‘ਇਕ ਮੱਛਰ ਆਦਮੀ ਨੂੰ ਹਿਜੜਾ ਬਣਾ ਦਿੰਦਾ ਹੈ।’ ਮਹਰੂਮ ਨਾਨਾ ਪਾਟੇਕਰ ਦਾ ਇਹ ਅਮਰ ਸੰਵਾਦ ਅੱਜ ਸੱਤਾ ਦੀ ਨਾਜ਼ੁਕਤਾ ਨੂੰ ਬਾਖ਼ੂਬੀ ਉਜਾਗਰ ਕਰਦਾ ਹੈ। ਰਾਜਧਾਨੀ ਦਿੱਲੀ ’ਚ ਵਿਰੋਧ ਪ੍ਰਦਰਸ਼ਨਾਂ ਦਾ ਮੰਚਨ, ਉਨ੍ਹਾਂ ਦਾ ਨਿਯਮਨ ਅਤੇ ਫਿਰ ਉਨ੍ਹਾਂ ਨੂੰ ਭੁਲਾ ਦਿੱਤਾ ਜਾਣਾ ਕੋਈ ਨਵੀਂ ਗੱਲ ਨਹੀਂ ਪਰ 10 ਅਕਤੂਬਰ ਨੂੰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਐੱਸ. ਆਈ. ਆਰ. (ਵਿਸ਼ੇਸ਼ ਡੂੰਘੀ ਪੁਨਰ-ਨਿਰੀਖਣ) ’ਚ ਕਥਿਤ ਅਨਿਯਮਿਤਤਾਵਾਂ ਦੇ ਵਿਰੋਧ ’ਚ ਹੋਏ ਟਕਰਾਅ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਸ਼ਹਿਰ ’ਚ ਲਗਭਗ ਲਾਕਡਾਊਨ ਵਰਗੀ ਸਥਿਤੀ ਸੀ, ਜਗ੍ਹਾ-ਜਗ੍ਹਾ ਬੈਰੀਕੇਡਸ, ਸੁਰੱਖਿਆ ਬਲਾਂ ਦੇ 30,000 ਜਵਾਨਾਂ ਦੀ ਤਾਇਨਾਤੀ, 45 ਮੈਟਰੋ ਸਟੇਸ਼ਨ ਬੰਦ, 200 ਤੋਂ ਵੱਧ ਰੇਲਗੱਡੀਆਂ ਰੱਦ, ਇੰਟਰਨੈੱਟ ਸੇਵਾਵਾਂ ਮੁਅੱਤਲ ਅਤੇ ਕਾਕਰੋਚ ਜਨਤਾ ਪਾਰਟੀ (ਸੀ. ਜੇ. ਪੀ.) ਦੇ ਨੇਤਾਵਾਂ, ਵਿਰੋਧੀ ਰਾਜਨੇਤਾਵਾਂ, ਵਿਦਿਆਰਥੀਆਂ ਅਤੇ ਵਕੀਲਾਂ ਦੀ ਵੱਡੇ ਪੱਧਰ ’ਤੇ ਹਿਰਾਸਤ।
ਇਕ ਸਿਹਤਮੰਦ ਲੋਕਤੰਤਰ ’ਚ ਨਾਗਰਿਕਾਂ ਨੂੰ ਉਨ੍ਹਾਂ ਮੁੱਦਿਆਂ ਅਤੇ ਸਰਕਾਰੀ ਕਦਮਾਂ ਦੇ ਵਿਰੁੱਧ ਵਿਰੋਧ ਜਤਾਉਣ ਦਾ ਅਧਿਕਾਰ ਹੈ, ਜਿਨ੍ਹਾਂ ਨੂੰ ਉਹ ਲੋਕਤੰਤਰੀ ਆਜ਼ਾਦੀ ਦੀ ਭਾਵਨਾ ਦੇ ਪ੍ਰਤੀਕੂਲ ਸਮਝਦੇ ਹਨ। ਜਾਂ ਫਿਰ ਇਸ ਨੂੰ ਵਿਵਸਥਾ ਬਣਾਉਣ ਲਈ ਵਚਨਬੱਧ ਸਰਕਾਰ ਅਤੇ ਉਸ ਨੂੰ ਚੁਣੌਤੀ ਦੇਣ ’ਤੇ ਅੜੇ ਪ੍ਰਦਰਸ਼ਨਕਾਰੀਆਂ ਵਿਚਾਲੇ ਇਕ ਹੋਰ ਟਕਰਾਅ ਕਹਿ ਕੇ ਰੱਦ ਕਰ ਦਿੱਤਾ ਜਾਵੇ?
