ਪੰਜਾਬ ਭਾਰਤ ਦਾ ਸਰਹੱਦੀ ਸੂਬਾ ਹੈ। ਦੇਸ਼ ਦੀ ਵੰਡ ਤੋਂ ਪਹਿਲਾਂ ਇਸ ਦੀ ਸਰਹੱਦ ਅਫਗਾਨਿਸਤਾਨ ਨਾਲ ਲੱਗਦੀ ਸੀ। ਦੱਰਾ ਖੈਬਰ ਰਾਹੀਂ ਹਰ ਧਾੜਵੀ ਦਾ ਮੁਕਾਬਲਾ ਵੀ ਪਹਿਲਾਂ ਪੰਜਾਬੀਆਂ ਨੇ ਹੀ ਕੀਤਾ ਸੀ, ਭਾਵੇਂ ਉਹ ਸਿਕੰਦਰ ਹੋਵੇ ਜਾਂ ਅਬਦਾਲੀ। ਇਸ ਧਰਤੀ ’ਤੇ ਵੇਦਾਂ ਦੀ ਰਚਨਾ ਵੀ ਹੋਈ। ਬੁੱਧ ਧਰਮ ਦਾ ਪ੍ਰਚਾਰ ਵੀ ਹੋਇਆ ਅਤੇ ਬਾਬਾ ਨਾਨਕ ਨੇ ਬਾਣੀ ਵੀ ਉਚਾਰੀ।
ਪੰਜਾਬ ਦੇ ਇਤਿਹਾਸ ’ਚ ਪੋਰਸ ਤੋਂ ਬਾਅਦ ਮਹਾਨ ਕ੍ਰਾਂਤੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੀ ਇਕੱਲੇ ਪੰਜਾਬ ’ਚ ਹੀ ਨਹੀਂ ਸਗੋਂ ਪੂਰੇ ਹਿੰਦ ਨੂੰ ਖੁਆਬ ਤੋਂ ਜਗਾ ਕੇ ਲਿਆਂਦੀ। ਗੁਰੂ ਜੀ ਦੇ ਹੁਕਮ ’ਤੇ ਸਿਰ ਤਲੀ ’ਤੇ ਧਰਨ ਵਾਲੇ ਯੋਧਿਅਾਂ ਦਾ 230 ਸਾਲ ਤੱਕ ਚਰਿੱਤਰ ਨਿਰਮਾਣ ਵੀ ਹੋਇਆ ਹੈ।
ਮਹਾਰਾਜਾ ਰਣਜੀਤ ਸਿੰਘ ਨੇ ਹਲੀਮੀ ਰਾਜ ਸਥਾਪਿਤ ਕਰ ਕੇ ਆਦਰਸ਼ ਰਾਜ ਦਾ ਸੰਕਲਪ ਪੇਸ਼ ਕੀਤਾ ਜੋ ਸੰਤ ਸਿਪਾਹੀ, ਬਹਾਦੁਰ, ਅਸੂਲਪ੍ਰਸਤ, ਦਿਆਲੂ ਅਤੇ ਚਰਿੱਤਰ ਵਾਲਾ ਸੀ। ਰਾਜ ਖਾਲਸਾ ਸਭ ਭਾਰਤੀਆਂ ਦਾ ਸਾਂਝਾ ਸੀ ਜਿਸ ਨੇ ਪੰਜਾਹ ਸਾਲ ਅਮਰ ਸ਼ਾਂਤੀ ਅਤੇ ਖੁਸ਼ਹਾਲੀ ਦਾ ਸਮਾਂ ਪੰਜਾਬ ਨੂੰ ਦਿੱਤਾ। ਇੱਥੇ ਯੂਰਪ ਅਤੇ ਅਮਰੀਕਾ ਦੇ ਲੋਕ ਨੌਕਰੀ ਕਰਨੀ ਖੁਸ਼ਕਿਸਮਤੀ ਸਮਝਦੇ ਸਨ।
