"ਅੱਜ ਮੈਨੂੰ ਇਲਾਹਾਬਾਦ ਵਿੱਚ ਧਮਕੀ ਦਿੱਤੀ ਗਈ ਹੈ ਕਿ ਦੋ ਹਫ਼ਤਿਆਂ ਦੇ ਅੰਦਰ ਤੁਹਾਨੂੰ ਕਿਸੇ ਨਾ ਕਿਸੇ ਬਹਾਨੇ ਜੇਲ੍ਹ ਤੋਂ ਬਾਹਰ ਕੱਢਿਆ ਜਾਵੇਗਾ ਅਤੇ ਤੁਹਾਨੂੰ ਨਿਪਟਾ ਦਿੱਤਾ ਜਾਵੇਗਾ। ਇਹ ਜਾਣਕਾਰੀ ਮੈਨੂੰ ਇੱਕ ਵੱਡੇ ਅਧਿਕਾਰੀ ਨੇ ਦਿੱਤੀ ਹੈ।"
ਇਹ ਖਦਸ਼ਾ ਅਤੀਕ ਅਹਿਮਦ ਦੇ ਨਾਲ ਮਾਰੇ ਗਏ ਉਸ ਦੇ ਭਰਾ ਅਸ਼ਰਫ ਨੇ 29 ਮਾਰਚ ਨੂੰ ਪੁਲਿਸ ਦੀ ਕਾਰ ਦੇ ਅੰਦਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤਾ ਸੀ।
ਠੀਕ ਦੋ ਹਫ਼ਤਿਆਂ ਬਾਅਦ, 15 ਅਪ੍ਰੈਲ ਦੀ ਰਾਤ ਨੂੰ ਅਤੀਕ ਅਤੇ ਅਸ਼ਰਫ਼ ਨੂੰ ਪੁਲਿਸ ਸੁਰੱਖਿਆ ਹੇਠ ਮੈਡੀਕਲ ਜਾਂਚ ਲਈ ਲੈ ਕੇ ਜਾਂਦੇ ਸਮੇਂ ਕਤਲ ਕਰ ਦਿੱਤਾ ਗਿਆ।
ਤਿੰਨ ਹਮਲਾਵਰਾਂ ਨੇ ਪੱਤਰਕਾਰਾਂ ਦੇ ਰੂਪ ਵਿੱਚ ਆ ਕੇ ਲਾਈਵ ਕੈਮਰਿਆਂ ਦੇ ਸਾਹਮਣੇ ਹੀ ਅਤੀਕ ਅਤੇ ਅਸ਼ਰਫ ''ਤੇ ਗੋਲ਼ੀਆਂ ਚਲਾਈਆਂ ਅਤੇ ਉਨ੍ਹਾਂ ਨੂੰ ਮਾਰ ਦਿੱਤਾ।
ਇਸ ਘਟਨਾ ਦੀਆਂ ਵੀਡੀਓਜ਼ ਟੀਵੀ ਚੈਨਲਾਂ ''ਤੇ ਲਗਾਤਾਰ ਪ੍ਰਸਾਰਿਤ ਹੋ ਰਹੀਆਂ ਹਨ ਅਤੇ ਸੋਸ਼ਲ ਮੀਡੀਆ ''ਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ।
ਉੱਤਰ ਪ੍ਰਦੇਸ਼ ਸਰਕਾਰ ਨੇ ਕਤਲ ਦੀ ਜਾਂਚ ਲਈ ਤਿੰਨ ਮੈਂਬਰੀ ਨਿਆਂਇਕ ਕਮਿਸ਼ਨ ਦਾ ਗਠਨ ਕੀਤਾ ਹੈ। ਉੱਤਰ ਪ੍ਰਦੇਸ਼ ਪੁਲਿਸ ਨੇ ਵੀ ਘਟਨਾ ਦੀ ਤਹਿ ਤੱਕ ਜਾਣ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ।
ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿੱਚ ਬੰਦ ਅਤੀਕ ਅਹਿਮਦ ਨੂੰ ਜਦੋਂ ਜਾਂਚ ਵਿੱਚ ਸ਼ਾਮਲ ਹੋਣ ਲਈ ਪ੍ਰਯਾਗਰਾਜ ਲਿਆਂਦਾ ਗਿਆ ਤਾਂ ਮੀਡੀਆ ਵਿੱਚ ਉਸ ਦੀ ‘ਕਾਰ ਪਲਟਣ’ ਦੀਆਂ ਅਟਕਲਾਂ ਲਗਾਈਆਂ ਗਈਆਂ ਸਨ।
ਮੀਡੀਆ ਦੀ ਭਾਸ਼ਾ ''ਚ ‘ਕਾਰ ਪਲਟਣ’ ਦਾ ਅਰਥ ਹੈ ਪੁਲਿਸ ਮੁਕਾਬਲੇ ਵਿੱਚ ਮੌਤ।
ਪੁਲਿਸ ਹਿਰਾਸਤ ਵਿੱਚ ਅਤੀਕ ਅਹਿਮਦ ਅਤੇ ਅਸ਼ਰਫ਼ ਦੇ ਕਤਲ ਤੋਂ ਬਾਅਦ ਕਈ ਗੰਭੀਰ ਸਵਾਲ ਖੜੇ ਹੋ ਗਏ ਹਨ।
ਬੀਬੀਸੀ ਨੇ ਇਨ੍ਹਾਂ ਸਵਾਲਾਂ ਨੂੰ ਚੰਗੀ ਤਰ੍ਹਾਂ ਸਮਝਣ ਲਈ ਅਤੀਕ ਅਹਿਮਦ ਦੇ ਵਕੀਲ ਵਿਜੇ ਮਿਸ਼ਰਾ ਅਤੇ ਮੌਕੇ ''ਤੇ ਮੌਜੂਦ ਇੱਕ ਚਸ਼ਮਦੀਦ ਨਾਲ ਗੱਲ ਕੀਤੀ।
