਸ ਵਿੱਚ ਗਾਹਕ ਛੋਟੇ ਨਿੱਜੀ ਦੀਪ ਖਰੀਦ ਸਕਦੇ ਹਨ। ਇੱਥੇ ਉਹ ਆਪਣੀ ਹਵੇਲੀ ਵੀ ਬਣਵਾ ਸਕਦੇ ਹਨ।’’
ਜਾਰਾਮਿਲੋ ਇੱਥੇ ਐਨਰਜੀ ਸੈਕਟਰ ਵਿੱਚ ਕੰਮ ਕਰਦੇ ਹਨ। ਅਪਾਰਟਮੈਂਟ ਵਿੱਚ ਮੌਜੂਦ ਸੁਵਿਧਾਵਾਂ ਲਈ ਉਹ ਭੁਗਤਾਨ ਕਰਦੇ ਹਨ। ਟਰਾਂਸਪੋਰਟੇਸ਼ਨ ਅਤੇ ਟੈਲੀਫੋਨ ਲਈ ਉਨ੍ਹਾਂ ਨੂੰ ਭੁਗਤਾਨ ਕਰਦਾ ਪੈਂਦਾ ਹੈ।
ਉਨ੍ਹਾਂ ਦੀ ਸੈਲਰੀ ਦਾ 25 ਫੀਸਦੀ ਹੀ ਖਰਚ ਹੁੰਦਾ ਹੈ। ਬਾਕੀ ਬੱਚਤ ’ਤੇ ਕੋਈ ਟੈਕਸ ਨਹੀਂ ਲੱਗਦਾ।
ਉਹ ਇੱਥੇ ਰਹਿਣ ਦੇ ਫਾਇਦੇ ਗਿਣਾਉਂਦੇ ਹਨ। ਇਸ ਦੌਰਾਨ ਸਾਨੂੰ ਇੱਕ ਵੱਡੀ ਅਤੇ ਚਕੋਰ ਬਿਲਡਿੰਗ ਦਿਖਦੀ ਹੈ। ਇਹ ਰੈਨੇਸਾਂ ਪਲੇਸ ਵਰਗੀ ਦਿਖਦੀ ਹੈ।
ਜਾਰਾਮਿਲੋ ਦੱਸਦੇ ਹਨ, ‘‘ਇਹ ਇੱਕ ਤਰ੍ਹਾਂ ਦਾ ਸੁਪਰ ਕੰਡੀਸ਼ਨਿੰਗ ਪਲਾਂਟ ਹੈ। ਬਰਫ਼ ਦਾ ਪਾਣੀ ਇੱਥੇ ਪ੍ਰੋਸੈੱਸ ਕੀਤਾ ਜਾਂਦਾ ਹੈ, ਫਿਰ ਪਾਈਪ ਦੇ ਜ਼ਰੀਏ ਪੂਰੇ ਲਾ ਪਰਲਾ ਅਤੇ ਉਸ ਦੀ ਹਰੇਕ ਬਿਲਡਿੰਗ ਵਿੱਚ ਭੇਜਿਆ ਜਾਂਦਾ ਹੈ।’’
ਇਹ ਵੀ ਪੜ੍ਹੋ:
ਬੁਲਬੁਲੇ ਦੇ ਅੰਦਰ ਬੁਲਬੁਲਾ
ਆਓਲਾ ਡਾਨਾ ਅਤੇ ਵੇਨੇਟੀਅਨ ਕਵਾਰਟਰ ਦੇ ਇਲਾਵਾ ਇਸ ਦੀਪ ਵਿੱਚ ਉੱਚੀਆਂ ਇਮਾਰਤਾਂ ਵਾਲੇ ਦਫ਼ਤਰ, ਸਪੋਰਟਸ ਮਰੀਨਾ, ਰੈਜੀਡੈਂਸ਼ੀਅਲ ਟਾਵਰ ਅਤੇ ਸਿੰਗਲ ਫੈਮਿਲੀ ਵਿਲਾ ਵੀ ਹੈ।
ਇਨ੍ਹਾਂ ਨੂੰ ਦੇਖ ਕੇ ਸਿਵੋਭਾਨ ਕਹਿੰਦੇ ਹਨ, ‘‘ਜੇਕਰ ਕਤਰ ਇੱਕ ਬੁਲਬੁਲਾ ਹੈ ਤਾਂ ਪਰਲ ਕਤਰ ਦੇ ਅੰਦਰ ਦਾ ਬੁਲਬੁਲਾ ਹੈ।’’