ਅੰਗਰੇਜ਼ਾਂ ਨੇ ਧੋਖੇ ਨਾਲ ਇਸ ਰਾਜ ’ਤੇ ਕਬਜ਼ਾ ਕਰ ਕੇ ਸੱਭਿਆਚਾਰ ਨੂੰ ਖਤਮ ਕਰਨ ’ਚ ਕੋਈ ਕਸਰ ਬਾਕੀ ਨਹੀਂ ਛੱਡੀ। ਧਰਮਾਂ, ਫਿਰਕਿਆਂ, ਦੰਡ ਭੇਦ ਹੀ ਨਹੀਂ, ਪੰਜਾਬੀਆਂ ਨੂੰ ਵੰਡਣ ਲਈ ਕਲਮ, ਪੈਸਾ ਅਤੇ ਤਲਵਾਰ ਦੀ ਵੀ ਪੂਰੀ ਵਰਤੋਂ ਕੀਤੀ। ਇਸ ਪ੍ਰਭਾਵ ਹੇਠ ਹੀ ਪੰਜਾਬੀ ਮਾਂ ਬੋਲੀ ਤੋਂ ਆਕੀ ਹੋ ਗਿਆ। ਖਾਲਸਾ ਨਿਰਭਊ, ਨਿਰਵੈਰ ਅਤੇ ਬਹਾਦੁਰੀ ਦਾ ਰਾਹ ਛੱਡ ਕੇ ਈਰਖਾਲੂ ਅਤੇ ਝਗੜੇਬਾਜ਼ੀ ’ਚ ਗਲਤਾਨ ਹੋ ਗਿਆ। ਗੁਰੂ ਪਰੰਪਰਾ ਤੋਂ ਆਕੀ ਹੋ ਕੇ ਸਿੱਖ ਰਾਜਿਆਂ ਜੋ ਅੰਗਰੇਜ਼ ਦੇ ਰਾਜਕੁਮਾਰ ਬਣ ਗਏ ਸਨ, ਨੇ ਆਪਣੀ ਸੱਭਿਅਤਾ ਦਾ ਘਾਣ ਸ਼ੁਰੂ ਕਰ ਿਦੱਤਾ। ਗੁਰਮੁਖੀ ਅਤੇ ਪੰਜਾਬੀ ਦੇ ਵਿਕਾਸ ਲਈ ਉਹ ਖਾਮੋਸ਼ ਹੀ ਰਹੇ। ਦੇਸ਼ ਦੀ ਵੰਡ ਸਮੇਂ ਖਾਲਸਾ ਰਾਜ ਦੀ ਰਾਜਧਾਨੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ, ਸੱਚਾ ਸੌਦਾ ਅਤੇ ਸ੍ਰੀ ਕਰਤਾਰਪੁਰ ਸਾਹਿਬ ਸਮੇਤ ਬਹੁਤੇ ਸਿੱਖ ਇਤਿਹਾਸ ਨਾਲ ਸਬੰਧਤ ਇਲਾਕੇ ਪਾਕਿਸਤਾਨ ’ਚ ਹੀ ਰਹਿ ਗਏ।