ਦੋਵਾਂ ਨੇ ਇਸ ਘਟਨਾ ਨੂੰ ਬਹੁਤ ਨੇੜਿਓਂ ਦੇਖਿਆ ਹੈ ਅਤੇ ਦੋਵਾਂ ਨੇ ਪੁਲਿਸ ਦੀ ਮੌਜੂਦਗੀ ਅਤੇ ਉਨ੍ਹਾਂ ਦੀ ਜਵਾਬੀ ਕਾਰਵਾਈ ਨਾਲ ਜੁੜੀਆਂ ਕਈ ਗੱਲਾਂ ਕਹੀਆਂ ਹਨ।
ਅੰਤਿਮ ਸੰਸਕਾਰ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਤੀਕ ਦੇ ਰਿਸ਼ਤੇਦਾਰ
ਅਤੀਕ ਦੇ ਵਕੀਲ ਨੇ ਪੁਲਿਸ ''ਤੇ ਕਈ ਸਵਾਲ ਖੜ੍ਹੇ ਕੀਤੇ
ਅਤੀਕ ਅਹਿਮਦ ਦੇ ਵਕੀਲ ਵਿਜੇ ਮਿਸ਼ਰਾ ਉਨ੍ਹਾਂ ਦੇ ਪਰਛਾਵੇਂ ਵਾਂਗ ਤੁਰਦੇ ਸਨ।
ਉਹ ਕਹਿੰਦੇ ਹਨ, "ਅਸ਼ਰਫ਼ ਦੀ ਸੁਰੱਖਿਆ ਦਾ ਨੋਟਿਸ ਲੈਂਦਿਆਂ ਹਾਈ ਕੋਰਟ ਨੇ ਵੀ ਹੁਕਮ ਦਿੱਤਾ ਸੀ ਕਿ ਉਸ ਦੀ ਸੁਰੱਖਿਆ ''ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ।"
ਸੁਪਰੀਮ ਕੋਰਟ ਨੇ ਅਤੀਕ ਅਹਿਮਦ ਦੀ ਸੁਰੱਖਿਆ ਨਾਲ ਜੁੜੀ ਪਟੀਸ਼ਨ ''ਤੇ ਵੀ ਸੁਣਵਾਈ ਕੀਤੀ ਸੀ ਪਰ ਉਸ ਨੂੰ ਇਹ ਬੇਨਤੀ ਹਾਈ ਕੋਰਟ ਨੂੰ ਕਰਨ ਲਈ ਕਿਹਾ ਸੀ।
ਵਿਜੇ ਮਿਸ਼ਰਾ ਦਾ ਕਹਿਣਾ ਹੈ, "ਇਸ ਤੋਂ ਪਹਿਲਾਂ ਕਿ ਉਹ ਹਾਈ ਕੋਰਟ ਜਾ ਕੇ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਅਤੇ ਸੁਣਵਾਈ ਦੀ ਮੰਗ ਕਰਦੇ, ਅਤਿਕ ਨੂੰ ਮਾਰ ਦਿੱਤਾ ਗਿਆ।"
ਅਸ਼ਰਫ ਦੀ ਸੁਰੱਖਿਆ ਲਈ ਹਾਈਕੋਰਟ ਨੇ ਹੁਕਮ ਦਿੱਤਾ ਸੀ ਕਿ ਜਦੋਂ ਵੀ ਉਹ ਪੇਸ਼ੀ ਲਈ ਆਉਂਦੇ-ਜਾਂਦੇ ਹਨ ਤਾਂ ਉਸ ਦੀ ਵੀਡੀਓਗ੍ਰਾਫੀ ਹੋਣੀ ਚਾਹੀਦੀ ਹੈ।
ਅਤੀਕ ਅਹਿਮਦ ਦੇ ਵਕੀਲ ਵਿਜੇ ਮਿਸ਼ਰਾ
ਕਤਲ ਦੀ ਘਟਨਾ ਬਾਰੇ ਵਿਜੇ ਮਿਸ਼ਰਾ ਦਾ ਕਹਿਣਾ ਹੈ, "ਜਦੋਂ ਅਤੀਕ ਅਤੇ ਅਸ਼ਰਫ਼ ਨੂੰ ਲੈ ਕੇ ਕੋਲਵਿਨ ਹਸਪਤਾਲ ਪਹੁੰਚੇ ਤਾਂ ਉੱਥੇ ਪੁਲਿਸ ਦਾ ਕੋਈ ਵੀਡੀਓ ਕੈਮਰਾ ਨਹੀਂ ਸੀ। ਸਿਰਫ਼ 6 ਤੋਂ 7 ਪੁਲਿਸ ਵਾਲੇ ਸਨ।"
ਉਨ੍ਹਾਂ ਕਿਹਾ, "ਬਹੁਤ ਸਾਰੇ ਮੀਡੀਆ ਵਾਲੇ ਅਤੇ ਪੁਲਿਸ ਵਾਲੇ ਜੋ ਪੈਦਲ ਚੱਲ ਰਹੇ ਸਨ, ਉਹ ਬਹੁਤ ਪਿੱਛੇ ਚੱਲ ਰਹੇ ਸਨ।"
ਵਿਜੇ ਮਿਸ਼ਰਾ ਕਹਿੰਦੇ ਹਨ, "ਅਸੀਂ ਧੂਮਨਗੰਜ ਥਾਣੇ ਦੇ ਐੱਸਐੱਚਓ ਨੂੰ ਵੀ ਕਿਹਾ ਕਿ ਸਾਨੂੰ ਇੱਥੇ ਕੋਈ ਸੁਰੱਖਿਆ ਪ੍ਰਬੰਧ ਨਹੀਂ ਦਿਖਦੇ। ਤੁਹਾਨੂੰ ਸੁਰੱਖਿਆ ਵਿਵਸਥਾ ''ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਤੁਸੀਂ ਨਿਸ਼ਚਿੰਤ ਰਹੋ, ਅਸੀਂ ਸੁਰੱਖਿਆ ਵਿਵਸਥਾ ''ਤੇ ਪੂਰਾ ਧਿਆਨ ਦੇ ਰਹੇ ਹਾਂ।''''
