ਅੰਮ੍ਰਿਤਸਰ ਦੀਆਂ ਚਹਿਲ-ਪਹਿਲ ਭਰੀਆਂ ਸੜਕਾਂ ’ਤੇ, ਜਿੱਥੇ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਸੁਨਹਿਰੀ ਗੁੰਬਦ ਪ੍ਰਾਚੀਨ ਮੰਦਰਾਂ ਦੇ ਨਾਲ ਚਮਕਦਾ ਹੈ ਜਾਂ ਪੰਜਾਬ ਦੇ ਉਪਜਾਊ ਖੇਤਾਂ ’ਚ ਜਿੱਥੇ ਦੋਵਾਂ ਧਰਮਾਂ ਦੇ ਕਿਸਾਨ ਮੋਢੇ ਨਾਲ ਮੋਢਾ ਜੋੜ ਕੇ ਮਿਹਨਤ ਕਰਦੇ ਹਨ, ਸਦੀਆਂ ਤੋਂ ਇਕ ਡੂੰਘਾ ਸੱਚ ਗੂੰਜ ਰਿਹਾ ਹੈ–ਸਿੱਖ ਅਤੇ ਹਿੰਦੂ ਨਾ ਸਿਰਫ਼ ਇਕੱਠੇ ਰਹੇ ਹਨ ਸਗੋਂ ਉਨ੍ਹਾਂ ਨੇ ਭਾਰਤ ਦੀ ਰੱਖਿਆ, ਨਿਰਮਾਣ ਅਤੇ ਤਰੱਕੀ ਲਈ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ। ਉਨ੍ਹਾਂ ਦਾ ਸਾਂਝਾ ਸਫਰ ਆਪਸ ’ਚ ਜੁੜੀ ਕਿਸਮਤ, ਆਪਸੀ ਸਤਿਕਾਰ ਅਤੇ ਸਮੂਹਿਕ ਬਲਿਦਾਨ ਦਾ ਹੈ, ਜਿਸ ਨੇ ਆਧੁਨਿਕ ਭਾਰਤ ਦੀ ਨੀਂਹ ਮਜ਼ਬੂਤ ਕੀਤੀ ਹੈ।
ਇਹ ਰਿਸ਼ਤਾ 15ਵੀਂ ਸਦੀ ’ਚ ਸਿੱਖ ਧਰਮ ਦੇ ਜਨਮ ਦੇ ਸਮੇਂ ਤੋਂ ਹੀ ਚਲਿਆ ਆ ਰਿਹਾ ਹੈ। ਹਿੰਦੂ ਪਰਿਵਾਰ ’ਚ ਜਨਮੇ ਗੁਰੂ ਨਾਨਕ ਦੇਵ ਜੀ ਨੇ ਏਕਤਾ ਦਾ ਸੰਦੇਸ਼ ਦਿੱਤਾ ਜਿਸ ਨੇ ਸਾਰੇ ਭਾਈਚਾਰਿਆਂ ਦੇ ਦਿਲਾਂ ਨੂੰ ਛੂਹ ਲਿਆ। ਸਿੱਖ ਗੁਰੂਆਂ ਨੇ ਬੇਗੁਨਾਹਾਂ ਦੀ ਰੱਖਿਆ ਦਾ ਵਕਾਲਤ ਕੀਤੀ ਤੇ ਅਕਸਰ ਜ਼ੁਲਮ ਦੇ ਵਿਰੁੱਧ ਹਿੰਦੂ ਸੰਤਾਂ ਅਤੇ ਆਮ ਲੋਕਾਂ ਦੇ ਨਾਲ ਖੜ੍ਹੇ ਹੋਏ। ਕਸ਼ਮੀਰੀ ਪੰਡਿਤਾਂ ਦੀ ਧਾਰਮਿਕ ਆਜ਼ਾਦੀ ਦੀ ਰੱਖਿਆ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ, ਇਸ ਅਟੁੱਟ ਏਕਤਾ ਦੀ ਇਕ ਸ਼ਾਨਦਾਰ ਉਦਾਹਰਣ ਹੈ। ਹਿੰਦੂਆਂ ਅਤੇ ਸਿੱਖਾਂ ਨੇ ਇਕੱਠੇ ਹੋ ਕੇ ਮੁਗਲ ਅੱਤਿਆਚਾਰਾਂ ਦਾ ਸਾਹਮਣਾ ਕੀਤਾ ।
ਆਜ਼ਾਦੀ ਦੇ ਯੋਧੇ :
ਬ੍ਰਿਟਿਸ਼ ਸ਼ਾਸਨ ਵਿਰੁੱਧ ਆਜ਼ਾਦੀ ਸੰਘਰਸ਼ ਨੇ ਇਸ ਸਾਂਝੇਦਾਰੀ ਨੂੰ ਆਪਣੀ ਸਭ ਤੋਂ ਬਹਾਦਰੀ ਨਾਲ ਦਰਸਾਇਆ। ਇਤਿਹਾਸਕ ਰਿਕਾਰਡ ਦਸਦੇ ਹਨ ਕਿ ਅੰਗਰੇਜ਼ਾਂ ਵਲੋਂ ਫਾਂਸੀ ਦਿੱਤੇ ਗਏ 121 ਦੇਸ਼ ਭਗਤਾਂ ’ਚੋਂ 93 ਸਿੱਖ ਸਨ। ਉਮਰਕੈਦ ਦੀ ਸਜ਼ਾ ਪਾਉਣ ਵਾਲੇ 2,626 ਵਿਚੋਂ 2,147 ਤੋਂ ਵੱਧ ਸਿੱਖ ਸਨ। ਜਲਿਆਂਵਾਲਾ ਬਾਗ ਕਤਲੇਆਮ ’ਚ, ਸ਼ਹੀਦਾਂ ’ਚੋਂ ਜ਼ਿਆਦਾਤਰ ਸਿੱਖ ਸਨ। ਇਨਕਲਾਬੀ ਜੋਸ਼ ਦੇ ਪ੍ਰਤੀਕ ਭਗਤ ਸਿੰਘ ਨੇ ਇਨਸਾਫ਼ ਦੇ ਸਿੱਖ ਅਤੇ ਹਿੰਦੂ ਦੋਵਾਂ ਆਦਰਸ਼ਾਂ ਤੋਂ ਪ੍ਰੇਰਣਾ ਲਈ ਸੀ।
ਹਿੰਦੂ ਅਤੇ ਸਿੱਖ ਅਸਹਿਯੋਗ ਅੰਦੋਲਨਾਂ, ਅਕਾਲੀ ਮੁਹਿੰਮਾਂ ਅਤੇ ਭਾਰਤ ਛੱਡੋ ਅੰਦੋਲਨ ’ਚ ਇਕੱਠੇ ਸ਼ਾਮਲ ਹੋਏ। ਲਾਲਾ ਲਾਜਪਤ ਰਾਏ ਵਰਗੇ ਨੇਤਾਵਾਂ ਨੇ ਸਿੱਖ ਸੁਧਾਰਕਾਂ ਦੇ ਨਾਲ ਮਿਲ ਕੇ ਕੰਮ ਕੀਤਾ। ਆਜ਼ਾਦ ਭਾਰਤ ਦਾ ਸੁਪਨਾ ਦੇਖਣ ਵਾਲੇ ਗ਼ਦਰ ਅੰਦੋਲਨ ’ਚ ਪੰਜਾਬੀ ਹਿੰਦੂਆਂ ਅਤੇ ਸਿੱਖਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ । ਇਸ ਸਾਂਝੇ ਖੂਨ -ਪਸੀਨੇ ਨੇ ਇਕ ਅਜਿਹੀ ਸਾਂਝੇਦਾਰੀ ਨੂੰ ਮਜ਼ਬੂਤ ਕੀਤਾ ਜੋ ਧਾਰਮਿਕ ਹੱਦਾਂ ਤੋਂ ਪਾਰ ਸੀ।
ਦੇਸ਼ ਦੇ ਰਖਵਾਲੇ
