ਸਾਲ 2019 ਵਿੱਚ ਕੋਰੋਨਾਵਾਇਰਸ ਦੀ ਸ਼ੁਰੂਆਤ ਚੀਨ ਦੇ ਸ਼ਹਿਰ ਵੁਹਾਨ ਤੋਂ ਹੋਈ ਤੇ ਦੁਨੀਆਂ ਦੇ ਹਰ ਕੋਨੇ ਨੂੰ ਇਸ ਵਾਇਰਸ ਨੇ ਹਿਲਾਕੇ ਰੱਖ ਦਿੱਤਾ ਸੀ।
ਅੱਜ ਵੀ ਕੋਰੋਨਾ ਵਾਇਰਸ ਦੇ ਪੈਦਾ ਹੋਣ ਤੇ ਇੰਨੇ ਵੱਡੇ ਪੱਧਰ ’ਤੇ ਫ਼ੈਲਾਅ ਦਾ ਰਹੱਸ ਖੋਲ੍ਹਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ।
ਪਰ ਅਮਰੀਕਾ ਵਲੋਂ ਇੱਕ ਵਿਵਾਦਤ ਦਾਅਵਾ ਵਾਰ-ਵਾਰ ਕੀਤਾ ਜਾਂਦਾ ਰਿਹਾ ਹੈ ਕਿ ਇਹ ਮਹਾਮਾਰੀ ਇੱਕ ਚੀਨੀ ਪ੍ਰਯੋਗਸ਼ਾਲਾ ਤੋਂ ਲੀਕ ਹੋ ਸਕਦੀ ਹੈ।
ਬੀਤੇ ਦਿਨੀਂ ਚੀਨ ਵਿੱਚ ਅਮਰੀਕਾ ਰਾਜਦੂਤ ਨਿਕੋਲਸ ਬਰਨਜ਼ ਨੇ ਚੀਨ ਨੂੰ ਕਿਹਾ ਸੀ, ''''ਤਿੰਨ ਸਾਲ ਪਹਿਲਾਂ ਕੋਵਿਡ-19 ਸੰਕਟ ਦੀ ਸ਼ੁਰੂਆਤ ਸਮੇਂ ਵੁਹਾਨ ਵਿੱਚ ਜੋ ਕੁਝ ਹੋਇਆ ਉਸ ਬਾਰੇ ਜਾਣਕਾਰੀ ਸਾਂਝੀ ਕਰਨ ਦੇ ਮਾਮਲੇ ਵਿੱਚ ਵਧੇਰੇ ਇਮਾਨਦਾਰ ਹੋਣ ਦੀ ਲੋੜ ਹੈ।"
ਇਹ ਸਭ ਉਨ੍ਹਾਂ ਮੀਡੀਆ ਰਿਪੋਰਟਾਂ ਤੋਂ ਬਾਅਦ ਹੋਇਆ, ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਸੀ ਫ਼ੈਡਰਲ ਏਜੰਸੀ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕੋਰੋਨਾਵਾਇਰਸ ਦਾ ਫ਼ੈਲਾਅ ਵੁਹਾਨ ਦੀ ਇੱਕ ਲੈਬ ਤੋਂ ਲੀਕ ਹੋਣ ਤੋਂ ਬਾਅਦ ਸ਼ੁਰੂ ਹੋਇਆ।
ਅਮਰੀਕਾ ਦੇ ਊਰਜਾ ਵਿਭਾਗ ਨੇ ਇਹ ਵੀ ਦਾਅਵਾ ਕੀਤਾ ਕਿ ਇਸ ਗੱਲ ਦੇ ਬਹੁਤ ਘੱਟ ਸੰਕੇਤ ਸਨ ਕਿ ਵਾਇਰਸ ਗ਼ਲਤੀ ਨਾਲ ਲੀਕ ਹੋਇਆ ਸੀ।
ਫ਼ੈਡਰਲ ਬਿਊਰੋ ਆਫ਼ ਇੰਨਵੈਸਟੀਗੇਸ਼ਨ ਦੇ ਨਿਰਦੇਸ਼ਕ ਕ੍ਰਿਸਟੋਫ਼ਰ ਵੇਅ ਨੇ ਕਿਹਾ ਹੈ ਕਿ ਬਿਊਰੋ ਦਾ ਮੰਨਣਾ ਹੈ ਕਿ ਕੋਵਿਡ -19 ‘ਸੰਭਾਵਿਤ ਤੌਰ ''ਤੇ ਚੀਨੀ ਸਰਕਾਰ ਵਲੋਂ ਨਿਯੰਤਰਿਤ ਲੈਬ’ ਵਿੱਚ ਪੈਦਾ ਹੋਇਆ ਹੈ।
ਚੀਨ ਨੇ ਇਸ ਦੇ ਜਵਾਬ ਵਿੱਚ ਕਿਹਾ ਸੀ ਕਿ ਵਾਇਰਸ ਦੀ ਹੋਂਦ ਦਾ ਪਤਾ ਲਗਾਉਣਾ ਵਿਗਿਆਨ ਦਾ ਕੰਮ ਹੈ ਤੇ ਇਸ ਨੂੰ ਸਿਆਸੀ ਮੁੱਦਾ ਨਾ ਬਣਾਇਆ ਜਾਵੇ।