ਕੀ ਜਨਰੇਸ਼ਨ-ਜ਼ੀ ਭਾਵ ਨਵੀਂ ਪੀੜ੍ਹੀ ਵਿਰੋਧ ਪ੍ਰਦਰਸ਼ਨ ਦੀ ਭਾਸ਼ਾ ਅਤੇ ਤੌਰ-ਤਰੀਕਿਆਂ ਨੂੰ ਬਦਲ ਰਹੀ ਹੈ? ਕੀ ਸਰਕਾਰ ਨੇ ਲੋੜ ਨਾਲੋਂ ਵੱਧ ਸਖ਼ਤੀ ਦਿਖਾਈ? ਕੀ ਐੱਸ. ਆਈ. ਆਰ. ਰਾਹੀਂ ਭਾਜਪਾ ਪ੍ਰਤੀ ਵਿਰੋਧੀ ਰੁਖ ਰੱਖਣ ਵਾਲੀਆਂ ਘੱਟਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਗਿਆ? ਇਸ ਦੇ ਸਬੂਤ ਕਿੱਥੇ ਹਨ? ਕੀ ਅਸਹਿਮਤੀ ਉਹ ਮੱਛਰ ਬਣਦੀ ਜਾ ਰਹੀ ਹੈ, ਜੋ ਮੋਦੀ ਸਰਕਾਰ ਦੀ ਬੇਚੈਨੀ ਵਧਾ ਰਹੀ ਹੈ? ਕੀ ਸਰਕਾਰ ਅਸਹਿਮਤੀ ਨੂੰ ਦਬਾਅ ਰਹੀ ਹੈ ਜਾਂ ਇਹ ਟਕਰਾਅ ਉਸ ਦੇ ਅਧਿਕਾਰ ਦੀਆਂ ਹੱਦਾਂ ਨੂੰ ਪਰਖਣ ਲੱਗਾ ਹੈ? ਅਗਲੇ ਸਾਲ ਦੀ ਸ਼ੁਰੂਆਤ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ਆਮ ਚੋਣਾਂ ’ਚ ਅਜੇ 2 ਸਾਲ ਤੋਂ ਵੱਧ ਦਾ ਸਮਾਂ ਹੈ। ਅਜਿਹੇ ’ਚ ਕੀ ਇਹ ਸਿਰਫ ਕੁਝ ਸਮੇਂ ਦੀ ਹਲਚਲ ਹੈ ਜਾਂ ਰਾਜਨੀਤਿਕ ਫ਼ਿਜ਼ਾ ’ਚ ਬਦਲਾਅ ਦੀ ਪਹਿਲੀ ਆਹਟ?
ਸਪੱਸ਼ਟ ਹੈ ਕਿ ਸਰਕਾਰ ਨਹੀਂ ਚਾਹੁੰਦੀ ਸੀ ਕਿ ਸੀ. ਜੇ. ਪੀ. ਦਾ ਨੀਟ ਪ੍ਰੀਖਿਆ ਨੂੰ ਲੈ ਕੇ ਪਹਿਲਾਂ ਵਰਗਾ ਅੰਦੋਲਨ ਦੁਹਰਾਇਆ ਜਾਵੇ। ਸਰਕਾਰ ਦਾ ਜ਼ੋਰ ਇਸ ਗੱਲ ’ਤੇ ਹੈ ਕਿ ਦੇਸ਼ ਦਾ ਸੰਚਾਲਨ ਸੰਸਦ ਤੋਂ ਹੋਵੇਗਾ, ਸੜਕਾਂ ਤੋਂ ਨਹੀਂ ਪਰ ਫਿਰ ਇਹ ਸਖ਼ਤ ਪਾਬੰਦੀਆਂ ਅਤੇ ਕਾਰਵਾਈ ਕਿਉਂ, ਜਿਸ ਨੇ ਪ੍ਰਸ਼ਾਸਨ ਦੀ ਘਬਰਾਹਟ ਦਾ ਅਹਿਸਾਸ ਕਰਵਾਇਆ?
