ਦੇਸ਼ ’ਚ ਪਿਛਲੇ ਕੁਝ ਸਮੇਂ ਤੋਂ ਆਪਸੀ ਰੰਜਿਸ਼ ਅਤੇ ਦੁਸ਼ਮਣੀ ਕਾਰਨ ਸਿਆਸੀ ਅਤੇ ਹੋਰਨਾਂ ਕਾਰਨਾਂ ਕਰ ਕੇ ਲੋਕਾਂ ਵੱਲੋਂ ਆਪਣੇ ਵਿਰੋਧੀਆਂ ਦੇ ਕਤਲਾਂ ਦਾ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਦੀ ਗੰਭੀਰਤਾ ਮਹਿਜ਼ ਇਸੇ ਮਹੀਨੇ ਸਾਹਮਣੇ ਆਈਆਂ ਹੇਠ ਲਿਖੀਆਂ ਘਟਨਾਵਾਂ ਤੋਂ ਸਪੱਸ਼ਟ ਹੈ :
* 1 ਅਗਸਤ ਨੂੰ ਸੀ.ਬੀ.ਆਈ. ਨੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ‘ਸ਼ੁਭੇਂਦੂ ਅਧਿਕਾਰੀ’ ਦੇ ਨਜ਼ਦੀਕੀ ਸਹਿਯੋਗੀ ‘ਚੰਦਰਨਾਥ ਰਥ’ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਮਾਮਲੇ ’ਚ 2 ਮੁੱਖ ਮੁਲਜ਼ਮਾਂ ‘ਸਾਗਰ ਸੋਨਕਰ’ ਅਤੇ ‘ਸਾਹਬ ਸੋਨਕਰ’ ਨੂੰ ਗ੍ਰਿਫ਼ਤਾਰ ਕੀਤਾ।
ਇਹ ਦੋਵੇਂ ਹੀ ਭਾਜਪਾ ਦੇ ਵਰਕਰ ਹਨ ਅਤੇ ‘ਚੰਦਰਨਾਥ ਰਥ’ ਦੇ ਨਾਲ ਹੀ ਕੰਮ ਕਰਦੇ ਸਨ। ਜ਼ਿਕਰਯੋਗ ਹੈ ਕਿ ਇਸੇ ਸਾਲ 6 ਮਈ ਨੂੰ ਉੱਤਰੀ 24 ਪਰਗਨਾ ਜ਼ਿਲੇ ਦੇ ਮੱਧਮ ਗ੍ਰਾਮ ਦੇ ਨੇੜੇ ‘ਚੰਦਰਨਾਥ ਰਥ’ ਦਾ ਉਸ ਸਮੇਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਦੋਂ ਉਹ ਕਾਰ ’ਚ ਕਿਤੇ ਜਾ ਰਿਹਾ ਸੀ।
* 7 ਅਗਸਤ ਨੂੰ ‘ਉਡੁਪੀ’ (ਕਰਨਾਟਕ) ਜ਼ਿਲੇ ਦੀ ‘ਮੁਦਰੰਗਡੀ’ ਗ੍ਰਾਮ ਪੰਚਾਇਤ ਦੇ ਸਾਬਕਾ ਪ੍ਰਧਾਨ ‘ਡੇਵਿਡ ਡਿਸੂਜਾ’ ਦਾ ਬੇਰਹਿਮੀ ਨਾਲ ਕਤਲ ਕਰ ਦੇਣ ਦੇ ਦੋਸ਼ ’ਚ ਕਰਨਾਟਕ ਪੁਲਸ ਨੇ ਬਿਹਾਰ ਦੇ ਇਕ ਪ੍ਰਮੁੱਖ ਗੈਂਗਸਟਰ ‘ਅਨੁਜ ਪਾਟਿਲ’ ਸਮੇਤ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ।
