ਵਿਨੋਦ ਸਹਿਗਲ
ਅਜਿਹਾ ਜਾਪਦਾ ਹੈ ਕਿ ਭਾਰਤ ’ਚ ਅਤੇ ਪੱਛਮੀ ਦੁਨੀਆ ’ਚ ਕਈ ਟਿੱਪਣੀਕਾਰਾਂ ਨੇ ਇਹ ਮੰਨ ਲਿਆ ਹੈ ਕਿ ਤਾਲਿਬਾਨ 2.0 ਉਨ੍ਹਾਂ ਲੋਕਾਂ ਵਾਂਗ ਹੋਣ ਜਾ ਰਿਹਾ ਹੈ, ਜਿਨ੍ਹਾਂ ਨੇ 1996 ’ਚ ਨਜੀਬਉੱਲਾ ਦੇ ਪਤਨ ਦੇ ਬਾਅਦ ਸੱਤਾ ਸੰਭਾਲੀ ਸੀ।
ਤਾਲਿਬਾਨ ਵੱਲੋਂ ਕਾਬੁਲ ’ਤੇ ਕਬਜ਼ਾ ਕਰਨ ਅਤੇ ਅਫਗਾਨਿਸਤਾਨ ਦੇ ਮਾਲਿਕ ਬਣਨ ਦੇ ਬਾਵਜੂਦ, ਅਮਰੀਕਾ ਅਤੇ ਕਈ ਹੋਰ ਦੇਸ਼ ਆਪਣੇ ਨਾਗਰਿਕਾਂ ਨੂੰ ਉਥੋਂ ਕੱਢ ਰਹੇ ਹਨ। ਅਸਲ ’ਚ ਉਨ੍ਹਾਂ ਨੇ ਕਾਫੀ ਵੱਡੀ ਨਿਕਾਸੀ ਯਕੀਨੀ ਬਣਾਉਣ ਲਈ 5 000 ਹੋਰ ਫੌਜੀਆਂ ਨੂੰ ਕਾਬੁਲ ਹਵਾਈ ਅੱਡੇ ’ਤੇ ਭੇਜਿਆ ਹੈ।
ਉਨ੍ਹਾਂ ਦੇ ਹੈਲੀਕਾਪਟਰ ਆਪਣੀ ਮਰਜ਼ੀ ਨਾਲ ਦੂਤਘਰ ਕੰਪਲੈਕਸ ਤੋਂ ਕਾਬੁਲ ਦੇ ਉਪਰੋਂ ਉਡਾਣ ਭਰ ਰਹੇ ਹਨ। ਅਮਰੀਕੀ ਦੋਹਾ ’ਚ ਇਕ ਸਮਝੌਤੇ ’ਤੇ ਪਹੁੰਚੇ ਸਨ ਕਿ ਤਾਲਿਬਾਨ ਉਨ੍ਹਾਂ ਦੇ ਫੌਜੀਆਂ ’ਤੇ ਪੁਲਆਊਟ ਪੜਾਵਾਂ ਦਰਮਿਆਨ ਹਮਲਾ ਨਹੀਂ ਕਰੇਗਾ। ਇਸੇ ਤਰ੍ਹਾਂ ਜਿੱਥੇ ਹੈਰਾਤ ਅਤੇ ਕੁਝ ਸ਼ਹਿਰਾਂ ’ਚ ਔਰਤਾਂ ’ਤੇ ਅੱਤਿਆਚਾਰ ਦੀਆਂ ਇੱਕਾ-ਦੁੱਕਾ ਘਟਨਾਵਾਂ ਹੋਈਆਂ ਹਨ, ਉੱਥੇ ਕਾਬੁਲ ’ਚ ਅਜਿਹੀ ਕੋਈ ਘਟਨਾ ਨਹੀਂ ਹੋਈ।
ਇਸ ਦੇ ਉਲਟ ਭਰੋਸਾ ਦਿੱਤਾ ਗਿਆ ਕਿ ਔਰਤਾਂ ਕੰਮ ਕਰਨਾ ਜਾਰੀ ਰੱਖ ਸਕਦੀਆਂ ਹਨ। ਇਕ ਬਿਊਟੀ ਸੈਲੂਨ ਦੀ ਕੰਧ ’ਤੇ ਇਕ ਔਰਤ ਦੀ ਤਸਵੀਰ ’ਤੇ ਪੇਂਟ ਕਰਨ ਦਾ ਨਤੀਜਾ ਉਨ੍ਹਾਂ ਵੱਲੋਂ ਦਿੱਤੇ ਬਿਆਨਾਂ ਦੇ ਰੂਪ ’ਚ ਨਿਕਲਦਾ ਹੈ ਕਿ ਉਨ੍ਹਾਂ ਦੇ ਮਨ ’ਚ ਕੀ ਹੈ?
