ਪਰਿਵਾਰ ਵਿਚ ਕਿਸੇ ਦੀ ਮੌਤ ਹੋ ਜਾਵੇ, ਦੋਸਤ ਵਿਛੜ ਜਾਵੇ, ਕੁੜੀ ਦੀ ਵਿਦਾਈ ਹੋ ਰਹੀ ਹੋਵੇ, ਇਮਤਿਹਾਨ ’ਚ ਚੰਗੇ ਨੰਬਰ ਆ ਗਏ ਹੋਣ, ਸਾਲਾਂ ਬਾਅਦ ਬੱਚਾ ਹੋਇਆ ਹੋਵੇ, ਕੋਈ ਰੁੱਸਿਆ ਹੋਇਆ ਸਾਲਾਂ ਬਾਅਦ ਮਿਲਿਆ ਹੋਵੇ, ਤਾਂ ਸੁਭਾਵਿਕ ਹੀ ਸਾਡੇ ਹੰਝੂ ਨਿਕਲ ਆਉਂਦੇ ਹਨ। ਹੰਝੂ ਹਮੇਸ਼ਾ ਹੀ ਦੁੱਖ ਦਾ ਪ੍ਰਤੀਕ ਨਹੀਂ ਹੁੰਦੇ। ਖੁਸ਼ੀ ਵਿਚ ਵੀ ਹੰਝੂ ਆਉਂਦੇ ਹਨ। ਉਹ ਗਾਣਾ ਤਾਂ ਸੁਣਿਆ ਹੀ ਹੋਵੇਗਾ—‘ਏ ਆਂਸੂ ਮੇਰੇ ਦਿਲ ਕੀ ਜ਼ੁਬਾਨ ਹੈਂ।’
ਇਸੇ ਤਰ੍ਹਾਂ ਖੁਸ਼ੀ ਵਿਚ, ਕਿਸੇ ਅਜੀਬ ਜਿਹੀ ਚੀਜ਼, ਪੁਸ਼ਾਕ, ਕਿਸੇ ਦੇ ਮਜ਼ਾਕ, ਕਿਸੇ ਕਾਰਟੂਨ ਆਦਿ ਗੱਲਾਂ ’ਤੇ ਵੀ ਅਸੀਂ ਹੱਸਦੇ ਹਾਂ। ਇਹੀ ਹਾਲ ਗੁੱਸੇ ਦਾ ਹੈ। ਜਿਹੜੀ ਚੀਜ਼ ਸਾਨੂੰ ਪਸੰਦ ਨਹੀਂ ਆਉਂਦੀ, ਕਿਸੇ ਨੇ ਸਾਡਾ ਨੁਕਸਾਨ ਕਰ ਦਿੱਤਾ, ਸੱਟ ਪਹੁੰਚਾਈ, ਝੂਠ ਬੋਲਿਆ, ਚੁਗਲੀ ਕੀਤੀ, ਚੋਰੀ ਕੀਤੀ, ਉਧਾਰ ਲੈ ਕੇ ਨਹੀਂ ਮੋੜਿਆ, ਤਾਂ ਵੀ ਸਾਨੂੰ ਗੁੱਸਾ ਆਉਂਦਾ ਹੈ। ਕਦੇ ਗੁੱਸੇ ਨੂੰ ਅਸੀਂ ਸਿਰਫ਼ ਅੱਖਾਂ ਨਾਲ ਪ੍ਰਗਟ ਕਰਦੇ ਹਾਂ, ਤਾਂ ਕਦੇ ਚੀਕ ਕੇ, ਕਦੇ ਕੁੱਟ ਕੇ, ਅਣਡਿੱਠ ਕਰ ਕੇ, ਬੋਲਣਾ ਛੱਡ ਕੇ।
ਖੁਸ਼ੀ ਮਨਾਉਣ ਦੇ ਵੀ ਸਾਡੇ ਬਹੁਤ ਸਾਰੇ ਤਰੀਕੇ ਹਨ। ਨਵੀਂ ਗੱਡੀ, ਘਰ, ਮੋਬਾਈਲ, ਗਹਿਣੇ, ਬੱਚਿਆਂ ਦਾ ਜਨਮਦਿਨ, ਵਿਆਹ, ਚੰਗੇ ਨੰਬਰ, ਨੌਕਰੀ, ਕਿਸੇ ਮਿੱਤਰ-ਪਿਅਾਰੇ ਦਾ ਮਿਲਣਾ, ਕਿਸੇ ਗੁਆਚੀ ਚੀਜ਼ ਦਾ ਮਿਲਣਾ, ਕਿਸੇ ਦੀ ਗੰਭੀਰ ਬੀਮਾਰੀ ਦਾ ਠੀਕ ਹੋ ਜਾਣਾ ਆਦਿ ਗੱਲਾਂ ਸਾਨੂੰ ਖੁਸ਼ੀ ਦਾ ਅਹਿਸਾਸ ਕਰਵਾਉਂਦੀਆਂ ਹਨ।
