ਆਮ ਤੌਰ ’ਤੇ ਨਸ਼ਾ ਸਮੱਗਲਿੰਗ ਵਰਗੇ ਗ਼ੈਰ-ਕਾਨੂੰਨੀ ਧੰਦਿਆਂ ਨੂੰ ਮਰਦ ਪ੍ਰਧਾਨ ਹੀ ਮੰਨਿਆ ਜਾਂਦਾ ਸੀ ਪਰ ਕਿਉਂਕਿ ਔਰਤਾਂ ’ਤੇ ਘੱਟ ਸ਼ੱਕ ਕੀਤਾ ਜਾਂਦਾ ਹੈ, ਇਸ ਲਈ ਨਸ਼ਿਆਂ ਦੇ ਸਮੱਗਲਰ ਆਪਣਾ ਸਾਮਾਨ ਇਕ ਥਾਂ ਤੋਂ ਦੂਜੀ ਥਾਂ ਪਹੁੰਚਾਉਣ ਲਈ ਹੁਣ ਵੱਡੇ ਪੱਧਰ ’ਤੇ ਔਰਤਾਂ ਨੂੰ ਇਸ ਗ਼ੈਰ-ਕਾਨੂੰਨੀ ਧੰਦੇ ’ਚ ਸ਼ਾਮਲ ਕਰਕੇ ‘ਢਾਲ’ ਵਜੋਂ ਇਸਤੇਮਾਲ ਕਰਨ ਲੱਗੇ ਹਨ ਤਾਂ ਜੋ ਉਹ ਖ਼ੁਦ ਕਾਬੂ ਨਾ ਆਉਣ ਅਤੇ ਉਨ੍ਹਾਂ ਦਾ ਧੰਦਾ ਚੱਲਦਾ ਰਹੇ। ਇਸ ਦੀਆਂ ਪਿਛਲੇ 5 ਮਹੀਨਿਆਂ ’ਚ ਸਾਹਮਣੇ ਆਈਆਂ ਕੁਝ ਘਟਨਾਵਾਂ ਹੇਠਾਂ ਦਰਜ ਹਨ :
* 17 ਮਈ ਨੂੰ ‘ਸ਼ਾਹਕੋਟ’ (ਪੰਜਾਬ) ’ਚ ਪੁਲਸ ਨੇ ਇਕ ਬਦਨਾਮ ਮਹਿਲਾ ਨਸ਼ਾ ਸਮੱਗਲਰ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕਰਕੇ ਉਸ ਕੋਲੋਂ 30.5 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁਲਸ ਰਿਕਾਰਡ ਮੁਤਾਬਕ ਫੜੀ ਗਈ ਮਹਿਲਾ ਵਿਰੁੱਧ ਪਹਿਲਾਂ ਤੋਂ ਹੀ ਐੱਨ. ਡੀ. ਪੀ. ਐੱਸ. ਐਕਟ ਤਹਿਤ 15 ਮਾਮਲੇ ਦਰਜ ਸਨ।
* 23 ਮਈ ਨੂੰ ਦਿੱਲੀ ਪੁਲਸ ਨੇ ‘ਮਿਆਂਮਾਰ-ਮਣੀਪੁਰ-ਉੱਤਰ ਪ੍ਰਦੇਸ਼-ਦਿੱਲੀ’ ਤੱਕ ਫੈਲੇ ਹੋਏ ਇਕ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਪਰਦਾਫਾਸ਼ ਕਰਕੇ ‘ਸੰਧਿਆ’ ਅਤੇ ‘ਮਹਿਨਾਜ਼’ ਨਾਂ ਦੀਆਂ 2 ਔਰਤਾਂ ਸਮੇਤ 9 ਨਸ਼ਾ ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ। ਜਾਂਚ ’ਚ ਸਾਹਮਣੇ ਆਇਆ ਕਿ ‘ਸੰਧਿਆ’ ਦਾ ਪਤੀ ਅਤੇ ਉਸ ਦੀ ਸੱਸ ਦੋਵੇਂ ਪਹਿਲਾਂ ਤੋਂ ਹੀ ਐੱਨ. ਡੀ. ਪੀ. ਐੱਸ. ਐਕਟ ਤਹਿਤ ਜੇਲ ’ਚ ਬੰਦ ਹਨ ਅਤੇ ਨਸ਼ਾ ਸਮੱਗਲਿੰਗ ਦਾ ਇਹ ਪੂਰਾ ਨੈੱਟਵਰਕ ਇਕ ਹੀ ਪਰਿਵਾਰ ਦੁਆਰਾ ਚਲਾਇਆ ਜਾ ਰਿਹਾ ਸੀ।