ਆਜ਼ਾਦੀ ਤੋਂ ਬਾਅਦ ਕਾਂਗਰਸ ਦੇ ਪਹਿਲਾਂ ਕੀਤੇ ਹੋਏ ਵਾਅਦੇ ਵਫਾ ਨਹੀਂ ਹੋਏ। ਆਜ਼ਾਦੀ ਦਾ ਨਿੱਘ ਮਾਣਨ ਲਈ ਪੰਜਾਬੀ ਬੋਲੀ ਵਾਲਾ ਇਲਾਕਾ ਲੱਭਦੇ ਆਪਸ ’ਚ ਹੀ ਵੰਡੇ ਗਏ। ਖੂਨ ਦਾ ਰਿਸ਼ਤਾ ਅਤੇ ਮਾਂ ਬੋਲੀ ਦੀ ਸਾਂਝ ਭੁੱਲ ਕੇ ਜਗਤ ਗੁਰੂ ਬਾਬੇ ਦੇ ਪੈਰੋਕਾਰ ਇਕ-ਦੂਜੇ ਵਿਰੁੱਧ ਡਟ ਗਏ। ਿਪਛਲੇ 75 ਸਾਲ ਪੰਜਾਬ ਦਾ ਇਤਿਹਾਸ ਅੰਦੋਲਨ ਖੜ੍ਹੇ ਕਰਨ, ਇਕ-ਦੂਜੇ ਦਾ ਵਿਰੋਧ ਕਰਨ ਅਤੇ ਸਰਕਾਰ ਨੂੰ ਆਪਣੀ ਸ਼ਕਤੀ ਨਾਲ ਪੰਜਾਬ ਅਤੇ ਪੰਜਾਬੀਅਤ ਨੂੰ ਕੁਚਲਣ ਦਾ ਮੌਕਾ ਦੇਣ ਦੀ ਇਕ ਲੰਬੀ ਦਾਸਤਾਂ ਹੈ। ‘ਚੂ ਕਾਰ ਅਜ਼ ਹਮਾ ਹੀਲਤ ਦਰ ਗੁਜ਼ਤ!! ਹਲਾਲ ਅਸਤ ਬੁਰਦਨ ਬ ਸਮਸੀਰ ਦਸਤ।।’ ਦੀ ਗੁੜ੍ਹਤੀ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਲਈ ਪਹਿਲ ਦਿੰਦੀ ਹੈ। ਬਦਕਿਸਮਤੀ ਨਾਲ ਜੋ ਗੱਲਬਾਤ ਨਾਲ ਪੰਜਾਬ ਦੇ ਮਸਲੇ ਕਾਂਗਰਸ ਕੋਲੋਂ ਹੱਲ ਕਰਵਾਉਣ ਲਈ ਗਏ ਸਨ, ਉਹ ਆਗੂ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਕੁਰਸੀ ਮਿਲਦਿਆਂ ਹੀ ਪੱਕੇ ਕਾਂਗਰਸੀ ਬਣ ਗਏ ਅਤੇ ਫਿਰ ਪੰਜਾਬੀਆਂ ’ਤੇ ਤਸ਼ੱਦਦ ਕਰਨ ’ਚ ਮੋਹਰੀ ਬਣੇ। ਪੰਥਕ ਰਵਾਇਤਾਂ ਦਾ ਜੋ ਘਾਣ ਇਨ੍ਹਾਂ ਨੇ ਕੀਤਾ, ਉਹ ਸ਼ਾਇਦ ਹੋਰ ਕੋਈ ਨਹੀਂ ਕਰ ਸਕਦਾ ਸੀ।
