ਆਕਾਰ ਪਟੇਲ
50 ਸਾਲ ਪਹਿਲਾਂ 24 ਜੁਲਾਈ 1969 ਨੂੰ ਅਮਰੀਕਾ ਦਾ ਅਪੋਲੋ-11 ਮਿਸ਼ਨ ਚੰਦਰਮਾ ਤੋਂ ਪਰਤਿਆ ਸੀ। ਤਿੰਨ ਪੁਲਾੜ ਯਾਤਰੀ, ਪਾਇਲਟ, ਮਾਈਕਲ ਕੋਲਿੰਸ ਅਤੇ ਐਡਵਿਨ ਆਲਡ੍ਰਿਨ ਅਤੇ ਕਮਾਂਡਰ ਨੀਲ ਆਰਮਸਟ੍ਰਾਂਗ ਨੂੰ ਫਲੋਰੀਡਾ ਤੋਂ ਉਡਾਣ ਭਰਨ ਅਤੇ ਫਿਰ ਚੰਦਰਮਾ ’ਤੇ ਜਾਣ ਅਤੇ ਵਾਪਸ ਆਉਣ ’ਚ 8 ਦਿਨਾਂ ਦਾ ਸਮਾਂ ਲੱਗਾ ਸੀ।
22 ਜੁਲਾਈ ਨੂੰ ਭਾਰਤ ਆਪਣਾ ਪਹਿਲਾ ਸਪੇਸਕ੍ਰਾਫਟ ਚੰਦਰਮਾ ’ਤੇ ਭੇਜੇਗਾ। ਇਸ ਨੂੰ ਚੰਦਰਮਾ ’ਤੇ ਭੇਜਣ ’ਚ ਕਰੀਬ 7 ਹਫਤੇ ਲੱਗਣਗੇ। ਅਮਰੀਕਾ, ਰਸ਼ੀਆ ਅਤੇ ਚੀਨ ਤੋਂ ਬਾਅਦ ਭਾਰਤ ਚੰਦਰਮਾ ’ਤੇ ਪਹੁੰਚਣ ਵਾਲਾ ਚੌਥਾ ਦੇਸ਼ ਹੋਵੇਗਾ। ਹਾਲਾਂਕਿ ਇਹ ਸਿਰਫ ਯੋਗਤਾ ਅਤੇ ਨਿਪੁੰਨਤਾ ਦਾ ਸਵਾਲ ਨਹੀਂ ਹੈ, ਸਗੋਂ ਤਰਜੀਹਾਂ ਦਾ ਵੀ ਮਾਮਲਾ ਹੈ।
ਹੋਰ ਦੇਸ਼, ਜਿਨ੍ਹਾਂ ਕੋਲ ਅਜਿਹਾ ਕਰਨ ਦੀ ਤਕਨੀਕੀ ਸਮਰੱਥਾ ਮੌਜੂਦ ਹੈ, ਜਿਵੇਂ ਕਿ ਜਰਮਨੀ, ਫਰਾਂਸ, ਜਾਪਾਨ ਅਤੇ ਹੋਰਨਾਂ ਦੀਆਂ ਪੁਲਾੜ ਸਬੰਧੀ ਵੱਡੀਆਂ ਖਾਹਿਸ਼ਾਂ ਨਹੀਂ ਹਨ ਅਤੇ ਉਨ੍ਹਾਂ ਦੀਆਂ ਸਰਕਾਰਾਂ ਦਾ ਕਹਿਣਾ ਹੈ ਕਿ ਕਰਦਾਤਿਆਂ ਦਾ ਪੈਸਾ ਅਜਿਹੀਆਂ ਚੀਜ਼ਾਂ ’ਤੇ ਨਹੀਂ ਖਰਚ ਕੀਤਾ ਜਾਣਾ ਚਾਹੀਦਾ। ਪ੍ਰਮਾਣੂ ਹਥਿਆਰ ਵਿਕਸਿਤ ਕਰਨ ਦੇ ਮਾਮਲੇ ’ਚ ਵੀ ਇਨ੍ਹਾਂ ਦੇਸ਼ਾਂ ਨੇ ਵੱਖਰਾ ਰਸਤਾ ਅਪਣਾਇਆ ਹੈ।