1996 ’ਚ ਸੱਤਾ ਸੰਭਾਲਣ ਵਾਲੇ ਤਾਲਿਬਾਨ ਸਿੱਧੇ ਪਾਕਿਸਤਾਨ ਦੇ ਮਦਰੱਸਿਆਂ ਤੋਂ ਸਨ। ਉਨ੍ਹਾਂ ਨੇ ਹੋਰ ਕੁਝ ਨਹੀਂ ਦੇਖਿਆ ਸੀ ਅਤੇ ਆਪਣੀ, ਦਾਰੀ ਤੇ ਪਸ਼ਤੋ ਦੇ ਇਲਾਵਾ ਕੋਈ ਹੋਰ ਭਾਸ਼ਾ ਨਹੀਂ ਬੋਲਦੇ ਸਨ। ਉਨ੍ਹਾਂ ਦਾ ਸਰਵਉੱਚ ਨੇਤਾ ਇਕ ਅੱਖ ਵਾਲਾ ਮੁੱਲਾ ਉਮਰ ਕੱਟੜ ਅਤੇ ਕਥਿਤ ਤੌਰ ’ਤੇ ਅਨਪੜ੍ਹ ਸੀ। ਅੱਜ ਦੇ ਤਾਲਿਬਾਨੀ ਨੇਤਾਵਾਂ ਨੇ ਦੁਨੀਆ ਦੇਖੀ ਹੈ। ਦੁਨੀਆ ਦੇ ਕਈ ਨੇਤਾਵਾਂ ਨਾਲ ਮੁਲਾਕਾਤ ਕੀਤੀ ਹੈ, ਜਦਕਿ ਕੁਝ ਹੀ ਅੰਗਰੇਜ਼ੀ ਬੋਲਦੇ ਹਨ, ਵਧੇਰੇ ਇਸ ਨੂੰ ਸਮਝਦੇ ਹਨ।
ਉਹ ਪਿਛਲੇ 20 ਸਾਲਾਂ ’ਚ ਦੇਸ਼ ’ਚ ਹੋਈਆਂ ਤਬਦੀਲੀਆਂ ਦੀ ਸ਼ਲਾਘਾ ਕਰਦੇ ਹਨ। ਕੋਈ ਕਾਰਨ ਨਹੀਂ ਕਿ ਉਹ ਉਨ੍ਹਾਂ ਨੂੰ ਵਾਪਸ ਮੋੜ ਦੇਣਗੇ। ਉਹ ਸੰਸਾਰਕ ਤੌਰ ’ਤੇ ਸਮਝਦਾਰ ਹੋ ਗਏ ਹਨ। ਖਾਨਾਜੰਗੀ ਵੀ ਨਹੀਂ ਹੋਵੇਗੀ। ਉਨ੍ਹਾਂ ਦੀ ਰਣਨੀਤੀ ਉੱਤਮ ਸੀ। ਉਨ੍ਹਾਂ ਨੇ ਮੁੱਖ ਤੌਰ ’ਤੇ ਦੇਸ਼ ਦੇ ਉੱਤਰੀ ਹਿੱਸੇ ’ਤੇ ਕਬਜ਼ਾ ਕਰਨ ’ਤੇ ਧਿਆਨ ਕੇਂਦਰਿਤ ਕੀਤਾ, ਜਿੱਥੇ ਤਾਜਿਕ, ਹਜ਼ਾਰਾ ਅਤੇ ਉਜਬੇਕ ਵਸੇ ਹੋਏ ਹਨ। 2001 ’ਚ ਉੱਤਰੀ ਗਠਜੋੜ ਕਾਬੁਲ ’ਚ ਸ਼ੋਮਾਲੀ ਮੈਦਾਨਾਂ (ਅਮਰੀਕੀ ਬੰਬ ਵਰ੍ਹਾਉਣ ਵਾਲਿਆਂ ਵੱਲੋਂ ਕਾਰਪੇਟ ਬੰਬਿੰਗ ਦੇ ਬਾਅਦ) ’ਚ ਪਹੁੰਚ ਗਿਆ ਸੀ, ਜਿਸ ਦੀ ਅਗਵਾਈ ਪਹਿਲੀ ਸਰਕਾਰ ’ਚ ਰੱਖਿਆ ਮੰਤਰੀ ਜਨਰਲ ਬਿਸਮਿੱਲਾਹ ਖਾਨ ਨੇ ਕੀਤੀ ਸੀ।
