ਹਰੀ ਜੈ ਸਿੰਘ
ਮੈਂ ਇਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਾਰਗੁਜ਼ਾਰੀ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ। 2019 ਦੀਆਂ ਚੋਣਾਂ ਵਿਚ ਦੂਸਰੇ ਕਾਰਜਕਾਲ ਲਈ ਉਨ੍ਹਾਂ ਦੀ ਸ਼ਾਨਦਾਰ ਸਿਆਸੀ ਕਾਰਗੁਜ਼ਾਰੀ ਦੇ ਪਰਿਪੇਖ ’ਚ ਅੱਜ ਇਹ ਪ੍ਰਸੰਗਿਕ ਨਹੀਂ ਹੈ। ਇਥੋਂ ਤਕ ਕਿ ਰਾਸ਼ਟਰੀ ਸਵੈਮ-ਸੇਵਕ ਸੰਘ (ਆਰ. ਐੱਸ. ਐੱਸ.) ਦੇ ਜਿਹੜੇ ਬਹੁਤ ਸਾਰੇ ਲੋਕਾਂ ਨੂੰ ਮੈਂ ਮਿਲਿਆ, ਉਨ੍ਹਾਂ ਨੇ ਅਜਿਹੀ ਜ਼ੋਰਦਾਰ ਜਿੱਤ ਦੀ ਕਦੇ ਆਸ ਨਹੀਂ ਕੀਤੀ ਸੀ। ਇਸ ਸਖਤ ਤੱਥ ਦੀ ਰੌਸ਼ਨੀ ਵਿਚ ਹੋਰ ਸਭ ਕੁਝ ਗੈਰ-ਪ੍ਰਸੰਗਿਕ ਹੋ ਜਾਂਦਾ ਹੈ।
ਭਾਵੇਂ ਕਿ ਜਨ-ਹਿਤੈਸ਼ੀ ਪੱਤਰਕਾਰ ਹੋਣ ਦੇ ਨਾਤੇ ਜ਼ਮੀਨੀ ਹਕੀਕਤਾਂ ਬਾਰੇ ਚਰਚਾ ਕਰਨਾ ਮੈਂ ਆਪਣਾ ਫਰਜ਼ ਸਮਝਦਾ ਹਾਂ ਤਾਂ ਕਿ ਪ੍ਰਧਾਨ ਮੰਤਰੀ ਮੋਦੀ ਆਪਣੀ ਸਫਲਤਾ ਦੇ ਨਸ਼ੇ ਵਿਚ ਨਾ ਵਹਿ ਜਾਣ। ਇਸ ਲਈ ਸਮਾਜਿਕ ਹਕੀਕਤਾਂ ਨੂੰ ਇਕ ਪਾਸੇ ਰੱਖਦੇ ਹੋਏ ਮੈਂ ਵੱਖ-ਵੱਖ ਖੇਤਰਾਂ ’ਤੇ ਨਵੀਨਤਮ ਅਧਿਕਾਰਤ ਅੰਕੜਿਆਂ ਦੀ ਯਾਦ ਦਿਵਾਵਾਂਗਾ।
ਪਹਿਲਾ-ਭਾਰਤ ਦੀ ਪਹਿਲੀ ਪੂਰੇ ਸਮੇਂ ਦੀ ਮਹਿਲਾ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੀ ਮੰਤਰੀ ਦੇ ਤੌਰ ’ਤੇ ਉੱਚ ਅਹੁਦਾ ਸੰਭਾਲਣ ਤੋਂ ਕੁਝ ਹੀ ਘੰਟਿਆਂ ਦੇ ਅੰਦਰ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ਬੀਤੇ ਸਾਲ ਦੇ ਇਸੇ ਸਮੇਂ ਦੇ 8.1 ਫੀਸਦੀ ਦੇ ਮੁਕਾਬਲੇ ਘੱਟ ਹੋ ਕੇ 5.8 ਫੀਸਦੀ ’ਤੇ ਆ ਗਿਆ। ਇਹ ਬੀਤੀਆਂ 20 ਤਿਮਾਹੀਆਂ ਦੌਰਾਨ ਸਭ ਤੋਂ ਘੱਟ ਵਿਕਾਸ ਦਰ ਹੈ। ਇਸ ਨੇ ਲੱਗਭਗ ਦੋ ਸਾਲਾਂ ਬਾਅਦ ਭਾਰਤ ਨੂੰ ਚੀਨ ਦੇ ਪਿੱਛੇ ਲਿਆ ਖੜ੍ਹਾ ਕੀਤਾ ਹੈ।
ਜੀ. ਡੀ. ਪੀ. ਦੇ ਅੰਕੜੇ
ਜੀ. ਡੀ. ਪੀ. ਦੇ ਨਵੀਨਤਮ ਅੰਕੜੇ ਨਿਰਮਲਾ ਸੀਤਾਰਮਨ ਸਾਹਮਣੇ ਵੱਡੀਆਂ ਚੁਣੌਤੀਆਂ ਨੂੰ ਰੇਖਾਂਕਿਤ ਕਰਦੇ ਹਨ, ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਮੋਦੀ ਦਾ ਵਿਸ਼ੇਸ਼ ਵਿਸ਼ਵਾਸ ਹਾਸਲ ਹੈ। ਇਕ ਚਲਾਕ ਸਿਆਸਤਦਾਨ ਸੀਤਾਰਮਨ ਨੇ ਬੜੀ ਤੇਜ਼ੀ ਨਾਲ ਸ਼ਾਸਨ ਦੀ ਕਲਾ ਸਿੱਖ ਲਈ, ਪ੍ਰਸ਼ਾਸਨ ਅਤੇ ਰਾਜਨੀਤਕ, ਦੋਵਾਂ ਹੀ ਮਾਮਲਿਆਂ ਵਿਚ। ਹੁਣ ਉਨ੍ਹਾਂ ਨੂੰ ਲੋੜ ਹੈ ਆਪਣੇ ਵਿੱਤੀ ਕੌਸ਼ਲ ਨੂੰ ਮਜ਼ਬੂਤ ਕਰਨ ਦੀ। ਮੈਨੂੰ ਵਿਸ਼ਵਾਸ ਹੈ ਕਿ ਉਹ ਤੇਜ਼ੀ ਨਾਲ ਸਿੱਖਣ ਵਾਲੀ ਹੈ। ਮੋਦੀ ਦੇ ਪ੍ਰਧਾਨ ਮੰਤਰੀ ਦੇ ਤੌਰ ’ਤੇ ਪਹਿਲੇ ਕਾਰਜਕਾਲ ਦੌਰਾਨ ਉਹ ਔਖਾ ਰੱਖਿਆ ਮੰਤਰਾਲਾ ਸੰਭਾਲ ਕੇ ਪਹਿਲਾਂ ਹੀ ਆਪਣੀ ਮਜ਼ਬੂਤੀ ਦਿਖਾ ਚੁੱਕੀ ਹੈ।
ਦੂਸਰਾ-ਕਾਰਜ ਬਲ ਦੇ ਮਹੱਤਵਪੂਰਨ ਖੇਤਰ ’ਤੇ ਨਜ਼ਰ ਮਾਰਦੇ ਹਾਂ ਤਾਂ ਰਾਸ਼ਟਰੀ ਅੰਕੜਾ ਦਫਤਰ (ਐੱਨ. ਐੱਸ. ਓ.) ਦੇ ਅਨੁਸਾਰ 2017-18 ਵਿਚ ਬੇਰੋਜ਼ਗਾਰੀ ਦੀ ਦਰ 6.1 ਫੀਸਦੀ ਸੀ। ਬੇਰੋਜ਼ਗਾਰੀ ਦੀ ਇਹ ਦਰ ਮਰਦਾਂ ਅਤੇ ਔਰਤਾਂ ਦੋਹਾਂ ਲਈ ਉੱਚੀ ਹੈ। ਕਾਰਜ ਬਲ ਸਬੰਧਤ ਇਹ ਸਰਵੇਖਣ ਕੁਝ ਕਾਰਣਾਂ ਕਰਕੇ ਪਹਿਲਾਂ ਜਾਰੀ ਨਹੀਂ ਕੀਤਾ ਗਿਆ ਸੀ, ਇਹ ਅਸੀਂ ਹੁਣ ਸਮਝ ਸਕਦੇ ਹਾਂ।