ਅਤੀਕ ਅਹਿਮਦ ਤੇ ਅਸ਼ਰਫ ਕੇਸ ਬਾਰੇ ਖਾਸ ਗੱਲਾਂ
- ਉੱਤਰ ਪ੍ਰਦੇਸ਼ ਸਰਕਾਰ ਨੇ ਕਤਲ ਦੀ ਜਾਂਚ ਲਈ ਤਿੰਨ ਮੈਂਬਰੀ ਨਿਆਂਇਕ ਕਮਿਸ਼ਨ ਦਾ ਗਠਨ ਕੀਤਾ ਹੈ।
- ਉੱਤਰ ਪ੍ਰਦੇਸ਼ ਪੁਲਿਸ ਨੇ ਘਟਨਾ ਦੀ ਤਹਿ ਤੱਕ ਜਾਣ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ।
- ਅਤੀਕ ਦੇ ਵਕੀਲ ਨੇ ਪੁਲਿਸ ''ਤੇ ਕਈ ਸਵਾਲ ਖੜ੍ਹੇ ਕੀਤੇ ਹਨ।
- ਹਮਲਾਵਰਾਂ ਨੇ ਦਰਜਨ ਤੋਂ ਵੱਧ ਗੋਲੀਆਂ ਚਲਾਈਆਂ, ਪਰ ਪੁਲਿਸ ਵਾਲੇ ਪਾਸੇ ਤੋਂ ਕੋਈ ਗੋਲੀ ਨਹੀਂ ਚੱਲੀ।
- ਹੁਣ, ਸੁਰੱਖਿਆ ''ਚ ਤੈਨਾਤ ਪੁਲਿਸ ਮੁਲਾਜ਼ਮ ਸਵਾਲਾਂ ਦੇ ਘੇਰੇ ''ਚ ਹਨ।
ਉਨ੍ਹਾਂ ਕਿਹਾ ਕਿ ਘਟਨਾ ਸਮੇਂ ਮੌਜੂਦ ਐੱਸਐੱਚਓ ਮੌਰੀਆ ਨੇ ਵੀ ਕਿਹਾ ਸੀ ਕਿ ''ਹੋਰ ਪੁਲਿਸ ਆ ਰਹੀ ਹੈ''।
ਅਤੀਕ ਅਹਿਮਦ ਨੇ ਕਈ ਵਾਰ ਆਪਣੀ ਸੁਰੱਖਿਆ ਦੀ ਗੁਹਾਰ ਲਗਾਈ ਸੀ। ਸੁਪਰੀਮ ਕੋਰਟ ''ਚ ਵੀ ਪਟੀਸ਼ਨ ਦਾਇਰ ਕੀਤੀ ਗਈ ਸੀ।
ਇਸ ਦੇ ਬਾਵਜੂਦ ਅਤੀਕ ਦੇ ਹਸਪਤਾਲ ਜਾਣ ਦੀ ਖ਼ਬਰ ਮੀਡੀਆ ''ਚ ਆਈ ਅਤੇ ਪੱਤਰਕਾਰਾਂ ਨੂੰ ਉਸ ਦੇ ਨੇੜੇ ਪਹੁੰਚਣ ਦਿੱਤਾ ਗਿਆ, ਇਸ ''ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।
ਉੱਤਰ ਪ੍ਰਦੇਸ਼ ਪੁਲਿਸ ਦੇ ਸਾਬਕਾ ਡਾਇਰੈਕਟਰ ਜਨਰਲ ਵਿਕਰਮ ਸਿੰਘ ਦਾ ਕਹਿਣਾ ਹੈ, "ਪੁਲਿਸ ਹਿਰਾਸਤ ਦਾ ਮਤਲਬ ਹੀ ਇਹ ਹੈ ਕਿ ਉਨ੍ਹਾਂ ਨੂੰ ਬਿਨਾਂ ਕਿਸੇ ਨੁਕਸਾਨ ਦੇ ਸੁਰੱਖਿਅਤ ਢੰਗ ਨਾਲ ਨਿਆਂਇਕ ਹਿਰਾਸਤ ਵਿੱਚ ਵਾਪਸ ਲੈ ਕੇ ਜਾਇਆ ਜਾਵੇ।''''
ਸਾਬਕਾ ਆਈਪੀਐਸ ਅਧਿਕਾਰੀ ਵਿਭੂਤੀ ਨਰਾਇਣ ਰਾਇ ਕਹਿੰਦੇ ਹਨ, "ਇਲਾਹਾਬਾਦ ਵਿੱਚ ਅਤੀਕ ਅਤੇ ਉਸ ਦੇ ਭਰਾ ਦੀ ਹੱਤਿਆ ਸੁਰੱਖਿਆ ਦੀ ਵੱਡੀ ਲਾਪਰਵਾਹੀ ਨੂੰ ਦਰਸਾਉਂਦੀ ਹੈ। ਉਹ ਪੁਲਿਸ ਹਿਰਾਸਤ ਵਿੱਚ ਸਨ, ਇਹ ਹਿਰਾਸਤ ਅਦਾਲਤ ਨੇ ਦਿੱਤੀ ਸੀ। ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਅਤੇ ਜ਼ਿੰਦਾ ਰੱਖਣਾ ਸੂਬੇ ਦੀ ਜ਼ਿੰਮੇਵਾਰੀ ਹੈ।''''
ਚਸ਼ਮਦੀਦ ਗਵਾਹ ਨੇ ਕੀ ਦੱਸਿਆ?
ਪਿਛਲੇ ਢਾਈ-ਤਿੰਨ ਸਾਲਾਂ ਤੋਂ ਹਸਪਤਾਲ ਦੇ ਦਰਵਾਜ਼ੇ ਨਾਲ ਲੱਗਦੇ ਇੱਕ ਸ਼ੁਲਭ ਸ਼ੌਚਾਲਿਆ (ਟਾਇਲਟ) ''ਚ ਰਹਿਣ ਵਾਲੇ ਸ਼ਰੀਫ ਅਹਿਮਦ ਕਹਿੰਦੇ ਹਨ ਕਿ ਜਦੋਂ ਸ਼ੁੱਕਰਵਾਰ ਨੂੰ ਅਤੀਕ ਅਹਿਮਦ ਅਤੇ ਅਸ਼ਰਫ ਨੂੰ ਮੈਡੀਕਲ ਜਾਂਚ ਲਈ ਹਸਪਤਾਲ ਲਿਆਂਦਾ ਗਿਆ, "ਮੈਂ ਸੋਚਿਆ ਇਹ ਹਨ ਇੰਤਜ਼ਾਮ!"
ਅਹਿਮਦ ਦਾ ਕਹਿਣਾ ਹੈ ਕਿ ਕਤਲ ਤੋਂ ਇੱਕ ਦਿਨ ਪਹਿਲਾਂ (ਸ਼ੁੱਕਰਵਾਰ) ਨੂੰ ਜਦੋਂ ਅਤੀਕ ਅਤੇ ਅਸ਼ਰਫ਼ ਨੂੰ ਮੈਡੀਕਲ ਜਾਂਚ ਲਈ ਲਿਆਂਦਾ ਗਿਆ ਸੀ ਤਾਂ ਵੀ ਗੱਡੀ ਬਾਹਰ ਰੁਕ ਗਈ ਸੀ।
ਉਨ੍ਹਾਂ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਨੂੰ ਉਹ ਆਰਾਮ ਨਾਲ ਗਏ ਅਤੇ 20 ਮਿੰਟ ਬਾਅਦ ਆਰਾਮ ਨਾਲ ਬਾਹਰ ਗਏ।
ਅਹਿਮਦ ਅਨੁਸਾਰ, ਉਨ੍ਹਾਂ ਨੇ ਸਿਰਫ਼ 10 ਦੇ ਕਰੀਬ ਪੁਲਿਸ ਮੁਲਾਜ਼ਮ ਹੀ ਦੇਖੇ। ਉਹ ਕਹਿੰਦੇ ਹਨ, "10 ਸਨ, 20 ਨਹੀਂ।"
ਅਤੀਕ ਅਤੇ ਉਸ ਦੇ ਭਰਾ ਅਸ਼ਰਫ ਅਹਿਮਦ ਦੇ ਕਤਲ ਦਾ ਚਸ਼ਮਦੀਦ ਗਵਾਹ ਸ਼ਰੀਫ ਅਹਿਮਦ
ਜਦੋਂ ਕਿਸੇ ਅਪਰਾਧੀ ਨੂੰ ਕੋਲਵਿਨ ਹਸਪਤਾਲ ਮੈਡੀਕਲ ਲਈ ਲਿਆਂਦਾ ਜਾਂਦਾ ਹੈ, ਤਾਂ ਕੀ ਗੱਡੀ ਗੇਟ ਦੇ ਬਾਹਰ ਰੋਕੀ ਜਾਂਦੀ ਹੈ? ਇਸ ਸਵਾਲ ''ਤੇ ਉਹ ਕਹਿੰਦੇ ਹਨ, "ਨਹੀਂ ਸਰ, ਮੁਜ਼ਰਿਮ ਵੀ ਆਉਂਦਾ ਹੈ, ਪ੍ਰਸ਼ਾਸਨ ਵੀ ਆਉਂਦਾ ਹੈ, ਪੂਰੀ ਕਾਰ ਅੰਦਰ ਲੈ ਕੇ ਆਉਂਦੇ ਹਨ।"
ਦਰਵਾਜ਼ੇ ਦੇ ਬਾਹਰ ਇਸ਼ਾਰਾ ਕਰਦੇ ਹੋਏ, ਅਹਿਮਦ ਪੁੱਛਦੇ ਹਨ, "ਉੱਥੇ ਕਿਉਂ ਰੋਕਿਆ? ਮੈਂ ਅਜਿਹਾ ਕਦੇ ਨਹੀਂ ਦੇਖਿਆ।"
ਸ਼ਰੀਫ ਅਹਿਮਦ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮੀਡੀਆ ਨੂੰ ਦੂਰ ਰੱਖਣ ਦਾ ਕੋਈ ਪ੍ਰਬੰਧ ਨਹੀਂ ਦੇਖਿਆ। ਉਹ ਕਹਿੰਦੇ ਹਨ, "ਸਾਰੇ ਮੀਡੀਆ ਵਾਲੇ ਮੂੰਹ ਵਿੱਚ ਮਾਈਕ ਪਾਈ ਜਾ ਰਹੇ ਸਨ।"
ਉਹ ਦੱਸਦੇ ਹਨ, "ਇੱਕ ਵਾਰ ਕਸਾਰੀ-ਮਸਾਰੀ ਕੇਸ ਵਿੱਚ ਕਿੰਨੀ ਫੋਰਸ ਲੈ ਕੇ ਗਏ ਸਨ। ਪੀਏਸੀ ਲੈ ਕੇ ਗਏ ਸਨ। ਜੇਲ੍ਹ ਤੋਂ ਲਿਆਂਦਾ ਗਿਆ ਸੀ ਤਾਂ ਕਿੰਨੀ ਫੋਰਸ ਲੈ ਕੇ ਆਈ ਸੀ।''''