ਅਮਰੀਕਾ-ਚੀਨ ਸਬੰਧ ਹਮੇਸ਼ਾਂ ਹੀ ਚੁਣੌਤੀਆਂ ਭਰੇ ਰਹੇ ਹਨ, ਤੇ ਹਾਲ ਹੀ ਵਿੱਚ ਚੀਨ ਅਮਰੀਕਾ ਦੇ ਅਸਮਾਨ ਵਿੱਚ ਉੱਡਦੇ ਚੀਨ ਦੇ ਜਸੂਸੀ ਗੁਬਾਰਿਆਂ ਨੇ ਦੋਵਾਂ ਦੇਸ਼ਾਂ ਦਰਮਿਆਨ ਤਾਲੁਕਾਤ ਨੂੰ ਮੁੜ ਖ਼ਰਾਬ ਕੀਤਾ ਹੈ।
ਇਸ ਲੈਬ ਲੀਕ ਦੇ ਸਿਧਾਂਤ ਨੂੰ ਕਈ ਲੋਕਾਂ ਵੱਲੋਂ ਫ੍ਰਿੰਜ ਸਿਧਾਂਤ ਕਹਿੰਦਿਆਂ ਖ਼ਾਰਜ ਵੀ ਕੀਤਾ ਗਿਆ ਸੀ।
ਪਰ ਹੁਣ ਇਹ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ।ਆਖ਼ਰ ਇਹ ਲੈਬ ਲੀਕ ਸਿਧਾਂਤ ਹੈ ਕੀ ਤੇ ਇਸ ਨੂੰ ਲੈ ਕੇ ਵਿਵਾਦ ਕਿਉਂ ਹੈ।
ਕੁਝ ਵਿਗਿਆਨੀਆਂ ਦਾ ਮੰਨਣਾ ਹੈ ਕਿ ਕੋਰੋਨਾਵਾਇਰਸ ਦੀ ਸ਼ੁਰੂਆਤ ਚੀਨ ਦੇ ਵੁਹਾਨ ਸ਼ਹਿਰ ਦੀ ਇੱਕ ਲੈਬ ਤੋਂ ਹੋਈ ਸੀ
ਲੈਬ ਲੀਕ ਸਿਧਾਂਤ ਕੀ ਹੈ?
ਇਹ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਸ਼ਾਇਦ ਚੀਨ ਦੇ ਕੇਂਦਰੀ ਸ਼ਹਿਰ ਵੁਹਾਨ ਦੀ ਇੱਕ ਲੈਬ ਤੋਂ ਅਚਾਨਕ ਜਾਂ ਫ਼ਿਰ ਕਿਸੇ ਹੋਰ ਕਾਰਨ ਕਰਕੇ ਪੈਦਾ ਹੋਇਆ ਸੀ।
ਵੁਹਾਨ ''ਚ ਹੀ ਸਭ ਤੋਂ ਪਹਿਲਾਂ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਸਨ।
ਇਸ ਤਰਕ ਦੇ ਸਮਰਥਕ ਸ਼ਹਿਰ ''ਚ ਇੱਕ ਵੱਡੀ ਜੀਵ-ਵਿਗਿਆਨਕ ਖ਼ੋਜ ਸਹੂਲਤ ਦੀ ਮੌਜੂਦਗੀ ਵੱਲ ਇਸ਼ਾਰਾ ਕਰਦੇ ਹਨ।
ਵੁਹਾਨ ਇੰਸਟੀਚਿਊਟ ਆਫ਼ ਵਾਇਰੋਲੋਜੀ ਪਿਛਲੇ ਇੱਕ ਦਹਾਕੇ ਤੋਂ ਵੀ ਵੱਧ ਦੇ ਸਮੇਂ ਤੋਂ ਚਮਗਿੱਦੜਾਂ ''ਚ ਕੋਰੋਨਾਵਾਇਰਸ ਦੀ ਮੌਜੂਦਗੀ ਸਬੰਧੀ ਅਧਿਐਨ ਕਰ ਰਿਹਾ ਹੈ।
ਇਹ ਪ੍ਰਯੋਗਸ਼ਾਲਾ ਹੁਆਨਨ ਬਾਜ਼ਾਰ ਤੋਂ ਕੁਝ ਕਿਲੋਮੀਟਰ ਦੀ ਦੂਰੀ ''ਤੇ ਹੀ ਸਥਿਤ ਹੈ। ਇਹ ਉਹੀ ਬਾਜ਼ਾਰ ਹੈ, ਜਿੱਥੇ ਲਾਗ਼ ਦੇ ਮਾਮਲੇ ਸਭ ਤੋਂ ਪਹਿਲਾਂ ਸਾਹਮਣੇ ਆਏ ਸਨ।