ਸਰਕਾਰ ਦੀ ਦਲੀਲ ਹੈ ਕਿ ਜਨਤਕ ਵਿਵਸਥਾ ਨੂੰ ਪ੍ਰਦਰਸ਼ਨਾਂ ਦੇ ਹੱਥੀਂ ਬੰਧਕ ਨਹੀਂ ਬਣਾਇਆ ਜਾ ਸਕਦਾ ਅਤੇ ਵਿਘਨ ਰੋਕਣਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਪਰ ਪਾਬੰਦੀਆਂ ਅਨੁਪਾਤਕ ਹੋਣੀਆਂ ਚਾਹੀਦੀਆਂ ਹਨ, ਉਨ੍ਹਾਂ ਦੇ ਆਧਾਰ ਪਾਰਦਰਸ਼ੀ ਹੋਣੇ ਚਾਹੀਦੇ ਹਨ ਅਤੇ ਸ਼ਾਂਤਪੂਰਨ ਅਸਹਿਮਤੀ ਲਈ ਲੋੜੀਂਦੀ ਗੁੰਜਾਇਸ਼ ਹੋਣੀ ਚਾਹੀਦੀ ਹੈ। ਕਿਸੇ ਵਿਰੋਧ ਪ੍ਰਦਰਸ਼ਨ ਦੇ ਆਯੋਜਿਤ ਹੋਣ ਤੋਂ ਪਹਿਲਾਂ ਹੀ ਉਸ ਨੂੰ ਰੋਕ ਦੇਣਾ ਇਹ ਸਵਾਲ ਖੜ੍ਹਾ ਕਰਦਾ ਹੈ ਕਿ ਉਦੇਸ਼ ਭੀੜ ਦਾ ਪ੍ਰਬੰਧਨ ਕਰਨਾ ਹੈ ਜਾਂ ਕਿਸੇ ਅਸੁਵਿਧਾਜਨਕ ਸੰਦੇਸ਼ ਨੂੰ ਜਨਤਾ ਤੱਕ ਪਹੁੰਚਣ ਤੋਂ ਰੋਕਣਾ?
ਇਹ ਸਵਾਲ ਉਦੋਂ ਹੋਰ ਮਹੱਤਵਪੂਰਨ ਹੋ ਜਾਂਦਾ ਹੈ, ਜਦੋਂ ਮਾਮਲਾ ਚੋਣ ਕਮਿਸ਼ਨ ਦਾ ਹੋਵੇ, ਜਿਸ ਦੀ ਭਰੋਸੇਯੋਗਤਾ ਸਿਰਫ ਚੋਣਾਂ ਕਰਵਾਉਣ ’ਤੇ ਹੀ ਨਹੀਂ, ਸਗੋਂ ਇਸ ਜਨ-ਵਿਸ਼ਵਾਸ ’ਤੇ ਵੀ ਨਿਰਭਰ ਕਰਦੀ ਹੈ ਕਿ ਉਹ ਨਿਰਪੱਖਤਾ ਨਾਲ ਆਪਣਾ ਫ਼ਰਜ਼ ਨਿਭਾਉਂਦਾ ਹੈ। ਐੱਸ. ਆਈ. ਆਰ. ਵਿਵਾਦ ਇਸ ਲਈ ਟਕਰਾਅ ਦਾ ਕੇਂਦਰ ਬਣ ਗਿਆ ਹੈ, ਕਿਉਂਕਿ ਵੋਟਰ ਸੂਚੀਆਂ ਕੁਝ ਪ੍ਰਸ਼ਾਸਨਿਕ ਦਸਤਾਵੇਜ਼ ਨਹੀਂ, ਸਗੋਂ ਲੋਕਤੰਤਰੀ ਹਿੱਸੇਦਾਰੀ ਦਾ ਪ੍ਰਵੇਸ਼ ਦੁਆਰ ਹਨ। ਵਿਰੋਧੀ ਧਿਰ ਅਤੇ ਪ੍ਰਦਰਸ਼ਨਕਾਰੀਆਂ ਦਾ ਦੋਸ਼ ਹੈ ਕਿ ਇਸ ਪ੍ਰਕਿਰਿਆ ਨਾਲ 13 ਕਰੋੜ ਯੋਗ ਵੋਟਰ ਸੂਚੀ ਤੋਂ ਬਾਹਰ ਹੋ ਰਹੇ ਹਨ।
ਲੋਕਤੰਤਰ ਨੂੰ ਕਮਜ਼ੋਰ ਕੀਤੇ ਜਾਣ ਦੇ ਦੋਸ਼ਾਂ ਨੂੰ ਲੈ ਕੇ ਵਿਰੋਧੀ ਧਿਰ ਨੇ ਵਾਰ-ਵਾਰ ਜਨਤਕ ਰੋਹ ਦੇ ਪਲਾਂ ਨੂੰ ਸਥਾਈ ਅਤੇ ਸੰਗਠਿਤ ਸਹਿਯੋਗ ’ਚ ਬਦਲਣ ’ਚ ਮੁਸ਼ਕਲ ਦਾ ਸਾਹਮਣਾ ਕੀਤਾ ਹੈ। ਮੁੱਖ ਚੋਣ ਕਮਿਸ਼ਨਰ ਨਾਲ ਜੁੜਿਆ ਵਿਵਾਦ ਉਸ ਨੂੰ ਵਿਰੋਧ ਪ੍ਰਦਰਸ਼ਨ ਤੋਂ ਅੱਗੇ ਵਧ ਕੇ ਕੁਝ ਠੋਸ ਮੰਗਾਂ ਉਠਾਉਣ ਦਾ ਮੌਕਾ ਦਿੰਦਾ ਹੈ। ਇਨ੍ਹਾਂ ’ਚ ਵੋਟਰ ਸੂਚੀ ਤੋਂ ਨਾਂ ਕੱਟੇ ਜਾਣ ਦੇ ਤਸਦੀਕਯੋਗ ਅੰਕੜੇ ਜਨਤਕ ਕਰਨਾ, ਵਿਵਾਦਿਤ ਮਾਮਲਿਆਂ ਦੀ ਸੁਤੰਤਰ ਜਾਂਚ, ਪ੍ਰਭਾਵਿਤ ਵੋਟਰਾਂ ਲਈ ਆਸਾਨ ਸ਼ਿਕਾਇਤ-ਨਿਵਾਰਣ ਵਿਵਸਥਾ ਅਤੇ ਚੋਣ ਕਮਿਸ਼ਨ ਵੱਲੋਂ ਸਪੱਸ਼ਟ ਜਨਤਕ ਸਪੱਸ਼ਟੀਕਰਨ ਸ਼ਾਮਲ ਹੋ ਸਕਦੇ ਹਨ।
ਜਦੋਂ ਗੱਲਬਾਤ ਦੀ ਜਗ੍ਹਾ ਤਾਕਤ ਦੀ ਵਰਤੋਂ ਲੈ ਲੈਂਦੀ ਹੈ, ਤਾਂ ਸ਼ੱਕ ਹੋਰ ਡੂੰਘਾ ਹੁੰਦਾ ਹੈ ਕਿ ਕਿਤੇ ਕੁਝ ਲੁਕਾਇਆ ਤਾਂ ਨਹੀਂ ਜਾ ਰਿਹਾ? ਬੇਸ਼ੱਕ, ਇਸ ਨਾਲ ਇਹ ਸਾਬਤ ਨਹੀਂ ਹੁੰਦਾ ਕਿ ਸਰਕਾਰ ਦਾ ਜਨ-ਸਮਰਥਨ ਘਟ ਰਿਹਾ ਹੈ ਜਾਂ ਲਗਾਈਆਂ ਗਈਆਂ ਪਾਬੰਦੀਆਂ ਅਣਉਚਿਤ ਸਨ ਪਰ ਇੰਨਾ ਜ਼ਰੂਰ ਹੈ ਕਿ ਸਖ਼ਤ ਕਾਰਵਾਈ ਦੇ ਨਤੀਜੇ ਭੀੜ ਨੂੰ ਤੁਰੰਤ ਖਿੰਡਾਉਣ ਤਕ ਸੀਮਤ ਨਹੀਂ ਰਹਿੰਦੇ। ਸਰਕਾਰ ਨੂੰ ਕਾਨੂੰਨ ਲਾਗੂ ਕਰਨ ਦਾ ਅਧਿਕਾਰ ਹੈ ਪਰ ਆਪਣੇ ਫ਼ੈਸਲਿਆਂ ਦਾ ਸਪੱਸ਼ਟੀਕਰਨ ਦੇਣ ਨਾਲ ਉਸ ਦਾ ਅਧਿਕਾਰ ਘੱਟ ਨਹੀਂ ਹੁੰਦਾ। ਇਸ ਦੇ ਉਲਟ, ਪਾਰਦਰਸ਼ੀ ਤਰਕ-ਵਿਤਰਕ ਅਤੇ ਸਪੱਸ਼ਟ ਜਵਾਬ ਜਨਤਾ ਦਾ ਵਿਸ਼ਵਾਸ ਮਜ਼ਬੂਤ ਕਰ ਸਕਦੇ ਹਨ।
ਯਾਦ ਰੱਖਣਾ ਚਾਹੀਦਾ ਹੈ ਕਿ ਲੋਕਤੰਤਰ ਦਾ ਮੁਲਾਂਕਣ ਇਸ ਆਧਾਰ ’ਤੇ ਨਹੀਂ ਹੁੰਦਾ ਕਿ ਉੱਥੇ ਵਿਰੋਧ ਪ੍ਰਦਰਸ਼ਨ ਹੁੰਦੇ ਹਨ ਜਾਂ ਨਹੀਂ। ਉਸ ਦੀ ਕਸੌਟੀ ਇਹ ਹੈ ਕਿ ਨਾਗਰਿਕਾਂ ਨੂੰ ਅਸਹਿਮਤੀ ਜ਼ਾਹਿਰ ਕਰਨ ’ਤੇ ਦੁਸ਼ਮਣ ਨਾ ਸਮਝਿਆ ਜਾਵੇ ਅਤੇ ਸੰਸਥਾਵਾਂ ਜਾਇਜ਼ ਸਵਾਲਾਂ ਦਾ ਜਵਾਬ ਦੇਣ ਲਈ ਕਿੰਨੀ ਤਤਪਰ ਰਹਿੰਦੀਆਂ ਹਨ। ਕੀ ਸੜਕਾਂ ’ਤੇ ਦਿਖਾਈ ਦੇ ਰਿਹਾ ਅਸੰਤੋਸ਼ ਵੋਟਾਂ ਵਾਲੀਆਂ ਪੇਟੀਆਂ ’ਚ ਵੀ ਆਪਣੀ ਗੂੰਜ ਪੈਦਾ ਕਰੇਗਾ? ਕੀ ਇਸ ਨਾਲ ਬਦਲਾਅ ਦੀ ਸ਼ੁਰੂਆਤ ਹੋਵੇਗੀ ਅਤੇ ਕੀ ਇਹ 2029 ਦੀਆਂ ਆਮ ਚੋਣਾਂ ਦਾ ਅਗਾਊਂ ਅਭਿਆਸ ਸਾਬਤ ਹੋਵੇਗਾ?
