ਈਸਾ ਪੂਰਵ ਦੂਜੀ ਸਦੀ ’ਚ ਰੋਮਨ ਸ਼ਾਸਨਕਾਲ ਦੌਰਾਨ ਚੀਨ ਨੇ ਬੀਜਿੰਗ ਤੋਂ ਲੈ ਕੇ ਯੂਰਪ ਤੱਕ ਚੀਨ ਨੂੰ ਜੋੜਨ ਵਾਲਾ ਇਕ ਸਿਲਕ ਰੂਟ ਬਣਾਇਆ ਸੀ, ਜਿਸਦੇ ਜ਼ਰੀਏ ਸਭ ਤੋਂ ਪਹਿਲਾਂ ਯੂਰਪ ’ਚ ਸਿਲਕ ਪਹੁੰਚਿਆ ਅਤੇ ਇਸੇ ਰੂਟ ਰਾਹੀਂ ਭਾਰਤ ਤੋਂ ਚੀਨ ’ਚ ਬੁੱਧ ਮੱਤ ਪਹੁੰਚਿਆ। ਇਸੇ ਰੂਟ ਦੀ ਸਹਾਇਤਾ ਨਾਲ ਚੀਨ ਮਜ਼ਬੂਤ ਹੁੰਦਾ ਚੱਲਿਆ ਗਿਆ।
ਹੁਣ 2015 ਤੋਂ ਚੀਨ ਵਲੋਂ ਸ਼ੁਰੂ ਕੀਤੇ ਗਏ ‘ਵਨ ਬੈਲਟ ਵਨ ਰੂਟ’ ਦਾ ਕੰਸੈਪਟ ਵੀ ਇਹੀ ਹੈ ਕਿ ਇਸ ਇਲਾਕੇ ’ਚ ਵਪਾਰਕ ਰਿਸ਼ਤਿਆਂ ਨੂੰ ਬਿਹਤਰ ਬਣਾ ਕੇ ਅਤੇ ਆਪਣੇ ਕਾਰਖਾਨਿਆਂ ’ਚ ਬਣੇ ਉਤਪਾਦਾਂ ਨੂੰ ਅਮਰੀਕਾ ਜਾਂ ਕਿਸੇ ਹੋਰ ਵੱਡੇ ਦੇਸ਼ ’ਚ ਭੇਜਣ ਦੇ ਨਾਲ ਆਪਣੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਲਈ ਖਾਸ ਕਰ ਕੇ ਛੋਟੇ ਦੇਸ਼ਾਂ ’ਚ ਭੇਜਿਆ ਜਾਵੇ ਅਤੇ ਉਨ੍ਹਾਂ ਸਭ ਦੇਸ਼ਾਂ ਦੀਆਂ ਸੜਕਾਂ ਅਤੇ ਬੰਦਰਗਾਹਾਂ ਜ਼ਰੀਏ ਇਹ ਸਭ ਵਸਤਾਂ ਦੁਨੀਆ ਭਰ ’ਚ ਸਪਲਾਈ ਕੀਤੀਆਂ ਜਾਣ।
900 ਅਰਬ ਡਾਲਰ ਦੀ ਇਸ ਯੋਜਨਾ ਦਾ ਉਦੇਸ਼ ਇਨਫ੍ਰਾਸਟ੍ਰਕਚਰ ’ਚ ਨਿਵੇਸ਼ ਰਾਹੀਂ ਗਲੋਬਲਾਈਜ਼ੇਸ਼ਨ ਦੇ ਇਕ ਨਵੇਂ ਦੌਰ ਦੀ ਸ਼ੁਰੂਆਤ ਕਰਨਾ ਸੀ।