ਸਾਡੀ ਗੱਲਬਾਤ ਕੋਵਿਡ ਦੀ ਵਜ੍ਹਾ ਨਾਲ ਦੁਨੀਆ ਵਿੱਚ ਆਈਆਂ ਪਰੇਸ਼ਾਨੀਆਂ ਅਤੇ ਯੂਕਰੇਨ ਯੁੱਧ ਦੀਆਂ ਮੁਸ਼ਕਿਲਾਂ ’ਤੇ ਹੋ ਰਹੀ ਸੀ। ਉਹ ਕਹਿੰਦੇ ਹਨ ਕਿ ਇੱਥੇ ਜ਼ਿੰਦਗੀ ਕਿੰਨੀ ਅਲੱਗ ਹੈ।
ਮਿਸਾਲ ਵਜੋਂ ਪਰਲ ਦੀਆਂ ਗਲੀਆਂ ਵਿੱਚ ਤੁਹਾਨੂੰ ਪੱਛਮੀ ਦੇਸ਼ਾਂ ਦੀਆਂ ਔਰਤਾਂ ਘੱਟ ਕੱਪੜਿਆਂ ਵਿੱਚ ਦਿਖ ਜਾਣਗੀਆਂ।
ਸਮੁੰਦਰ ਤਟ ’ਤੇ ਉਹ ਬਿਕਨੀ ਵਿੱਚ ਵੀ ਦਿਖ ਜਾਣਗੀਆਂ ਅਤੇ ਇੱਥੇ ਉਨ੍ਹਾਂ ’ਤੇ ਕੋਈ ਧਿਆਨ ਨਹੀਂ ਦਿੰਦਾ।
ਪੱਤਰਕਾਰਾਂ ਅਤੇ ਸਥਾਨਕ ਲੋਕਾਂ ਦੀ ਗੱਲਬਾਤ ਵਿੱਚ ਕਤਰ ਵਿੱਚ ਮੌਜੂਦ ਪਰਲ ਵਰਗੇ ਬੁਲਬੁਲਿਆਂ ਦਾ ਬਾਰ ਬਾਰ ਜ਼ਿਕਰ ਆਉਂਦਾ ਰਿਹਾ।
ਇੱਥੇ ਇਨ੍ਹਾਂ ਇਲਾਕਿਆਂ ਦੀ ਚਮਕ-ਦਮਕ ਦੇ ਵਿਚਕਾਰ ਲਾ ਪਰਲਾ ਅਤੇ ਲੇਬਰ ਸਿਟੀ ਵਿੱਚ ਉਨ੍ਹਾਂ ਰਿਸੈਪਸ਼ਨ ਕੈਂਪਾਂ ਦੀ ਵੀ ਚਰਚਾ ਹੁੰਦੀ ਹੈ ਜਿੱਥੇ ਦੱਖਣ ਪੂਰਬੀ ਏਸ਼ੀਆਈ, ਅਫ਼ਰੀਕਾ, ਪੂਰਬੀ ਅਫ਼ਰੀਕੀ ਦੇਸ਼ਾਂ ਦੇ ਪਰਵਾਸੀ ਮਜ਼ਦੂਰਾਂ ਲਈ ਵਿਵਸਥਾ ਕੀਤੀ ਗਈ ਹੈ।
ਇਹ ਦੋਹਾ ਦੇ ਬਾਹਰੀ ਇਲਾਕਿਆਂ ਵਿੱਚ ਰਹਿੰਦੇ ਹਨ ਅਤੇ ਲਾ ਪਰਲਾ ਵਰਗੇ ਇਲਾਕਿਆਂ ਵਿੱਚ ਉਨ੍ਹਾਂ ਦੇ ਆਉਣ ’ਤੇ ਰੋਕ ਲਗਾਈ ਜਾਂਦੀ ਹੈ।
ਕਈ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਲੱਗ ਰੱਖਿਆ ਜਾਂਦਾ ਹੈ ਤਾਂ ਕਿ ਕਤਰ ਦੀ ਚਮਕ-ਦਮਕ ’ਤੇ ਸਵਾਲ ਖੜ੍ਹੇ ਨਾ ਹੋਣ। ਪਰ ਕਤਰ ਇਸ ਤੋਂ ਇਨਕਾਰ ਕਰਦਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹਾ ਉਨ੍ਹਾਂ ਲੋਕਾਂ ਦੀ ਸੁਰੱਖਿਆ ਲਈ ਕੀਤਾ ਜਾਂਦਾ ਹੈ।
