ਕੈਮੀਕਲ ਨਸ਼ਿਆਂ ਦਾ ਪ੍ਰਚਲਨ ਦੇਸ਼ ’ਚ ਬਹੁਤ ਵਧ ਗਿਆ ਹੈ। ਇਨ੍ਹਾਂ ’ਚੋਂ ਇਕ ‘ਮੇਫੇਡ੍ਰੋਨ’ (ਐੱਮ. ਡੀ.) ਨਾਂ ਦਾ ਭਾਰਤ ’ਚ ਮੁਕੰਮਲ ਤੌਰ ’ਤੇ ਪਾਬੰਦੀਸ਼ੁਦਾ ਬਹੁਤ ਹੀ ਖਤਰਨਾਕ ਸਿੰਥੈਟਿਕ ਸਟਿਮੂਲੈਂਟ (ਉਤੇਜਕ) ਨਸ਼ਾ (ਡਰੱਗ) ਹੈ। ਇਸ ਨੂੰ ਆਮ ਤੌਰ ‘ਤੇ ‘ਮਿਆਊਂ-ਮਿਆਊਂ’ ਜਾਂ ‘ਐੱਮ ਕੈਟ’ ਵੀ ਕਿਹਾ ਜਾਂਦਾ ਹੈ। ਇਸ ਦੀ ਵਰਤੋਂ ਕਰਨ ਨਾਲ ਬਲੱਡ ਪ੍ਰੈਸ਼ਰ ਅਤੇ ਦਿਲ ਦੀ ਧੜਕਣ ਅਚਾਨਕ ਬਹੁਤ ਜ਼ਿਆਦਾ ਵਧ ਜਾਂਦੀ ਹੈ, ਜਿਸ ਨਾਲ ਹਾਰਟ ਅਟੈਕ ਜਾਂ ਬ੍ਰੇਨ ਸਟ੍ਰੋਕ ਵੀ ਹੋ ਸਕਦਾ ਹੈ।
ਇਸ ਨਾਲ ਸਰੀਰ ਦੇ ਅੰਗਾਂ ਨੂੰ ਸਥਾਈ ਨੁਕਸਾਨ, ਦੰਦਾਂ ਅਤੇ ਜਬਾੜਿਆਂ ਦੀ ਸਮੱਸਿਆ, ਨੱਕ ਅਤੇ ਨਸਾਂ ਨੂੰ ਨੁਕਸਾਨ, ਗੰਭੀਰ ਡਿਪ੍ਰੈਸ਼ਨ, ਮਤੀਭਰਮ, ਘਬਰਾਹਟ ਦਾ ਦੌਰਾ, ਯਾਦਦਾਸ਼ਤ ਕਮਜ਼ੋਰ ਹੋਣਾ ਆਦਿ ਸਮੱਸਿਆਵਾਂ ਹੋ ਸਕਦੀਆਂ ਹਨ। ਇੰਨੇ ਨੁਕਸਾਨਾਂ ਦੇ ਬਾਵਜੂਦ ਲੋਕਾਂ ਦੁਆਰਾ ਇਸ ਦੀ ਵਰਤੋਂ ਜ਼ੋਰਾਂ ’ਤੇ ਹੈ ਅਤੇ ਦੇਸ਼ ’ਚ ਵੱਡੇ ਪੱਧਰ ’ਤੇ ਇਸ ਦਾ ਗੈਰ-ਕਾਨੂੰਨੀ ਰੂਪ ’ਚ ਨਿਰਮਾਣ ਕੀਤਾ ਜਾ ਰਿਹਾ ਹੈ, ਜਿਸ ਦੇ ਇਸੇ ਸਾਲ ਸਾਹਮਣੇ ਆਏ ਕੁਝ ਮਾਮਲੇ ਹੇਠਾਂ ਦਰਜ ਹਨ :
* 10 ਜਨਵਰੀ ਨੂੰ ‘ਆਗਰ ਮਾਲਵਾ’ (ਮੱਧ ਪ੍ਰਦੇਸ਼) ’ਚ ‘ਕੇਂਦਰੀ ਨਾਰਕੋਟਿਕਸ ਕੰਟਰੋਲ ਬਿਊਰੋ’ ਨੇ ਇਕ ਵੱਡੀ ਨਾਜਾਇਜ਼ ਡਰੱਗਜ਼ ਫੈਕਟਰੀ ਨੂੰ ਢਾਹ ਕੇ ਉੱਥੋਂ 31.25 ਕਿਲੋ ‘ਮੇਫੇਡ੍ਰੋਨ’ (ਐੱਮ. ਡੀ.) ਅਤੇ ਲਗਭਗ 10 ਕਰੋੜ ਰੁਪਏ ਕੀਮਤ ਦੇ 600 ਕਿਲੋ ਹੋਰ ਕੈਮੀਕਲ ਬਰਾਮਦ ਕੀਤੇ।
