ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਮੰਗਲਵਾਰ ਦੇਰ ਸ਼ਾਮ ਦੇਹਾਂਤ ਹੋ ਗਿਆ। ਉਹ 95 ਵਰ੍ਹਿਆਂ ਦੇ ਸਨ।
ਸਾਹ ਲੈਣ ਦੀ ਤਕਲੀਫ਼ ਕਾਰਨ ਉਹ ਪਿਛਲੇ ਕਈ ਦਿਨਾਂ ਤੋਂ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਸਨ, ਇੱਥੇ ਹੀ ਉਨ੍ਹਾਂ ਆਖ਼ਰੀ ਸਾਹ ਲਏ।
ਪ੍ਰਕਾਸ਼ ਸਿੰਘ ਬਾਦਲ ਅੱਧੀ ਸਦੀ ਤੋਂ ਵੱਧ ਪੰਜਾਬ ਅਤੇ ਪੰਥਕ ਸਿਆਸਤ ਵਿੱਚ ਛਾਏ ਰਹੇ। ਉਨ੍ਹਾਂ ਨੇ ਕੇਂਦਰੀ ਸਿਆਸਤ ਵਿੱਚ ਵੀ ਅਹਿਮ ਭੂਮਿਕਾ ਅਦਾ ਕੀਤੀ।
ਪੰਜਾਬ ਦੀ ਸਿਆਸਤ ਅਤੇ ਸੱਤਾ ਵਿੱਚ ਕਈ ਰਿਕਾਰਡ ਬਣਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਨੂੰ ਪੰਜਾਬ ਦੀ ਸਿਆਸਤ ਵਿੱਚ ‘ਬਾਬਾ ਬੋਹੜ’ ਦੇ ਵਿਸ਼ੇਸ਼ਣ ਨਾਲ ਜਾਣਿਆ ਜਾਂਦਾ ਸੀ।
ਪ੍ਰਕਾਸ਼ ਸਿੰਘ ਬਾਦਲ ਦੀ ਨਿੱਜੀ ਅਤੇ ਸਿਆਸੀ ਜ਼ਿੰਦਗੀ ਦੇ ਸਫ਼ਰ ਨੂੰ ਸਮਝਣ ਲ਼ਈ ਅਸੀਂ ਪੰਜਾਬ ਦੇ ਕੁਝ ਸੀਨੀਅਰ ਪੱਤਰਕਾਰਾਂ ਅਤੇ ਲੇਖਕਾਂ ਨਾਲ ਗੱਲਬਾਤ ਕੀਤੀ।
ਅਸੀਂ ਉਨ੍ਹਾਂ ਤੋਂ ਪ੍ਰਕਾਸ਼ ਸਿੰਘ ਬਾਦਲ ਦੇ ਸੋਚਣ ਦੇ ਤਰੀਕੇ, ਲੋਕਾਂ ਵਿੱਚ ਵਿਚਰਨ, ਸਿਆਸੀ ਫੈਸਲੇ ਲੈਣ ਅਤੇ ਜ਼ਿੰਦਗੀ ਦੇ ਨਿੱਜੀ ਪਲਾਂ ਦੀਆਂ ਕੁਝ ਯਾਦਾਂ ਇਕੱਤਰ ਕੀਤੀਆਂ ਹਨ।
ਪੇਸ਼ ਹਨ ਪ੍ਰਕਾਸ਼ ਸਿੰਘ ਬਾਦਲ ਨੂੰ ਦਹਾਕਿਆਂ ਤੱਕ ਕਵਰ ਕਰਨ ਵਾਲੇ ਪੰਜਾਬ ਦੇ ਸੀਨੀਅਰ ਪੱਤਰਕਾਰਾਂ ਦੀ ਜ਼ੁਬਾਨੀ ਬਾਦਲ ਦੀ ਜ਼ਿੰਦਗੀ ਦੇ ਕੁਝ ਖਾਸ ਕਿੱਸੇ।
ਪ੍ਰਕਾਸ਼ ਸਿੰਘ ਬਾਦਲ ਗੁਰਚਰਨ ਸਿੰਘ ਟੌਹੜਾ ਅਤੇ ਅਟੱਲ ਬਿਹਾਰੀ ਬਾਜਪਾਈ ਨਾਲ
‘ਸਿਆਸਤ ਇੱਕ ਦੌੜ ਹੈ, ਇਸ ’ਤੇ ਕੀ ਲਿਖਾਂ?’