ਪੰਜਾਬ ਨੂੰ ਲੰਬੇ ਸਮੇਂ ਤੋਂ ਦੇਸ਼ ਦੀ ‘‘ਖੜਗ ਭੁਜਾ’’ ਕਿਹਾ ਜਾਂਦਾ ਰਿਹਾ ਹੈ, ਜਿਥੇ ਸਿੱਖ ਅਤੇ ਹਿੰਦੂ ਭਾਰਤੀ ਹਥਿਆਰਬੰਦ ਸੈਨਾਵਾਂ ’ਚ ਬਹਾਦਰੀ ਨਾਲ ਸੇਵਾ ਕਰਦੇ ਰਹੇ ਹਨ। ਆਪਣੀ ਬੇਮਿਸਾਲ ਹਿੰਮਤ ਲਈ ਮਸ਼ਹੂਰ ਸਿੱਖ ਰੈਜੀਮੈਂਟਾਂ ਨੇ- 1897 ਵਿਚ ਸਾਰਾਗੜ੍ਹੀ ਦੀ ਬਹਾਦਰੀ ਵਾਲੀ ਲੜਾਈ ਤੋਂ ਲੈ ਕੇ 1965, 1971 ਅਤੇ ਕਾਰਗਿਲ ਦੀਆਂ ਲੜਾਈਆਂ ਤੱਕ,ਅਣਗਿਣਤ ਬਹਾਦਰੀ ਪੁਰਸਕਾਰ ਪ੍ਰਾਪਤ ਕੀਤੇ ਹਨ। ਪੰਜਾਬ ਅਤੇ ਪੂਰੇ ਭਾਰਤ ਦੇ ਹਿੰਦੂ ਫੌਜੀ ਵੀ ਓਨੇ ਹੀ ਦ੍ਰਿੜ੍ਹ ਰਹੇ।
ਆਪਣੀ ਅਬਾਦੀ ਦੇ ਅਨੁਪਾਤ ’ਚ ਸਿੱਖ ਭਾਈਚਾਰੇ ਦੇ ਅਫਸਰਾਂ ਅਤੇ ਫੌਜੀਆਂ ਦੀ ਗਿਣਤੀ ਕਾਫੀ ਵੱਧ ਹੈ, ਜਿਨ੍ਹਾਂ ’ਚੋਂ ਕਈਫੌਜ ਮੁਖੀ ਦੇ ਅਹੁਦੇ ਤਕ ਪਹੁੰਚੇ ਹਨ। ਪੰਜਾਬ ਭਰ ਦੇ ਪਰਿਵਾਰਾਂ ’ਚ ਅੱਜ ਵੀ ਦੋਵਾਂ ਭਾਈਚਾਰਿਆਂ ਦੇ ਉਨ੍ਹਾਂ ਸਾਥੀ ਫੌਜੀਆਂ ਦੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ ਹਨ, ਜਿਨ੍ਹਾਂ ਨੇ ਜੰਗ ਦੇ ਮੈਦਾਨ ਵਿਚ ਇਕ ਦੂਜੇ ਦੀ ਰੱਖਿਆ ਕੀਤੀ, ਭਾਈ-ਭਾਈ ਦੀ ਭਾਵਨਾ ਨੂੰ ਮੂਰਤੀਮਾਨ ਕੀਤਾ।
ਤਰੱਕੀ ’ਚ ਭਾਈਵਾਲ :
ਜੰਗ ਦੇ ਮੈਦਾਨ ਤੋਂ ਪਰੇ, ਸਿੱਖਾਂ ਅਤੇ ਹਿੰਦੂਆਂ ਨੇ ਰਲਕੇ ਭਾਰਤ ਦੀ ਆਰਥਿਕ ਅਤੇ ਸਮਾਜਿਕ ਨੀਂਹ ਬਣਾਉਣ ’ਚ ਸਹਿਯੋਗ ਕੀਤਾ ਹੈ। ਖੇਤੀਬਾੜੀ ’ਚ, ਪੰਜਾਬ ਦੀ ਹਰੀ-ਕ੍ਰਾਂਤੀ ਦੀ ਸਫਲਤਾ ਦੀ ਕਹਾਣੀ ਸਿੱਖ ਅਤੇ ਹਿੰਦੂ ਕਿਸਾਨਾਂ ਦੀ ਸਖ਼ਤ ਮਿਹਨਤ ਨਾਲ ਸੰਭਵ ਹੋਈ । ਉਨ੍ਹਾਂ ਦੇ ਉੱਦਮ ਨੇ ਭਾਰਤ ਨੂੰ ਇਕ ਅਨਾਜ-ਘਾਟੇ ਵਾਲੇ ਦੇਸ਼ ਤੋਂ ਇਕ ਵਾਧੂ ਉਤਪਾਦਕ ’ਚ ਬਦਲ ਦਿੱਤਾ।