ਸਰਕਾਰ ਦੀ ਸ਼ਕਤੀ ਦਾ ਅਹਿੰਸਾ ਜਾਂ ਬਰਾਬਰ ਦੀ ਸਰਕਾਰੀ ਤਾਕਤ ਹੀ ਮੁਕਾਬਲਾ ਕਰ ਸਕਦੀ ਹੈ। ਹਿੰਸਾ ਸਰਕਾਰ ਨੂੰ ਆਪਣੀ ਸ਼ਕਤੀ ਵਰਤਣ ਲਈ ਸੱਦਾ ਿਦੰਦੀ ਹੈ ਅਤੇ ਅਮਨ ਪਸੰਦ ਨਾਗਰਿਕਾਂ ਨੂੰ ਅੰਦੋਲਨ ਤੋਂ ਦੂਰ ਰਹਿਣ ਦਾ ਸਾਧਨ ਬਣਦੀ ਹੈ। ਗੁਰਦੁਆਰਾ ਸੁਧਾਰ ਲਹਿਰ 1920 ਤੋਂ 1925 ਤੱਕ ਅਹਿੰਸਾ ਦੀ ਸ਼ਕਤੀ ਦੀ ਮਿਸਾਲ ਬਣੀ ਜਿਸ ਅੱਗੇ ਅੰਗਰੇਜ਼ ਸਰਕਾਰ ਨੂੰ ਗੋਡੇ ਟੇਕਣੇ ਪਏ ਸਨ। 1960 ਦੇ ਦਹਾਕੇ ਤੋਂ ਦੇਸ਼ ਨਾਲੋਂ ਵੱਖ ਹੋਣ ਦੀ ਗੱਲ ਕਰਨ ਵਾਲੇ ਬਹੁਤੇ ਸਰਕਾਰ ਨਾਲ ਮਿਲ ਕੇ ਅੰਦੋਲਨ ਨੂੰ ਬਦਨਾਮ ਕਰਨ ਵਾਲੇ ਹੀ ਸਨ।
ਗੁਆਂਢੀ ਵਿਦੇਸ਼ੀ ਸਰਕਾਰ ਭਾਰਤ ਨੂੰ ਕਮਜ਼ੋਰ ਕਰਨ ਲਈ ਯਤਨਸ਼ੀਲ ਰਹੀ ਹੈ। ਉਹ ਹਰ ਲੜਾਈ ਹਾਰੀ ਹੈ ਅਤੇ ਆਪਣੇ ਟੁਕੜੇ ਕਰਵਾ ਚੁੱਕੀ ਹੈ ਪਰ ਸ਼ਰਾਰਤ ਤੋਂ ਬਾਜ਼ ਨਹੀਂ ਆਈ। ਪੱਛਮੀ ਪੰਜਾਬ ’ਚ ਆਜ਼ਾਦੀ ਤੋਂ ਬਾਅਦ ਿਪੱਛੇ ਰਹੇ ਹਰ ਹਿੰਦੂ-ਸਿੱਖ ਨੂੰ ਧਰਮ ਤਬਦੀਲ ਕਰਨ ਲਈ ਮਜਬੂਰ ਹੋਣਾ ਪਿਆ ਸੀ। ਅੱਜ ਉੱਥੇ ਇਕ ਵੀ ਹਿੰਦੂ-ਸਿੱਖ ਨਹੀਂ ਬਚਿਆ। ਸਰਕਾਰ ਨਾਲ ਲੜਾਈ ਦਾ ਕੋਈ ਲਾਭਪਾਤਰੀ ਵੀ ਹੁੰਦਾ ਹੈ। ਨੁਕਸਾਨ ਉਠਾਉਣ ਵਾਲਿਆਂ ਨੂੰ ਘੱਟ ਹੀ ਕਈ ਪੁੱਛਦਾ ਹੈ ਜਾਂ ਮਿਲਦਾ ਹੈ। 1978 ਤੋਂ 1993 ਤੱਕ ਪੰਜਾਬ ਦੀ ਕਤਲੋਗਾਰਤ ਦੇ ਲਾਭਪਾਤਰੀਆਂ ਦੀ ਦੇਣ ਅਤੇ ਪ੍ਰਾਪਤੀ ਦਾ ਇਤਿਹਾਸ ਸਾਡੇ ਸਾਹਮਣੇ ਹੈ। ਕਿਸਾਨ ਅੰਦੋਲਨ ਕਰਨ ਵਾਲੇ ਅਤੇ ਲਾਭ ਖੱਟਣ ਵਾਲੇ ਕੌਣ-ਕੌਣ ਹਨ?
ਇਸ ਦਾ ਮਤਲਬ ਇਹ ਨਹੀਂ ਕਿ ਪੰਜਾਬ ’ਚ ਕੋਈ ਸਮੱਸਿਆ ਹੀ ਨਹੀਂ। ਪੰਜਾਬੀ ਬੋਲੀ ਦਾ ਵਿਕਾਸ, ਪੰਜਾਬ ਦੀਆਂ ਮੰਗਾਂ, ਰਾਜਧਾਨੀ, ਭਾਖੜਾ ਡੈਮ ਦਾ ਕੰਟਰੋਲ, ਪੰਜਾਬੀ ਬੋਲਦੇ ਇਲਾਕਿਆਂ ਅਤੇ ਦਰਿਆਈ ਪਾਣੀਆਂ ਦਾ ਫੈਸਲਾ 56 ਸਾਲ ਤੋਂ ਲਟਕਿਆ ਹੋਇਆ ਹੈ। ਰਾਜੀਵ-ਲੌਂਗੋਵਾਲ ਸਮਝੌਤਾ ਅੱਜ ਵੀ ‘ਊਠ ਦਾ ਬੁੱਲ੍ਹ’ ਬਣਿਆ ਹੋਇਆ ਹੈ ਪਰ ਲੱਗਦਾ ਹੈ ਕਿ ਪੰਜਾਬੀਆਂ ਨੇ ਸਮਝੌਤਾ ਤੋੜਣ ਵਾਲਿਆਂ ਨੂੰ ਮੁਆਫ ਕਰ ਿਦੱਤਾ ਹੈ। ਇਸੇ ਕਾਰਨ 3 ਵਾਰ ਉਹ ਸਰਕਾਰ ਬਣਾਉਣ ’ਚ ਸਫਲ ਰਹੇ। ਹੋ ਸਕਦਾ ਹੈ ਕਿ ਅੰਦੋਲਨ ਦਾ ਲਾਭ ਖੱਟਣ ਵਾਲੇ ਉਨ੍ਹਾਂ ਤੋਂ ਵੀ ਭੈੜੇ ਨਿਕਲੇ ਹੋਣ। ਆਰਥਿਕ ਰੂਪ ’ਚ ਪੰਜਾਬ ਕੰਗਾਲ ਹੋਣ ਦੇ ਕੰਢੇ ’ਤੇ ਹੈ। ਨਵੇਂ ਤਾਂ ਕੀ ਲੱਗਣੇ ਸਨ, ਪੁਰਾਣੇ ਕਾਰਖਾਨੇ ਵੀ ਬੰਦ ਹੋ ਰਹੇ ਹਨ। ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ, ਨੌਜਵਾਨ ਦੇਸ਼ ਛੱਡ ਕੇ ਭੱਜ ਰਿਹਾ ਹੈ। ਪੰਜਾਬ ਸਿਰਫ ਗੈਂਗਸਟਰਾਂ ਅਤੇ ਨਸ਼ਾ ਵੇਚਣ ਵਾਲਿਆਂ ਦੇ ਹਵਾਲੇ ਲੱਗਦਾ ਹੈ।
ਆਰਥਿਕ ਪੱਖੋਂ 1 ਨੰਬਰ ਵਾਲਾ ਸੂਬਾ ਥੱਲਿਓਂ ਦੂਜੇ ਨੰਬਰ ’ਤੇ ਪੁੱਜ ਗਿਆ ਹੈ। ੲੀਮਾਨਦਾਰੀ ਅਤੇ ਇਨਸਾਫ ਪੰਖ ਲਾ ਕੇ ਉੱਡ ਗਿਆ ਹੈ। ਗੈਂਗਸਟਰਾਂ ਨੇ ਪੰਜਾਬ ਨੂੰ ਅਸੁਰੱਖਿਅਤ ਬਣਾ ਦਿੱਤਾ ਹੈ ਜਿੱਥੋਂ ਹਰ ਿਵਅਕਤੀ ਜਾਨ ਬਚਾਉਣ ਲਈ ਭੱਜਣਾ ਚਾਹੁੰਦਾ ਹੈ।