‘ਦਿ ਹਿੰਦੂ’ ਅਖ਼ਬਾਰ ਲਈ ਇੱਕ ਦਹਾਕੇ ਤੋਂ ਵੱਧ ਸਮਾਂ ਰਿਪੋਰਟਿੰਗ ਕਰਦੇ ਰਹੇ ਪੱਤਰਕਾਰ ਸਰਬਜੀਤ ਪੰਧੇਰ ਕਹਿੰਦੇ ਹਨ ਕਿ ਪ੍ਰਕਾਸ਼ ਸਿੰਘ ਬਾਦਲ ਸਿਆਸਤ ਨੂੰ ਇੱਕ ਦੌੜ ਮੰਨਦੇ ਹਨ।
ਸਰਬਜੀਤ ਪੰਧੇਰ ਦੱਸਦੇ ਹਨ, ‘‘ਇੱਕ ਵਾਰ ਬਾਦਲ ਸਾਹਬ ਦੇ ਸੱਟ ਲੱਗ ਗਈ ਅਤੇ ਅਸੀਂ ਉਹਨਾਂ ਨੂੰ ਮਿਲਣ ਚਲੇ ਗਏ। ਉਹ ਬੈਡ ਉਪਰ ਹੀ ਸਨ। ਮੈਂ ਉਹਨਾ ਨੂੰ ਕਿਹਾ ਕਿ ਬਾਦਲ ਸਾਹਿਬ ਹੁਣ ਤੁਹਾਡੇ ਕੋਲ ਸਮਾਂ ਹੈ ਅਤੇ ਤੁਸੀਂ ਕੋਈ ਕਿਤਾਬ ਲਿਖੋ।’’
ਪੰਧੇਰ ਕਹਿੰਦੇ ਹਨ, ‘‘ਉਹ ਕਹਿਣ ਲੱਗੇ ਕਿ ਕਿਸ ਮੁੱਦੇ ਉਪਰ ਕਿਤਾਬ ਲਿਖਾਂ? ਜਦੋਂ ਮੈਂ ਕਿਹਾ ਕਿ ਸਿਆਸਤ ਉਪਰ ਲਿਖੋ ਤਾਂ ਉਹ ਕਹਿਣ ਲੱਗੇ ਕਿ ਇਸ ਵਿੱਚ ਕੀ ਵੱਡੀ ਗੱਲ ਹੈ। ਸਿਆਸਤ ਵਿੱਚ ਤਾਂ ਕੋਈ ਵੀ ਵੱਡੀ ਗੱਲ ਨਹੀਂ ਹੁੰਦੀ।ਰਾਜਨੀਤਿਕ ਪਾਰਟੀਆਂ ਕੁਝ ਵੀ ਕਹੀ ਜਾਣ ਅਸਲ ਵਿੱਚ ਸਿਆਸਤ ਇੱਕ ਦੌੜ ਹੈ।’’
ਉਹ ਅੱਗੇ ਦੱਸਦੇ ਹਨ, ‘‘ਬਾਦਲ ਸਾਹਬ ਕਹਿਣ ਲੱਗੇ, ਹਰ ਇੱਕ ਦਾ ਆਪਣਾ ਟੀਚਾ ਹੈ। ਕਿਸੇ ਲਈ ਸਰਪੰਚ ਦਾ ਹੈ ਤਾਂ ਕਿਸੇ ਲਈ ਮੁੱਖ ਮੰਤਰੀ ਦਾ ਹੈ। ਜੋ ਤੁਹਾਡੇ ਨਾਲ ਮੁਕਾਬਲੇ ਵਿੱਚ ਹੁੰਦੇ ਹਨ, ਉਹ ਜੇਕਰ ਕੋਈ ਛੋਟਾ ਟੋਇਆ ਆ ਜਾਵੇ ਤਾਂ ਤੁਹਾਨੂੰ ਬਾਹ ਫੜ ਕੇ ਬਚਾਉਂਦੇ ਹਨ। ਬੰਦਾ ਸਾਰੀ ਉਮਰ ਇਹ ਐਸਾਨ ਯਾਦ ਰੱਖਦਾ ਹੈ। ਪਰ ਜੇਕਰ ਖੂਹ ਆ ਜਾਵੇ ਤਾਂ ਵਿਰੋਧੀ ਧੱਕਾ ਮਾਰ ਕੇ ਇੱਟ ਵੀ ਸੁੱਟ ਸਕਦੇ ਹਨ ਕਿ ਕਿਤੇ ਵਾਪਿਸ ਨਾ ਆ ਜਾਵੇ। ਇਹੋ ਸਿਆਸਤ ਹੈ ਬਸ। ਸਾਰੇ ਇਹੋ ਕਰਦੇ ਹਨ। ਇਸ ’ਤੇ ਕੀ ਕਿਤਾਬ ਲਿਖਾਂ?’’
ਸਰਬਜੀਤ ਪੰਧੇਰ ਦੱਸਦੇ ਹਨ ਕਿ ਜਦੋਂ ਇੱਕ ਵਾਰ ਉਹਨਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਨੂੰ ਸੱਤਾ ਸੌਂਪਣ ਦੀ ਗੱਲ ਚੱਲ ਰਹੀ ਸੀ ਤਾਂ, ‘‘ਮੈਂ ਪੁੱਛਿਆ ਕਿ ਸੁਖਬੀਰ ਨੂੰ ਸੱਤਾ ’ਤੇ ਕਦੋਂ ਬਿਠਾ ਰਹੇ ਹੋ?’’
ਪੰਧੇਰ ਕਹਿੰਦੇ ਹਨ, ‘‘ਉਹ ਹੱਸ ਕੇ ਬੋਲੇ, ਰਾਜ ਤੇ ਖਾਜ ਤਾਂ ਆਪ ਕੀਤੇ ਹੀ ਚੰਗੇ ਲੱਗਦੇ ਹਨ।’’
‘‘ਪਰ ਉਹ ਪੱਤਰਕਾਰਾਂ ਨਾਲ ਨਾਪ ਤੋਲ ਕੇ ਹੀ ਗੱਲ ਕਰਦੇ ਸਨ। ਜਿਸ ਦਾ ਉਹਨਾਂ ਨੂੰ ਫਾਇਦਾ ਹੋਣਾ ਹੋਵੇ ਉਹ ਜਾਣਕਾਰੀ ਹੀ ਦਿੰਦੇ ਸਨ। ਉਹਨਾਂ ਕੋਲੋਂ ਕੋਈ ਸੰਵੇਦਨਸ਼ੀਲ ਜਾਣਕਾਰੀ ਕਢਵਾਉਣੀ ਬਹੁਤ ਮੁਸ਼ਿਕਲ ਸੀ।’’
ਪ੍ਰਕਾਸ਼ ਸਿੰਘ ਬਾਦਲ
‘ਇੱਕ ਹੱਥ ਪੱਗ ਨੂੰ, ਦੂਜਾ ਕੁਰਸੀ ਨੂੰ’
ਸੀਨੀਅਰ ਪੱਤਰਕਾਰ ਜਗਤਾਰ ਸਿੰਘ ਕਹਿੰਦੇ ਹਨ ਕਿ ਪ੍ਰਕਾਸ਼ ਸਿੰਘ ਬਾਦਲ ਸਭ ਤੋਂ ਪਹਿਲਾਂ ਜੇਲ੍ਹ ਜਾਂਦੇ ਸਨ ਅਤੇ ਸਿਆਸਤ ਵਿੱਚ ਰਿਕਾਰਡ ਬਣਾਉਣ ਵਾਲੇ ਨੇਤਾ ਸਨ।