ਜੋ ਲੋਕ ਇਸ ਸਿਧਾਂਤ ਦੀ ਹਿਮਾਇਤ ਕਰਦੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਇਹ ਵਾਇਰਸ ਇੱਥੋਂ ਹੀ ਫ਼ੈਲਿਆ ਹੋ ਸਕਦਾ ਹੈ ਅਤੇ ਫ਼ਿਰ ਹੁਆਨਨ ਬਜ਼ਾਰ ਤੱਕ ਪਹੁੰਚ ਗਿਆ ਹੋਣਾ ਹੈ।
ਵਧੇਰੇ ਲੋਕਾਂ ਦਾ ਤਰਕ ਹੈ ਕਿ ਇਹ ਵਾਇਰਸ ਤਿਆਰ ਕੀਤਾ ਨਹੀਂ ਬਲਕਿ ਜੰਗਲੀ ਤੌਰ ''ਤੇ ਇਕੱਠਾ ਕੀਤਾ ਵਾਇਰਸ ਹੈ।
ਇਹ ਵਿਵਾਦਿਤ ਸਿਧਾਂਤ ਸਭ ਤੋਂ ਪਹਿਲਾਂ ਮਹਾਮਾਰੀ ਦੀ ਸ਼ੁਰੂਆਤ ''ਚ ਉੱਭਰ ਕੇ ਸਾਹਮਣੇ ਆਇਆ ਸੀ ਅਤੇ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਡੌਨਾਲਡ ਟਰੰਪ ਵੱਲੋਂ ਇਸ ਦਾ ਪ੍ਰਚਾਰ ਕੀਤਾ ਗਿਆ ਸੀ।
ਕੁਝ ਲੋਕਾਂ ਨੇ ਤਾਂ ਇਹ ਵੀ ਕਿਹਾ ਸੀ ਕਿ ਹੋ ਸਕਦਾ ਹੈ ਕਿ ਇਸ ਨੂੰ ਜੀਵ ਵਿਗਿਆਨ ਦੇ ਇੱਕ ਸੰਭਾਵਿਤ ਹਥਿਆਰ ਵੱਜੋਂ ਤਿਆਰ ਕੀਤਾ ਜਾ ਰਿਹਾ ਹੋਵੇ।
ਹਾਲਾਂਕਿ ਮੀਡੀਆ ਅਤੇ ਸਿਆਸੀ ਮਾਹਰਾਂ ਨੇ ਇਸ ਨੂੰ ਸਾਜਿਸ਼ ਦੇ ਸਿਧਾਂਤ ਵੱਜੋਂ ਖਾਰਜ ਕਰ ਦਿੱਤਾ ਸੀ, ਪਰ ਦੂਜੇ ਪਾਸੇ ਕਈ ਅਜਿਹੇ ਵੀ ਸਨ. ਜਿਨ੍ਹਾਂ ਨੇ ਇਸ ਦੀ ਸੰਭਾਵਨਾ ਬਾਰੇ ਵਧੇਰੇ ਜਾਂਚ ਕਰਨ ਦੀ ਮੰਗ ਵੀ ਰੱਖੀ ਸੀ।
ਫ਼ਿਰ ਵੀ ਇਹ ਵਿਚਾਰ ਇੱਕ ਵਾਰ ਮੁੜ ਉੱਭਰ ਕੇ ਸਾਹਮਣੇ ਆਇਆ ਹੈ।
ਲੈਬ ਸਿਧਾਂਤ ਮੁੜ ਚਰਚਾ ''ਚ ਕਿਉਂ ਆਇਆ ਹੈ?
ਇਸ ਸਿਧਾਂਤ ਦੇ ਮੁੜ ਚਰਚਾ ''ਚ ਆਉਣ ਦਾ ਇੱਕ ਕਾਰਨ ਇਹ ਵੀ ਹੈ ਕਿ ਅਮਰੀਕੀ ਮੀਡੀਆ ਦੇ ਆਲੇ-ਦੁਆਲੇ ਘੁੰਮਣ ਵਾਲੀਆਂ ਖ਼ਬਰਾਂ ਨੇ ਲੈਬ ਲੀਕ ਥਿਊਰੀ ''ਤੇ ਨਵੀਆਂ ਚਿੰਤਾਵਾਂ ਪ੍ਰਗਟ ਕੀਤੀਆਂ ਹਨ।
ਇਸ ਦੇ ਨਾਲ ਹੀ ਕੁਝ ਵਿਗਿਆਨੀਆਂ ਨੇ ਪਹਿਲਾਂ ਇਸ ਸਿਧਾਂਤ ''ਤੇ ਸ਼ੱਕ ਜਤਾਇਆ ਸੀ, ਹੁਣ ਉਨ੍ਹਾਂ ਨੇ ਵੀ ਇਸ ਬਾਰੇ ਨਵੀਂ ਰਾਇ ਦਿੱਤੀ ਹੈ।
ਸਾਲ 2021 ਦੀ ਇੱਕ ਵਰਗੀਕ੍ਰਿਤ ਅਮਰੀਕੀ ਖੁਫ਼ੀਆ ਰਿਪੋਰਟ ਮੁਤਾਬਕ ਇਸ ਵਾਇਰਸ ਦੀ ਲਾਗ਼ ਸ਼ਹਿਰ ''ਚ ਫ਼ੈਲਣ ਤੋਂ ਕੁਝ ਸਮਾਂ ਪਹਿਲਾਂ ਤੋਂ ਹੀ ਵੁਹਾਨ ਲੈਬ ਦੇ ਤਿੰਨ ਖੋਜਕਰਤਾ ਨਵੰਬਰ 2019 ''ਚ ਇੱਕ ਹਸਪਤਾਲ ''ਚ ਜ਼ੇਰੇ ਇਲਾਜ ਸਨ।