ਤਿੰਨਾਂ ਮੁਲਜ਼ਮਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ
ਉਨ੍ਹਾਂ ਕਿਹਾ ਕਿ ਸਾਰੀ ਘਟਨਾ ਦੇਖਣ ਦੇ ਬਾਵਜੂਦ ਪੁਲਿਸ ਨੇ ਉਨ੍ਹਾਂ (ਅਹਿਮਦ) ਦੇ ਬਿਆਨ ਵੀ ਨਹੀਂ ਲਏ।
ਜਦੋਂ ਗੋਲੀ ਚਲਾਈ ਗਈ ਤਾਂ ਪੁਲਿਸ ਵਾਲਿਆਂ ਦਾ ਕੀ ਪ੍ਰਤੀਕਰਮ ਸੀ? ਪੁਲਿਸ ਨੇ ਹਮਲਾਵਰਾਂ ਨੂੰ ਕਿਵੇਂ ਕਾਬੂ ਕੀਤਾ?
ਇਸ ''ਤੇ ਸ਼ਰੀਫ ਅਹਿਮਦ ਕਹਿੰਦੇ ਹਨ, "ਅਰੇ, ਸਾਰੇ ਭੱਜ ਗਏ ਸੀ। ਦੋ ਪੁਲਿਸ ਵਾਲੇ ਹੋਮਗਾਰਡਾਂ ਵਾਂਗ ਖੜ੍ਹੇ ਸਨ। ਹਥਿਆਰ ਸੁੱਟ ਕੇ ਉਨ੍ਹਾਂ ਨੇ ਨਾਅਰੇਬਾਜ਼ੀ ਕੀਤੀ। ਸਮਾਨ ਸੁੱਟਣ ਤੋਂ ਬਾਅਦ ਪੁਲਿਸ ਵਾਲਿਆਂ ਨੇ ਫੜ੍ਹਿਆ। ਪਤਾ ਨਹੀਂ ਇਨ੍ਹਾਂ ਨੇ ਕਿਹੋ-ਜਿਹੀ ਵਰਦੀ ਪਹਿਨੀ ਹੋਈ ਹੈ।"
''''ਤੁਸੀਂ ਗੁੰਡਿਆਂ ਨੂੰ ਮਾਰਿਆ ਕਿਉਂ ਨਹੀਂ? ਬਦਮਾਸ਼ ਨੂੰ ਫੜ੍ਹਨਾ ਹੋਵੇ ਤਾਂ ਲੱਤ ''ਚ ਮਾਰੋ। ਇੱਕ ਵੀ ਗੋਲ਼ੀ ਨਹੀਂ ਸੀ, ਉਨ੍ਹਾਂ ਕੋਲ। ਬੰਦੂਕ ਸੀ ਕਿ ਨਹੀਂ, ਪਤਾ ਨਹੀਂ। ਮੈਂ ਕੱਢਦੇ ਹੋਏ ਦੇਖਿਆ ਹੀ ਨਹੀਂ।
ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਅਤੀਕ ਨੂੰ ਹਸਪਤਾਲ ਲਿਜਾਣ ਦੀ ਕੋਈ ਲੋੜ ਨਹੀਂ ਸੀ
ਅਤੀਕ ਤੇ ਅਸ਼ਰਫ ਨੂੰ ਮੈਡੀਕਲ ਚੈੱਕਅਪ ਲਈ ਹਸਪਤਾਲ ਕਿਉਂ ਲੈ ਕੇ ਗਏ
ਵਿਭੂਤੀ ਨਰਾਇਣ ਰਾਇ ਦਾ ਕਹਿਣਾ ਹੈ, "ਮੈਡੀਕਲ ਅਦਾਲਤ ਦਾ ਰੁਟੀਨ ਹੁਕਮ ਹੈ, ਖਾਸ ਤੌਰ ''ਤੇ ਜਦੋਂ ਕੋਈ ਦੋਸ਼ੀ ਇਹ ਖਦਸ਼ਾ ਜ਼ਾਹਰ ਕਰਦਾ ਹੈ ਕਿ ਹਿਰਾਸਤ ਵਿਚ ਉਸ ''ਤੇ ਹਮਲਾ ਕੀਤਾ ਜਾ ਸਕਦਾ ਹੈ।''''
''''ਅਤੀਕ ਦੇ ਮੈਡੀਕਲ ਦਾ ਹੁਕਮ ਅਦਾਲਤ ਨੇ ਹੀ ਦਿੱਤਾ ਸੀ। ਪਰ ਇਸ ਮੈਡੀਕਲ ਲਈ ਡਾਕਟਰ ਨੂੰ ਥਾਣੇ ਵਿੱਚ ਬੁਲਾਇਆ ਜਾ ਸਕਦਾ ਸੀ। ਉਸਨੂੰ ਹਸਪਤਾਲ ਲੈ ਕੇ ਜਾਣਾ ਲਾਜ਼ਮੀ ਨਹੀਂ ਸੀ।''''
ਸਾਧਾਰਨ ਜਾਂਚ ਥਾਣੇ ਵਿੱਚ ਹੀ ਹੋ ਸਕਦੀ ਸੀ, ਪਰ ਹੋ ਸਕਦਾ ਸੀ ਕਿ ਕੋਈ ਹੋਰ ਪੇਚੀਦਗੀ ਰਹੀ ਹੋਵੇ। ਇਸ ਲਈ ਉਸ ਨੂੰ ਹਸਪਤਾਲ ਲੈ ਕੇ ਜਾਇਆ ਗਿਆ ਹੋਵੇ। ਵੱਡੀ ਲਾਪਰਵਾਹੀ ਇਹ ਹੋਈ ਕਿ ਸੁਰੱਖਿਆ ਬਹੁਤ ਘੱਟ ਸੀ।''''