ਜਗਤਾਰ ਸਿੰਘ ਆਪਣੀ ਪੱਤਰਕਾਰ ਦੇ ਸ਼ੁਰੂਆਤੀ ਦਿਨਾਂ ਨੂੰ ਯਾਦ ਕਰਦੇ ਹੋਏ ਕਹਿੰਦੇ ਹਨ, “ਸਾਲ 1978 ਵਿੱਚ ਮੈਂ ਇੰਡੀਅਨ ਐਕਸਪ੍ਰੈਸ ਜੁਆਇਨ ਹੀ ਕੀਤਾ ਸੀ ਕਿ ਮੈਨੂੰ ਇੱਕ ਸਮਾਗਮ ਕਵਰ ਕਰਨ ਲਈ ਭੇਜ ਦਿੱਤਾ। ਏਥੇ ਮੈਂ ਪਹਿਲੀ ਵਾਰ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਿਆ। ਗੱਲਬਾਤ ਦੌਰਾਨ ਉਹਨਾਂ ਬੜੀ ਦਿਲਚਸਪ ਗੱਲ ਕਹੀ ਕਿ ‘ਸਾਡਾ ਤਾਂ ਇੱਕ ਹੱਥ ਪੱਗ ਨੂੰ ਹੁੰਦਾ ਹੈ, ਇੱਕ ਹੱਥ ਕੁਰਸੀ ਨੂੰ।’ ਮੈਨੂੰ ਉਹਨਾਂ ਦੀ ਇਹ ਗੱਲ ਅੱਜ ਤੱਕ ਨਹੀਂ ਭੁੱਲੀ ਕਿ ਪ੍ਰਕਾਸ਼ ਸਿੰਘ ਬਾਦਲ ਕਿੰਨੇ ਖੁੱਲੇ ਸੁਭਾਅ ਦੇ ਨੇਤਾ ਸਨ।”
ਉਹ ਕਹਿੰਦੇ ਹਨ, “ਪ੍ਰਕਾਸ਼ ਸਿੰਘ ਬਾਦਲ ਸੰਘਰਸ਼ਾਂ ਦੌਰਾਨ ਸਭ ਤੋਂ ਪਹਿਲਾਂ ਜੇਲ੍ਹ ਚਲੇ ਜਾਂਦੇ ਸਨ। ਬਾਅਦ ਵਿੱਚ ਬਾਕੀ ਲੀਡਰ ਸੰਘਰਸ਼ ਸੰਭਾਲਦੇ ਰਹਿੰਦੇ ਸਨ। ਪ੍ਰਕਾਸ਼ ਸਿੰਘ ਬਾਦਲ ਰਿਕਾਰਡ ਬਣਾਉਣ ਵਾਲੇ ਨੇਤਾ ਸਨ, ਉਹ 5 ਵਾਰ ਮੁੱਖ ਮੰਤਰੀ ਬਣੇ ਅਤੇ ਸਭ ਤੋਂ ਛੋਟੀ ਉਮਰ ਦੇ ਮੁੱਖ ਮੰਤਰੀ ਬਣੇ ਸਨ।”
ਅਮ੍ਰਿਤਾ ਪ੍ਰੀਤਮ
ਜਦੋਂ ਬਾਦਲ ਨੇ ਅਮ੍ਰਿਤਾ ਪ੍ਰੀਤਮ ’ਤੇ 295-ਏ ਦਾ ਕੇਸ ਨਾ ਚੱਲਣ ਦਿੱਤਾ