ਚੰਦਰਮਾ ਦਾ ਅਧਿਐਨ ਕਰਨ ਦਾ ਕਾਰਣ ਇਹ ਹੈ ਕਿ ਇਸ ਨਾਲ ਸਾਨੂੰ ਪੂਰੀ ਸੌਰ ਪ੍ਰਣਾਲੀ ਦੇ ਵਿਕਾਸ ਨੂੰ ਸਮਝਣ ’ਚ ਮਦਦ ਮਿਲ ਸਕਦੀ ਹੈ। ਚੰਦਰਮਾ 3.5 ਬਿਲੀਅਨ ਸਾਲ ਪੁਰਾਣਾ ਹੈ ਅਤੇ ਇਸ ਦੇ ਟੋਏ ਬਣਨ ਤੋਂ ਲੈ ਕੇ ਹੁਣ ਤਕ ਇਹ ਬਦਲੇ ਨਹੀਂ ਹਨ ਕਿਉਂਕਿ ਇਸ ਦੇ ਉਪਰ ਕੋਈ ਵਾਤਾਵਰਣ ਨਹੀਂ ਹੈ ਅਤੇ ਕੋਈ ਅੰਦਰੂਨੀ ਹਲਚਲ ਵੀ ਨਹੀਂ ਹੈ, ਜੋ ਇਸ ਦੀਆਂ ਵਿਸ਼ੇਸ਼ਤਾਵਾਂ ਨੂੰ ਖਤਮ ਕਰ ਸਕੇ। ਚੰਦਰਮਾ ਨੇ ਪੂਰੀ ਸੌਰ ਪ੍ਰਣਾਲੀ ’ਚ ਹੋਏ ਪ੍ਰਭਾਵਾਂ ਨੂੰ ਦਰਜ ਕੀਤਾ ਹੈ ਅਤੇ ਇਸ ਨਾਲ ਹੋਰ ਵੀ ਬਹੁਤ ਸਾਰੇ ਭੇਤ ਖੁੱਲ੍ਹ ਸਕਦੇ ਹਨ, ਜਿਨ੍ਹਾਂ ਦਾ ਧਰਤੀ ’ਤੇ ਅਧਿਐਨ ਨਹੀਂ ਕੀਤਾ ਜਾ ਸਕਦਾ। ਦਰਅਸਲ, ਅਪੋਲੋ ਮਿਸ਼ਨ ਤੋਂ ਬਾਅਦ ਵੀ ਇਸ ਗੱਲ ਦਾ ਪਤਾ ਲੱਗਾ ਸੀ ਕਿ ਚੰਦਰਮਾ ਦਾ ਨਿਰਮਾਣ ਸ਼ਾਇਦ ਪ੍ਰਿਥਵੀ ਨਾਲ ਕਿਸੇ ਭਾਰੀ ਚੀਜ਼ ਦੇ ਟਕਰਾਉਣ ਦੇ ਸਿੱਟੇ ਵਜੋਂ ਹੋਇਆ ਸੀ।
ਖ਼ੁਦ ਅਮਰੀਕਾ ਨੇ ਵੀ 1969 ਤੋਂ ਬਾਅਦ ਪੁਲਾੜ ਸਬੰਧੀ ਖੋਜ ਦੇ ਮਾਮਲੇ ’ਚ ਜ਼ਿਆਦਾ ਕੰਮ ਨਹੀਂ ਕੀਤਾ। ਆਰਮਸਟ੍ਰਾਂਗ ਅਤੇ ਆਲਡ੍ਰਿਨ ਤੋਂ ਬਾਅਦ 10 ਹੋਰ ਅਮਰੀਕੀਆਂ ਨੇ ਚੰਦਰਮਾ ’ਤੇ ਕਦਮ ਰੱਖਿਆ ਪਰ ਉਨ੍ਹਾਂ ਦਾ ਅੰਤਿਮ ਮਿਸ਼ਨ 1972 ’ਚ ਹੋਇਆ ਸੀ। 1980 ’ਚ ਰਾਸ਼ਟਰਪਤੀ ਰੋਨਾਲਡ ਰੀਗਨ ਦੇ ਸਮੇਂ ’ਚ ਅਮਰੀਕਾ ਨੇ ਸਪੇਸ ਸ਼ਟਲ ਪ੍ਰੋਗਰਾਮ ਦਾ ਵਿਕਾਸ ਕੀਤਾ। ਇਹ 2011 ’ਚ ਖਤਮ ਹੋਇਆ। ਭਾਰਤੀ ਮੂਲ ਦੀ ਪੁਲਾੜ ਯਾਤਰੀ ਕਲਪਨਾ ਚਾਵਲਾ ਦਾ 2003 ’ਚ ਇਕ ਹਾਦਸੇ ’ਚ ਦਿਹਾਂਤ ਹੋ ਗਿਆ ਸੀ, ਜਦੋਂ ਪੁਲਾੜ ਗੱਡੀ ਕੋਲੰਬੀਆ ਵਾਤਾਵਰਣ ’ਚ ਦਾਖਲ ਹੁੰਦੇ ਸਮੇਂ ਟੁੱਟ ਗਈ ਸੀ। ਇਹ ਕਿਸੇ ਪੁਲਾੜ ਗੱਡੀ ਦਾ ਦੂਜਾ ਹਾਦਸਾ ਸੀ। ਪਹਿਲਾ 1980 ’ਚ ਹੋਇਆ ਸੀ ਅਤੇ ਇਨ੍ਹਾਂ ਦੋਹਾਂ ਹਾਦਸਿਆਂ ’ਚ 14 ਵਿਅਕਤੀ ਮਾਰੇ ਗਏ ਸਨ।