ਹਸਪਤਾਲ ਦੇ ਚੀਫ਼ ਮੈਡੀਕਲ ਅਫ਼ਸਰ ਨੇ ਵੀ ਮੀਡੀਆ ਨੂੰ ਦਿੱਤੇ ਬਿਆਨ ਵਿੱਚ ਕਿਹਾ ਹੈ ਕਿ ਜੇਕਰ ਪੁਲਿਸ ਨੇ ਮੰਗ ਕੀਤੀ ਹੁੰਦੀ ਤਾਂ ਕਿਸੇ ਡਾਕਟਰ ਨੂੰ ਜਾਂਚ ਲਈ ਥਾਣੇ ਭੇਜਿਆ ਜਾ ਸਕਦਾ ਸੀ।
ਸੁਰੱਖਿਆ ''ਚ ਤਾਇਨਾਤ ਪੁਲਿਸ ਕਰਮਚਾਰੀ ਇੰਨੇ ਲਾਪਰਵਾਹ ਕਿਉਂ ਸਨ, ਉਨ੍ਹਾਂ ਨੇ ਬੁਲੇਟ ਪਰੂਫ ਜੈਕਟਾਂ ਕਿਉਂ ਨਹੀਂ ਪਹਿਨੀਆਂ?
ਹਮਲਾਵਰ ਨੇ ਗੋਲੀ ਚਲਾਈ, ਪੁਲਿਸ ਵਾਲੇ ਨੇ ਉਸ ਨੂੰ ਪਿੱਛੇ ਤੋਂ ਫੜਨ ਦੀ ਕੋਸ਼ਿਸ਼ ਕੀਤੀ ਸੀ
ਜਦੋਂ ਅਤੀਕ ਅਤੇ ਅਸ਼ਰਫ ''ਤੇ ਗੋਲੀਆਂ ਚਲਾਈਆਂ ਗਈਆਂ ਤਾਂ ਉਨ੍ਹਾਂ ਦੀ ਸੁਰੱਖਿਆ ਕਰ ਰਹੇ ਪੁਲਿਸ ਕਰਮਚਾਰੀ ਜਵਾਬੀ ਕਾਰਵਾਈ ਕਰਨ ਦੀ ਬਜਾਏ ਆਪਣੀ ਜਾਨ ਬਚਾਉਣ ਲਈ ਭੱਜਦੇ ਦੇਖੇ ਗਏ।
ਹਮਲਾਵਰਾਂ ਨੇ ਦਰਜਨ ਤੋਂ ਵੱਧ ਗੋਲੀਆਂ ਚਲਾਈਆਂ, ਪਰ ਪੁਲਿਸ ਵਾਲੇ ਪਾਸੇ ਤੋਂ ਕੋਈ ਗੋਲੀ ਨਹੀਂ ਚੱਲੀ।
ਸੁਰੱਖਿਆ ਕਰਮੀਆਂ ਨੇ ਬੁਲੇਟ ਪਰੂਫ ਜੈਕਟਾਂ ਵੀ ਨਹੀਂ ਪਹਿਨੀਆਂ ਸਨ। ਇਸ ਤੋਂ ਪਹਿਲਾਂ ਜਦੋਂ ਵੀ ਅਤੀਕ ਨੂੰ ਸਾਬਰਮਤੀ ਜੇਲ੍ਹ ਤੋਂ ਲਿਆਂਦਾ ਜਾਂਦਾ ਸੀ ਤਾਂ ਉਸ ਦੀ ਸੁਰੱਖਿਆ ਵਿਚ ਲੱਗੇ ਪੁਲਿਸ ਮੁਲਾਜ਼ਮ ਬੁਲੇਟਪਰੂਫ਼ ਜੈਕਟ ਪਹਿਨਦੇ ਸਨ।
ਹੁਣ, ਸੁਰੱਖਿਆ ''ਚ ਤੈਨਾਤ ਪੁਲਿਸ ਮੁਲਾਜ਼ਮ ਸਵਾਲਾਂ ਦੇ ਘੇਰੇ ''ਚ ਹਨ।
ਵਿਕਰਮ ਸਿੰਘ ਨੇ ਕਿਹਾ, "ਪੁਲਿਸ ਲਾਪਰਵਾਹ ਅਤੇ ਖੁਸ਼ਫ਼ਹਿਮੀ ਵਿੱਚ ਸੀ। ਪੁਲਿਸ ਨੂੰ ਉਮੀਦ ਨਹੀਂ ਸੀ ਕਿ ਅਜਿਹਾ ਹੋ ਸਕਦਾ ਹੈ। ਇਹ ਮਾਮਲਾ ਜਿੰਨਾ ਸੰਵੇਦਨਸ਼ੀਲ ਸੀ, ਪੁਲਿਸ ਨੂੰ ਦੋ ਦਾਇਰੇ ਬਣਾਉਣੇ ਚਾਹੀਦੇ ਸਨ।''''
''''ਪੁਲਿਸ ਨੂੰ ਸ਼ੱਕੀ ਨੂੰ ਦੇਖਦੇ ਹੀ ਗੋਲੀ ਚਲਾਉਣੀ ਚਾਹੀਦੀ ਸੀ, ਜੋ ਪੁਲਿਸ ਨੇ ਨਹੀਂ ਚਲਾਈ। ਇੱਥੇ ਤਾਂ ਦੇਖਿਆ ਜਾ ਰਿਹਾ ਹੈ ਕਿ ਪੁਲਿਸ ਨੇ ਕੁਝ ਨਹੀਂ ਕੀਤਾ।"
ਹਮਲਾਵਰ ਨੂੰ ਗ੍ਰਿਫ਼ਤਾਰ ਕਰਦੇ ਹੋਏ ਪੁਲੀਸ ਮੁਲਾਜ਼ਮ
ਹਮਲਾਵਰਾਂ ਨੇ ਪੁਲਿਸ ''ਤੇ ਗੋਲੀ ਕਿਉਂ ਨਹੀਂ ਚਲਾਈ?
ਤਿੰਨਾਂ ਹਮਲਾਵਰਾਂ ਨੇ ਅਤੀਕ ਅਤੇ ਉਸ ਦੇ ਭਰਾ ਅਸ਼ਰਫ ਨੂੰ ਹੀ ਨਿਸ਼ਾਨਾ ਬਣਾਇਆ। ਉਨ੍ਹਾਂ ਨੇ ਕਿਸੇ ਸੁਰੱਖਿਆ ਕਰਮੀ ''ਤੇ ਕੋਈ ਗੋਲ਼ੀ ਨਹੀਂ ਚਲਾਈ।
ਅਜਿਹੇ ''ਚ ਸਵਾਲ ਉੱਠ ਰਹੇ ਹਨ ਕਿ ਕੀ ਉਨ੍ਹਾਂ ਨੂੰ ਪਹਿਲਾਂ ਤੋਂ ਪਤਾ ਸੀ ਕਿ ਪੁਲਿਸ ਉਨ੍ਹਾਂ ''ਤੇ ਜਵਾਬੀ ਕਾਰਵਾਈ ਨਹੀਂ ਕਰੇਗੀ।
ਉਹ ਘਟਨਾਕ੍ਰਮ ਬਾਰੇ ਇੰਨੇ ਨਿਸ਼ਚਿੰਤ ਕਿਵੇਂ ਸਨ?
ਹਮਲਾਵਰਾਂ ਨੇ ਕਤਲ ਕਰਨ ਤੋਂ ਤੁਰੰਤ ਬਾਅਦ ਆਪਣੇ ਹਥਿਆਰ ਸੁੱਟ ਦਿੱਤੇ ਅਤੇ ਧਾਰਮਿਕ ਨਾਅਰੇ ਲਗਾਉਂਦੇ ਹੋਏ ਆਤਮ ਸਮਰਪਣ ਕਰ ਦਿੱਤਾ।
ਤਿੰਨ ਹਮਲਾਵਰ ਇਕੱਠੇ ਕਿਵੇਂ ਹੋਏ?
ਹੁਣ ਤੱਕ ਜੋ ਜਾਣਕਾਰੀ ਸਾਹਮਣੇ ਆਈ ਹੈ, ਉਸ ਮੁਤਾਬਕ ਤਿੰਨੋਂ ਹਮਲਾਵਰ ਯੂਪੀ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਰਹਿਣ ਵਾਲੇ ਹਨ।
ਅਜਿਹੇ ''ਚ ਸਵਾਲ ਇਹ ਉੱਠਦਾ ਹੈ ਕਿ ਇਹ ਤਿੰਨੇ ਇਕੱਠੇ ਕਿਵੇਂ ਹੋਏ ਅਤੇ ਕੀ ਇਨ੍ਹਾਂ ਦੇ ਪਿੱਛੇ ਕੋਈ ਹੈ?
ਵਿਭੂਤੀ ਨਰਾਇਣ ਰਾਇ ਦਾ ਕਹਿਣਾ ਹੈ, "ਜਿਨ੍ਹਾਂ ਤਿੰਨਾਂ ਨੂੰ ਫੜ੍ਹਿਆ ਗਿਆ ਹੈ, ਉਹ ਬਹੁਤ ਛੋਟੇ ਖਿਡਾਰੀ ਹਨ, ਉਨ੍ਹਾਂ ਦੇ ਪਿੱਛੇ ਕੋਈ ਵੱਡਾ ਖਿਡਾਰੀ ਜ਼ਰੂਰ ਹੋਵੇਗਾ। ਅਤੀਕ ਕੋਲ ਕਈ ਅਹਿਮ ਜਾਣਕਾਰੀਆਂ ਹੋਣਗੀਆਂ। ਇਹ ਵੀ ਹੋ ਸਕਦਾ ਹੈ ਕਿ ਅਤੀਕ ਦਾ ਮੂੰਹ ਬੰਦ ਕਰਾਉਣ ਲਈ ਅਜਿਹਾ ਕੀਤਾ ਗਿਆ ਹੋਵੇ।''''
ਗ੍ਰਿਫਤਾਰ ਕੀਤੇ ਗਏ ਤਿੰਨਾਂ ਮੁਲਜ਼ਮਾਂ ਦੀ ਸੁਰੱਖਿਆ ਦਾ ਖਿਆਲ ਰੱਖਣਾ ਹੁਣ ਬਹੁਤ ਜ਼ਰੂਰੀ ਹੈ। ਪੁਲਿਸ ਨੂੰ ਇਨ੍ਹਾਂ ਤਿੰਨਾਂ ਤੋਂ ਸਾਰੀ ਜਾਣਕਾਰੀ ਇਕੱਠੀ ਕਰਨੀ ਚਾਹੀਦੀ ਹੈ, ਤਾਂ ਹੀ ਉਨ੍ਹਾਂ ਲੋਕਾਂ ਤੱਕ ਪਹੁੰਚਿਆ ਜਾ ਸਕਦਾ ਹੈ, ਜੋ ਅਤੀਕ ਵਰਗੇ ਲੋਕਾਂ ਲਈ ਪੈਸੇ ਇਕੱਠੇ ਕਰਦੇ ਸਨ।"
ਪੁਲਿਸ ਦੀ ਗ੍ਰਿਫਤ ਵਿੱਚ ਸੰਨੀ ਸਿੰਘ
ਹਮਲਾਵਰਾਂ ਕੋਲ ਹਥਿਆਰ ਕਿੱਥੋਂ ਆਏ?