ਜਾਰਾਮਿਲੋ ਕਹਿੰਦੇ ਹਨ, ‘‘ਪੇਸ਼ੇਵਰਾਨਾ ਤਰੀਕੇ ਨਾਲ ਕਿਹਾ ਜਾਵੇ ਤਾਂ ਕਤਰ ਦੇ ਲੋਕਾਂ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਂਦੀ ਹੈ।’’
ਉਹ ਕਹਿੰਦੇ ਹਨ, ‘‘ਹਾਲਾਂਕਿ, ਅਸੀਂ ਸਭ ਨੂੰ ਮਿਲਦੇ ਹਾਂ। ਪਰ ਸਾਡੇ ਇੱਥੇ ਮਾਹੌਲ ਲਾਤੀਨੀ ਅਤੇ ਸਪੈਨਿਸ਼ ਹੈ। ਅਸੀਂ ਕਤਰ ਜਾਂ ਸਥਾਨਕ ਅਰਬ ਨਾਗਰਿਕਾਂ ਨਾਲ ਜ਼ਿਆਦਾ ਘੁਲਦੇ-ਮਿਲਦੇ ਨਹੀਂ ਹਾਂ।’’
ਪਰਲ ਵਿੱਚ ਸਭ ਕੁਝ ਸੁਹਾਵਣਾ ਨਹੀਂ
ਸਿਵੋਭਾਨ ਕਹਿੰਦੇ ਹਨ, ‘‘ਇੱਥੋਂ ਦੀ ਸਭ ਤੋਂ ਖਰਾਬ ਚੀਜ਼ ਹੈ ਲਗਾਤਾਰ ਚੱਲਣ ਵਾਲੀ ਡ੍ਰਿਲਿੰਗ। ਹਰ ਪਾਸੇ ਕੰਸਟਰੱਕਸ਼ਨ ਚੱਲ ਰਹੀ ਹੈ। ਤੁਸੀਂ ਦੇਖੋ ਸਾਹਮਣੇ ਦੀ ਉਹ ਬਿਲਡਿੰਗ ਲਗਭਗ ਪੂਰੀ ਹੋ ਚੁੱਕੀ ਹੈ। ਇਹ ਸਤੰਬਰ ਵਿੱਚ ਬਣਨੀ ਸ਼ੁਰੂ ਹੋਈ ਸੀ।’’
ਜਾਰਾਮਿਲੋ ਅਤੇ ਮਾਸਿਓਵਿਚੋ ਨੇ ਇੱਥੇ ਹਸਪਤਾਲ ਅਤੇ ਸਕੂਲ ਦੀ ਘਾਟ ਦੀ ਸ਼ਿਕਾਇਤ ਕੀਤੀ ਹੈ। ਇਹ ਕਾਫ਼ੀ ਮੁਸ਼ਕਿਲ ਮਾਮਲਾ ਹੈ ਕਿਉਂਕਿ ਦੀਪ ਵਿੱਚ ਇੱਕ ਹੀ ਰਸਤਾ ਹੈ ਅਤੇ ਅਕਸਰ ਇਹ ਟਰੈਫਿਕ ਨਾਲ ਭਰਿਆ ਰਹਿੰਦਾ ਹੈ।
ਪਰ ਹੁਣ ਇੱਥੇ ਇੱਕ ਵਿਸ਼ਾਲ ਹਸਪਤਾਲ ਬਣ ਰਿਹਾ ਹੈ। ਉਮੀਦ ਹੈ ਇਸ ਨਾਲ ਕਾਫ਼ੀ ਮਦਦ ਮਿਲੇਗੀ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਕੈਨੇਡਾ ਦਾ ਵਰਕ ਪਰਮਿਟ ਲਈ ਲਿਆ ਗਿਆ ਇਹ ਫੈਸਲਾ ਭਾਰਤੀਆਂ ਨੂੰ ਫਾਇਦਾ ਪਹੁੰਚਾ ਸਕਦਾ ਹੈ
NEXT STORY