ਪੰਜਾਬੀ ਦੇ ਲੇਖਕ ਗੁਰਬਚਨ ਸਿੰਘ ਭੁੱਲਰ ਕਹਿੰਦੇ ਹਨ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰ ਮੁੱਖ ਮੰਤਰੀ ਬਣੇ ਤਾਂ ਉਹਨਾਂ ਨੂੰ ਮਿਲਣ ਲਈ ਪੰਚਾਇਤਾਂ ਅਕੇ ਲੋਕ ਵੱਡੀ ਗਿਣਤੀ ਵਿੱਚ ਆਉਂਦੇ ਸਨ। ਉਹ ਸਾਰਾ ਦਿਨ ਮੀਟਿੰਗਾਂ ਵਿੱਚ ਰੁੱਝੇ ਰਹਿੰਦੇ ਸਨ। ਇਸ ਲਈ ਅਫ਼ਸਰਾਂ ਨੂੰ ਜਰੂੂਰੀ ਫ਼ਾਇਲਾਂ ਗੱਡੀ ਵਿੱਚ ਸਫ਼ਰ ਸਮੇਂ ਦਸਤਖ਼ਤ ਕਰਨ ਲਈ ਮੰਗਵਾ ਲੈਂਦੇ ਸਨ।
ਉਹ ਕਹਿੰਦੇ ਹਨ, ‘‘ਪੰਜਾਬੀ ਦੀ ਲੇਖਕ ਅਮ੍ਰਿਤਾ ਪ੍ਰੀਤਮ ਨੇ ਲਿਖਿਆ ਸੀ ਕਿ ‘ਮੈਂ ਸਿੰਗਰਟ ਪੀਂਦੀ ਹਾਂ ਅਤੇ ਮੈਨੂੰ ਵਿਸਕੀ ਵੀ ਚੰਗੀ ਲੱਗਦੀ ਹੈ। ਇਹ ਦੋਵੇਂ ਗੱਲਾਂ ਜਦੋਂ ਔਰਤਾਂ ਨਾਲ ਜੁੜ ਜਾਂਦੀਆਂ ਹਨ ਤਾਂ ਚੰਗੀਆਂ ਨਹੀਂ ਸਮਝੀਆਂ ਜਾਂਦੀਆਂ।’’’
ਭੁੱਲਰ ਦੱਸਦੇ ਹਨ, ‘‘ਅਮ੍ਰਿਤਾ ਪ੍ਰੀਤਮ ਨੇ ਕਿਹਾ ਕਿ ਮੈਂ ਸਿੱਖ ਘਰਾਣੇ ਵਿੱਚ ਜੰਮੀ ਹਾਂ। ਸਿੱਖ ਕੜਾਹ ਬਣਾਉਂਦੇ ਹਨ ਪਰ ਜਦੋਂ ਇਸ ਵਿੱਚ ਕਿਰਪਾਨ ਫੇਰਦੇ ਹਨ ਤਾਂ ਇਹ ਪ੍ਰਸ਼ਾਦ ਬਣ ਜਾਂਦਾ ਹੈ। ਇਸ ਤਰ੍ਹਾਂ ਜਦੋਂ ਮੈਂ ਸਿਗਰਟ ਅਤੇ ਸ਼ਰਾਬ ਪੀਂਦੀ ਹਾਂ ਤਾਂ ਇਹ ਮੇਰੀਆਂ ਭਾਵਨਾਵਾਂ ਨਾਲ ਉਹ ਜੁੜ ਕੇ ਪਵਿੱਤਰ ਚੀਜ਼ ਬਣ ਜਾਂਦੀਆਂ ਹਨ।’’
ਉਹ ਕਹਿੰਦੇ ਹਨ, ‘‘ਸਿੱਖਾਂ ਨੇ ਇਸ ਦਾ ਵਿਰੋਧ ਕੀਤਾ ਅਤੇ ਉਸ ਉਪਰ ਆਈਪੀਸੀ ਦੀ ਧਾਰਾ 295-ਏ (ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ) ਤਹਿਤ ਕੇਸ ਕਰ ਦਿੱਤਾ। ਇੱਕ ਆਈਏਐੱਸ ਅਧਿਕਾਰੀ ਪ੍ਰੀਤਮ ਸਿੰਘ ਨੇ ਲਿਖਿਆ ਹੈ ਕਿ ਉਸ ਨੇ ਅਮ੍ਰਿਤਾ ਪ੍ਰੀਤਮ ਦੀ ਫਾਇਲ ਪ੍ਰਕਾਸ਼ ਸਿੰਘ ਬਾਦਲ ਨੂੰ ਕਾਰ ਵਿੱਚ ਦਿਖਾਈ ਅਤੇ ਕਿਹਾ ਕਿ ਗ੍ਰਹਿ ਵਿਭਾਗ ਨੇ ਕੇਸ ਚਲਾਉਣ ਲਈ ਸਿਫਾਰਿਸ਼ ਕੀਤੀ ਹੈ।’’
ਗੁਰਬਚਨ ਸਿੰਘ ਭੁੱਲਰ ਦੱਸਦੇ ਹਨ, ‘‘ਪਰ ਬਾਦਲ ਸਾਹਿਬ ਕਹਿਣ ਲੱਗੇ ਕਿ ਜੇਕਰ ਇੱਕ ਕੁੜੀ ਨੇ ਕਮਲ ਕੁੱਟ ਦਿੱਤਾ, ਆਪਾਂ ਜਰੂਰ ਉਸੇ ਤਰ੍ਹਾਂ ਪਾਗਲਾਂ ਵਾਲਾ ਫੈਸਲਾ ਦੇਣਾ? ਜਿੰਨ੍ਹਾਂ ਲੋਕਾਂ ਨੂੰ ਨਹੀਂ ਪਤਾ, ਉਹਨਾਂ ਨੂੰ ਵੀ ਪਤਾ ਲੱਗ ਜਾਵੇਗਾ ਕਿ ਸਿੱਖਾਂ ਦੀਆਂ ਕੁੜੀਆਂ ਸਿਗਰਟ ਤੇ ਸ਼ਰਾਬ ਪੀਂਦੀਆਂ ਹਨ। ਇਹ ਰੌਲਾ ਪਾਉਣ ਦੀ ਕੀ ਲੋੜ ਹੈ, ਇਸ ਕੇਸ ਨੂੰ ਖਤਮ ਕਰੋ, ਫਾਇਲ ਬੰਦ ਕਰੋ।’’
ਪ੍ਰਕਾਸ਼ ਸਿੰਘ ਬਾਦਲ
‘ਲੋੜ ਸਮੇਂ ਲੋਕਾਂ ਦੇ ਘਰ ਜਾ ਕੇ ਬੈਠ ਜਾਂਦੇ’
ਬਠਿੰਡਾ ਤੋਂ ਸੀਨੀਅਰ ਪੱਤਰਕਾਰ ਬਖਤੌਰ ਸਿੰਘ ਕਹਿੰਦੇ ਹਨ ਕਿ ਪ੍ਰਕਾਸ਼ ਸਿੰਘ ਬਾਦਲ ਬਹੁਤ ਹਲੀਮੀ ਵਾਲੇ ਸਿਆਸਤਦਾਨ ਸਨ।
ਬਖਤੌਰ ਸਿੰਘ ਦੱਸਦੇ ਹਨ, “ਪ੍ਰਕਾਸ਼ ਸਿੰਘ ਬਾਦਲ ਨੂੰ ਸਿਆਸਤ ਵਿੱਚ ਉਹਨਾਂ ਦੇ ਚਾਚਾ ਤੇਜਾ ਸਿੰਘ ਬਾਦਲ ਲੈ ਕੇ ਆਏ ਸਨ। ਪਰ ਇਕ ਸਮੇਂ ਬਾਅਦ ਉਹਨਾਂ ਦੀ ਤੇਜਾ ਸਿੰਘ ਬਾਦਲ ਨਾਲ ਅਣਬਣ ਹੋ ਗਈ।”
