ਅੰਗਰੇਜ਼ਾਂ ਨੇ ਸਾਲ 1764 ਤੋਂ 1857 ਤੱਕ ‘ਬ੍ਰਿਟਿਸ਼ ਈਸਟ ਇੰਡੀਆ ਕੰਪਨੀ’ ਦੇ ਤੌਰ ’ਤੇ ਅਸਿੱਧੇ ਤੌਰ ’ਤੇ 93 ਸਾਲ ਤੱਕ ਅਤੇ ਫਿਰ 1858 ਤੋਂ 1947 ਤੱਕ 90 ਸਾਲ ਤੱਕ ਇੰਗਲੈਂਡ ਸਰਕਾਰ ਨੇ ਸਿੱਧੇ ਤੌਰ ’ਤੇ ਸ਼ਾਸਨ ਕੀਤਾ।
ਇਸ ਤਰ੍ਹਾਂ ਅੰਗਰੇਜ਼ਾਂ ਦਾ ਭਾਰਤ ’ਤੇ 183 ਸਾਲ ਸ਼ਾਸਨ ਰਿਹਾ ਅਤੇ ਇੰਗਲੈਂਡ ਦੀ ਲੇਬਰ ਪਾਰਟੀ ਦੀ ਸਰਕਾਰ ਦੇ ਫੈਸਲਿਆਂ ਦੇ ਕਾਰਨ ਹੀ 15 ਅਗਸਤ, 1947 ਨੂੰ ਭਾਰਤ ਨੂੰ ਅੰਗਰੇਜ਼ਾਂ ਦੇ ਸ਼ਾਸਨ ਤੋਂ ਮੁਕਤੀ ਮਿਲੀ ਸੀ।
20 ਫਰਵਰੀ, 1947 ਨੂੰ ਇੰਗਲੈਂਡ ਦੇ ਪ੍ਰਧਾਨ ਮੰਤਰੀ ‘ਕਲੇਮੈਂਟ ਐਟਲੀ’ ਨੇ ਇੰਗਲੈਂਡ ਦੀ ਸੰਸਦ ’ਚ ਇਹ ਇਤਿਹਾਸਕ ਐਲਾਨ ਕੀਤਾ ਸੀ ਕਿ ਇੰਗਲੈਂਡ ਸਰਕਾਰ 30 ਜੂਨ, 1948 ਤੋਂ ਪਹਿਲਾਂ ਭਾਰਤ ਨੂੰ ਪੂਰੀ ਸੱਤਾ ਸੌਂਪ ਦੇਵੇਗੀ।
ਇਸ ਤੋਂ ਬਾਅਦ ਭਾਰਤ ਦੇ ਆਖਰੀ ਵਾਇਸਰਾਏ ‘ਲਾਰਡ ਮਾਊਂਟਬੈਟਨ’ ਨੇ ਭਾਰਤ ਦੀ ਆਜ਼ਾਦੀ ਦੀ ਪ੍ਰਕਿਰਿਆ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਅਤੇ ਅਖੀਰ 15 ਅਗਸਤ, 1947 ਨੂੰ ਭਾਰਤ ਨੂੰ ਆਜ਼ਾਦੀ ਮਿਲ ਗਈ।
ਆਜ਼ਾਦੀ ਤੋਂ ਬਾਅਦ ਅਤੇ ਉਸ ਤੋਂ ਪਹਿਲਾਂ ਵੀ ਕਈ ਭਾਰਤੀ ਵਿਗਿਆਨਕ, ਡਾਕਟਰ ਅਤੇ ਇੰਜੀਨੀਅਰ ਇੰਗਲੈਂਡ ਅਤੇ ਹੋਰ ਦੇਸ਼ਾਂ ’ਚ ਵੱਸਣੇ ਸ਼ੁਰੂ ਹੋ ਗਏ ਸਨ। ਆਜ਼ਾਦੀ ਤੋਂ ਪਹਿਲਾਂ ਇੰਗਲੈਂਡ ’ਚ ਸਿੱਖਿਆ ਪ੍ਰਾਪਤ ਕਰਨ ਲਈ ਜਾਣ ਵਾਲਿਆਂ ’ਚ ਮਹਾਤਮਾ ਗਾਂਧੀ ਵੀ ਸ਼ਾਮਲ ਸਨ ਜੋ 1888 ’ਚ ਬੈਰਿਸਟਰ ਬਣਨ ਲਈ ਲੰਡਨ ਗਏ ਸਨ ਜਿੱਥੇ ਉਨ੍ਹਾਂ ਨੇ 1891 ’ਚ ਆਪਣੀ ਡਿਗਰੀ ਪੂਰੀ ਕੀਤੀ ਸੀ।