ਸਿਪਾਹਸਲਾਰਾਂ ਦੇ ਟਿਕਾਣਿਆਂ ’ਤੇ ਕਬਜ਼ਾ ਕਰ ਲਿਆ ਗਿਆ, ਇਸਮਾਈਲ ਨੂੰ ਹਿਰਾਸਤ ’ਚ ਲੈ ਲਿਆ ਗਿਆ ਅਤੇ ਅੱਤਾ ਮੁਹੰਮਦ ਨੂਰ ਦੇ ਨਾਲ-ਨਾਲ ਅਬਦੁਲ ਰਾਸ਼ਿਦ ਦੋਸਤਮ ਉਜ਼ਬੇਕਿਸਤਾਨ ਭੱਜ ਗਏ ਹਨ। ਉਹ ਵਾਪਸ ਨਹੀਂ ਆਉਣ ਵਾਲੇ। 1996 ’ਚ ਕਾਬੁਲ ’ਤੇ ਕਬਜ਼ਾ ਕਰਨ ਵਾਲੇ ਹਿਕਮਤਯਾਰ ਪਰ੍ਹੇ ਹੀ ਰਹੇ।
ਇਹ ਯਕੀਨੀ ਬਣਾਉਣ ਲਈ ਕਿ ਇਨ੍ਹਾਂ ਹਿੱਸਿਆਂ ’ਚ ਗ੍ਰਾਮ ਪ੍ਰਧਾਨ ਵਿਰੋਧ ’ਚ ਨਾ ਉੱਠਣ, ਤਾਲਿਬਾਨ ਵੱਲੋਂ ਉਨ੍ਹਾਂ ਨੂੰ ਆਪਣੇ ਰੀਤੀ-ਰਿਵਾਜਾਂ ਦੀ ਪਾਲਣਾ ਕਰਨ ਲਈ ਵੱਖਰਾ ਛੱਡ ਦੇਣ ਦੀ ਸੰਭਾਵਨਾ ਹੈ। ਤਹਿਰਾਨ ਨੂੰ ਖੁਸ਼ ਕਰਨ ਲਈ ਹਜ਼ਾਰਾਂ ਦੇ ਨਾਲ ਵੀ ਚੰਗਾ ਸਲੂਕ ਕੀਤਾ ਜਾਵੇਗਾ।
ਤਾਲਿਬਾਨ ਲੀਡਰਸ਼ਿਪ ਇਕਜੁੱਟ ਰਹੇਗੀ। ਤਾਲਿਬਾਨ ਲੀਡਰਸ਼ਿਪ ਦੇ ਟੁੱਟਣ ਦੀ ਗੱਲ ਕਾਹਲੀ ਹੈ। ਉਨ੍ਹਾਂ ਨੇ ਜੋ ਇਨਾਮ ਜਿੱਤਿਆ ਹੈ ਉਹ ਬਹੁਤ ਵੱਡਾ ਹੈ, ਜ਼ਿੰਮੇਵਾਰੀ ਵੀ ਓਨੀ ਹੀ ਭਾਰੀ ਹੈ। ਉਹ ਫੈਸਲਾ ਲੈਣ ਲਈ ਪੂਰੀ ਤਰ੍ਹਾਂ ਆਜ਼ਾਦੀ ਦੇ ਨਾਲ ਹਰੇਕ ਨੂੰ ਦਿੱਤੀ ਗਈ ਜ਼ਿੰਮੇਵਾਰੀ ਨਾਲ ਇਕਜੁੱਟ ਰਹਿਣਗੇ।