* 27 ਜੂਨ ਨੂੰ ‘ਦਿੱਲੀ’ ਪੁਲਸ ਨੇ ਇਕ ਵੱਡੇ ਪਰਿਵਾਰਕ ਡਰੱਗ ਸਿੰਡੀਕੇਟ ਦਾ ਪਰਦਾਫਾਸ਼ ਕੀਤਾ। ਇਸ ਛਾਪੇਮਾਰੀ ’ਚ ‘ਪਾਰੋ’ ਨਾਂ ਦੀ ਮੁੱਖ ਮਹਿਲਾ ਦੋਸ਼ੀ ਦੀਆਂ ਭੈਣਾਂ ‘ਕਾਂਤਾ’, ‘ਊਸ਼ਾ’ ਅਤੇ ਉਸਦੇ ਭਰਾ ‘ਅਮਿਤ’ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਨੇ ਇਸ ਪੂਰੇ ਸਮੱਗਲਿੰਗ ਨੈੱਟਵਰਕ ਦੇ ਟਿਕਾਣਿਆਂ ਤੋਂ ਲਗਭਗ 2 ਕਰੋੜ ਰੁਪਏ ਮੁੱਲ ਦੇ ਪਾਬੰਦੀਸ਼ੁਦਾ ਇੰਜੈਕਸ਼ਨ, ਨਸ਼ੀਲੀਆਂ ਦਵਾਈਆਂ, 20 ਲੱਖ ਰੁਪਏ ਨਕਦ ਅਤੇ 41 ਲੱਖ ਰੁਪਏ ਤੋਂ ਵੱਧ ਮੁੱਲ ਦੇ ਸੋਨੇ-ਚਾਂਦੀ ਦੇ ਗਹਿਣੇ ਜ਼ਬਤ ਕੀਤੇ।
* 26 ਸਤੰਬਰ ਨੂੰ ‘ਨੂਰਪੁਰ’ (ਹਿਮਾਚਲ ਪ੍ਰਦੇਸ਼) ’ਚ ਪੁਲਸ ਅਤੇ ਸੀ. ਆਈ. ਏ. ਦੀ ਟੀਮ ਨੇ 34.5 ਗ੍ਰਾਮ ਚਿੱਟੇ ਦੇ ਨਾਲ ‘ਅੰਮ੍ਰਿਤਸਰ’ ਦੀ ਰਹਿਣ ਵਾਲੀ ‘ਸਰਵਜੀਤ ਕੌਰ’ ਨਾਂ ਦੀ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ।
* 10 ਅਕਤੂਬਰ ਨੂੰ ‘ਜਲੰਧਰ’ (ਪੰਜਾਬ) ਦੇ ‘ਗਾਂਧੀ ਕੈਂਪ’ ’ਚ ਪੁਲਸ ਨੇ ਛਾਪਾ ਮਾਰ ਕੇ ਇਕ ਗ਼ੈਰ-ਕਾਨੂੰਨੀ ਸ਼ਰਾਬ ਸਮੱਗਲਰ ਪਤੀ-ਪਤਨੀ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਲਗਭਗ 23,000 ਐੱਮ. ਐੱਲ. ਗ਼ੈਰ-ਕਾਨੂੰਨੀ ਸ਼ਰਾਬ ਬਰਾਮਦ ਕੀਤੀ।
* 13 ਅਕਤੂਬਰ ਨੂੰ ‘ਲੁਧਿਆਣਾ’ (ਪੰਜਾਬ) ’ਚ ਪੁਲਸ ਨੇ ‘ਸਪਨਾ’ ਨਾਂ ਦੀ ਮਹਿਲਾ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ 6.29 ਗ੍ਰਾਮ ਹੈਰੋਇਨ ਬਰਾਮਦ ਕੀਤੀ।
* 14 ਅਕਤੂਬਰ ਨੂੰ ਪੰਜਾਬ ਪੁਲਸ ਨੇ ਸਰਹੱਦ ਪਾਰੋਂ ਚੱਲ ਰਹੇ ਨਸ਼ਾ ਸਮੱਗਲਿੰਗ ਨੈੱਟਵਰਕ ਦਾ ਪਰਦਾਫਾਸ਼ ਕਰ ਕੇ ‘ਗੁਰਪੰਥ’ ਅਤੇ ਉਸ ਦੀ ਸਾਥਣ ‘ਹਰਮਨਜੀਤ ਕੌਰ’ ਨੂੰ 2 ਵੱਖ-ਵੱਖ ਥਾਵਾਂ ਤੋਂ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 7.823 ਕਿਲੋ ਹੈਰੋਇਨ ਬਰਾਮਦ ਕੀਤੀ। ਇਸ ਦੇ ਪੈਕੇਟਾਂ ’ਤੇ ਇਕ ਖ਼ਾਸ ਮੋਹਰ ਦੇ ਨਿਸ਼ਾਨ ਅਤੇ ਪਾਕਿਸਤਾਨੀ ਮਾਰਕਿੰਗ ਵੀ ਮਿਲੀ।
* 14 ਅਕਤੂਬਰ ਨੂੰ ਹੀ ‘ਫਤੇਹਾਬਾਦ’ (ਹਰਿਆਣਾ) ਪੁਲਸ ਦੀ ਟੀਮ ਨੇ ਗਸ਼ਤ ਦੌਰਾਨ ਮਹਿਲਾ ਸਮੱਗਲਰ ‘ਜਸਵਿੰਦਰ ਕੌਰ’ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ 6.12 ਗ੍ਰਾਮ ਹੈਰੋਇਨ ਬਰਾਮਦ ਕੀਤੀ।