* 13 ਅਗਸਤ ਨੂੰ ਦਿੱਲੀ ’ਚ ਜੰਤਰ-ਮੰਤਰ ’ਤੇ ਰੋਸ ਵਿਖਾਵੇ ’ਚ ਹਿੱਸਾ ਲੈਣ ਤੋਂ ਬਾਅਦ ‘ਕਾਕਰੋਚ ਜਨਤਾ ਪਾਰਟੀ’ ਦੇ ਵਰਕਰ ‘ਸ਼ੇਖ ਅਬਦੁਲ ਹਫ਼ੀਜ਼’ ਦੇ ਵਾਪਸ ਆਪਣੇ ਘਰ ‘ਬਾਂਕੁੜਾ’ (ਪੱਛਮੀ ਬੰਗਾਲ) ’ਚ ਪਰਤਣ ਤੋਂ ਬਾਅਦ ਆਪਣੇ ਪਿੰਡ ਦੇ ਸਕੂਲ ਦੀ ਬਦਹਾਲੀ ਦਾ ਮਾਮਲਾ ਸੋਸ਼ਲ ਮੀਡੀਆ ’ਤੇ ਚੁੱਕਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ’ਤੇ ਹਮਲੇ ’ਚ ਉਨ੍ਹਾਂ ਦੇ ਪਿਤਾ ‘ਮੁਹੰਮਦ ਮਾਫ਼ਿਕ’ ਦੀ ਮੌਤ ਹੋ ਗਈ।
* 16 ਅਗਸਤ ਨੂੰ ‘ਨਾਦੀਆ’ (ਪੱਛਮੀ ਬੰਗਾਲ) ਜ਼ਿਲੇ ’ਚ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਅਤੇ ‘ਨਾਦੀਆ ਜ਼ਿਲਾ ਕਾਂਗਰਸ’ ਦੇ ਜਨਰਲ ਸਕੱਤਰ ‘ਅਨੀਸੁਰ ਰਹਿਮਾਨ’ ਅਤੇ ਉਨ੍ਹਾਂ ਦੇ ਪੁੱਤਰ ‘ਅਬੂ ਸੁਫ਼ਿਆਨ’ ਦਾ ਸ਼ਰੇਆਮ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।
ਹਮਲਾਵਰਾਂ ਨੇ ਪਹਿਲਾਂ ਉਨ੍ਹਾਂ ਦੀ ਕਾਰ ਨੂੰ ਰੋਕ ਕੇ ਉਨ੍ਹਾਂ ’ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਅਤੇ ਫਿਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਦੋਵਾਂ ਦੀ ਜੀਵਨ ਲੀਲਾ ਖਤਮ ਕਰ ਦਿੱਤੀ। ਪੁਲਸ ਨੇ ਇਸ ਸਿਲਸਿਲੇ ’ਚ ਹਰਨਗਰ ਤੋਂ ਪੰਚਾਇਤ ਹੈੱਡ ‘ਫਾਤਿਮਾ ਬੀਬੀ’ ਅਤੇ ‘ਸਾਹੇਬ ਅਲੀ ਮੰਡਲ’ ਅਤੇ ‘ਮਿਥੁਨ ਸ਼ੇਖ’ ਨੂੰ ਗ੍ਰਿਫ਼ਤਾਰ ਕੀਤਾ ਹੈ।