ਇਸ ਹਫ਼ਤੇ ਇਹ ਖ਼ਬਰਾਂ ਅਮਰੀਕੀ ਮੀਡੀਆ ''ਚ ਸੁਰਖੀਆਂ ਬਣੀਆਂ ਹੋਈਆਂ ਹਨ।
ਕੋਰੋਨਾਵਾਇਰਸ ਦੀ ਜਾਂਚ ਬਾਰੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਸੀ ਕਿ ਉਨ੍ਹਾਂ ਨੇ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਕੋਵਿਡ-19 ਦੇ ਮੂਲ ਰੂਪ ''ਚ ਪੈਦਾ ਹੋਣ ਬਾਰੇ ਰਿਪੋਰਟ ਮੰਗੀ ਸੀ, ਜਿਸ ''ਚ ਇਹ ਵੀ ਸ਼ਾਮਲ ਹੈ ਕਿ ਕੀ ਇਹ ਕਿਸੇ ਲਾਗ਼ ਪ੍ਰਭਾਵਿਤ ਜਾਨਵਰ ਨਾਲ ਮਨੁੱਖੀ ਸੰਪਰਕ ਨਾਲ ਜਾਂ ਫ਼ਿਰ ਕਿਸੇ ਪ੍ਰਯੋਗਸ਼ਾਲਾ ''ਚ ਦੁਰਘਟਨਾ ਵਾਪਰਨ ਕਾਰਨ ਪੈਦਾ ਹੋਇਆ ਹੈ।
ਵਿਗਿਆਨੀਆਂ ਦਾ ਕੀ ਕਹਿਣਾ ਹੈ?
ਇਸ ਮੁੱਦੇ ''ਤੇ ਅਜੇ ਵੀ ਤਿੱਖੀ ਬਹਿਸ ਛਿੜੀ ਹੋਈ ਹੈ।
ਵਿਸ਼ਵ ਸਿਹਤ ਸੰਗਠਨ ਵੱਲੋਂ ਨਿਯੁਕਤ ਵਿਗਿਆਨੀਆਂ ਦੀ ਇੱਕ ਟੀਮ ਨੇ ਮਹਾਮਾਰੀ ਦੇ ਸਰੋਤ ਦੀ ਜਾਂਚ ਕਰਨ ਲਈ 2021 ਸਾਲ ਦੇ ਸ਼ੂਰੂ ''ਚ ਵੁਹਾਨ ਪਹੁੰਚ ਕੀਤੀ ਸੀ।
ਵੁਹਾਨ ''ਚ 12 ਦਿਨ ਬਿਤਾਉਣ ਤੋਂ ਬਾਅਦ, ਇਸ ''ਚ ਪ੍ਰਯੋਗਸ਼ਾਲਾ ਦਾ ਦੌਰਾ ਵੀ ਸ਼ਾਮਲ ਸੀ, ਟੀਮ ਨੇ ਸਿੱਟਾ ਕੱਢਿਆ ਸੀ ਕਿ ਲੈਬ ਲੀਕ ਥਿਊਰੀ ''ਬੇਹੱਦ ਅਸੰਭਵ'' ਸੀ।
ਪਰ ਕਈਆਂ ਨੇ ਟੀਮ ਦੀਆਂ ਖੋਜਾਂ ''ਤੇ ਸਵਾਲ ਚੁੱਕੇ ਸਨ।
ਵ੍ਹਾਈਟ ਹਾਊਸ ਦੇ ਰਾਸ਼ਟਰੀ ਸੁਰੱਖਿਆ ਬੁਲਾਰੇ ਜੌਨ ਕਿਰਬੀ ਨੇ ਸੋਮਵਾਰ ਨੂੰ ਕਿਹਾ ਕਿ ਅਜੇ ਵੀ ਕੋਈ ਪੱਕਾ ਸਬੂਤ ਨਹੀਂ ਮਿਲਿਆ ਹੈ।
ਉਨ੍ਹਾਂ ਨੇ ਮੀਡੀਆ ਵਲੋਂ ਊਰਜਾ ਵਿਭਾਗ ਦੀ ਰਿਪੋਰਟ ਵਿੱਚ ਨਿਰਧਾਰਿਤ ਕੀਤੇ ਗਏ ਤੱਥਾਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਕਿਹਾ,"ਕੋਵਿਡ-19 ਮਹਾਮਾਰੀ ਦੀ ਸ਼ੁਰੂਆਤ ਬਾਰੇ ਅਮਰੀਕੀ ਸਰਕਾਰ ਕਿਸੇ ਵੀ ਨਿਸ਼ਚਿਤ ਸਿੱਟੇ ਜਾਂ ਸਹਿਮਤੀ ’ਤੇ ਨਹੀਂ ਪਹੁੰਚੀ ਹੈ।"
ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਸੋਮਵਾਰ ਨੂੰ ਦੁਬਾਰਾ ਲੈਬ ਲੀਕ ਥਿਊਰੀ ਨੂੰ ਰੱਦ ਕਰ ਦਿੱਤਾ।
2021 ਵਿੱਚ ਵਿਗਿਆਨੀਆਂ ਦੇ ਇੱਕ ਪ੍ਰਮੁੱਖ ਸਮੂਹ ਨੇ ਲੈਬ ਲੀਕ ਥਿਊਰੀ ਨੂੰ ਗੰਭੀਰਤਾ ਨਾਲ ਨਾ ਲੈਣ ''ਤੇ ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਦੀ ਅਲੋਚਨਾ ਕੀਤੀ ਹੈ।
ਇਸ ਜਾਂਚ ਨੂੰ ਸੈਂਕੜੇ ਪੰਨ੍ਹਿਆਂ ਦੀ ਰਿਪੋਰਟ ਦੇ ਮੁਕਬਾਲੇ ਸਿਰਫ ਕੁਝ ਪੰਨ੍ਹਿਆਂ ''ਚ ਹੀ ਸਮੇਟ ਦਿੱਤਾ ਗਿਆ ਹੈ।
ਵਿਗਿਆਨੀਆਂ ਨੇ ਸਾਇੰਸ ਮੈਗਜ਼ੀਨ ''ਚ ਲਿਖਿਆ ਸੀ, "ਜਦੋਂ ਤੱਕ ਸਾਨੂੰ ਲੋੜੀਂਦਾ ਡਾਟਾ ਨਹੀਂ ਮਿਲ ਜਾਂਦਾ, ਉਦੋਂ ਤੱਕ ਸਾਨੂੰ ਕੁਦਰਤੀ ਅਤੇ ਪ੍ਰਯੋਗਸ਼ਾਲਾ ਸਪਿਲਓਵਰ ਦੋਵਾਂ ਬਾਰੇ ਹੀ ਧਾਰਨਾਵਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।"
ਹੁਣ ਮਾਹਰਾਂ ਦਾ ਮੱਤ ਸੀ ਕਿ ਪ੍ਰਯੋਗਸ਼ਾਲਾ ਰਿਸਾਵ ਨੂੰ ਹੋਰ ਗੰਭੀਰਤਾ ਅਤੇ ਸੂਖ਼ਮ ਤਰੀਕੇ ਨਾਲ ਜਾਂਚਿਆ ਜਾਣਾ ਚਾਹੀਦਾ ਹੈ।
ਕੋਰੋਨਾਵਾਇਰਸ ਦੀ ਸ਼ੁਰੂਆਤ
- ਕੋਰੋਨਾਵਾਇਰਸ ਦਾ ਪਹਿਲਾ ਮਾਮਲਾ ਚੀਨ ਦੇ ਸ਼ਹਿਰ ਵੁਹਾਨ ਵਿੱਚ ਸਾਹਮਣੇ ਆਇਆ ਸੀ
- ਕੋਰੋਨਾਵਾਇਰਸ ਪੈਦਾ ਕਿਵੇਂ ਹੋਇਆ ਤੇ ਮਨੁੱਖਾਂ ਤੱਕ ਕਿਵੇਂ ਪਹੁੰਚਿਆ ਇਸ ਨੂੰ ਲੈ ਕੇ ਅੱਜ ਵੀ ਖੋਜ ਜਾਰੀ ਹੈ
- ਅਮਰੀਕਾ ਦਾ ਕਹਿਣਾ ਹੈ ਕਿ ਇਹ ਵਾਇਰਸ ਸੰਭਾਵਿਤ ਤੌਰ ’ਤੇ ਚੀਨ ਦੀ ਵੁਹਾਨ ਲੈਬ ਤੋਂ ਲੀਕ ਹੋਇਆ ਸੀ
- ਚੀਨ ਸ਼ੁਰੂਆਤ ਤੋਂ ਹੀ ਇਸ ਸਿਧਾਂਤ ਨੂੰ ਰੱਦ ਕਰਦਾ ਆ ਰਿਹਾ ਹੈ
- ਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ ਦੀ ਮੁਕੰਮਲ ਰੋਕਥਾਮ ਲਈ ਮੁੱਢ ਦਾ ਪਤਾ ਲਗਾਉਣਾ ਬਹੁਤ ਜ਼ਰੂਰੀ ਹੈ
ਚੀਨ ਦਾ ਕੀ ਕਹਿਣਾ ਹੈ?
ਚੀਨ ਇਸ ਤੱਥ ਨੂੰ ਸ਼ੁਰੂ ਤੋਂ ਹੀ ਨਕਾਰਦਾ ਰਿਹਾ ਹੈ।
ਚੀਨ ਦਾ ਕਹਿਣਾ ਸੀ ਕਿ ਸੰਭਾਵਨਾ ਹੋ ਸਕਦੀ ਹੈ ਕਿ ਕੋਰੋਨਾ ਵਾਇਰਸ ਕਿਸੇ ਦੂਜੇ ਦੇਸ਼ ਤੋਂ ਆਈ ਖੁਰਾਕੀ ਖੇਪ ਦੇ ਕਾਰਨ ਦੇਸ਼ ''ਚ ਫੈਲਿਆ ਹੋਵੇ।
ਚੀਨੀ ਸਰਕਾਰ ਦੇ ਆਪਣੇ ਇੱਕ ਪ੍ਰਮੁੱਖ ਵਾਇਰੋਲੋਜਿਸਟ ਵੱਲੋਂ ਪ੍ਰਕਾਸ਼ਿਤ ਇੱਕ ਰਿਪੋਰਟ ਵੱਲ ਇਸ਼ਾਰਾ ਕੀਤਾ ਸੀ, ਜਿਸ ''ਚ ਇੱਕ ਦੂਰ ਦਰਾਡੇ ਵਾਲੇ ਖੇਤਰ ''ਚ ਸਥਿਤ ਖਾਨ ''ਚ ਚਮਗਿੱਦੜ ਤੋਂ ਇੱਕਠੇ ਕੀਤੇ ਗਏ ਨਮੂਨਿਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ ਸੀ।
ਵੁਹਾਨ ਇੰਸਟੀਚਿਊਟ ''ਚ ਇੱਕ ਖੋਜਕਰਤਾ ਪ੍ਰੋ. ਸ਼ੀ ਝੇਂਗਲੀ ਨੇ 2021 ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ, ਜਿਸ ''ਚ ਖੁਲਾਸਾ ਕੀਤਾ ਗਿਆ ਸੀ ਕਿ ਉਨ੍ਹਾਂ ਦੀ ਟੀਮ ਨੇ ਸਾਲ 2015 ''ਚ ਚੀਨ ਦੀਆਂ ਖਾਨਾਂ ''ਚ ਚਮਗਿੱਦੜ ''ਚ ਪਾਏ ਜਾਣ ਵਾਲੇ ਕੋਰੋਨਾਵਾਇਰਸ ਦੇ ਅੱਠ ਰੂਪਾਂ ਦੀ ਪਛਾਣ ਕੀਤੀ ਸੀ।
ਪ੍ਰੋ ਝੇਂਗਲੀ ਨੂੰ ਆਮ ਤੌਰ ’ਤੇ ''ਚੀਨ ਦੀ ਬੈਟਵੁਮੈਨ'' ਵੱਜੋਂ ਜਾਣਿਆ ਜਾਂਦਾ ਹੈ।
ਚੀਨ ਦੇ ਸਰਕਾਰੀ ਮੀਡੀਆ ਨੇ ਅਮਰੀਕੀ ਸਰਕਾਰ ਅਤੇ ਪੱਛਮੀ ਮੀਡੀਆਂ ਵੱਲੋਂ ਫੈਲਾਏ ਜਾ ਰਹੇ ਸਿਧਾਤਾਂ ਦੀ ਨਿੰਦਾ ਕੀਤੀ ਸੀ ਅਤੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਵੱਲੋਂ ਗ਼ਲਤ ਖ਼ਬਰਾਂ ਦਾ ਪ੍ਰਸਾਰ ਕੀਤਾ ਜਾ ਰਿਹਾ ਹੈ।
ਕਮਿਊਨਿਸਟ ਪਾਰਟੀ ਦੀ ਮਾਲਕੀ ਵਾਲੇ ਗਲੋਬਲ ਟਾਈਮਜ਼ ਅਖ਼ਬਾਰ ਦੇ ਇੱਕ ਸੰਪਾਦਕੀ ਲੇਖ ''ਚ ਕਿਹਾ ਗਿਆ ਹੈ ਕਿ ਜਦੋਂ ਮਹਾਮਾਰੀ ਦੇ ਪੈਦਾ ਹੋਣ ਦੀ ਗੱਲ ਆਉਂਦੀ ਹੈ ਤਾਂ ਅਮਰੀਕਾ ਦੇ ਲੋਕਾਂ ਦੀ ਰਾਏ ਬੇਹੱਦ ਤਰਕਹੀਣ ਹੋ ਜਾਂਦੀ ਹੈ।
ਇਸ ਦੀ ਬਜਾਇ ਚੀਨ ਦੀ ਸਰਕਾਰ ਇੱਕ ਹੋਰ ਸਿਧਾਂਤ ''ਤੇ ਜ਼ੋਰ ਦਿੰਦੀ ਰਹੀ ਹੈ ਕਿ ਕੋਰੋਨਾ ਵਾਇਰਸ ਚੀਨ ਜਾਂ ਦੱਖਣ-ਪੂਰਬੀ ਏਸ਼ੀਆ ਤੋਂ ਆਏ ਫ੍ਰੋਜ਼ਨ ਮੀਟ ਜ਼ਰੀਏ ਵੁਹਾਨ ''ਚ ਫ਼ੈਲਣਾ ਸ਼ੁਰੂ ਹੋਇਆ ਸੀ।
ਚੀਨ ਦੇ ਸ਼ਮਸ਼ਾਨ ਘਾਟਾਂ ਬਾਹਰ ਲੋਕਾਂ ਨੂੰ ਆਪਣੀ ਵਾਰੀ ਦੀ ਉਡੀਕ ਵਿੱਚ ਘੰਟਿਆਂ ਬੱਧੀ ਖੜ੍ਹਨਾ ਪਿਆ ਸੀ। (ਪੁਰਾਣੀ ਤਸਵੀਰ)
ਕੀ ਕੋਈ ਹੋਰ ਸਿਧਾਂਤ ਵੀ ਮੌਜੂਦ ਹੈ?