* 12 ਜਨਵਰੀ ਨੂੰ ‘ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ’ ਦੇ ਅਧਿਕਾਰੀਆਂ ਨੇ ਰਾਜਸਥਾਨ ’ਚ ਪੋਲਟਰੀ ਫੀਡ ਦੇ ਟਰੱਕ ’ਚੋਂ 81 ਕਰੋੜ ਰੁਪਏ ਕੀਮਤ ਦੀ 270 ਕਿਲੋ ‘ਮੇਫੇਡ੍ਰੋਨ (ਐੱਮ. ਡੀ.) ਡਰੱਗਜ਼’ ਬਰਾਮਦ ਕਰ ਕੇ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ।
* 23 ਜਨਵਰੀ ਨੂੰ ‘ਸਤਾਰਾ’ (ਮਹਾਰਾਸ਼ਟਰ) ‘ਚ ਅਧਿਕਾਰੀਆਂ ਨੇ ਇਕ ਪੋਲਟਰੀ ਫਾਰਮ ਦੀ ਆੜ ’ਚ ਚਲਾਈ ਜਾ ਰਹੀ ਮੇਫੇਡ੍ਰੋਨ (ਐੱਮ. ਡੀ.) ਬਣਾਉਣ ਦੀ ਨਾਜਾਇਜ਼ ਫੈਕਟਰੀ ’ਤੇ ਛਾਪਾ ਮਾਰ ਕੇ 55 ਕਰੋੜ ਰੁਪਏ ਕੀਮਤ ਦੀ ਬਣੀ ਅਤੇ ਅੱਧ-ਬਣੀ ‘ਮੇਫੇਡ੍ਰੋਨ ਡਰੱਗਜ਼’ ਅਤੇ 71.5 ਕਿਲੋ ਕੱਚਾ ਮਾਲ ਜ਼ਬਤ ਕਰ ਕੇ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ।
* 15 ਫਰਵਰੀ ਨੂੰ ‘ਨੀਮਚ’ (ਮੱਧ ਪ੍ਰਦੇਸ਼) ਦੀ ‘ਨਾਰਕੋਟਿਕਸ ਕੰਟਰੋਲ ਬਿਊਰੋ’ ਦੀ ਟੀਮ ਨੇ ‘ਮਹੂ’ ’ਚ ਇਕ ਗੈਰ-ਕਾਨੂੰਨੀ ਫੈਕਟਰੀ ਤੋਂ 43.82 ਕਿਲੋਗ੍ਰਾਮ ਮੇਫੇਡ੍ਰੋਨ, 261 ਕਿਲੋ ਤੋਂ ਵੱਧ ਕੈਮੀਕਲ ਅਤੇ ਅਤਿ-ਆਧੁਨਿਕ ਉਪਕਰਨ ਬਰਾਮਦ ਕੀਤੇ। (ਇਸ ਨੈੱਟਵਰਕ ਦਾ ਮੁੱਖ ਸਰਗਣਾ ਬਾਅਦ ’ਚ ਉੱਜੈਨ ਤੋਂ ਗ੍ਰਿਫ਼ਤਾਰ ਕੀਤਾ ਗਿਆ)।