ਕੀ ਮੁੱਖ ਚੋਣ ਕਮਿਸ਼ਨਰ ਨਾਲ ਜੁੜਿਆ ਵਿਵਾਦ ਅਤੇ ਐੱਸ. ਆਈ. ਆਰ. ਆਉਣ ਵਾਲੀਆਂ ਚੋਣਾਂ ਦੇ ਫੈਸਲਾਕੁੰਨ ਮੁੱਦੇ ਬਣਨਗੇ, ਫਿਲਹਾਲ ਇਹ ਕਹਿਣਾ ਮੁਸ਼ਕਿਲ ਹੈ। ਵਿਰੋਧੀ ਧਿਰ ਦੇ ਸਾਹਮਣੇ ਚੁਣੌਤੀ ਇਹ ਹੈ ਕਿ ਉਹ ਸੰਸਥਾਗਤ ਜਵਾਬਦੇਹੀ ਦੇ ਸਵਾਲ ਨੂੰ ਵੋਟਰਾਂ ਦੀਆਂ ਰੋਜ਼ਾਨਾ ਦੀਆਂ ਚਿੰਤਾਵਾਂ ਨਾਲ ਜੋੜੇ। ਰੋਜ਼ਗਾਰ, ਮਹਿੰਗਾਈ, ਆਰਥਿਕ ਮੌਕੇ, ਰੋਜ਼ੀ-ਰੋਟੀ, ਜਨਤਕ ਸੇਵਾਵਾਂ, ਜਵਾਬਦੇਹੀ, ਵੋਟ-ਅਧਿਕਾਰ ਦੀ ਸੁਰੱਖਿਆ ਅਤੇ ਅਜਿਹੀ ਰਾਜਨੀਤਿਕ ਵਿਵਸਥਾ, ਜੋ ਉਪਦੇਸ਼ ਦੇਣ ਤੋਂ ਪਹਿਲਾਂ ਜਨਤਾ ਦੀ ਗੱਲ ਸੁਣੇ, ਇਹ ਸਾਰੇ ਮੁੱਦੇ ਮਹੱਤਵਪੂਰਨ ਹਨ। ਵੋਟਰ ਸੂਚੀ ਦਾ ਵਿਵਾਦ ਸੁਰਖ਼ੀਆਂ ਤਾਂ ਬਟੋਰ ਸਕਦਾ ਹੈ ਪਰ ਇਸ ਦਾ ਵਿਆਪਕ ਰਾਜਨੀਤਿਕ ਪ੍ਰਭਾਵ ਇਸ ਗੱਲ ’ਤੇ ਨਿਰਭਰ ਕਰੇਗਾ ਕਿ ਨਾਗਰਿਕ ਇਨ੍ਹਾਂ ਦੋਸ਼ਾਂ ਅਤੇ ਆਪਣੇ ਲੋਕਤੰਤਰੀ ਅਧਿਕਾਰਾਂ ਦੇ ਵਿਚਾਲੇ ਕਿੰਨਾ ਸਿੱਧਾ ਸਬੰਧ ਮਹਿਸੂਸ ਕਰਦੇ ਹਨ।
ਇਸ ਪੂਰੇ ਘਟਨਾਕ੍ਰਮ ਦਾ ਉੱਤਰ ਲਗਾਏ ਗਏ ਬੈਰੀਕੇਡਸ ਦੀ ਗਿਣਤੀ ਜਾਂ ਹਿਰਾਸਤ ’ਚ ਲਏ ਗਏ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਤੋਂ ਨਹੀਂ ਮਿਲੇਗਾ। ਅਸਲੀ ਜਵਾਬ ਇਸ ਗੱਲ ’ਚ ਲੁਕਿਆ ਹੈ ਕਿ ਅੱਗੇ ਕੀ ਹੁੰਦਾ ਹੈ, ਕੀ ਚੋਣ ਕਮਿਸ਼ਨ ਸਵਾਲਾਂ ਦੇ ਸੰਤੋਸ਼ਜਨਕ ਉੱਤਰ ਦਿੰਦਾ ਹੈ, ਕੀ ਸਰਕਾਰ ਜਾਇਜ਼ ਅਸਹਿਮਤੀ ਲਈ ਜਗ੍ਹਾ ਸੁਰੱਖਿਅਤ ਰੱਖਦੀ ਹੈ, ਕੀ ਵਿਰੋਧੀ ਧਿਰ ਆਪਣੀ ਨਿਗਰਾਨੀ ਅਤੇ ਪੜਤਾਲ ਜਾਰੀ ਰੱਖਦੀ ਹੈ ਅਤੇ ਕੀ ਪ੍ਰਦਰਸ਼ਨਕਾਰੀ ਆਪਣੇ ਜਨ-ਸਮਰਥਨ ਨੂੰ ਨਿਰੰਤਰ ਨਾਗਰਿਕ ਹਿੱਸੇਦਾਰੀ ’ਚ ਬਦਲ ਪਾਉਂਦੇ ਹਨ?
—ਪੂਨਮ ਆਈ. ਕੌਸ਼ਿਸ਼
ਨਹੀਂ ਰੁਕ ਰਹੀ ਬਿਜਲੀ ਚੋਰੀ, ਵਿਭਾਗ ਨੂੰ ਹੋ ਰਿਹਾ ਨੁਕਸਾਨ!
NEXT STORY