* 21 ਅਗਸਤ ਨੂੰ ‘ਸਿਰਸਾ’ (ਹਰਿਆਣਾ) ’ਚ ‘ਝੋਰੜ ਰੋਹੀ’ ਪਿੰਡ ਦੇ ਸਾਬਕਾ ਸਰਪੰਚ ਤੇ ਕਾਂਗਰਸ ਨੇਤਾ ਪੋਲਾ ਸਿੰਘ ਦੇ ਪੋਤੇ ‘ਕੁਲਵੀਰ ਸਿੰਘ’ ਉਰਫ਼ ‘ਨਿੱਕਾ ਸਿੰਘ’ ਦਾ ਕਤਲ ਕਰ ਦਿੱਤਾ ਗਿਆ। ਉਸ ਦੇ ਭਰਾ ਅਤੇ ਭਤੀਜੇ ’ਤੇ ਵੀ ਹਮਲਾ ਕੀਤਾ ਗਿਆ। ਮ੍ਰਿਤਕ ‘ਨਿੱਕਾ ਸਿੰਘ’ ਖ਼ੁਦ ਸ਼ਰਾਬ ਦੇ ਠੇਕੇਦਾਰ ‘ਗੰਗਾ ਸਿੰਘ’ ਦੇ ਕਤਲ ਦੇ ਮਾਮਲੇ ’ਚ ਸਜ਼ਾਯਾਫ਼ਤਾ ਸੀ ਅਤੇ 18 ਮਹੀਨੇ ਪਹਿਲਾਂ ਜ਼ਮਾਨਤ ’ਤੇ ਬਾਹਰ ਆਇਆ ਸੀ।
* 28 ਅਗਸਤ ਨੂੰ ਰੱਖੜੀ ਦੇ ਦਿਨ ‘ਬਰੇਲੀ’ (ਉੱਤਰ ਪ੍ਰਦੇਸ਼) ’ਚ ‘ਭਾਜਪਾ ਓ. ਬੀ. ਸੀ. ਮੋਰਚਾ’ ਦੇ ਮੰਡਲ ਉਪ-ਪ੍ਰਧਾਨ ‘ਸਚਿਨ ਕਸ਼ਯਪ’ ਦਾ ਚਾਕੂਆਂ ਨਾਲ ਵਾਰ ਕਰ ਕੇ ਕਤਲ ਕਰ ਦਿੱਤਾ ਗਿਆ। ਹਮਲਾਵਰ ਦੇ ਇਕ ਹੀ ਵਾਰ ਨਾਲ ‘ਸਚਿਨ ਕਸ਼ਯਪ’ ਦਾ ਫੇਫੜਾ ਫਟ ਗਿਆ ਅਤੇ ਨਸਾਂ ਕੱਟੀਅਾਂ ਗਈਆਂ। ਸਚਿਨ ਦੀ ਪਤਨੀ ਨੇ ਇਸ ਸਿਲਸਿਲੇ ’ਚ ਗੁਆਂਢੀ ‘ਰੋਹਿਤ’ ਉਰਫ਼ ‘ਬਾਬੂ’ ਅਤੇ ਉਸ ਦੀ ਮਾਂ, ‘ਅਮਿਤ’ ਉਰਫ਼ ‘ਭੱਜੀ’ ਅਤੇ ‘ਆਸ਼ੀਸ਼ ਮੌਰਿਆ’ ਦੇ ਵਿਰੁੱਧ ਰਿਪੋਰਟ ਦਰਜ ਕਰਵਾਈ ਹੈ।
* 30 ਅਗਸਤ ਨੂੰ ‘ਫ਼ਿਰੋਜ਼ਪੁਰ’ (ਪੰਜਾਬ) ਜ਼ਿਲੇ ਦੇ ਕਸਬਾ ‘ਮਮਦੋਟ’ ’ਚ ਆਪਣੀ ਕਾਰ ’ਚ ਜਾ ਰਹੇ ਨਗਰ ਪੰਚਾਇਤ ਦੇ ਪ੍ਰਧਾਨ ‘ਰਾਕੇਸ਼ ਕੁਮਾਰ’ ਉਰਫ਼ ‘ਵਿੱਕੀ ਮੈਨੀ’ ਦੀ ਕਾਰ ’ਤੇ ਅਤੇ ਉਸ ਦੇ ਨਾਲ ਮੋਟਰਸਾਈਕਲ ’ਤੇ ਜਾ ਰਹੇ ਉਸ ਦੇ 2 ਸਮਰਥਕਾਂ ‘ਗੁਰਪ੍ਰੀਤ ਸਿੰਘ’ ਉਰਫ਼ ‘ਗੋਪੀ’ ਅਤੇ ‘ਹਰਪ੍ਰੀਤ ਸਿੰਘ’ ’ਤੇ ਹਮਲਾਵਰਾਂ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾਏ ਜਾਣ ਕਾਰਨ ‘ਗੁਰਪ੍ਰੀਤ ਸਿੰਘ’ ਦੀ ਮੌਤ ਹੋ ਗਈ।