ਬੀਜਿੰਗ ਦਾ ਕਹਿਣਾ ਸੀ ਕਿ ਉਹ 68 ਦੇਸ਼ਾਂ ’ਚ ਇਨਫ੍ਰਾਸਟ੍ਰਕਚਰ ਲਈ 8 ਟ੍ਰਿਲੀਅਨ ਡਾਲਰ ਤੱਕ ਦਾ ਕਰਜ਼ਾ ਦੇਵੇਗਾ। ਇਸ ਯੋਜਨਾ ’ਚ ਦੁਨੀਆ ਦੀ 65 ਫੀਸਦੀ ਆਬਾਦੀ ਅਤੇ ਦੁਨੀਆ ਦਾ ਇਕ-ਤਿਹਾਈ ਹਿੱਸਾ ਸ਼ਾਮਲ ਹੈ।
ਸਭ ਤੋਂ ਸਪੱਸ਼ਟ ਲਾਭ ਇਹ ਹੈ ਕਿ ਨਵੇਂ ਬਾਜ਼ਾਰਾਂ ਨਾਲ ਵਪਾਰ ਕਰਨ ਨਾਲ ਚੀਨ ਦੀ ਰਾਸ਼ਟਰੀ ਅਰਥਵਿਵਸਥਾ ਨੂੰ ਮਜ਼ਬੂਤ ਬਣਾਏ ਰੱਖਣ ’ਚ ਕਾਫੀ ਸਹਾਇਤਾ ਮਿਲ ਸਕਦੀ ਹੈ ਅਤੇ ਚੀਨ ਨੂੰ ਹੋਣ ਵਾਲੇ ਆਰਥਿਕ ਲਾਭ ਤੋਂ ਇਲਾਵਾ ਉਹ ਦੇਸ਼ ਪ੍ਰਤੱਖ ਜਾਂ ਅਪ੍ਰਤੱਖ ਰੂਪ ਨਾਲ ਚੀਨ ਦੇ ਪ੍ਰਭਾਵ ਜਾਂ ਕੰਟਰੋਲ ’ਚ ਆ ਜਾਵੇਗਾ।
ਇਸੇ ਵੈਂਚਰ ਦੇ ਜ਼ਰੀਏ ਚੀਨ ਨੇ ਗਵਾਦਰ ਦਾ ਰੂਟ ਬਣਾਉਣ ਦੀ ਵੀ ਯੋਜਨਾ ਬਣਾਈ ਸੀ ਪਰ ਅਫਗਾਨਿਸਤਾਨ ਅਤੇ ਪਾਕਿਸਤਾਨ ਨੂੰ ਵੰਡਣ ਵਾਲੀ ਡੂਰੰਡ ਲਾਈਨ ਬਾਰੇ ਅਫਗਾਨਿਸਤਾਨ ਦਾ ਇਹ ਮੰਨਣਾ ਸੀ ਕਿ ਇਹ ਗਲਤ ਲਾਈਨ ਬਣਾਈ ਗਈ ਹੈ ਕਿਉਂਕਿ ਭਾਰਤ ’ਚ ਬੈਠੇ ਇਹ ਲਾਈਨ ਨਿਰਧਾਰਤ ਕਰਨ ਵਾਲੇ ‘ਹੈਨਰੀ ਮੋਰਟੀਮਰ ਡੂਰੰਡ’ ਨੇ ਇਹ ਇਲਾਕਾ ਕਦੇ ਦੇਖਿਆ ਵੀ ਨਹੀਂ ਸੀ, ਇਸ ਲਈ ਉਸਨੂੰ ਪਤਾ ਹੀ ਨਹੀਂ ਸੀ ਕਿ ਫਲਾਣਾ ਦੇਸ਼ ਅਤੇ ਫਲਾਣੇ ਕਬੀਲੇ ਨੇ ਕਿਸ ਪਾਸੇ ਜਾਣਾ ਹੈ। ਉਸ ਨੇ ਤਾਂ ਇਕ ਹੀ ਜਗ੍ਹਾ ’ਤੇ ਬੈਠ ਕੇ ਇਹ ਲਾਈਨ ਖਿੱਚ ਦਿੱਤੀ ਸੀ। ਉਦੋਂ ਤੋਂ ਇਹ ਵਿਵਾਦ ਚੱਲਿਆ ਆ ਰਿਹਾ ਹੈ।