ਸਾਡੇ ਜੀਵਨ ਵਿਚ ਨੌਂ ਰਸਾਂ ਦੀ ਵੱਡੀ ਭੂਮਿਕਾ ਹੈ। ਸਮੇਂ-ਸਮੇਂ ’ਤੇ ਸਾਨੂੰ ਇਨ੍ਹਾਂ ਗੱਲਾਂ ਦਾ ਅਹਿਸਾਸ ਵੀ ਹੁੰਦਾ ਹੈ। ਭਰਤਮੁਨੀ ਦੇ ਨਾਟਸ਼ਾਸਤਰ ਵਿਚ ਇਨ੍ਹਾਂ ਨੌਂ ਰਸਾਂ ਦਾ ਵਰਣਨ ਮਿਲਦਾ ਹੈ। ਨਾਟਕ ਤੋਂ ਲੈ ਕੇ ਤਮਾਮ ਕਲਾਵਾਂ ਵਿਚ ਇਹ ਪ੍ਰਗਟਾਵੇ ਦਾ ਮਾਧਿਅਮ ਬਣਦੇ ਹਨ ਪਰ ਜ਼ਿੰਦਗੀ ਦੀ ਅਾਪਾਧਾਪੀ, ਭੱਜ-ਦੌੜ, ਨੌਕਰੀਆਂ ਵਿਚ ਅਸਥਿਰਤਾ, ਹਰ ਰੋਜ਼ ਨੌਕਰੀ ਚਲੇ ਜਾਣ ਦੀ ਚਿੰਤਾ ਨੇ ਜਿਵੇਂ ਸਾਡੇ ਇਨ੍ਹਾਂ ਮਨੋਭਾਵਾਂ ’ਤੇ ਰੋਕ ਲਗਾ ਦਿੱਤੀ ਹੈ। ਅਜਿਹਾ ਮਹਿਸੂਸ ਹੁੰਦਾ ਹੈ ਕਿ ਜੇ ਕਿਸੇ ਜਾਣ-ਪਛਾਣ ਵਾਲੇ ਸਾਹਮਣੇ ਰੋਵਾਂਗੇ, ਤਾਂ ਅਸੀਂ ਛੋਟੇ ਹੋ ਜਾਵਾਂਗੇ। ਅਸੀਂ ਕਮਜ਼ੋਰ ਦਿਖਾਈ ਦੇਵਾਂਗੇ। ਇਸੇ ਤਰ੍ਹਾਂ ਆਪਣੀ ਸਫ਼ਲਤਾ ਅਤੇ ਖੁਸ਼ੀ ਨੂੰ ਕਿਸੇ ਸਾਹਮਣੇ ਦਿਖਾਵਾਂਗੇ ਤਾਂ ਲੋਕ ਸੜਨਗੇ, ਲੱਤ ਅੜਾਉਣ ਦੀ ਕੋਸ਼ਿਸ਼ ਕਰਨਗੇ। ਕਿਸੇ ਸਾਹਮਣੇ ਆਪਣੀ ਖੁਸ਼ੀ ਪ੍ਰਗਟ ਕਰਾਂਗੇ, ਤਾਂ ਹੋ ਸਕਦਾ ਹੈ ਲੋਕ ਸਮਝਣ ਕਿ ਵਧਾ-ਚੜ੍ਹਾ ਕੇ ਕਿਸੇ ਗੱਲ ਨੂੰ ਦੱਸਿਆ ਜਾ ਰਿਹਾ ਹੈ।
ਕਹਿਣ ਦਾ ਭਾਵ ਇਹ ਹੈ ਕਿ ਅਸੀਂ ਆਪਣੀ ਕਿਸੇ ਵੀ ਭਾਵਨਾ ਨੂੰ ਦੂਜਿਆਂ ਸਾਹਮਣੇ ਪ੍ਰਗਟ ਕਰਨ ਤੋਂ ਬਚਦੇ ਹਾਂ। ਇੱਥੋਂ ਤੱਕ ਕਿ ਹੁਣ ਕਿਸੇ ਪਰਿਵਾਰਕ ਮੈਂਬਰ ਦੀ ਮੌਤ ’ਤੇ ਆਪਣੇ ਨਜ਼ਦੀਕੀ ਰਿਸ਼ਤੇਦਾਰ ਵੀ ਰੋਂਦੇ ਨਹੀਂ ਦਿਖਾਈ ਦਿੰਦੇ। ਆਪਣੀਆਂ ਭਾਵਨਾਵਾਂ ਨੂੰ ਜਿਵੇਂ ਅਸੀਂ ਸਿਰਫ਼ ਆਪਣੇ ਤੱਕ ਹੀ ਸਮੇਟ ਲਿਆ ਹੈ। ਹਾਲਾਂਕਿ ਸਿਹਤ ਸਬੰਧੀ ਮਾਹਿਰ ਕਹਿੰਦੇ ਹਨ ਕਿ ਰੋਣ ਵੇਲੇ ਰੋਣਾ, ਹੱਸਣ ਵੇਲੇ ਹੱਸਣਾ, ਗੁੱਸੇ ਦੀ ਗੱਲ ’ਤੇ ਗੁੱਸਾ ਕਰਨ ਨਾਲ ਸਾਡੀ ਸਿਹਤ ਚੰਗੀ ਰਹਿੰਦੀ ਹੈ। ਅਸੀਂ ਬਹੁਤ ਸਾਰੀਅਾਂ ਗੰਭੀਰ ਬੀਮਾਰੀਆਂ ਤੋਂ ਬਚ ਜਾਂਦੇ ਹਾਂ ਪਰ ਸ਼ਾਇਦ ਸਾਡੇ ’ਚੋਂ ਬਹੁਤੇ ਲੋਕ, ਸਿਹਤ ਸਬੰਧੀ ਮਾਹਿਰ, ਡਾਕਟਰਾਂ ਅਤੇ ਪਰੰਪਰਾ ਤੋਂ ਚਲੀਅਾਂ ਆ ਰਹੀਆਂ ਬਹੁਤ ਸਾਰੀਅਾਂ ਹੀਲਿੰਗ ਹੈਬਿਟਸ ’ਤੇ ਧਿਆਨ ਨਹੀਂ ਦਿੰਦੇ।
ਸਾਨੂੰ ਇਹ ਵੀ ਪਤਾ ਹੈ ਕਿ ਬਾਜ਼ਾਰ ਸਾਡੀਆਂ ਭਾਵਨਾਵਾਂ ਨੂੰ ਕੈਸ਼ ਕਰਨ ਵਿਚ ਮਾਹਿਰ ਹੈ। ਵਪਾਰੀਆਂ ਨੂੰ ਪਤਾ ਲੱਗ ਗਿਆ ਹੈ ਕਿ ਹੁਣ ਮਨੁੱਖ ਆਪਣੀਆਂ ਭਾਵਨਾਵਾਂ ਨੂੰ ਦੂਜਿਆਂ ਸਾਹਮਣੇ ਖੁੱਲ੍ਹ ਕੇ ਪ੍ਰਗਟ ਨਹੀਂ ਕਰਨਾ ਚਾਹੁੰਦਾ। ਇਸ ਲਈ ਹੁਣ ਤਰ੍ਹਾਂ-ਤਰ੍ਹਾਂ ਦੇ ਕਲੱਬਜ਼ ਖੁੱਲ੍ਹ ਗਏ ਹਨ—ਜਿਵੇਂ ਕਿ ਰੋਣ ਲਈ ਕਲੱਬ। ਇੱਥੇ ਆਓ, ਬੈਠੋ, ਜੀ ਭਰ ਕੇ ਰੋਵੋ, ਫੀਸ ਪਹਿਲਾਂ ਜਾਂ ਬਾਅਦ ਵਿਚ ਦੇਵੋ ਅਤੇ ਚਲੇ ਜਾਓ। ਇਸ ਤਰ੍ਹਾਂ ਦੇ ਕਲੱਬ ਮੁੰਬਈ, ਸੂਰਤ, ਦਿੱਲੀ, ਬੈਂਗਲੁਰੂ, ਹੈਦਰਾਬਾਦ ਆਦਿ ਥਾਵਾਂ ’ਤੇ ਖੁੱਲ੍ਹੇ ਹਨ। ਹੋਰ ਸ਼ਹਿਰਾਂ ਵਿਚ ਵੀ ਲਗਾਤਾਰ ਖੁੱਲ੍ਹਦੇ ਜਾ ਰਹੇ ਹਨ।