ਭਾਰਤ ਦੀ ਆਜ਼ਾਦੀ ਦੇ ਸਮੇਂ ਅਤੇ ਉਸ ਤੋਂ ਬਾਅਦ ਇੰਗਲੈਂਡ ਦੀ ਸਰਕਾਰ ਨੂੰ ਮਜ਼ਦੂਰਾਂ, ਡਾਕਟਰਾਂ ਅਤੇ ਇੰਜੀਨੀਅਰਾਂ ਦੀ ਭਾਰੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਨੂੰ ਪੂਰਾ ਕਰਨ ਲਈ ਅੰਗਰੇਜ਼ਾਂ ਨੇ ਭਾਰਤ ਅਤੇ ਹੋਰਨਾਂ ਰਾਸ਼ਟਰਮੰਡਲ ਦੇਸ਼ਾਂ ਦੇ ਪ੍ਰਤਿਭਾਸ਼ਾਲੀ ਲੋਕਾਂ ਨੂੰ ਆਪਣੇ ਦੇਸ਼ ’ਚ ਆਉਣ ਲਈ ਆਕਰਸ਼ਿਤ ਕੀਤਾ, ਜਿਸਦਾ ਕਈ ਭਾਰਤੀਆਂ ਨੇ ਲਾਭ ਉਠਾਇਆ ਅਤੇ ਉੱਥੇ ਜਾ ਕੇ ਵੱਸ ਗਏ।
ਪਿਛਲੇ 79 ਸਾਲਾਂ ਦੌਰਾਨ ਭਾਰਤੀ ਮੂਲ ਦੇ ਲੋਕਾਂ ਨੇ ਇੰਗਲੈਂਡ ’ਚ ਹਰ ਖੇਤਰ ’ਚ ਆਪਣੀ ਪਛਾਣ ਬਣਾਈ ਹੈ। ਉੱਥੇ ਭਾਰਤੀ ਨਾਵਾਂ ਵਾਲੇ ਅਨੇਕਾਂ ਇਲਾਕੇ ਕਾਇਮ ਹੋ ਚੁੱਕੇ ਹਨ ਜਿੱਥੇ ਭਾਰਤੀ ਮੂਲ ਦੇ ਲੋਕਾਂ ਨੇ ਇਕ ਮਿੰਨੀ ਭਾਰਤ ਹੀ ਵਸਾ ਲਿਆ ਹੈ ਅਤੇ ਇੰਗਲੈਂਡ ਦੀ ਰਾਜਨੀਤੀ, ਅਰਥਵਿਵਸਥਾ ਅਤੇ ਵਪਾਰ ’ਚ ਆਪਣੀ ਸਫ਼ਲਤਾ ਦੇ ਝੰਡੇ ਗੱਡ ਕੇ ਫੈਸਲਾਕੁੰਨ ਭੂਮਿਕਾ ਨਿਭਾਅ ਰਹੇ ਹਨ।
ਇੰਗਲੈਂਡ ਦੀ ਸੰਸਦ ’ਚ ਚੁਣੇ ਜਾਣ ਵਾਲੇ ਪਹਿਲੇ ਭਾਰਤੀ ਪਾਰਸੀ ਮੂਲ ਦੇ ਸੰਸਦ ਮੈਂਬਰ ‘ਦਾਦਾ ਭਾਈ ਨੌੌਰੋਜੀ’ ਸਨ ਅਤੇ ਉੱਥੇ ਦੀ ਸੰਸਦ ’ਚ ਭਾਰਤੀ ਮੂਲ ਦੇ ਸੰਸਦ ਮੈਂਬਰਾਂ ਅਤੇ ਨੇਤਾਵਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।
ਇੰਗਲੈਂਡ ਦੀ ਮੌਜੂਦਾ ਸੰਸਦ ’ਚ ਭਾਰਤੀ ਮੂਲ ਦੇ 29 ਸੰਸਦ ਮੈਂਬਰ ਹਨ। ਇਹ ਇੰਗਲੈਂਡ ਦੇ ਇਤਿਹਾਸ ’ਚ ਪ੍ਰਵਾਸੀਆਂ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਰਾਜਨੀਤਿਕ ਹਿੱਸੇਦਾਰੀ ਹੈ। ‘ਰਿਸ਼ੀ ਸੁਨਕ’ ਨੇ ਅਕਤੂਬਰ, 2022 ਤੋਂ ਜੁਲਾਈ, 2024 ਤੱਕ ਇੰਗਲੈਂਡ ਦੇ ਭਾਰਤੀ ਮੂਲ ਦੇ ਪਹਿਲੇ ਪ੍ਰਧਾਨ ਮੰਤਰੀ ਦੇ ਰੂਪ ’ਚ ਦੇਸ਼ ਦੀ ਅਗਵਾਈ ਕੀਤੀ।
ਇੰਗਲੈਂਡ ਦੇ ਉੱਚ ਸਦਨ ‘ਹਾਊਸ ਆਫ਼ ਲਾਰਡਜ਼’ ’ਚ ਵੀ ਕਈ ਦਹਾਕਿਆਂ ਤੋਂ ਭਾਰਤੀ ਮੂਲ ਦੇ ਲਾਰਡ (ਜਲੰਧਰ, ਪੰਜਾਬ ਦੇ ਰਹਿਣ ਵਾਲੇ ‘ਲਾਰਡ ਸਵਰਾਜ ਪਾਲ’, ‘ਲਾਰਡ ਮੇਘਨਾਦ ਦੇਸਾਈ’ ਆਦਿ) ਉੱਥੋਂ ਦੇ ਨੀਤੀ-ਨਿਰਮਾਣ ’ਚ ਯੋਗਦਾਨ ਦਿੰਦੇ ਰਹੇ ਹਨ।
ਇੰਗਲੈਂਡ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਉੱਥੇ ਰੋਜ਼ਗਾਰ ਪੈਦਾ ਕਰਨ ’ਚ ਭਾਰਤੀ ਮੂਲ ਦੇ ਅਰਬਪਤੀਆਂ ਅਤੇ ਭਾਰਤੀ ਕੰਪਨੀਆਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਇਨ੍ਹਾਂ ’ਚ ‘ਹਿੰਦੂਜਾ ਪਰਿਵਾਰ’ (ਅਸ਼ੋਕ ਲੇਲੈਂਡ) ਅਤੇ ‘ਲੋਢਾ ਪਰਿਵਾਰ’ ਵਰਗੇ ਭਾਰਤੀ ਮੂਲ ਦੇ ਕਾਰੋਬਾਰੀ ਅਕਸਰ ‘ਸੰਡੇ ਟਾਈਮਜ਼ ਰਿਚ ਲਿਸਟ’ ’ਚ ਬ੍ਰਿਟੇਨ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ’ਚ ਸਿਖਰ ’ਤੇ ਰਹਿੰਦੇ ਹਨ।
‘ਟਾਟਾ ਸਮੂਹ’ ਵੀ ਇੰਗਲੈਂਡ ਦੇ ਸਭ ਤੋਂ ਵੱਡੇ ਨਿੱਜੀ ਰੋਜ਼ਗਾਰਦਾਤਾਵਾਂ ’ਚੋਂ ਇਕ ਹੈ। ਇੰਗਲੈਂਡ ਦੀਆਂ ਸਭ ਤੋਂ ਵੱਕਾਰੀ ਕਾਰ ਕੰਪਨੀਆਂ ‘ਜਗੁਆਰ-ਲੈਂਡ ਰੋਵਰ’ ਦਾ ਮਾਲਕ ਟਾਟਾ ਗਰੁੱਪ ਹੀ ਹੈ, ਜਿਸ ਨੂੰ ‘ਰਤਨ ਟਾਟਾ’ ਨੇ ਖਰੀਦਿਆ ਸੀ। ‘ਟਾਟਾ ਸਟੀਲ’ ਵੀ ਉੱਥੋਂ ਦੇ ਉਦਯੋਗਿਕ ਢਾਂਚੇ ਦਾ ਮਹੱਤਵਪੂਰਨ ਹਿੱਸਾ ਹੈ।