* 30 ਅਗਸਤ ਨੂੰ ਹੀ ‘ਲਖਨਊ’ (ਉੱਤਰ ਪ੍ਰਦੇਸ਼) ਦੇ ‘ਦੁਬੱਗਾ’ ਇਲਾਕੇ ’ਚ ਇਕ ‘ਹਿੰਦੂਵਾਦੀ’ ਸੰਗਠਨ ਦੇ ਨੇਤਾ ‘ਧੀਰੇਂਦਰ ਪ੍ਰਤਾਪ ਸਿੰਘ’ ਦਾ ਉਨ੍ਹਾਂ ਦੀ ਕਾਰ ਦੇ ਅੰਦਰ ਹੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਅਤੇ ਸਬੂਤ ਲੁਕਾਉਣ ਲਈ ਲਾਸ਼ ਨੂੰ ਨਹਿਰ ’ਚ ਸੁੱਟ ਦਿੱਤਾ ਗਿਆ। ਪੁਲਸ ਜਾਂਚ ’ਚ ਸਾਹਮਣੇ ਆਇਆ ਕਿ ਜ਼ਮੀਨੀ ਵਿਵਾਦ ’ਚ ਉਨ੍ਹਾਂ ਦੇ ਹੀ ਡਰਾਈਵਰ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ।
* ਅਤੇ ਹੁਣ 30 ਅਗਸਤ ਨੂੰ ਹੀ ‘ਹੈਦਰਾਬਾਦ’ (ਤੇਲੰਗਾਨਾ) ’ਚ ‘ਅਸਦੁਦੀਨ ਓਵੈਸੀ’ ਦੀ ਪਾਰਟੀ ‘ਆਲ ਇੰਡੀਆ ਮਜਲਿਸ-ਏ-ਇੱਤੇਹਾਦੁਲ ਮੁਸਲਮੀਨ’ (ਏ. ਆਈ. ਐੱਮ. ਆਈ. ਐੱਮ.) ਦੇ ਨੇਤਾ ‘ਮਹਿਬੂਬ ਅਲੀ’ ’ਤੇ ਲਗਭਗ 6 ਹਮਲਾਵਰਾਂ ਨੇ ਚਾਕੂਆਂ ਨਾਲ ਤਾਬੜਤੋੜ ਹਮਲਾ ਕਰ ਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮੁੱਢਲੀ ਜਾਂਚ ’ਚ ਕਤਲ ਦਾ ਕਾਰਨ ਰੀਅਲ ਅਸਟੇਟ ਦਾ ਵਿਵਾਦ ਦੱਸਿਆ ਗਿਆ ਹੈ।
ਉਪਰੋਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਸਮਾਂ ਲੰਘਣ ਦੇ ਨਾਲ-ਨਾਲ ਵੱਖ-ਵੱਖ ਸਿਆਸਤਦਾਨ ਅਤੇ ਹੋਰ ਲੋਕ ਪਰਿਪੱਕ ਹੋਣ ਦੀ ਬਜਾਏ ਅਸਹਿਣਸ਼ੀਲ ਹੁੰਦੇ ਜਾ ਰਹੇ ਹਨ। ਜਿਸ ਨੂੰ ਰੋਕਣ ਲਈ ਸਖ਼ਤ ਸਜ਼ਾ ਵਾਲੇ ਉਪਾਵਾਂ ਦੀ ਲੋੜ ਹੈ!
—ਵਿਜੇ ਕੁਮਾਰ
ਭਾਰਤੀ ਯੂਨੀਵਰਸਿਟੀਆਂ ’ਚ ਵਿਦਿਆਰਥੀਆਂ ਲਈ ਇਕ ਪ੍ਰਯੋਗਾਤਮਕ ਵਾਤਾਵਰਣ ਹੋਵੇ
NEXT STORY