ਕ੍ਰਿਸ਼ਨ ਭਾਟੀਆ
123 ਮਿਲੀਅਨ ਪੌਂਡ ਦੀ ਲਾਟਰੀ ਨਿਕਲੇ ਨੂੰ ਇਕ ਹਫਤੇ ਤੋਂ ਉਪਰ ਹੋਣ ਨੂੰ ਹੈ ਪਰ ਉਸ ਨੂੰ ਵਸੂਲਣ ਲਈ ਕੋਈ ਅੱਗੇ ਨਹੀਂ ਆ ਰਿਹਾ। ਇਹ ਲਾਟਰੀ ਯੂਰਪ ਭਰ ਦੇ ਦੇਸ਼ਾਂ ’ਚੋਂ ਬ੍ਰਿਟੇਨ ਦੇ ਕਿਸੇ ਵਿਅਕਤੀ ਦੀ ਨਿਕਲੀ ਹੈ। ਇੰਨੀ ਵੱਡੀ ਰਾਸ਼ੀ ਦਾ ਕੋਈ ਵਾਲੀ-ਵਾਰਿਸ ਹੀ ਨਹੀਂ ਬਣ ਰਿਹਾ। ਲਾਟਰੀ ਆਯੋਜਕ ਕੰਪਨੀ ਲੋਕਾਂ ਨੂੰ ਅਪੀਲ ਕਰ ਰਹੀ ਹੈ ਕਿ ਉਹ ਆਪਣੀਆਂ ਜੇਬਾਂ, ਪਰਸਾਂ, ਕਾਗਜ਼-ਪੱਤਰਾਂ, ਸੋਫਾ ਸੈੱਟਾਂ, ਕਾਰਾਂ ਸਭ ਜਗ੍ਹਾ ਚੰਗੀ ਤਰ੍ਹਾਂ ਤਲਾਸ਼ੀ ਲੈ ਕੇ ਉਸ ਟਿਕਟ ਨੂੰ ਲੱਭਣ, ਜਿਸ ਰਾਹੀਂ ਇੰਨੀ ਭਾਰੀ ਰਾਸ਼ੀ ਨਾਲ ਕਿਸੇ ਦੀ ਕਿਸਮਤ ਚਮਕਣ ਵਾਲੀ ਹੈ। ਲਾਟਰੀ ਕੰਪਨੀ ਦਾ ਕਹਿਣਾ ਹੈ ਕਿ ਅਕਸਰ ਅਜਿਹਾ ਹੁੰਦਾ ਹੈ ਕਿ ਲੋਕ ਲਾਟਰੀ ਟਿਕਟ ਦਾ ਨੰਬਰ ਚੈੱਕ ਕਰਨਾ ਭੁੱਲ ਜਾਂਦੇ ਹਨ। ਟਿਕਟ ਕਿਤੇ ਰੱਖ ਬੈਠਦੇ ਹਨ ਜਾਂ ਫਿਰ ਉਸ ਨੂੰ ਲੱਭ ਨਹੀਂ ਸਕਦੇ। ਲਾਟਰੀ ਨਿਕਲੀ ਹੋਈ ਹੁੰਦੀ, ਜਿਸ ਨੂੰ ਉਹ ਵਸੂਲ ਨਹੀਂ ਕਰ ਪਾਉਂਦੇ। ਕਿਸੇ ਲਾਟਰੀ ਦੇ ਇਨਾਮ ਨੂੰ ਜਦੋਂ ਕੋਈ ਵਸੂਲ ਨਹੀਂ ਕਰਦਾ ਤਾਂ ਸੂਦ ਸਮੇਤ ਉਸ ਨੂੰ ਸਮਾਜ ਕਲਿਆਣ ਦੇ ਕੰਮਾਂ ਲਈ ਦਾਨ ਦੇ ਦਿੱਤਾ ਜਾਂਦਾ ਹੈ। ਮੰਗਲਵਾਰ 12 ਜੂਨ ਨੂੰ ਯੂਰਪ ਦੀ ਪ੍ਰਸਿੱਧ ਲਾਟਰੀ ਯੂਰੋ ਮਿਲੀਅਨ ਕੰਪਨੀ ਦੇ ਇਤਿਹਾਸ ’ਚ ਬ੍ਰਿਟੇਨ ’ਚ ਇਸ ਤੋਂ ਪਹਿਲਾਂ ਇੰਨਾ ਵੱਡਾ ਇਨਾਮ ਸਿਰਫ ਤਿੰਨ ਵਾਰ ਨਿਕਲਿਆ ਹੈ। ਇਹ ਜੈਕਪਾਟ ਸੀ। ਡਰਾਅ ਦੇ ਸੱਤ ਦੇ ਸੱਤ ਨੰਬਰ ਜਿੱਤਣ ਵਾਲੀ ਟਿਕਟ ਦੇ ਨੰਬਰਾਂ ਨਾਲ ਮੇਲ ਖਾ ਗਏ।
ਲਾਟਰੀ ਨਿਕਲੀ, ਸੁੱਖ ਚਲਾ ਗਿਆ
ਇਸ ਤੋਂ ਪਹਿਲਾਂ ਯੂ. ਕੇ. ’ਚ ਯੂਰਪੀਅਨ ਲਾਟਰੀ ਦਾ ਸਭ ਤੋਂ ਵੱਡਾ 161 ਮਿਲੀਅਨ ਪੌਂਡ ਦਾ ਇਨਾਮ ਸਕਾਟਲੈਂਡ ਦੇ ਇਕ ਜੋੜੇ ਦੇ ਨਾਂ ਨਿਕਲਿਆ ਸੀ। ਆਮ ਤੌਰ ’ਤੇ ਲੋਕਾਂ ਦੀ ਧਾਰਨਾ ਹੈ ਕਿ ਧਨ ਆਉਣ ਨਾਲ ਖੁਸ਼ੀ ਆਉਂਦੀ ਹੈ, ਸਭ ਦੁੱਖ ਦੂਰ ਕੀਤੇ ਜਾ ਸਕਦੇ ਹਨ ਪਰ ਦੇਖਿਆ ਗਿਆ ਹੈ ਕਿ ਧਨ ਤਾਂ ਆਇਆ ਸਭ ਖੁਸ਼ੀਆਂ ਚਲੀਆਂ ਗਈਆਂ। ਸਕਾਟਲੈਂਡ ਦੇ ਇਸ ਜੋੜੇ ਦੇ ਨਾਲ ਵੀ ਇਹੀ ਹੋਇਆ। ਕਿਸੇ ਕਾਰਖਾਨੇ ’ਚ ਸਾਧਾਰਨ ਨੌਕਰੀ ਕਰ ਕੇ 35 ਸਾਲ ਤਕ ਸੁਖਮਈ ਵਿਆਹੁਤਾ ਜੀਵਨ ਗੁਜ਼ਾਰਨ ਤੋਂ ਬਾਅਦ ਲਾਟਰੀ ਨਿਕਲਣ ਦੇ ਕੁਝ ਸਾਲ ਬਾਅਦ ਉਨ੍ਹਾਂ ਨੇ ਤਲਾਕ ਲੈ ਲਿਆ।
ਯੂਰੋ ਮਿਲੀਅਨ ਲਾਟਰੀ ਹਰ ਸ਼ੁੱਕਰਵਾਰ ਯੂਰਪ ਦੇ 9 ਦੇਸ਼ਾਂ ’ਚ ਨਾਲੋ-ਨਾਲ ਕੱਢੀ ਜਾਂਦੀ ਹੈ। ਇਸ ਦੀਆਂ ਟਿਕਟਾਂ ਨਿਸ਼ਚਿਤ ਸਟਾਲਾਂ/ਸਟੋਰਾਂ ਜਾਂ ਇੰਟਰਨੈੱਟ ’ਤੇ ਆਨਲਾਈਨ ਖਰੀਦੀਆਂ ਜਾਂਦੀਆਂ ਹਨ, ਜਿਸ ਟਿਕਟ ਦਾ ਇਹ ਵੱਡਾ ਇਨਾਮ ਨਿਕਲਿਆ ਹੈ। ਲਾਟਰੀ ਕੰਪਨੀ ਨੂੰ ਇਸ ਗੱਲ ਦਾ ਪਤਾ ਹੈ ਕਿ ਉਹ ਕਿੱਥੋਂ ਅਤੇ ਕਿਸ ਮਾਧਿਅਮ ਰਾਹੀਂ ਖਰੀਦੀ ਗਈ ਸੀ ਪਰ ਅਜੇ ਉਹ ਇਹ ਰਾਜ਼ ਖੋਲ੍ਹ ਨਹੀਂ ਰਹੀ। ਉਹ ਚਾਹੁੰਦੀ ਹੈ ਕਿ ਟਿਕਟ ਦਾ ਖਰੀਦਦਾਰ ਖੁਦ ਆਪਣਾ ਦਾਅਵਾ ਪੇਸ਼ ਕਰੇ। ਇਨਾਮ ਦੀ ਰਾਸ਼ੀ ਵਸੂਲ ਕਰਨ ਲਈ ਇਨਾਮ ਜਿੱਤਣ ਵਾਲੀ ਟਿਕਟ ਨੂੰ ਡਰਾਅ ਕੱਢਣ ਤੋਂ ਬਾਅਦ 180 ਦਿਨਾਂ ਦੇ ਅੰਦਰ ਪੇਸ਼ ਕਰਨਾ ਜ਼ਰੂਰੀ ਹੁੰਦਾ ਹੈ। ਲਾਟਰੀ ਕੰਪਨੀ ਨੇ ਕਿਹਾ ਕਿ ਉਹ ਇਕ ਹਫਤਾ ਹੋਰ ਉਡੀਕ ਕਰੇਗੀ, ਜੇਕਰ ਕੋਈ ਮੈਦਾਨ ਵਿਚ ਨਾ ਆਇਆ ਤਾਂ ਫਿਰ ਉਹ ਐਲਾਨ ਕਰੇਗੀ ਕਿ ਟਿਕਟ ਕਿੱਥੋਂ ਤੇ ਕਿਵੇਂ ਖਰੀਦੀ ਗਈ ਸੀ ਤਾਂ ਕਿ ਉਸ ਇਲਾਕੇ ਵਿਚ ਲਾਟਰੀ ਟਿਕਟ ਖਰੀਦਣ ਵਾਲਿਆਂ ਵਿਚੋਂ ਜੇਕਰ ਕੋਈ ਖੁਸ਼ਕਿਸਮਤ ਹੈ ਤਾਂ ਆਪਣੀ ਗੁਆਚੀ ਟਿਕਟ ਲੱਭਣ ਦੀ ਉਸ ਵਿਚ ਚੇਤਨਾ ਆ ਜਾਏ।
ਸ਼ੈਂਪੇਨ ਦੀਆਂ ਬੋਤਲਾਂ ਖੁੱਲ੍ਹਣ ਦੀ ਉਡੀਕ ’ਚ
ਇਸ ਇਨਾਮੀ ਟਿਕਟ ਬਾਰੇ ਕੰਪਨੀ ਨੇ ਕਿਹਾ ਹੈ ਕਿ ਇਸ ਸਮੇਂ ਅਸੀਂ ਸਿਰਫ ਇੰਨਾ ਦੱਸ ਸਕਦੇ ਹਾਂ ਕਿ ਇਹ ਟਿਕਟ ਕਿਸ ਸਟੋਰ ’ਚੋਂ ਖਰੀਦੀ ਗਈ ਸੀ। ਕੰਪਨੀ ਦੇ ਇਕ ਵੱਡੇ ਅਧਿਕਾਰੀ ਨੇ ਕਿਹਾ ਕਿ ਅਸੀਂ ਤਾਂ ਸ਼ੈਂਪੇਨ ਦੀਆਂ ਬੋਤਲਾਂ ਦੀ ਉਡੀਕ ’ਚ ਬੈਠੇ ਹੋਏ ਸੀ ਕਿ ਇਨਾਮ ਜਿੱਤਣ ਵਾਲਾ ਖੁਸ਼ਕਿਸਮਤ ਸਾਹਮਣੇ ਅਤੇ ਮਿਲ ਕੇ ਜਾਮ ਉਠਾਏ।
‘ਇਕ ਦੇਸ਼ ਇਕ ਚੋਣ’ ਦੇ ਪਿੱਛੇ ਸਰਕਾਰ ਦੀ ਨੀਅਤ ਕੀ ਹੈ
NEXT STORY