30 ਸਾਲ ਪਹਿਲਾਂ ਠੰਡੀ ਜੰਗ ਦੇ ਅਖੀਰ ’ਚ ਅਤੇ ਸੋਵੀਅਤ ਸੰਘ ਦੇ ਟੁੱਟਣ ਤੋਂ ਬਾਅਦ ਲੰਮੀ ਦੂਰੀ ਦੀਆਂ ਮਿਜ਼ਾਈਲਾਂ (ਜਿਨ੍ਹਾਂ ’ਚ ਸਪੇਨ ਰਾਕੇਟ ਦੇ ਬਰਾਬਰ ਕਈ ਵਿਸ਼ੇਸ਼ਤਾਵਾਂ ਸਨ) ਉੱਤੇ ਖਰਚ ਕੀਤਾ ਜਾਣ ਵਾਲਾ ਪੈਸਾ ਹੋਰਨਾਂ ਥਾਵਾਂ ’ਤੇ ਖਰਚ ਕੀਤਾ ਜਾਣ ਲੱਗਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲ ਹੀ ’ਚ ਕਿਹਾ ਹੈ ਕਿ ਉਹ ਨਾਸਾ ਦੀਆਂ ਵੱਡੀਆਂ ਖਾਹਿਸ਼ਾਂ ਨੂੰ ਫਿਰ ਤੋਂ ਸ਼ੁਰੂ ਕਰਨਗੇ ਅਤੇ ਅਮਰੀਕੀ ਪੁਲਾੜ ਯਾਤਰੀ 2024 ਤਕ ਚੰਦਰਮਾ ’ਤੇ ਜਾਣਗੇ। ਹਾਲਾਂਕਿ ਪੁਲਾੜ ਦੇ ਸਬੰਧ ’ਚ ਸਭ ਤੋਂ ਵਧੀਆ ਕੰਮ ਅੱਜਕਲ ਨਿੱਜੀ ਕੰਪਨੀ ਸਪੇਸ ਐਕਸ ਵਲੋਂ ਕੀਤਾ ਜਾ ਰਿਹਾ ਹੈ, ਜਿਸ ਦਾ ਸੰਚਾਲਨ ਕਰੋੜਪਤੀ ਇੰਜੀਨੀਅਰ ਐਲਨ ਮਸਕ ਕਰਦੇ ਹਨ। ਸਪੇਸ ਐਕਸ ਉਹ ਕੰਮ ਕਰ ਸਕਦਾ ਹੈ, ਜੋ ਨਾਸਾ ਵੀ ਨਹੀਂ ਕਰ ਸਕਦਾ, ਜਿਵੇਂ ਕਿ ਰਾਕੇਟ ਦੇ ਵੱਖ-ਵੱਖ ਪੜਾਵਾਂ ਨੂੰ ਰਿਕਵਰ ਕਰਨਾ ਅਤੇ ਉਨ੍ਹਾਂ ਦੀ ਦੁਬਾਰਾ ਵਰਤੋਂ ਕਰਨਾ। ਬਲਿਊ ਓਰਿਜਨ ਨਾਂ ਦੀ ਇਕ ਹੋਰ ਨਿੱਜੀ ਪੁਲਾੜ ਫਰਮ, ਜਿਸ ਦਾ ਸੰਚਾਲਨ ਐਮਾਜ਼ੋਨ ਦੇ ਮਾਲਕ ਜੈਫ ਬੇਜ਼ੋਸ ਕਰਦੇ ਹਨ, ਨੇ ਵੀ ਅਜਿਹੀ ਸਮਰੱਥਾ ਵਿਕਸਿਤ ਕਰ ਲਈ ਹੈ।