ਡੂਰੰਡ ਲਾਈਨ ਦਾ ਪੱਛਮੀ ਕੰਢਾ ਈਰਾਨ ਅਤੇ ਪੂਰਬੀ ਕੰਢਾ ਚੀਨ ਦੀ ਸਰਹੱਦ ਨਾਲ ਮਿਲਦਾ ਹੈ। ਇਕ ਪਾਸੇ ਅਫਗਾਨਿਸਤਾਨ ਇਸ ਨੂੰ ਸਵੀਕਾਰ ਨਹੀਂ ਕਰਦਾ ਅਤੇ ਦੂਜੇ ਪਾਸੇ ਬਲੋਚਿਸਤਾਨ ਦੇ ਲੋਕ ਵੀ ਇਸ ਨੂੰ ਸਵੀਕਾਰ ਨਹੀਂ ਕਰਦੇ। ਬਲੋਚਿਸਤਾਨ ਦੇ ਲੋਕ ਸ਼ੁਰੂ ਤੋਂ ਹੀ ਮਾਮਲੇ ’ਚ ਬਹੁਤ ਹਮਲਾਵਰੀ ਸਨ ਅਤੇ ਉਹ ਪਾਕਿਸਤਾਨ ਦੇ ਨਾਲ ਨਹੀਂ ਰਹਿਣਾ ਚਾਹੁੰਦੇ। ਉਹ ਇਹ ਵੀ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਇੱਥੇ ਚੀਨੀ ਆਉਣ। ਇਹੀ ਕਾਰਨ ਹੈ ਕਿ ਨਿਰਮਾਣ ਸ਼ੁਰੂ ਹੋਣ ਦੇ ਸਮੇਂ ਤੋਂ ਹੀ ਉੱਥੇ ਹਿੰਸਾ ਜਾਰੀ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਚੀਨ ਇਸ ਰੋਡ ਦਾ ਨਿਰਮਾਣ ਉੱਥੇ ਗੋਲਡ ਤੋਂ ਲੈ ਕੇ ਹੋਰ ਸਭ ਪ੍ਰਕਾਰ ਦੀ ਸਭ ਤੋਂ ਵੱਧ ਅਤੇ ਬਹੁਤ ਕੀਮਤੀ ਖਣਿਜ ਸੰਪਦਾ ਹੋਣ ਦੇ ਕਾਰਨ ਕਰ ਰਿਹਾ ਹੈ। ਬਲੋਚਿਸਤਾਨ ਦੇ ਲੋਕਾਂ ਨੂੰ ਇਹ ਡਰ ਹੈ ਕਿ ਚੀਨ ਇਸ ਸੰਪਦਾ ਨੂੰ ਹੜੱਪ ਲਵੇਗਾ ਕਿਉਂਕਿ ਪਾਕਿਸਤਾਨ ਦੀ ਸਰਕਾਰ ਨੇ ਚੀਨ ਸਰਕਾਰ ਨੂੰ ਇਸ ਸਾਰੇ ਖੇਤਰ ਦੀ ਖਣਿਜ ਸੰਪਦਾ ਨੂੰ ਲੈਣ ਦੀ ਇਜਾਜ਼ਤ ਦੇ ਦਿੱਤੀ ਹੈ।
ਇਸੇ ਕਾਰਨ ਪਾਕਿਸਤਾਨ ’ਚ ਸਥਿਤ ਗਵਾਦਰ ਬੰਦਰਗਾਹ ਨੂੰ ਚੀਨ ਦੇ ਬੈਲਟ ਐਂਡ ਰੋਡ ਪ੍ਰਾਜੈਕਟ ਦਾ ਨਗੀਨਾ ਮੰਨਿਆ ਜਾ ਰਿਹਾ ਸੀ, ਅੱਜ ਉਹ ਚੀਨ ਦੇ ਸ਼ਾਸਕਾਂ ਲਈ ਬਹੁਤ ਵੱਡੀ ਸਮੱਸਿਆ ਬਣ ਗਿਆ ਹੈ ਕਿ ਉਹ ਕਿਸ ਤਰ੍ਹਾਂ ਇਸ ਰੂਟ ਨੂੰ ਮੈਨੇਜ ਕਰ ਸਕਣਗੇ। ਬਲੋਚ ਲਿਬਰੇਸ਼ਨ ਆਰਮੀ ਅਤੇ ਹੋਰ ਵਿਦ੍ਰੋਹੀ ਸਮੂਹਾਂ ਨੇ ਵਾਰ-ਵਾਰ ਚੀਨੀ ਹਿੱਤਾਂ ਅਤੇ ਕਰਮਚਾਰੀਆਂ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਸੀ.ਪੀ.ਈ.ਸੀ. ਪ੍ਰਾਜੈਕਟ ਸਥਾਨਕ ਸਰੋਤਾਂ ਦੀ ਨਾਜਾਇਜ਼ ਵਰਤੋਂ ਕਰਦੇ ਹਨ ਪਰ ਬਲੋਚ ਆਬਾਦੀ ਨੂੰ ਲੋੜੀਂਦਾ ਲਾਭ ਨਹੀਂ ਪਹੁੰਚਾਉਂਦੇ।
ਬਲੋਚ ਲਿਬਰੇਸ਼ਨ ਆਰਮੀ ਦੀ ਮਜੀਦ ਬ੍ਰਿਗੇਡ ਰਵਾਇਤੀ ਗੁਰੀਲਾ ਹਮਲਿਆਂ ਤੋਂ ਅੱਗੇ ਵਧ ਕੇ ਆਤਮਘਾਤੀ ਮੁਹਿੰਮਾਂ ਵੱਲ ਵਧ ਗਈ ਹੈ, ਜਿਨ੍ਹਾਂ ਦਾ ਉਦੇਸ਼ ਵੱਡੀ ਗਿਣਤੀ ’ਚ ਉੱਥੇ ਮੌਜੂਦ ਚੀਨੀ ਫੌਜੀਆਂ, ਕੰਮ ਕਰਨ ਵਾਲੇ ਇੰਜੀਨੀਅਰਾਂ ਅਤੇ ਮਜ਼ਦੂਰਾਂ ਨੂੰ ਮਾਰਨਾ ਹੈ। ਇਸੇ ਕਾਰਨ ਪਾਕਿਸਤਾਨ ਦਾ ਗਵਾਦਰ ਬੰਦਰਗਾਹ ਪ੍ਰਾਜੈਕਟ ਚੀਨ ਲਈ ਮੁਸੀਬਤ ਬਣ ਗਿਆ ਹੈ ਅਤੇ ਉਹ ਇਸ ਨੂੰ ਨਾ ਹੀ ਨਿਗਲ ਪਾ ਰਿਹਾ ਹੈ ਅਤੇ ਨਾ ਹੀ ਉਗਲ ਪਾ ਰਿਹਾ ਹੈ ਅਤੇ ਹਿੰਸਕ ਵਿਦ੍ਰੋਹ , ਕਮਜ਼ੋਰ ਵਪਾਰਕ ਗਤੀਵਿਧੀਆਂ ਅਤੇ ਇਸਲਾਮਾਬਾਦ ਦੀਆਂ ਆਰਥਿਕ ਪ੍ਰੇਸ਼ਾਨੀਆਂ ਇਸ ਬੰਦਰਗਾਹ ਨੂੰ ਬੀਜਿੰਗ ਲਈ ਲਗਾਤਾਰ ਮਹਿੰਗਾ ਬਣਾ ਰਹੀਆਂ ਹਨ।