ਇਕ ਵਾਰ ਜਦੋਂ ਤਾਲਿਬਾਨ ਨੇਤਾ ਅੰਦਰੂਨੀ ਤੌਰ ’ਤੇ ਪੂਰੀ ਤਰ੍ਹਾਂ ਨਾਲ ਮਜ਼ਬੂਤ ਹੋ ਜਾਣਗੇ ਤਾਂ ਉਹ ਕੌਮਾਂਤਰੀ ਸਬੰਧਾਂ ’ਤੇ ਵੱਧ ਵਿਚਾਰ ਕਰਨ ’ਚ ਸਮਰੱਥ ਹੋਣਗੇ। ਸ਼ੁਰੂਆਤ ’ਚ ਉਹ ਪਾਕਿਸਤਾਨ ਅਤੇ ਚੀਨ ਨਾਲ ਆਪਣੇ ਗੂੜ੍ਹੇ ਸਬੰਧਾਂ ਦਾ ਸਨਮਾਨ ਕਰਨਗੇ, ਦੇਸ਼ ’ਤੇ ਕਬਜ਼ਾ ਕਰਨ ਲਈ ਦਿੱਤੀ ਗਈ ਮਦਦ ਨੂੰ ਧਿਆਨ ’ਚ ਰੱਖਦੇ ਹੋਏ।
ਇਹ ਸੰਭਵ ਹੈ ਕਿ ਇਕ ਵਾਰ ਆਪਣੇ ਪੈਰ ਜਮਾ ਲੈਣ ਦੇ ਬਾਅਦ, ਉਹ ਆਪਣੀ ਇਕਤਰਫਾ ਨਿਰਭਰਤਾ ਨੂੰ ਦੂਰ ਕਰਨ ਲਈ ਪੱਛਮ ਦੇ ਨੇੜੇ ਆਉਣਾ ਚਾਹੁਣ। ਰੂਸ ਅਤੇ ਮੱਧ ਏਸ਼ੀਆਈ ਗਣਰਾਜਾਂ ਦੇ ਨਾਲ ਮਿੱਤਰਤਾਪੂਰਨ ਸਬੰਧਾਂ ਨੂੰ ਪਹਿਲ ਦਿੱਤੀ ਜਾਵੇਗੀ। ਉਹ ਅਲ-ਕਾਇਦਾ ਜਾਂ ਆਇਸਿਸ (ਆਈ. ਐੱਸ. ਆਈ. ਐੱਸ.) ਨੂੰ ਇਨ੍ਹਾਂ ਕਰੀਬੀ ਗੁਆਂਢੀਆਂ ਦੇ ਨਾਲ ਆਪਣੇ ਸਬੰਧਾਂ ਨੂੰ ਖਤਰੇ ’ਚ ਪਾਉਣ ਦੀ ਇਜਾਜ਼ਤ ਦੇਣ ਦੀ ਸੰਭਾਵਨਾ ਨਹੀਂ ਰੱਖਦੇ। ਇਸੇ ਤਰ੍ਹਾਂ ਉਹ ਉਨ੍ਹਾਂ ਨੂੰ ਆਪਣੀ ਧਰਤੀ ’ਤੇ ਸੰਚਾਲਨ ਸ਼ੁਰੂ ਕਰਨ ਦੀ ਇਜਾਜ਼ਤ ਨਹੀਂ ਦੇ ਸਕਦੇ।
ਭਾਰਤ ਨੂੰ ਪਿਛਲੀ ਸਰਕਾਰ ਦੇ ਆਪਣੇ ਸਮਰਥਨ ਦੀ ਰੱਖਿਆ ਕਰਨ ਦੀ ਲੋੜ ਨਹੀਂ ਹੈ। ਤਾਲਿਬਾਨ ਲੀਡਰਸ਼ਿਪ ਨੂੰ ਪਤਾ ਹੋਵੇਗਾ ਕਿ ਵਧੇਰੇ ਅਫਗਾਨਾਂ ਲਈ ਭਾਰਤ ਸਭ ਤੋਂ ਪ੍ਰਸ਼ੰਸਕ ਅਤੇ ਭਰੋਸੇਯੋਗ ਦੇਸ਼ ਹੈ। ਸਮਾਂ ਬੀਤਣ ਦੇ ਨਾਲ ਉਹ ਇਸ ’ਤੇ ਵਿਸ਼ਵਾਸ ਕਰਨ ਲੱਗਣਗੇ।