ਜਦੋਂ 2002 ਦੇ ਨੇੜੇ-ਤੇੜੇ ਮਸਕ ਨੇ ਆਪਣੀ ਕੰਪਨੀ ਸ਼ੁਰੂ ਕੀਤੀ ਤਾਂ ਉਸ ਨੇ ਦੇਖਿਆ ਕਿ ਪਿਛਲੇ 50 ਸਾਲਾਂ ’ਚ ਰਾਕੇਟ ਤਕਨੀਕ ਨੇ ਕੋਈ ਤਰੱਕੀ ਨਹੀਂ ਕੀਤੀ ਅਤੇ ਸਰਕਾਰਾਂ ਅਜੇ ਵੀ 1960 ਵਾਲੇ ਸਿਸਟਮ ਦੀ ਹੀ ਵਰਤੋਂ ਕਰ ਰਹੀਆਂ ਹਨ। ਉਨ੍ਹਾਂ ਦੀ ਰਣਨੀਤੀ ਚੰਦਰਮਾ ’ਤੇ ਇਕ ਕਾਲੋਨੀ ਬਣਾਉਣ ਦੀ ਹੈ ਅਤੇ ਉਨ੍ਹਾਂ ਦੀ ਪ੍ਰਤੀਬੱਧਤਾ, ਵਿਜ਼ਨ ਅਤੇ ਜਨੂੂੰਨ ਨੂੰ ਦੇਖਦੇ ਹੋਏ ਇਹ ਸੰਭਵ ਹੈ ਕਿ ਉਹ ਕਾਫੀ ਹੱਦ ਤਕ ਆਪਣੇ ਮਕਸਦ ’ਚ ਕਾਮਯਾਬ ਹੋ ਜਾਣ।
ਜਦੋਂ ਭਾਰਤ ਵਰਗੇ ਦੇਸ਼ਾਂ ਵਲੋਂ ਪੁਲਾੜ ਪ੍ਰੋਗਰਾਮ ’ਤੇ ਖਰਚ ਕਰਨ ਦੀ ਗੱਲ ਆਉਂਦੀ ਹੈ ਤਾਂ ਦੋ ਤਰ੍ਹਾਂ ਦੇ ਵਿਚਾਰ ਸਾਹਮਣੇ ਆਉਂਦੇ ਹਨ ਅਤੇ ਮੇਰਾ ਖਿਆਲ ਹੈ ਕਿ ਦੋਵੇਂ ਜਾਇਜ਼ ਹਨ। ਪਹਿਲਾ ਇਹ ਹੈ ਕਿ ਗਰੀਬ ਦੇਸ਼ਾਂ ਨੂੰ ਰਾਕੇਟਸ ’ਤੇ ਜ਼ਿਆਦਾ ਖਰਚ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਨਾਲ ਨਾਗਰਿਕਾਂ ਨੂੰ ਕੋਈ ਖਾਸ ਫਾਇਦਾ ਨਹੀਂ ਹੁੰਦਾ, ਸਿਵਾਏ ਰਾਸ਼ਟਰੀ ਮਾਣ ਦੇ, ਜਿਸ ਨਾਲ ਭੁੱਖ ਨਹੀਂ ਮਿਟਦੀ। ਦੂਜਾ ਵਿਚਾਰ ਇਹ ਹੈ ਕਿ ਇਸ ਤਰ੍ਹਾਂ ਦੇ ਮਿਸ਼ਨ ਵਿਗਿਆਨਿਕ ਸੋਚ ਪੈਦਾ ਕਰਦੇ ਹਨ ਅਤੇ ਖਾਸ ਤੌਰ ’ਤੇ ਦੁਨੀਆ ਦੇ ਉਸ ਹਿੱਸੇ ’ਚ, ਜਿਥੇ ਸਰਕਾਰ ਲੋਕਾਂ ਨੂੰ ਇਹ ਦੱਸਦੀ ਹੋਵੇ ਕਿ ਕੀ ਖਾਣਾ ਹੈ ਅਤੇ ਕੀ ਨਾਅਰਾ ਲਾਉਣਾ ਹੈ, ਉਥੇ ਵਿਗਿਆਨਿਕ ਸੋਚ ਵਿਕਸਿਤ ਕਰਨਾ ਲਾਹੇਵੰਦ ਹੈ।