''ਕੁਦਰਤੀ ਮੂਲ'' ਨਾਂਅ ਦਾ ਇੱਕ ਹੋਰ ਸਿਧਾਂਤ ਚਰਚਾ ''ਚ ਹੈ।''
ਇਸ ਸਿਧਾਂਤ ਮੁਤਾਬਕ ਇਹ ਵਾਇਰਸ ਕੁਦਰਤੀ ਤੌਰ ''ਤੇ ਜਾਨਵਰਾਂ ਤੋਂ ਮਨੁੱਖ ''ਚ ਫ਼ੈਲਿਆ ਹੈ ਅਤੇ ਇਸ ਦੇ ਫ਼ੈਲਾਅ ''ਚ ਕਿਸੇ ਵੀ ਵਿਗਿਆਨੀ ਜਾਂ ਪ੍ਰਯੋਗਸ਼ਾਲਾ ਦਾ ਹੱਥ ਨਹੀਂ ਸੀ।
ਇਸ ਕੁਦਰਤੀ ਮੂਲ ਦੀ ਧਾਰਨਾ ਦਾ ਸਮਰਥਨ ਕਰਨ ਵਾਲਿਆਂ ਦਾ ਕਹਿਣਾ ਸੀ ਕਿ ਕੋਵਿਡ-19 ਚਮਗਿੱਦੜਾਂ ਤੋਂ ਮਨੁੱਖ ''ਚ ਫੈਲਿਆ ਸੀ।
ਇਸ ਲਈ ਇਹ ਸੰਭਾਵਨਾ ਮੌਜੂਦ ਹੈ ਕਿ ਜਾਂ ਤਾਂ ਵਾਇਰਸ ਪਹਿਲਾਂ ਕਿਸੇ ਜਾਨਵਰ ''ਚ ਗਿਆ ਹੋਵੇਗਾ ਜਾਂ ਫ਼ਿਰ ਕਿਸੇ ਤੀਜੀ ਧਿਰ ਰਾਹੀਂ ਮਨੁੱਖ ਤੱਕ ਪਹੁੰਚਿਆ ਹੋਵੇਗਾ।
ਮਹਾਮਾਰੀ ਦੇ ਸ਼ੁਰੂਆਤੀ ਦਿਨਾਂ ''ਚ ਇਸ ਧਾਰਨਾ ਨੂੰ ਵਿਆਪਕ ਪੱਧਰ ''ਤੇ ਸਵੀਕਾਰ ਕੀਤਾ ਗਿਆ ਸੀ, ਪਰ ਸਮਾਂ ਬੀਤਣ ਦੇ ਨਾਲ-ਨਾਲ ਵਿਗਿਆਨੀਆਂ ਨੇ ਆਪਣੀ ਖੋਜ ''ਚ ਪਾਇਆ ਕਿ ਚਮਗਿੱਦੜ ਜਾਂ ਕਿਸੇ ਹੋਰ ਜਾਨਵਰ ''ਚ ਅਜਿਹਾ ਵਾਇਰਸ ਮੌਜੂਦ ਨਹੀਂ ਹੈ, ਜੋ ਕਿ ਕੋਵਿਡ-19 ਦੇ ਜੈਨੇਟਿਕ ਨਾਲ ਮੇਲ ਖਾਂਦਾ ਹੋਵੇ। ਇਸ ਖੋਜ ਨੇ ਇਸ ਸਿਧਾਂਤ ਦੀ ਪ੍ਰਮਾਣਿਕਤਾ ''ਤੇ ਸ਼ੱਕ ਜਤਾਇਆ ਸੀ।
ਕੋਰੋਨਾਵਾਇਰਸ ਦਾ ਮੂਲ ਪਤਾ ਲਾਉਣ ਦੀ ਲੋੜ
ਵਿਸ਼ਵ ਪੱਧਰ ''ਤੇ ਵੱਡੀ ਗਿਣਤੀ ''ਚ ਲੋਕ ਮਹਾਮਾਰੀ ਤੋਂ ਪ੍ਰਭਾਵਿਤ ਹੋਏ ਸਨ। ਇਸ ਵਿੱਚ ਸਿਹਤ ਦੇ ਨਾਲ ਨਾਲ ਆਰਥਿਕ, ਸਮਾਜਿਕ ਤੇ ਸਿਆਸੀ ਸੰਕਟ ਵੀ ਸ਼ਾਮਲ ਸੀ।
ਚੀਨ ਸਮੇਤ ਲੋਕਾਂ ਨੇ ਆਪੋ-ਆਪਣੇ ਦੇਸ਼ਾਂ ਦੀਆਂ ਸਰਕਾਰਾਂ ’ਤੇ ਕੋਰੋਨਾਵਾਇਰਸ ਦੀ ਰੋਕਥਾਮ ਲਈ ਚੁੱਕੇ ਕਦਮਾਂ ਬਾਰੇ ਸਵਾਲ ਕੀਤੇ ਸਨ।
ਚੀਨ ਤੇ ਅਮਰੀਕਾ ਵਿੱਚ ਸਰਕਾਰਾਂ ਦੇ ਤਰੀਕੇ ਬਾਰੇ ਕਈ ਸਵਾਲ ਹਾਲੇ ਵੀ ਖੜ੍ਹੇ ਹਨ।