ਅੱਜ ਗਵਾਦਰ ਬੰਦਰਗਾਹ ਪ੍ਰਾਜੈਕਟਾਂ ਸੁਰੱਖਿਆ ਖਤਰਿਆਂ, ਕਮਜ਼ੋਰ ਵਪਾਰਕ ਗਤੀਵਿਧੀਆਂ, ਸਥਾਨਕ ਅਸੰਤੋਸ਼ ਅਤੇ ਵਧਦੇ ਵਿੱਤੀ ਦਬਾਅ ’ਚ ਘਿਰ ਗਿਆ ਹੈ। ਇਸ ਨਾਲ ਇਹ ਸਵਾਲ ਉੱਠਣ ਲੱਗਾ ਹੈ ਕਿ ਕੀ ਇਹ ਪ੍ਰਾਜੈਕਟ ਉਹ ਰਣਨੀਤਕ ਲਾਭ ਦੇ ਪਾਵੇਗਾ, ਜਿਸ ਦੀ ਉਮੀਦ ਕਦੇ ਚੀਨ ਨੇ ਕੀਤੀ ਸੀ ਪਰ ਆਪਣੇ ਹਾਲਾਤ ਨੂੰ ਉੱਚਿਤ ਠਹਿਰਾਉਣ ਲਈ ਹੁਣ ਚੀਨ ਇਹ ਦੋਸ਼ ਲਾ ਰਿਹਾ ਹੈ ਕਿ ਭਾਰਤ ਨੂੰ ਵੀ ਚਾਬਹਾਰ ’ਚ ਅਜਿਹੀ ਹੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਗਵਾਦਰ ਦੇ ਆਲੇ-ਦੁਆਲੇ ਹੋਣ ਵਾਲੇ ਘਟਨਾਚੱਕਰਾਂ ’ਤੇ ਭਾਰਤ ਦੀ ਵੀ ਕਰੀਬੀ ਨਜ਼ਰ ਹੈ, ਜਿਸਨੇ ਈਰਾਨ ਦੇ ਚਾਬਹਾਰ ਬੰਦਰਗਾਹ ’ਤੇ ਧਿਆਨ ਕੇਂਦਰਿਤ ਕੀਤਾ ਹੈ। ਭਾਰਤ ਦਾ ਚਾਬਹਾਰ ਦਾ ਟ੍ਰੇਡ ਰੂਟ ਵੀ ਹੁਣ ਬਹੁਤ ਮਹੱਤਵਪੂਰਨ ਹੈ। ਹਾਲਾਂਕਿ ਕਈ ਲੋਕਾਂ ਦਾ ਕਹਿਣਾ ਹੈ ਕਿ ਭਾਰਤ ਨੇ ਚਾਬਹਾਰ ਨੂੰ ਛੱਡ ਦਿੱਤਾ ਹੈ ਪਰ ਅਸੀਂ ਚਾਬਹਾਰ ਨੂੰ ਪੂਰੀ ਤਰ੍ਹਾਂ ਨਾਲ ਛੱਡਿਆ ਨਹੀਂ ਹੈ ਅਤੇ ਇਹ ਜਿੰਨਾ ਵੀ ਬਣਿਆ ਹੈ, ਉਸ ਦਾ ਸੰਚਾਲਨ ਕਰਨ ਲਈ ਈਰਾਨ ਨੂੰ ਦਿੱਤਾ ਹੈ। ਇਹ ਬੰਦਰਗਾਹ ਗਵਾਦਰ ਤੋਂ ਸੜਕ ਮਾਰਗ ਤੋਂ ਲਗਭਗ 170 ਕਿਲੋਮੀਟਰ ਅਤੇ ਸਮੁੰਦਰ ਦੇ ਰਸਤੇ ਕਰੀਬ 100 ਕਿਲੋਮੀਟਰ ਦੂਰ ਹੈ। ਭਾਰਤ ਨੂੰ ਇਸ ਦੀ ਜ਼ਰੂਰਤ ਤਾਂ ਹੈ ਪਰ ਮੌਜੂਦਾ ਘਟਨਾਚੱਕਰ ਦੇ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।
ਨਿਵੇਸ਼ ਕਿੱਥੇ ਕਰੀਏ, ਸਹੀ ਫ਼ੈਸਲਾ ਕਿਵੇਂ ਲਈਏ?
NEXT STORY