ਸ਼ਾਇਦ ਇਹੀ ਕਾਰਣ ਹੈ ਕਿ ਪੁਲਾੜ ਪ੍ਰੋਗਰਾਮਾਂ ਨੂੰ ਹਮੇਸ਼ਾ ਸਾਰੇ ਸਿਆਸੀ ਦਲਾਂ ਦਾ ਸਮਰਥਨ ਮਿਲਦਾ ਰਿਹਾ ਹੈ। ਅੱਜ ਲਾਂਚ ਹੋਣ ਜਾ ਰਹੇ ਭਾਰਤ ਦੇ ਚੰਦਰਯਾਨ ਮਿਸ਼ਨ ਨੂੰ ਮਨਮੋਹਨ ਸਿੰਘ ਨੇ 2008 ’ਚ ਮਨਜ਼ੂਰੀ ਦਿੱਤੀ ਸੀ ਅਤੇ ਜੇਕਰ ਇਹ ਸਫਲ ਰਹਿੰਦਾ ਹੈ ਤਾਂ ਚੰਦਰਯਾਨ-2 ਇਕ ਸਾਲ ਤਕ ਸਰਗਰਮ ਰਹੇਗਾ। ਇਸ ਮਿਸ਼ਨ ਨੂੰ ਲਾਂਚ ਕਰਨ ਵਾਲਾ ਰਾਕੇਟ ਜੀ. ਐੱਸ. ਐੱਲ. ਵੀ.-III ਹੈ। ਇਸ ਦਾ ‘ਥਰਸਟ’ ਸੈਟਰਨ-V ਦੇ ਮੁਕਾਬਲੇ ਚੌਥਾ ਹਿੱਸਾ ਹੋੋਵੇਗਾ, ਜੋ ਆਰਮਸਟ੍ਰਾਂਗ ਨੂੰ ਚੰਦਰਮਾ ’ਤੇ ਲੈ ਕੇ ਗਿਆ ਸੀ। ਇਸ ਸੈਟੇਲਾਈਟ ਦਾ ਭਾਰ 3.8 ਟਨ ਹੈ ਅਤੇ ਇਹ ਚੰਦਰਮਾ ਦੇ ਧਰਾਤਲ ਤੋਂ 100 ਕਿਲੋਮੀਟਰ ਉਪਰ ਇਕ ਪੰਧ ’ਚ ਖ਼ੁਦ ਨੂੰ ਸਥਾਪਿਤ ਕਰੇਗਾ। ਮਿਸ਼ਨ ਦੇ ਆਰਬਿਟਰ, ਲੈਂਡਰ ਅਤੇ ਰੋਵਰ ਭਾਰਤੀ ਪੁਲਾੜ ਖੋਜ ਸੰਗਠਨ ਵਲੋਂ ਵਿਕਸਿਤ ਕੀਤੇ ਗਏ ਹਨ। ਲੈਂਡਰ ਦਾ ਨਾਂ ਭਾਰਤੀ ਪੁਲਾੜ ਪ੍ਰੋਗਰਾਮ ਦੇ ਸੰਸਥਾਪਕ ਵਿਕਰਮ ਸਾਰਾਭਾਈ ਦੇ ਨਾਂ ’ਤੇ ਵਿਕਰਮ ਰੱਖਿਆ ਗਿਆ ਹੈ। ਇਹ ਆਰਬਿਟਰ ਤੋਂ ਹੌਲੀ ਜਿਹੇ ਵੱਖ ਹੋਵੇਗਾ ਅਤੇ ਦੱਖਣੀ ਧਰੁਵ ’ਤੇ ਚੰਦਰਮਾ ਦੀ ਸਤ੍ਹਾ ’ਤੇ ਉਤਰੇਗਾ। ਇਸ ਤੋਂ ਬਾਅਦ ਪ੍ਰਗਿਆਨ ਨਾਂ ਦਾ ਰੋਬੋਟਿਕ ਰੋਵਰ 14 ਦਿਨ ਉਥੇ ਗੁਜ਼ਾਰੇਗਾ ਅਤੇ ਚੰਦਰਮਾ ਦੇ ਧਰਾਤਲ ਦਾ ਅਧਿਐਨ ਕਰਨ ਲਈ ਮਿਨਰਲ ਅਤੇ ਕੈਮੀਕਲ ਸੈਂਪਲ ਇਕੱਠੇ ਕਰੇਗਾ। ਜੇਕਰ ਚੰਦਰਯਾਨ-2 ਸਫਲ ਹੁੰਦਾ ਹੈ ਤਾਂ ਭਾਰਤ ਦਾ ਨਾਂ ਦੁਨੀਆ ਭਰ ’ਚ ਪ੍ਰਸਿੱਧ ਹੋਵੇਗਾ।
ਦਿਲ ਨੂੰ ਹਲੂਣ ਗਿਆ ‘ਇਨਫ੍ਰਾ ਕੁਈਨ’ ਦਾ ਇਸ ਤਰ੍ਹਾਂ ਚਲੇ ਜਾਣਾ
NEXT STORY