* 28 ਅਪ੍ਰੈਲ ਨੂੰ ‘ਜੋਧਪੁਰ’ (ਰਾਜਸਥਾਨ) ’ਚ ਅਧਿਕਾਰੀਆਂ ਨੇ ‘ਆਪ੍ਰੇਸ਼ਨ ਵਿਸ਼ ਗ੍ਰਹਿਣ’ ਅਧੀਨ ‘ਬਾਲੇਸਰ’ ’ਚ ਇਕ ਬਹੁਤ ਵੱਡੀ ਮੇਫੇਡ੍ਰੋਨ (ਐੱਮ. ਡੀ.) ਡਰੱਗ ਫੈਕਟਰੀ ਦਾ ਪਰਦਾਫਾਸ਼ ਕਰ ਕੇ ਮੌਕੇ ਤੋਂ 90 ਤੋਂ 100 ਕਰੋੜ ਰੁਪਏ ਕੀਮਤ ਦੀ ਲਗਭਗ 176 ਕਿਲੋ ਤਿਆਰ ਐੱਮ. ਡੀ. ਡਰੱਗਜ਼ ਬਰਾਮਦ ਕੀਤੀ।
* 12 ਮਈ ਨੂੰ ‘ਮੁੰਬਈ’ (ਮਹਾਰਾਸ਼ਟਰ) ’ਚ ਪੁਲਸ ਨੇ ‘ਮਾਲਵਾਨੀ’ ਅਤੇ ‘ਗੋਰਾਈ’ ਇਲਾਕਿਆਂ ਤੋਂ ਲਗਭਗ 100 ਕਰੋੜ ਰੁਪਏ ਦੀ ਮੇਫੇਡ੍ਰੋਨ (ਐੱਮ. ਡੀ.) ਡਰੱਗ ਬਣਾਉਣ ਦੇ ਕੰਮ ਆਉਣ ਵਾਲਾ ਭਾਰੀ ਮਾਤਰਾ ’ਚ ਕੈਮੀਕਲ, ਕੱਚਾ ਮਾਲ ਅਤੇ ਮਸ਼ੀਨਾਂ ਜ਼ਬਤ ਕੀਤੀਆਂ।
* 17 ਜੂਨ ਨੂੰ ‘ਭੀਲਵਾੜਾ’ (ਰਾਜਸਥਾਨ) ਦੇ ‘ਮੇਵਾੜ’ ਖੇਤਰ ’ਚ ਪਹਿਲੀ ਵਾਰ ਪੁਲਸ ਨੇ ਇਕ ਸਾਧਾਰਨ ਕਿਰਾਏ ਦੇ ਮਕਾਨ ’ਚ ਚੱਲ ਰਹੀ ਨਾਜਾਇਜ਼ ਮੇਫੇਡ੍ਰੋਨ (ਐੱਮ. ਡੀ.) ਡਰੱਗ ਨਿਰਮਾਣ ਫੈਕਟਰੀ ਫੜੀ, ਜਿੱਥੇ ਲਗਭਗ 72 ਕਰੋੜ ਰੁਪਏ ਕੀਮਤ ਦੀਆਂ ਨਸ਼ੀਲੀਆਂ ਦਵਾਈਆਂ ਤਿਆਰ ਕੀਤੀਆਂ ਜਾ ਰਹੀਆਂ ਸਨ।
* 19 ਜੁਲਾਈ ਨੂੰ ‘ਮਹਿਬੂਬਨਗਰ’ (ਤੇਲੰਗਾਨਾ) ‘ਚ ਪੁਲਸ ਨੇ ‘ਅਲਪ੍ਰਾਜ਼ੋਲਮ’ ਬਣਾਉਣ ਦੀ ਨਾਜਾਇਜ਼ ਫੈਕਟਰੀ ਢਾਹ ਕੇ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ।