ਭਾਰਤ ਦੇ ਮੁੱਖ ਅੰਕੜਾ ਮਾਹਿਰ ਕਹਿੰਦੇ ਹਨ, ‘‘ਇਹ ਇਕ ਨਵੀਂ ਬਨਾਵਟ ਅਤੇ ਨਵਾਂ ਸੱਚਾ ਹੈ। ਇਸ ਦੀ ਅਤੀਤ ਦੇ ਨਾਲ ਤੁਲਨਾ ਕਰਨਾ ਉਚਿਤ ਨਹੀਂ ਹੋਵੇਗਾ। 45 ਸਾਲਾਂ ਦੌਰਾਨ ਸਾਡੀ ਉੱਚ ਵਿਆਖਿਆ ਹੈ। ਮੈਂ 45 ਸਾਲਾਂ ਦੌਰਾਨ ਉੱਚ ਜਾਂ ਹੇਠਲੇ ਪੱਧਰ ਦਾ ਦਾਅਵਾ ਨਹੀਂ ਕਰਨਾ ਚਾਹੁੰਦਾ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਇਥੇ ਸਿਰਫ ਇਸ ਲਈ ਛੱਡਣਾ ਚਾਹੁੰਦੇ ਹਨ ਕਿਉਂਕਿ ਇਹ ਪਹਿਲਾਂ ਹੀ ਵਿਵਾਦ ਦੀ ਸਥਿਤੀ ’ਚ ਪਹੁੰਚ ਗਿਆ ਹੈ। ਜੋ ਵੀ ਹੋਵੇ, ਨੌਕਰੀਆਂ ਸਬੰਧੀ ਅੰਕੜੇ ਪ੍ਰਧਾਨ ਮੰਤਰੀ ਮੋਦੀ ਦੇ ਦੂਸਰੇ ਕਾਰਜਕਾਲ ਸਾਹਮਣੇ ਨੀਤੀ ਨਾਲ ਸਬੰਧਤ ਚੁਣੌਤੀ ਖੜ੍ਹੀ ਕਰਦੇ ਹਨ। ਨਿਸ਼ਚਿਤ ਤੌਰ ’ਤੇ ਬੇਰੋਜ਼ਗਾਰੀ ਦੇ ਦ੍ਰਿਸ਼ ਲਈ ਕਈ ਪਹਿਲੂ ਹਨ ਅਤੇ ਅੰਕੜਿਆਂ ਸਬੰਧੀ ਕੋਈ ਵੀ ਇਕਲੌਤਾ ਸਰੋਤ ਆਪਣੇ ਆਪ ਵਿਚ ਮੁਕੰਮਲ ਨਹੀਂ ਹੈ। ਇਹ ਆਪਣੇ ਆਪ ਵਿਚ ਨਹੀਂ, ਸਰਕਾਰ ਲਈ ਇਕ ਵੱਡਾ ਕੰਮ ਹੋਣ ਵਾਲਾ ਹੈ।
ਮੋਦੀ ਦੇ ਮੰਤਰ
ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਪਹਿਲਾਂ ਦੇ ਦੋ ਮੰਤਰਾਂ ਵਿਚ ਇਕ ਹੋਰ ਮੰਤਰ ਸ਼ਾਮਲ ਕਰ ਲਿਆ। ਉਨ੍ਹਾਂ ਨੇ ਆਪਣੇ ਪਹਿਲਾਂ ਦੇ ਦੋ ਮੰਤਰਾਂ ‘ਸਬ ਕਾ ਸਾਥ, ਸਬ ਕਾ ਵਿਕਾਸ’ ਵਿਚ ‘ਸਬ ਕਾ ਵਿਸ਼ਵਾਸ’ ਸ਼ਾਮਲ ਕਰ ਲਿਆ। ਮੈਂ ਇਨ੍ਹਾਂ ਮੰਤਰਾਂ ਦਾ ਸਵਾਗਤ ਕਰਦਾ ਹਾਂ। ਭਾਵੇਂ ਇਨ੍ਹਾਂ ਮੰਤਰਾਂ ਨੂੰ ਕਾਰਜ ਯੋਜਨਾ ਵਿਚ ਪਰਿਭਾਸ਼ਿਤ ਕਰਦੇ ਹੋਏ ਜ਼ਮੀਨੀ ਪੱਧਰ ’ਤੇ ਨਤੀਜੇ ਦਿਖਾਉਣ ਦੀ ਲੋੜ ਹੈ।
ਇਹ ਪ੍ਰਧਾਨ ਮੰਤਰੀ ਦਾ ਕੰਮ ਹੈ ਕਿ ਉਹ ਇਨ੍ਹਾਂ ਮੰਤਰਾਂ ਨੂੰ ਜ਼ਮੀਨੀ ਹਕੀਕਤਾਂ ਵਿਚ ਬਦਲਣ ਲਈ ਕਾਰਜ ਯੋਜਨਾ ਬਣਾਉਣ। ਕੀ ਮੋਦੀ ਇਹ ਕਰਨਗੇ? ਇਹ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਹਾਈ ਪ੍ਰੋਫਾਈਲ ਟੀਮ ਲਈ ਸੰਭਵ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਇਸ ਵਾਰ ਜ਼ਮੀਨੀ ਪੱਧਰ ’ਤੇ ਬਿਹਤਰ ਕਾਰਗੁਜ਼ਾਰੀ ਦਿਖਾਉਣੀ ਪਵੇਗੀ। ਇਨ੍ਹਾਂ ਕੰਮਾਂ ਲਈ ਮੰਤਰੀਆਂ ਤੋਂ ਚੁਣੌਤੀਆਂ ਦੀ ਪ੍ਰਕਿਰਤੀ ਅਤੇ ਕੰਮ ਦੀਆਂ ਤਰਜੀਹਾਂ ’ਤੇ ਕੇਂਦ੍ਰਿਤ ਹੋਣ ਦੀ ਆਸ ਕੀਤੀ ਜਾਂਦੀ ਹੈ। ਇਸ ਉਦੇਸ਼ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਇਕ ਸੁਧਾਰਵਾਦੀ ਰਾਹ ਅਪਣਾਉਣਾ ਪਵੇਗਾ ਪਰ ਅਤਿਅੰਤ ਚੌਕਸੀ ਦੇ ਨਾਲ।
ਕਿਉਂਕਿ ਉਤਪਾਦਕਤਾ ਇਕ ਮਹੱਤਵਪੂਰਨ ਕਾਰਕ ਹੈ, ਆਊਟਪੁੱਟ ਵਧਾਉਣ ਲਈ ਕੌਸ਼ਲ ਵਿਕਾਸ ਜਨਤਕ ਢਾਂਚੇ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਪੂੰਜੀ ਗਤੀਸ਼ੀਲਤਾ ਦੀ ਮਦਦ ਨਾਲ ਤਾਲਮੇਲ ਵਾਲੇ ਯਤਨਾਂ ਦੀ ਲੋੜ ਹੋਵੇਗੀ। ਇੰਨਾ ਹੀ ਮਹੱਤਵਪੂਰਨ ਹੋਵੇਗਾ ਊਰਜਾ ਉਤਪਾਦਨ। ਸੰਖੇਪ ਵਿਚ ਸਾਰਾ ਦਬਾਅ ਆਰਥਿਕ ਸੁਧਾਰਾਂ ਅਤੇ ਉਦਾਰੀਕਰਨ ਦੇ ਨਾਲ-ਨਾਲ ਖਰਾਬ ਕਰਜ਼ਿਆਂ ਤੋਂ ਸੇਫਟੀ ਨੈੱਟਵਰਕ ਯਕੀਨੀ ਕਰਨ ’ਤੇ ਹੋਵੇਗਾ। ਇਸ ਦੇ ਲਈ ਵਿੱਤੀ ਖੇਤਰ ਵਿਚ ਜ਼ੋਰਦਾਰ ਸੁਧਾਰ ਦੀ ਲੋੜ ਹੈ, ਵਿਸ਼ੇਸ਼ ਕਰਕੇ ਬੈਂਕਿੰਗ ਆਪ੍ਰੇਸ਼ਨਜ਼ ਵਿਚ। ਬਦਲੇ ਵਿਚ ਇਸ ਨੂੰ ਜ਼ਰੂਰਤ ਹੋਵੇਗੀ ਪਾਰਦਰਸ਼ਿਤਾ ਅਤੇ ਜਵਾਬਦੇਹੀ ਦੀ ਇਕ ਮਜ਼ਬੂਤ ਪ੍ਰਣਾਲੀ ਦੀ।
ਪ੍ਰਧਾਨ ਮੰਤਰੀ ਨੂੰ ਵਿਕੇਂਦਰੀਕਰਨ ’ਤੇ ਗੰਭੀਰਤਾ ਨਾਲ ਵਿਚਾਰ ਕਰਨਾ ਪਵੇਗਾ। ਸੱਤਾ ਦੇ ਸਾਰੇ ਤਾਰ ਪ੍ਰਧਾਨ ਮੰਤਰੀ ਦਫਤਰ (ਪੀ. ਐੱਮ. ਓ.) ਵਿਚ ਇਕੱਠੇ ਕਰਨਾ ਠੀਕ ਨਹੀਂ ਹੈ, ਜੋ ਆਮ ਤੌਰ ’ਤੇ ਬਦਲਦੀਆਂ ਜ਼ਮੀਨੀ ਹਕੀਕਤਾਂ ਦੇ ਸੰਪਰਕ ਵਿਚ ਨਹੀਂ ਹੁੰਦਾ। ਇਸ ਦੇ ਨਾਲ ਹੀ ਖੇਤੀ, ਜਲਵਾਯੂ ਤਬਦੀਲੀ ਅਤੇ ਗੁਣਵੱਤਾਪੂਰਨ ਬੀਜਾਂ, ਕੀਮਤਾਂ ਅਤੇ ਮਾਰਗਦਰਸ਼ਨ ਨੂੰ ਲੈ ਕੇ ਕਿਸਾਨਾਂ ਦੀ ਦੁਬਿਧਾ ਵਰਗੇ ਮਹੱਤਵਪੂਰਨ ਗ੍ਰਾਮੀਣ ਖੇਤਰਾਂ ਵਿਚ ਕੋਈ ਵੀ ਨੀਤੀ ਫੈਸਲਾ ਇਕ ਅਜਿਹਾ ਕੰਮ ਹੈ, ਜਿਸ ਨੂੰ ਇਸ ਖੇਤਰ ਵਿਚ ਤਜਰਬੇਕਾਰ ਵਿਅਕਤੀਆਂ ਲਈ ਛੱਡ ਦੇਣਾ ਚਾਹੀਦਾ ਹੈ, ਜਿਨ੍ਹਾਂ ਨਾਲ ਕਿਸਾਨਾਂ ਦੀਆਂ ਜ਼ਰੂਰਤਾਂ ਦੇ ਨਾਲ ਤਾਲਮੇਲ ਬਣਾ ਕੇ ਤਾਲਮੇਲ ਵਾਲੇ ਢੰਗ ਨਾਲ ਪਰਫਾਰਮ ਕਰਨ ਦੀ ਆਸ ਕੀਤੀ ਜਾਂਦੀ ਹੈ। ਇਹ ਪ੍ਰਧਾਨ ਮੰਤਰੀ ਮੋਦੀ ਦੇ ਪਹਿਲੇ ਕਾਰਜਕਾਲ ਤੋਂ ਸਿੱਖਣ ਦਾ ਸਹੀ ਸਬਕ ਹੈ, ਤਾਂ ਕਿ ਨੋਟਬੰਦੀ ਅਤੇ ਜੀ. ਐੱਸ. ਟੀ. ਦੇ ਮਾਮਲੇ ਨਾਲ ਢਿੱਲੇ-ਮੱਠੇ ਰਵੱਈਏ ਨਾਲ ਨਜਿੱਠਣ ਵਰਗੀਆਂ ਗਲਤੀਆਂ ਨਾ ਦੁਹਰਾਈਆਂ ਜਾਣ।
ਭਾਰਤ ਆਪਣੀ ਅਰਥ ਵਿਵਸਥਾ ਨੂੰ ਨਵੀਆਂ ਉਚਾਈਆਂ ’ਤੇ ਪਹੁੰਚਾ ਸਕਦਾ ਹੈ, ਜੇਕਰ ਇਸ ਦੇ ਲਈ ਜ਼ਿੰਮੇਵਾਰ ਵਿਅਕਤੀ ਗ੍ਰਾਮੀਣ ਜ਼ਮੀਨੀ ਹਕੀਕਤਾਂ ਨੂੰ ਸਮਝਣਾ ਸਿੱਖ ਲੈਣ ਅਤੇ ਨੀਤੀ ਫੈਸਲਾ ਲੈਣ ਤੋਂ ਪਹਿਲਾਂ ਸੋਚਣ ਅਤੇ ਉਸ ’ਤੇ ਉਚਿਤ ਪ੍ਰਤੀਕਿਰਿਆ ਦੇਣ। ਦੇਸ਼ ਨੂੰ ਅੱਧਪੱਕੇ ਸਿਆਸੀ ਮਾਹਿਰਾਂ ਦੇ ਨਾਲ ਇਕ ਖਾਲੀਪਣ ਦੀ ਸਥਿਤੀ ਵਿਚ ਨਹੀਂ ਚਲਾਇਆ ਜਾ ਸਕਦਾ। ਸਾਨੂੰ ਦੇਸ਼ ਦੀਆਂ ਗੁੰਝਲਦਾਰ ਆਰਥਿਕ ਚੁਣੌਤੀਆਂ ਨਾਲ ਕਾਰੋਬਾਰੀ ਤਰੀਕੇ ਨਾਲ ਨਜਿੱਠਣ ਦੀ ਲੋੜ ਹੈ, ਨਾ ਕਿ ਭਗਵਾ ਰੰਗ ਦੇ ‘ਮਾਹਿਰਾਂ’ ਨਾਲ।
ਐੱਸ. ਜੈਸ਼ੰਕਰ ਦੀ ਭੂਮਿਕਾ
ਜਿਥੋਂ ਤਕ ਸਾਊਥ ਬਲਾਕ ਦੀ ਗੱਲ ਹੈ, ਮੈਂ ਪ੍ਰੋਫੈਸ਼ਨਲ ਵਿਦੇਸ਼ ਮੰਤਰੀ ਦੇ ਤੌਰ ’ਤੇ ਐੱਸ. ਜੈਸ਼ੰਕਰ ਦੀ ਨਿਯੁਕਤੀ ਦਾ ਸਵਾਗਤ ਕਰਦਾ ਹਾਂ, ਭਾਵੇਂ ਪ੍ਰਧਾਨ ਮੰਤਰੀ ਮੋਦੀ ਖੁਦ ਵਿਦੇਸ਼ ਮੰਤਰੀ ਦੇ ਤੌਰ ’ਤੇ ਜਾਣੇ ਜਾਂਦੇ ਹਨ। ਇਸ ਦਾ ਅਰਥ ਇਹ ਹੋਇਆ ਕਿ ਜੈਸ਼ੰਕਰ ਨੂੰ ਆਪਣੀ ਭੂਮਿਕਾ ਦਾ ਪ੍ਰਧਾਨ ਮੰਤਰੀ ਮੋਦੀ ਦੀਆਂ ਸਰਗਰਮੀਆਂ ਅਤੇ ਸੰਸਾਰਕ ਮੰਚ ’ਤੇ ਪ੍ਰਤੀਕਿਰਿਆਵਾਂ ਨਾਲ ਤਾਲਮੇਲ ਬਿਠਾਉਣਾ ਪਵੇਗਾ। ਜੈਸ਼ੰਕਰ ਆਪਣੀ ਪਿਛਲੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੋਂ ਸਿੱਖ ਕੇ ਚੰਗਾ ਕਰਨਗੇ। ਸੁਸ਼ਮਾ ਇਕ ਲੋਕਪ੍ਰਿਯ ਜਨ-ਨਾਇਕ ਦੇ ਤੌਰ ’ਤੇ ਸ਼ਾਸਨ ਦੀ ਕਲਾ ਨੂੰ ਜਾਣਦੀ ਹੈ।
ਇੰਨਾ ਹੀ ਮਹੱਤਵਪੂਰਨ ਹੋਵੇਗਾ ਜੈਸ਼ੰਕਰ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਤਾਲਮੇਲ, ਜੋ ਨਰਿੰਦਰ ਮੋਦੀ ਦੇ ਕਰੀਬੀ ਵਿਸ਼ਵਾਸਪਾਤਰ ਹਨ ਅਤੇ ਮੋਦੀ ਦੀ ਸੱਤਾ ਵਿਚ ਇਕ ਅਤਿਅੰਤ ਸ਼ਕਤੀਸ਼ਾਲੀ ਹਸਤੀ ਦੇ ਰੂਪ ਵਿਚ ਉੱਭਰੇ ਹਨ।
ਜੋ ਵੀ ਹੋਵੇ, ਜੈਸ਼ੰਕਰ ਦੇ ਵਿਦੇਸ਼ ਮਾਮਲੇ ਘਰੇਲੂ ਨੀਤੀਆਂ ਦੇ ਨਾਲ ਨੇੜਿਓਂ ਤਾਲਮੇਲ ਬਣਾਈ ਰੱਖਣਗੇ, ਵਿਸ਼ੇਸ਼ ਤੌਰ ’ਤੇ ਕਸ਼ਮੀਰ ਅਤੇ ਹੋਰ ਨਾਜ਼ੁਕ ਘਰੇਲੂ ਮਾਮਲਿਆਂ ਦੇ ਨਾਲ, ਤਾਂ ਕਿ ਕੌਮਾਂਤਰੀ ਮੰਚ ’ਤੇ ਕੁਲ ਭਾਰਤੀ ਨੀਤੀਆਂ ਜ਼ਰੂਰੀ ਰਣਨੀਤਕ ਡੂੰਘਾਈ ਹਾਸਲ ਕਰ ਸਕਣ, ਜਿਸ ਦੀ ਅਜੇ ਘਾਟ ਹੈ।
ਗ੍ਰਹਿ ਮੰਤਰੀ ਅਮਿਤ ਸ਼ਾਹ ’ਤੇ ਕਰੀਬੀ ਨਜ਼ਰ ਰੱਖਣੀ ਪਵੇਗੀ। ਉਹ ਇਕ ਤਜਰਬੇਕਾਰ ਗ੍ਰਹਿ ਮੰਤਰੀ ਨਹੀਂ ਹਨ। ਪ੍ਰਧਾਨ ਮੰਤਰੀ ਮੋਦੀ ਤੋਂ ਵੀ ਵੱਧ ਉਨ੍ਹਾਂ ਦਾ ਮਨ ਰਾਸ਼ਟਰੀ ਨੀਤੀਆਂ ਦੇ ਸਾਰੇ ਪਹਿਲੂਆਂ ’ਤੇ ਰਹਿੰਦਾ ਹੈ। ਉਹ ਦਿਨ ਲੱਦ ਗਏ, ਜਦੋਂ ਇਕ ਵਾਰ ਚੁਣੇ ਜਾਣ ’ਤੇ ਸਿਆਸਤਦਾਨ ਸੋਚਦੇ ਸਨ ਕਿ ਉਹੀ ਕਾਨੂੰਨ ਹਨ।
ਵਣ ਸ਼ਕਤੀ ਅਤੇ ਜਲ ਸ਼ਕਤੀ ਨਾਲ ਮਿਲ ਸਕਦਾ ਹੈ ਜਿਊਣ ਲਾਇਕ ਚੌਗਿਰਦਾ
NEXT STORY