ਪੰਜਾਬ ਦੀ ਬਰਬਾਦੀ ਲਈ ਕਮਜ਼ੋਰ ਪੰਜਾਬੀ ਵੀ ਜ਼ਿੰਮੇਵਾਰ ਹਨ। ਇੰਨੀ ਕੁੱਟ ਖਾ ਕੇ ਅਤੇ ਉਜਾੜਾ ਪਾ ਕੇ ਨੌਜਵਾਨ ਭੱਜ ਕੇ ਵਿਦੇਸ਼ਾਂ ਵੱਲ ਜਾ ਰਹੇ ਹਨ। ਪੰਜਾਬੀ ਕਰਜ਼ੇ ਦੀ ਮਾਰ ਹੇਠ ਹਨ। ਅਸੀਂ ਇਕੱਠੇ ਹੋ ਕੇ ਵਿਚਾਰ ਕਰ ਕੇ ਭਾਈਚਾਰਕ ਸਾਂਝ ਮਜ਼ਬੂਤ ਕਰ ਕੇ ਤਰੱਕੀ ਦਾ ਰਾਹ ਕਿਉਂ ਨਹੀਂ ਫੜਦੇ? ਅੰਦੋਲਨ ਦਾ ਰਾਹ ਪਾਉਣ ਵਾਲੇ ਸਿਰਫ ਪੰਜਾਬ ਨੂੰ ਅਸ਼ਾਂਤ ਰੱਖਣਾ ਚਾਹੁੰਦੇ ਹਨ।
ਪੰਜਾਬ ਦੇ ਵਿਕਾਸ ਅਤੇ ਖੁਸ਼ਹਾਲੀ ਲਈ ਬਹਾਦੁਰ ਅਤੇ ਦੂਰਅੰਦੇਸ਼ੀ ਪੰਜਾਬੀਆਂ ਨੂੰ ਇਕਮਿਕ ਹੋਣ ਦੀ ਲੋੜ ਹੈ। ਬਿਨਾਂ ਵਿਕਾਸ ਅਤੇ ਸ਼ਾਂਤੀ ਦਾ ਮਾਡਲ ਪੇਸ਼ ਕੀਤਿਆਂ ਗੁਰਾਂ ਦੇ ਨਾਂ ’ਤੇ ਜਿਉਣ ਵਾਲੇ ਪੰਜਾਬ ਨੂੰ ਫਿਰਕੂ ਲੀਹਾਂ ’ਤੇ ਵੰਡਣ ਦਾ ਯਤਨ ਸਿਵਿਆਂ ਦੇ ਰਾਹ ਪਾਉਣ ਵਾਲੀ ਗੱਲ ਹੈ। ਪੰਜਾਬ ਨੂੰ ਧਰਮ ਦੇ ਨਾਂ ’ਤੇ ਵੰਡਣ ਵੱਲ ਲੱਗਾ ਹਰ ਵਿਅਕਤੀ ਸਜ਼ਾ ਦਾ ਹੱਕਦਾਰ ਹੈ। ਉਸ ਦਾ ਪਹਿਰਾਵਾ ਭਾਵੇਂ ਕੁਝ ਵੀ ਹੋਵੇ ਪਰ ਸੂਬਾਈ ਸਰਕਾਰਾਂ ਅੱਗ ਲੱਗਣ ਤੱਕ ਉਡੀਕ ਕਿਉਂ ਕਰਦੀਆਂ ਹਨ? ਪੰਜਾਬ ਅਮਨ ਤੇ ਵਿਕਾਸ ਮੰਗਦਾ ਹੈ।
ਇਕਬਾਲ ਸਿੰਘ ਲਾਲਪੁਰਾ
ਭਾਰਤ ਦੀ ਜੀ-20 ਦੀ ਪ੍ਰਧਾਨਗੀ ਦੀ ਪਾਰੀ ਸ਼ੁਰੂ
NEXT STORY