* 3 ਸਤੰਬਰ ਨੂੰ ‘ਮੀਰਾ-ਭਾਈਂਦਰ’ ਅਤੇ ‘ਵਸਈ-ਵਿਰਾਰ’ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ‘ਪ੍ਰਯਾਗਰਾਜ’ (ਉੱਤਰ ਪ੍ਰਦੇਸ਼) ਦੇ ‘ਕੋਸੜਾ ਕਲਾਂ’ ਪਿੰਡ ’ਚ ਜੰਗਲਾਂ ਵਿਚਕਾਰ ਇਕ ਖੇਤ ’ਚ ਬਣੇ ਟੀਨ ਸ਼ੈੱਡ ’ਚ ਚੱਲ ਰਹੀ ਵਿਸ਼ਾਲ ਮੇਫੇਡ੍ਰੋਨ (ਐੱਮ. ਡੀ.) ਡਰੱਗ ਫੈਕਟਰੀ ਫੜ ਕੇ ਇਸ ਅੰਤਰਰਾਜੀ ਨੈੱਟਵਰਕ ਨਾਲ ਜੁੜੇ 21 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਫੈਕਟਰੀ ਤੋਂ 139 ਕਰੋੜ ਰੁਪਏ ਕੀਮਤ ਦੀ 52.9 ਕਿਲੋ ਤਿਆਰ ਮੇਫੇਡ੍ਰੋਨ (ਐੱਮ. ਡੀ.) ਸਮੇਤ ਕੁੱਲ 69.7 ਕਿਲੋ ਡਰੱਗਜ਼ ਅਤੇ 260 ਲੀਟਰ ਕੈਮੀਕਲ ਬਰਾਮਦ ਕੀਤੇ ਗਏ।
* 3 ਸਤੰਬਰ ਨੂੰ ਹੀ ‘ਸਹਾਰਨਪੁਰ’ (ਉੱਤਰ ਪ੍ਰਦੇਸ਼) ’ਚ ਇਕ ਬੇਸਮੈਂਟ ’ਚ ਚੱਲ ਰਹੇ ਗੈਰ-ਕਾਨੂੰਨੀ ਨਕਲੀ ਦਵਾਈ ਅਤੇ ਸਟੀਰੌਇਡ ਪੈਕੇਜਿੰਗ/ਮੈਨੂਫੈਕਚਰਿੰਗ ਯੂਨਿਟ ਦਾ ਪਰਦਾਫਾਸ਼ ਕੀਤਾ, ਜਿੱਥੋਂ 32 ਕਿਲੋ ਤੋਂ ਵੱਧ ਸਟੀਰੌਇਡ ਅਤੇ ਨਕਲੀ ਦਵਾਈਆਂ ਫੜੀਆਂ ਗਈਆਂ।
ਕੈਮੀਕਲ ਨਸ਼ੇ ਦੀਆਂ ਉਕਤ ਗੈਰ-ਕਾਨੂੰਨੀ ਫੈਕਟਰੀਆਂ ਦੇ ਫੜੇ ਜਾਣ ਤੋਂ ਸਪੱਸ਼ਟ ਹੈ ਕਿ ਦੇਸ਼ ’ਚ ਸਮਾਜ-ਵਿਰੋਧੀ ਅਨਸਰ ਕਿੰਨੇ ਵੱਡੇ ਪੱਧਰ ’ਤੇ ਲੋਕਾਂ ਦੀ ਸਿਹਤ ਅਤੇ ਧਨ ਨਾਲ ਖਿਲਵਾੜ ਕਰ ਰਹੇ ਹਨ। ਇਸ ਲਈ, ਲੋਕਾਂ ਦੇ ਘਰਾਂ ਨੂੰ ਬਰਬਾਦ ਕਰਨ ਵਾਲੇ ਇਨ੍ਹਾਂ ਮੌਤ ਦੇ ਵਪਾਰੀਆਂ ਨੂੰ ਜਿੰਨੀ ਵੀ ਸਖ਼ਤ ਸਜ਼ਾ ਦਿੱਤੀ ਜਾਵੇ, ਘੱਟ ਹੋਵੇਗੀ।
-ਵਿਜੇ ਕੁਮਾਰ
ਜੌਹਰ ਦੀ ਜਵਾਲਾ ’ਚ ਡਰਪੋਕਪਨ ਨਹੀਂ, ਅਣਖ ਦੀ ਆਖ਼ਰੀ ਲੜਾਈ ਸੀ
NEXT STORY