ਕਾਰੋਬਾਰ ਅਤੇ ਉੱਦਮਤਾ ’ਚ ਵੀ ਇਹ ਭਾਈਚਾਰੇ ਇਕੱਠੇ ਅੱਗੇ ਵਧ ਰਹੇ ਹਨ। ਵਿਦੇਸ਼ਾਂ ’ਚ ਵਸੇ ਭਾਈਚਾਰੇ ਭਾਵੇਂ ਕੈਨੇਡਾ ’ਚ ਸਿੱਖ ਐੱਨ. ਆਰ. ਆਈ. ਉੱਦਮੀ ਹੋਣ ਜਾਂ ਸਿਲੀਕਾਨ ਵੈਲੀ ’ਚ ਹਿੰਦੂ ਪੇਸ਼ੇਵਰ - ਅਕਸਰ ਇਕ ਹੀ ਪੰਜਾਬੀ ਪਿੰਡਾਂ ਨਾਲ ਜੁੜੇ ਹੁੰਦੇ ਹਨ ਅਤੇ ਆਪਣੇ ਦੇਸ਼ ’ਚ ਪੈਸੇ ਅਤੇ ਮੁਹਾਰਤ ਭੇਜਦੇ ਹਨ।
ਸਿੱਖਿਆ ਅਤੇ ਜਨਤਕ ਸੇਵਾ ਵੀ ਇਸ ਤਾਲਮੇਲ ਨੂੰ ਦਰਸਾਉਂਦੀ ਹੈ। ਪੰਜਾਬ ਅਤੇ ਗੁਆਂਢੀ ਰਾਜਾਂ ’ਚ ਸੰਸਥਾਨਾਂ ਨੇ ਦੋਵਾਂ ਧਰਮਾਂ ਦੇ ਡਾਕਟਰ, ਇੰਜੀਨੀਅਰ, ਅਧਿਆਪਕ ਅਤੇ ਪ੍ਰਸ਼ਾਸਕ ਪੈਦਾ ਕੀਤੇ ਹਨ। ਸਾਂਝੇ ਸੱਭਿਆਚਾਰਕ ਤਿਉਹਾਰ - ਵਿਸਾਖੀ ਨੂੰ ਬਰਾਬਰ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ, ਗੁਰਦੁਆਰਿਆਂ ਅਤੇ ਮੰਦਰਾਂ ਵਿਚ ਦੀਵਾਲੀ ਦੀ ਰੋਸ਼ਨੀ ਇਸ ਸਦਭਾਵਨਾ ਨੂੰ ਵਧਾਉਂਦੇ ਹਨ। ਪੰਜਾਬ ’ਚ ਵੱਖ-ਵੱਖ ਧਰਮ ਵਾਲੇ ਪਰਿਵਾਰਾਂ ਦੀਆਂ ਕਹਾਣੀਆਂ ਆਮ ਹਨ :- ਇਕ ਸਿੱਖ ਪਿਤਾ ਅਤੇ ਹਿੰਦੂ ਮਾਂ ਆਪਣੇ ਬੱਚਿਆਂ ਦੀ ਪਰਵਰਿਸ਼ ਕਰਦੇ ਹਨ ਜੋ ਗੁਰਪੁਰਬ ਅਤੇ ਹਿੰਦੂ ਰਸਮਾਂ ਦੋਵਾਂ ’ਚ ਹਿੱਸਾ ਲੈਂਦੇ ਹਨ। ਬਟਵਾਰੇ ਦੇ ਸਭ ਤੋਂ ਅੌਖੇ ਦਿਨਾਂ ਦੌਰਾਨ, ਬਹੁਤ ਸਾਰੇ ਹਿੰਦੂਆਂ ਅਤੇ ਸਿੱਖਾਂ ਨੇ ਇਕ ਦੂਜੇ ਦੇ ਪਰਿਵਾਰਾਂ ਦੀ ਰੱਖਿਆ ਕੀਤੀ ਅਤੇ ਡੂੰਘੇ ਆਤਮੀ ਰਿਸ਼ਤੇ ਬਣਾਏ ਜੋ ਪੀੜ੍ਹੀਆਂ ਬਾਅਦ ਵੀ ਕਾਇਮ ਹਨ।
ਇਕੱਠਿਆਂ ਰਲਕੇ ਕੀਤਾ ਭਵਿੱਖ ਦਾ ਨਿਰਮਾਣ :