ਪੱਤਰਕਾਰ ਬਖਤੌਰ ਸਿੰਘ ਕਹਿੰਦੇ ਹਨ, “ਬਾਦਲ ਦੀ ਖ਼ਾਸ ਗੱਲ ਇਹ ਸੀ ਕਿ ਨਰਾਜ਼ਗੀ ਸਮੇਂ ਉਹ ਬੰਦੇ ਨੂੰ ਅਹਿਸਾਸ ਨਹੀਂ ਹੋਣ ਦਿੰਦੇ ਸਨ ਕਿ ‘ਮੈਂ ਤੇਰੇ ਖਿਲਾਫ਼ ਹਾਂ’। ਜਦੋਂ ਕਿਸੇ ਬੰਦੇ ਨੂੰ ਲੋੜ ਪੈਂਦੀ ਸੀ ਤਾਂ ਉਹ ਉਸ ਦੇ ਘਰ ਜਾ ਕੇ ਬੈਠ ਹੀ ਜਾਂਦੇ ਸਨ।”
“ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਸਨ ਕਿ ਮੈਂ ਤਾਂ ਆ ਕੇ ਬੈਠ ਗਿਆ ਹਾਂ, ਜੋ ਕਰਨਾ ਹੈ ਕਰ ਲਵੋ। ਅੱਗੋ ਬੰਦਾ ਜਿੰਨਾਂ ਮਰਜੀ ਕੱਬਾ ਹੁੰਦਾ, ਉਹ ਮੰਨ ਹੀ ਜਾਂਦਾ। ਪ੍ਰਕਾਸ਼ ਸਿੰਘ ਬਾਦਲ ਵਿੱਚ ਜਿੰਨੀ ਹਲੀਮੀ ਸੀ, ਭਾਰਤ ਦੇ ਕਿਸੇ ਸਿਆਸਤਦਾਨ ਵਿੱਚ ਨਹੀਂ ਰਹੀ।”
‘ਲੰਬੀ ਦੇ 90 ਫ਼ੀਸਦੀ ਲੋਕਾਂ ਨੂੰ ਨਾਮ ਤੋਂ ਜਾਣਦੇ ਸੀ ਬਾਦਲ’
ਪ੍ਰਕਾਸ਼ ਸਿੰਘ ਬਾਦਲ ਬਾਰੇ ਇਹ ਗੱਲ ਮਸ਼ਹੂਰ ਸੀ ਕਿ ਉਹ ਆਪਣੇ ਇਲਾਕੇ ਦੇ 90 ਫ਼ੀਸਦੀ ਲੋਕਾਂ ਨੂੰ ਨਾਮ ਤੋਂ ਜਾਣਦੇ ਸਨ।
ਮਾਲਵਾ ਇਲਾਕੇ ਨੂੰ ਕਵਰ ਕਰ ਰਹੇ ਪੱਤਰਕਾਰ ਸਵਰਨ ਦਾਨੇਵਾਲੀਆਂ ਕਹਿੰਦੇ ਹਨ, ‘‘ਪ੍ਰਕਾਸ਼ ਸਿੰਘ ਬਾਦਲ ਦੀ ਖਾਸ ਗੱਲ ਸੀ ਕਿ ਉਹ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਅਤੇ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਵਾਂਗ ਲੋਕਾਂ ਨੂੰ ਗਰਾਂਉਡ ’ਤੇ ਜਾ ਕੇ ਮਿਲਦੇ ਸਨ।’’