ਭਾਰਤ ਇਕ ਦੇਸ਼ ਨਹੀਂ ਹੈ ਜਿਸ ਨੂੰ ਨਜ਼ਰਅੰਦਾਜ਼ ਕੀਤਾ ਜਾਵੇ। ਇਸ ਲਈ ਭਾਰਤ ਨੂੰ ਇਕ ਸੁਤੰਤਰ ਨੀਤੀ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਨੂੰ ਤਾਲਿਬਾਨ ਨੂੰ ਹੌਸਲਾਪੂਰਵਕ ਅਤੇ ਸਿੱਧੇ ਤੌਰ ’ਤੇ ਤਜਵੀਜ਼ ਦੇਣ ਤੋਂ ਸੰਕੋਚ ਨਹੀਂ ਕਰਨੀ ਚਾਹੀਦੀ।
ਆਖਿਰ ’ਚ ਇਸ ਖੇਤਰ ਦੇ ਦੇਸ਼ਾਂ ਨੂੰ ਪਤਾ ਲੱਗ ਜਾਵੇਗਾ ਕਿ ਉਨ੍ਹਾਂ ਨੇ ਜਿੰਨੇ ਅਮਰੀਕੀ ਹਥਿਆਰਾਂ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਹੈ, ਉਹ ਕਿਸੇ ਵੀ ਅਜਿਹੇ ਗੁਆਂਢੀ ਦੀ ਬਰਾਬਰੀ ਤੋਂ ਵੱਧ ਹਨ, ਜੋ ਉਨ੍ਹਾਂ ਦਾ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕਰੇਗਾ। ਕੁਝ ਸਾਲਾਂ ’ਚ ਪਾਕਿਸਤਾਨ ਨੂੰ ਚੁੱਭਣ ਮਹਿਸੂਸ ਹੋ ਸਕਦੀ ਹੈ, ਜਦੋਂ ਤਾਲਿਬਾਨ ਡੂਰੰਡ ਰੇਖਾ ਦੇ ਪਾਰ ਆਪਣੀ ਰਣਨੀਤਕ ਡੂੰਘਾਈ ਦਾ ਨਿਰਮਾਣ ਕਰੇਗਾ।
(ਲੇਖਕ ਭਾਰਤੀ ਫੌਜ ਦੇ ਸੇਵਾਮੁਕਤ ਮੇਜਰ ਜਨਰਲ ਹਨ। ਇਹ ਵਿਚਾਰ ਉਨ੍ਹਾਂ ਦੇ ਨਿੱਜੀ ਹਨ)
ਸਹੀ ਦਿਸ਼ਾ ’ਚ ਜਾ ਰਿਹਾ ਹੈ ਭਾਰਤ ਦੇ ਊਰਜਾ ਖੇਤਰ ਦਾ ਸਫਰ
NEXT STORY