ਅੱਜ ਵੀ ਇਹ ਭਾਈਵਾਲੀ ਭਾਰਤ ਨੂੰ ਅੱਗੇ ਵਧਾ ਰਹੀ ਹੈ। ਸਟਾਰਟਅੱਪ, ਤਕਨਾਲੋਜੀ, ਖੇਡਾਂ, ਸਿਨੇਮਾ ਅਤੇ ਜਨਤਕ ਜੀਵਨ ਵਿਚ ਸਿੱਖ ਅਤੇ ਹਿੰਦੂ ਪ੍ਰਤਿਭਾਵਾਂ ਰਲਕੇ ਕੰਮ ਕਰਦੀਆਂ ਹਨ। ਕਿਸੇ ਵੀ ਵਿਭਿੰਨਤਾ ਵਾਲੇ ਸਮਾਜ ਦੇ ਵਾਂਗ ਇਥੇ ਵੀ ਚੁਣੌਤੀਆਂ ਹਨ। ਫਿਰ ਵੀ, ਸਦੀਆਂ ਤੋਂ ਚਲੀ ਆ ਰਹੀ ਬਲੀਦਾਨ ਦੇਣ ਦੀ ਪ੍ਰੰਪਰਾ ਸਾਨੂੰ ਸਹੀ ਦਿਸਾ ਦਿਖਾਉਂਦੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਦੀ ਸਭ ਨੂੰ ਨਾਲ ਲੈ ਕੇ ਚੱਲਣ ਵਾਲੀ ਸੋਚ ਤੋਂ ਲੈ ਕੇ ਰਾਸ਼ਟਰ-ਨਿਰਮਾਣ ’ਚ ਆਧੁਨਿਕ ਯੋਗਦਾਨ ਤੱਕ, ਕਹਾਣੀ ਸਪੱਸ਼ਟ ਹੈ : ਜਦੋਂ ਸਿੱਖ ਅਤੇ ਹਿੰਦੂ ਇਕੱਠੇ ਹੁੰਦੇ ਹਨ, ਤਾਂ ਭਾਰਤ ਹੋਰ ਮਜ਼ਬੂਤ ਹੁੰਦਾ ਹੈ।
ਇਹ ਵਿਰਾਸਤ ਸਾਨੂੰ ਯਾਦ ਦਿਵਾਉਂਦੀ ਹੈ ਕਿ ਭਾਰਤ ਦੀ ਤਾਕਤ ਉਸ ਦੇ ਮਿਲੇ-ਜੁਲੇ ਸੱਭਿਆਚਾਰ ਵਿਚ ਹੈ। ਜਿਥੇ ਵੱਖ-ਵੱਖ ਧਰਮ ਦੇਸ਼ ਦੀ ਵਿਦਵਤਾ ਨੂੰ ਖੁਸ਼ਹਾਲ ਕਰਦੇ ਹਨ।ਸਿੱਖਾਂ ਅਤੇ ਹਿੰਦੂਆਂ ਦੀਆਂ ਸਾਂਝੀਆਂ ਕੁਰਬਾਨੀਆਂ ਨੇ ਨਾ ਸਿਰਫ਼ ਭਾਰਤ ਦੀ ਪ੍ਰਭੂਸੱਤਾ ਦਾ ਬਚਾਅ ਕੀਤਾ ਹੈ, ਸਗੋਂ ਇਸਦੇ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਤਾਣੇ-ਬਾਣੇ ਨੂੰ ਵੀ ਬੁਣਿਆ ਹੈ। ਇਸ ਸਾਂਝੀ ਵਿਰਾਸਤ ਨੂੰ ਅਪਣਾ ਕੇ, ਆਉਣ ਵਾਲੀਆਂ ਪੀੜ੍ਹੀਆਂ ਸਾਰਿਆਂ ਲਈ ਇਕ ਖੁਸ਼ਹਾਲ, ਸਮਾਵੇਸ਼ੀ ਅਤੇ ਲਚਕੀਲਾ ਭਾਰਤ ਦਾ ਨਿਰਮਾਣ ਕਰਦੀਆਂ ਰਹਿਣਗੀਆਂ।
- ਕ੍ਰਿਸ਼ਨ ਭਨੋਟ
‘ਸਿਆਸੀ ਆਗੂਆਂ ’ਤੇ ਜੁੱਤੀਆਂ, ਆਂਡੇ ਸੁੱਟਣਾ’ ਵਿਰੋਧ ਵਿਖਾਵੇ ਦਾ ਮਾਧਿਅਮ ਬਣਿਆ!
NEXT STORY