ਦੂਰਸੰਚਾਰ ਅਤੇ ਊਰਜਾ ਖੇਤਰ ’ਚ ‘ਸੁਨੀਲ ਭਾਰਤੀ ਮਿੱਤਲ’ (‘ਭਾਰਤੀ ਏਅਰਟੈੱਲ’ ਦੇ ਚੇਅਰਮੈਨ) ਨੂੰ ਭਾਰਤ-ਬ੍ਰਿਟੇਨ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ‘ਸਮਰਾਟ ਚਾਰਲਸ ਤੀਜੇ’ ਵਲੋਂ ਆਨਰੇਰੀ ‘ਨਾਈਟਹੁੱਡ’ ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ ਗਿਆ।
ਹਾਲ ਹੀ ’ਚ ਹਰਿਆਣਾ ਦੇ ‘ਤੁਸ਼ਾਰ ਕੁਮਾਰ’ ਅਤੇ ਉਨ੍ਹਾਂ ਦੀ ਮਾਂ ‘ਪਰਵੀਨ ਰਾਣੀ’ ਇੰਗਲੈਂਡ ’ਚ ਮੇਅਰ ਚੁਣੇ ਗਏ ਹਨ। ਉਹ 2013 ’ਚ ਉੱਥੇ ਗਏ ਸਨ ਅਤੇ ਉੱਥੇ ਹੀ ਵੱਸ ਗਏ। ‘ਤੁਸ਼ਾਰ ਕੁਮਾਰ’ ਨੇ 13 ਮਈ ਨੂੰ ਇੰਗਲੈਂਡ ਦੇ ‘ਐਲਸਟ੍ਰੀ’ ਅਤੇ ‘ਬੋਰਹਮਵੁੱਡ ਟਾਊਨ ਕੌਂਸਲ’ ਦੇ ਹੁਣ ਤੱਕ ਦੇ ਸਭ ਤੋਂ ਘੱਟ ਉਮਰ ਦੇ ਭਾਰਤੀ ਮੂਲ ਦੇ ਮੇਅਰ ਬਣ ਕੇ ਇਤਿਹਾਸ ਰਚ ਦਿੱਤਾ ਹੈ, ਜਦੋਂ ਕਿ ਉਨ੍ਹਾਂ ਦੀ ਮਾਂ ਪਰਵੀਨ ਰਾਣੀ 20 ਮਈ ਨੂੰ ‘ਹਰਟਸਮੇਅਰ ਬਰੋ ਕੌਂਸਲ’ ਦੀ ਭਾਰਤੀ ਮੂਲ ਦੀ ਪਹਿਲੀ ਮੇਅਰ ਚੁਣੀ ਗਈ ਹੈ।
ਇਸ ਪਰਿਵਾਰ ਦਾ ਪਿਤਾਪੁਰਖੀ ਪਿੰਡ ਹਰਿਆਣਾ ਦੇ ‘ਖਰਖੌਦਾ’ ’ਚ ਹੈ। ਯਕੀਨਨ ਅੱਜ ਇੰਗਲੈਂਡ ਹੀ ਨਹੀਂ, ਸਗੋਂ ਵਿਸ਼ਵ ਦੇ ਕੋਨੇ-ਕੋਨੇ ’ਚ ਭਾਰਤੀ ਆਪਣੀ ਮਜ਼ਬੂਤ ਮੌਜੂਦਗੀ ਦਰਜ ਕਰਵਾ ਰਹੇ ਹਨ, ਜਿਸ ’ਤੇ ਹਰ ਦੇਸ਼ਵਾਸੀ ਮਾਣ ਕਰ ਸਕਦਾ ਹੈ।
–ਵਿਜੇ ਕੁਮਾਰ
ਐੱਨ.ਟੀ.ਆਰ. ਅਤੇ ਵਿਜੇ ਦੀਆਂ ਫ਼ਿਲਮੀ ਤੇ ਸਿਆਸੀ ਯਾਤਰਾਵਾਂ
NEXT STORY