* 14 ਅਕਤੂਬਰ ਨੂੰ ਹੀ ‘ਪਟਨਾ’ (ਬਿਹਾਰ) ਜ਼ਿਲੇ ਦੇ ‘ਬਾੜ’ ਥਾਣੇ ਅਧੀਨ ‘ਢੇਲਵਾ ਗੋਸਾਈਂ’ ਚੌਕ ’ਤੇ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਛਾਪੇਮਾਰੀ ਕਰਕੇ 2 ਔਰਤਾਂ ਸਮੇਤ 6 ਡਰੱਗਜ਼ ਸਮੱਗਲਰਾਂ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਕੋਲੋਂ ਸਮੈਕ ਤੇ ਪਾਬੰਦੀਸ਼ੁਦਾ ਇੰਜੈਕਸ਼ਨ ਜ਼ਬਤ ਕੀਤੇ।
* 15 ਅਕਤੂਬਰ ਨੂੰ ‘ਭੋਪਾਲ’ (ਮੱਧ ਪ੍ਰਦੇਸ਼) ’ਚ ਐਂਟੀ-ਨਾਰਕੋਟਿਕਸ ਟੀਮ ਨੇ ਇਕ ਮਹਿਲਾ ਨਸ਼ਾ ਸਮੱਗਲਰ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਲਗਭਗ 2.08 ਕਰੋੜ ਰੁਪਏ ਮੁੱਲ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ।
* 15 ਅਕਤੂਬਰ ਨੂੰ ਹੀ ‘ਫਰੀਦਾਬਾਦ’ (ਹਰਿਆਣਾ) ਕ੍ਰਾਈਮ ਬ੍ਰਾਂਚ ਦੀ ਟੀਮ ਨੇ 3 ਔਰਤਾਂ ਸਮੇਤ 6 ਨਸ਼ਾ ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲਸ ਨੂੰ ਦੇਖ ਕੇ ਇਹ ਦੋਸ਼ੀ ਬੈਗ ਸੁੱਟ ਕੇ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਤਲਾਸ਼ੀ ਦੌਰਾਨ ਇਨ੍ਹਾਂ ਕੋਲੋਂ 35 ਕਿਲੋ ਗਾਂਜਾ ਬਰਾਮਦ ਕੀਤਾ ਗਿਆ।
* ਅਤੇ ਹੁਣ 16 ਅਕਤੂਬਰ ਨੂੰ ‘ਕੁੱਲੂ’ (ਹਿਮਾਚਲ ਪ੍ਰਦੇਸ਼) ’ਚ ਪੁਲਸ ਨੇ ਚਿੱਟੇ ਦੀ ਸਮੱਗਲਿੰਗ ਦੇ ਦੋਸ਼ ’ਚ ਪਤੀ-ਪਤਨੀ ਸਮੇਤ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 24.670 ਗ੍ਰਾਮ ਚਿੱਟਾ ਬਰਾਮਦ ਕੀਤਾ।
ਕਿਉਂਕਿ ਔਰਤਾਂ ਦਾ ਨਸ਼ੀਲੇ ਪਦਾਰਥਾਂ ਦੇ ਧੰਦੇ ’ਚ ਸ਼ਾਮਲ ਹੋਣਾ ਮੁੱਖ ਤੌਰ ’ਤੇ ਆਰਥਿਕ ਮਜਬੂਰੀਆਂ ਦਾ ਨਤੀਜਾ ਹੈ, ਇਸ ਲਈ ਇਸ ਨੂੰ ਰੋਕਣ ਲਈ ਪੁਲਸ ਵਲੋਂ ਵੱਧ ਮੁਸਤੈਦੀ ਵਰਤਣ ਅਤੇ ਲੋੜਵੰਦ ਔਰਤਾਂ ਨੂੰ ਅਜਿਹਾ ਕਰਨ ਲਈ ਮਜਬੂਰ ਕਰਨ ਵਾਲਿਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ ਤਾਂ ਜੋ ਔਰਤਾਂ ਸਨਮਾਨਪੂਰਵਕ ਜੀਵਨ ਬਿਤਾ ਸਕਣ।
—ਵਿਜੇ ਕੁਮਾਰ
ਫਾਰਮ-6 : ਹੁਣ ਲੜਾਈ ਅਧਿਕਾਰ ਖੇਤਰ ਦੀ ਹੈ
NEXT STORY