ਹਮਲਾਵਰਾਂ ਕੋਲੋਂ ਅਜਿਹੇ ਆਧੁਨਿਕ ਹਥਿਆਰ ਮਿਲੇ ਹਨ, ਜੋ ਆਸਾਨੀ ਨਾਲ ਉਪਲੱਭਧ ਨਹੀਂ ਹਨ। ਪੁਲਿਸ ਅਨੁਸਾਰ, ਚਾਰ ਪਿਸਤੌਲ ਬਰਾਮਦ ਕੀਤੇ ਗਏ ਹਨ।
ਤਿੰਨੋਂ ਹਮਲਾਵਰ ਸਾਧਾਰਨ ਪਿਛੋਕੜ ਵਾਲੇ ਹਨ। ਉਨ੍ਹਾਂ ਦਾ ਅਪਰਾਧਿਕ ਇਤਿਹਾਸ ਹੈ ਪਰ ਹੁਣ ਤੱਕ ਦੀ ਜਾਣਕਾਰੀ ਅਨੁਸਾਰ ਉਹ ਇਸ ਤੋਂ ਪਹਿਲਾਂ ਕਿਸੇ ਵੱਡੇ ਗਿਰੋਹ ਨਾਲ ਨਹੀਂ ਜੁੜੇ ਹੋਏ ਸਨ।
ਅਜਿਹੇ ''ਚ ਸਵਾਲ ਇਹ ਉੱਠ ਰਿਹਾ ਹੈ ਕਿ ਉਨ੍ਹਾਂ ਕੋਲ ਇੰਨੇ ਖਤਰਨਾਕ ਹਥਿਆਰ ਕਿਵੇਂ ਆਏ? ਪੁਲਿਸ ''ਤੇ ਵੀ ਇਨ੍ਹਾਂ ਹਥਿਆਰਾਂ ਦੀ ਜੜ੍ਹ ਤੱਕ ਪਹੁੰਚਣ ਦਾ ਦਬਾਅ ਹੈ।
ਤਿੰਨੋਂ ਹਮਲਾਵਰਾਂ ਨੇ ਜਿਸ ਢੰਗ ਨਾਲ ਗੋਲੀਆਂ ਚਲਾਈਆਂ, ਉਹ ਹੰਢੇ ਹੋਏ ਲੱਗ ਰਹੇ ਸਨ। ਤਾਂ ਕੀ ਉਨ੍ਹਾਂ ਨੂੰ ਇਨ੍ਹਾਂ ਹਥਿਆਰਾਂ ਦੀ ਵਰਤੋਂ ਕਰਨ ਦੀ ਸਿਖਲਾਈ ਦਿੱਤੀ ਗਈ ਸੀ?
ਇਸ ਬਾਰੇ ਵਿਭੂਤੀ ਨਰਾਇਣ ਰਾਇ ਦਾ ਕਹਿਣਾ ਹੈ ਕਿ "ਪੁਲਿਸ ਦੇ ਸਾਹਮਣੇ ਕਈ ਵੱਡੇ ਸਵਾਲ ਹਨ। ਇਨ੍ਹਾਂ ਦਾ ਜਵਾਬ ਪੂਰੀ ਇਮਾਨਦਾਰੀ ਅਤੇ ਗਹਿਰਾਈ ਨਾਲ ਜਾਂਚ ਕਰਕੇ ਹੀ ਮਿਲ ਸਕੇਗਾ। ਇਸ ਘਟਨਾ ਤੋਂ ਬਾਅਦ ਪੁਲਿਸ ਦੀ ਭਰੋਸੇਯੋਗਤਾ ''ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ, ਇਸ ਲਈ ਇਮਾਨਦਾਰੀ ਨਾਲ ਚੰਗੀ ਤਰ੍ਹਾਂ ਜਾਂਚ ਕਰਨਾ ਪੁਲਿਸ ਦੀ ਜ਼ਿੰਮੇਵਾਰੀ ਹੀ ਨਹੀਂ ਬਲਕਿ ਉਸ ਲਈ ਇੱਕ ਚੁਣੌਤੀ ਵੀ ਹੈ।"
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ)

ਅਸਲੀ ਹੀਰਿਆਂ ਦਾ ਭੁਲੇਖਾ ਭਾਰਤ ਦੇ ਕਾਰਖ਼ਾਨਿਆਂ ਵਿੱਚ ਬਣੇ ਹੀਰਿਆਂ ਦੀ ਚਮਕ, ਅਸਲੀ ਤੋਂ ਘੱਟ ਨਹੀਂ
NEXT STORY