ਜ਼ਿਆਦਾਤਰ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ ਦੇ ਮੁੜ ਪੈਦਾ ਹੋਣ ''ਤੇ ਰੋਕ ਲਗਾਉਣ ਲਈ ਵਾਇਰਸ ਕਿਵੇਂ ਅਤੇ ਕਿੱਥੇ ਪੈਦਾ ਹੋਇਆ ਹੈ, ਇਸ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ।
ਜੇਕਰ ''ਜ਼ੂਨੋਟਿਕ'' ਸਿਧਾਂਤ ਸਹੀ ਸਾਬਤ ਹੋ ਜਾਂਦਾ ਹੈ ਤਾਂ ਇਹ ਖੇਤੀਬਾੜੀ ਅਤੇ ਜੰਗਲੀ ਜੀਵਣ ਨਾਲ ਸੰਬੰਧਤ ਗਤੀਵਿਧੀਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਡੇਨਮਾਰਕ ''ਚ ਮਿੰਕ ਫਾਰਮਿੰਗ ਜ਼ਰੀਏ ਵਾਇਰਸ ਦੇ ਫ਼ੈਲਣ ਦੇ ਡਰ ਕਾਰਨ ਲੱਖਾਂ ਹੀ ਮਿੰਕ ਖ਼ਤਮ ਕਰ ਦਿੱਤੇ ਗਏ ਹਨ।
ਪਰ ਇਹ ਵਿਗਿਆਨਕ ਖੋਜ ਅਤੇ ਕੌਮਾਂਤਰੀ ਵਪਾਰ ''ਤੇ ਵੀ ਪ੍ਰਭਾਵ ਪਾ ਸਕਦਾ ਹੈ, ਕਿਉਂਕਿ ਜੇ ਇਹ ਸਾਬਤ ਹੋ ਜਾਂਦਾ ਹੈ ਕਿ ਇਹ ਵਾਇਰਸ ਲੈਬ ਲੀਕ ਜਾਂ ਫ੍ਰੋਜ਼ਨ ਫ਼ੂਡ ਕਰਕੇ ਫੈਲਿਆ ਹੈ ਤਾਂ ਸਥਿਤੀ ਗੰਭੀਰ ਹੋ ਸਕਦੀ ਹੈ।
ਇਸ ਦੇ ਨਾਲ ਹੀ ਪ੍ਰਯੋਗਸ਼ਾਲਾ ਤੋਂ ਇਸ ਦੇ ਰਿਸਾਵ ਹੋਣ ਦੀ ਪੁਸ਼ਟੀ ਨਾਲ ਵਿਸ਼ਵ ਦਾ ਚੀਨ ਪ੍ਰਤੀ ਰਵੱਈਆ ਵੀ ਪ੍ਰਭਾਵਿਤ ਹੋ ਸਕਦਾ ਹੈ।
ਦਰਅਸਲ ਚੀਨ ''ਤੇ ਸ਼ੁਰੂ ਤੋਂ ਹੀ ਇਹ ਇਲਜ਼ਾਮ ਲੱਗਦੇ ਰਹੇ ਹਨ ਕਿ ਉਸ ਨੇ ਮਹਾਮਾਰੀ ਬਾਰੇ ਮਹੱਤਵਪੂਰਣ ਜਾਣਕਾਰੀ ਦੂਜੇ ਦੇਸ਼ਾਂ ਨਾਲ ਸਾਂਝੀ ਨਹੀਂ ਕੀਤੀ ਹੈ।
ਅਮਰੀਕਾ ਨੇ ਬਹੁਤ ਜਲਦ ਕੋਰੋਨਾ ਮਹਾਮਾਰੀ ਲਈ ਚੀਨ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਪਰ ਕਈਆਂ ਨੇ ਚੀਨ ਨੂੰ ਜ਼ਿੰਮੇਵਾਰ ਦੱਸਣ ਨੂੰ ਜਲਦਬਾਜ਼ੀ ਆਖਿਆ ਸੀ।
ਮਹਾਮਾਰੀ ਦੀ ਸ਼ੁਰੂਆਤ ਬਾਰੇ ਬਿਆਨਾਂ ਤੋਂ ਬਾਅਦ ਅਮਰੀਕਾ ਅਤੇ ਚੀਨ ਦਰਮਿਆਨ ਸਬੰਧ ਵੀ ਤਣਾਅ ਦਾ ਸ਼ਿਕਾਰ ਹੋਏ ਸਨ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

ਅਮ੍ਰਿਤਪਾਲ ਸਿੰਘ ਦੀ ਗੱਡੀ ਨੂੰ ਕੀ ਸਵਾਲ ਚੁੱਕੇ ਜਾ ਰਹੇ, ਉਨ੍ਹਾਂ ਅੱਗੋਂ ਕੀ ਇਹ ਜਵਾਬ ਦਿੱਤਾ
NEXT STORY