ਉਹ ਕਹਿੰਦੇ ਹਨ, ‘‘ਭਾਵੇਂ ਉਹ ਪੰਜਾਬ ਦੇ ਪ੍ਰਮੁੱਖ ਬੰਦਿਆਂ ਨੂੰ ਚੰਗੀ ਤਰ੍ਹਾਂ ਪਛਾਣਦੇ ਸਨ ਪਰ ਬਾਦਲ ਸਾਹਬ ਲੰਬੀ ਇਲਾਕੇ ਦੇ 90 ਪ੍ਰਤੀਸ਼ਤ ਲੋਕਾਂ ਨੂੰ ਉਹਨਾਂ ਦੇ ਨਾਮ ਨਾਲ ਜਾਣਦੇ ਸਨ।’’
ਪੱਤਰਕਾਰ ਰਹੇ ਐੱਸ ਪੀ ਸ਼ਰਮਾ ਕਹਿੰਦੇ ਹਨ ਕਿ ਪ੍ਰਕਾਸ਼ ਸਿੰਘ ਬਾਦਲ ਕਦੇ ਵੀ ਹੱਥ ਉਪਰ ਘੜੀ ਨਹੀਂ ਪਾਉਂਦੇ ਸਨ ਪਰ ਉਹ ਅਕਸਰ ਸਮੇਂ ''ਤੇ ਸਭ ਤੋਂ ਪਹਿਲਾਂ ਪਹੁੰਚ ਜਾਂਦੇ ਹਨ।
‘ਬਿਨ੍ਹਾਂ ਘੜੀ ਦੇ ਪਾਬੰਦ ਸੀਐੱਮ’
‘ਦਿ ਟ੍ਰਿਬਿਊਨ’ ਦੇ ਪੱਤਰਕਾਰ ਰਹੇ ਐੱਸ ਪੀ ਸ਼ਰਮਾ ਕਹਿੰਦੇ ਹਨ ਕਿ ਪ੍ਰਕਾਸ਼ ਸਿੰਘ ਬਾਦਲ ਕਦੇ ਵੀ ਹੱਥ ਉਪਰ ਘੜੀ ਨਹੀਂ ਪਾਉਂਦੇ ਸਨ ਪਰ ਉਹ ਅਕਸਰ ਸਮੇਂ ''ਤੇ ਸਭ ਤੋਂ ਪਹਿਲਾਂ ਪਹੁੰਚ ਜਾਂਦੇ ਹਨ।
ਐੱਸ ਪੀ ਸ਼ਰਮਾ ਦੱਸਦੇ ਹਨ, “ ਆਮ ਤੌਰ ’ਤੇ ਰੈਲੀਆਂ ਮੌਕੇ ਉਹ ਸੱਭ ਤੋਂ ਪਹਿਲਾਂ ਪਹੁੰਚ ਜਾਂਦੇ ਸਨ ਅਤੇ ਬਾਕੀ ਲੀਡਰ ਬਾਅਦ ਵਿੱਚ ਆਉਂਦੇ ਸਨ। ਉਹ ਰੈਲੀ ਸ਼ੁਰੂ ਹੋਣ ਤੋਂ ਪਹਿਲਾਂ ਲੋਕਾਂ ਦੇ ਘਰ ਜਾ ਕੇ ਬੈਠੇ ਰਹਿੰਦੇ ਸਨ ਅਤੇ ਉਹਨਾਂ ਦੀਆਂ ਸਮੱਸਿਆਂ ਸੁਣਦੇ ਸਨ।”
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ)

ਪ੍ਰਕਾਸ਼ ਸਿੰਘ ਬਾਦਲ ਨਹੀਂ ਰਹੇ, ਜਾਣੋ ਅੰਤਿਮ ਯਾਤਰਾ ਦਾ ਵੇਰਵਾ
NEXT STORY