ਇਸੇ ਤਰ੍ਹਾਂ ਦੇ ਕਲੱਬਜ਼ ਹੱਸਣ ਲਈ ਹਨ। ਇੱਥੇ ਆਓ, ਖੂਬ ਹੱਸੋ, ਹੱਸਦੇ ਹੀ ਰਹੋ। ਖੂਬ ਚੰਗਾ ਮਹਿਸੂਸ ਕਰੋ ਅਤੇ ਪੂਰੇ ਹਫ਼ਤੇ ਲਈ ਤਰੋ-ਤਾਜ਼ਾ ਹੋ ਕੇ ਚਲੇ ਜਾਓ। ਅਜਿਹੇ ਕਲੱਬਜ਼ ਦਿੱਲੀ, ਮੁੰਬਈ, ਪੁਣੇ, ਹੈਦਰਾਬਾਦ, ਬੈਂਗਲੁਰੂ ਆਦਿ ਸ਼ਹਿਰਾਂ ਵਿਚ ਹਨ। ਬੈਂਗਲੁਰੂ ਨੂੰ ਤਾਂ ‘ਲਾਫਟਰ ਕੈਪੀਟਲ’ ਦਾ ਖਿਤਾਬ ਵੀ ਮਿਲ ਚੁੱਕਿਆ ਹੈ। ਇਸੇ ਤਰ੍ਹਾਂ ਗੁੱਸਾ ਅਤੇ ਭੜਾਸ ਕੱਢਣ ਦੇ ਕਲੱਬਜ਼ ਵੀ ਮੌਜੂਦ ਹਨ। ਦਿੱਲੀ, ਐੱਨ. ਸੀ.ਆਰ., ਬੈਂਗਲੁਰੂ, ਮੁੰਬਈ ਆਦਿ ਸ਼ਹਿਰਾਂ ਵਿਚ ਹਨ। ਇੱਥੇ ਗੁੱਸਾ ਪ੍ਰਗਟ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਯੰਤਰ ਦਿੱਤੇ ਜਾਂਦੇ ਹਨ। ਇਨ੍ਹਾਂ ਨੂੰ ਤੋੜ ਕੇ, ਕੁੱਟ ਕੇ, ਨਸ਼ਟ ਕਰ ਕੇ ਆਪਣਾ ਗੁੱਸਾ ਪ੍ਰਗਟ ਕੀਤਾ ਜਾ ਸਕਦਾ ਹੈ।
ਇਸੇ ਤਰ੍ਹਾਂ ਇਕੱਲੇ ਅਤੇ ਸਮੂਹ ਵਿਚ ਦੁੱਖ ਪ੍ਰਗਟ ਕਰਨ ਲਈ ਵੀ ਦਿੱਲੀ, ਮੁੰਬਈ ਆਦਿ ਥਾਵਾਂ ’ਤੇ ਕਲੱਬਜ਼ ਹਨ। ਇੱਥੇ ਸਾਰਿਆਂ ਨਾਲ ਮਿਲ ਕੇ ਦੁੱਖ ਪ੍ਰਗਟ ਕੀਤਾ ਜਾ ਸਕਦਾ ਹੈ। ਸਾਂਝਾ ਕੀਤਾ ਜਾ ਸਕਦਾ ਹੈ। ਇਨ੍ਹਾਂ ਭਾਵਨਾਵਾਂ ਨੂੰ ਪ੍ਰਗਟ ਕਰਨ ਵਿਚ ਇਕ ਗੱਲ ਸਾਰੀਆਂ ਥਾਵਾਂ ’ਤੇ ਦਿਖਾਈ ਦਿੰਦੀ ਹੈ ਕਿ ਕਿਸੇ ਵੀ ਥਾਂ ਮੁਫ਼ਤ ਵਿਚ ਕੁਝ ਨਹੀਂ ਹੈ। ਸਾਡੀਆਂ ਭਾਵਨਾਵਾਂ ਨੂੰ ਵੀ ਵਪਾਰ ਅਤੇ ਵਟਾਂਦਰੇ ਦਾ ਹਿੱਸਾ ਬਣਾ ਦਿੱਤਾ ਗਿਆ ਹੈ।
ਜਦੋਂ ਕਿ ਸਾਡੇ ਸਮਾਜ ਵਿਚ ਸਾਂਝੀਵਾਲਤਾ ਖੂਬ ਰਹੀ ਹੈ। ਕਿਸੇ ਸੁੱਖ-ਦੁੱਖ ਤੋਂ ਲੈ ਕੇ ਹੋਰ ਗੱਲਾਂ ਤੱਕ। ਅਜੇ ਉਹ ਪੀੜ੍ਹੀ ਮੌਜੂਦ ਹੈ, ਜਿਸ ਨੇ ਉਹ ਦਿਨ ਦੇਖੇ ਹਨ, ਜਦੋਂ ਕਿਸੇ ਗੁਆਂਢੀ ਦੀ ਧੀ ਦਾ ਵਿਆਹ ਕੁਝ ਦਿਨਾਂ ਬਾਅਦ ਹੈ ਅਤੇ ਅੱਜ ਕਿਸੇ ਦੀ ਵੇਲ ’ਤੇ ਕੱਦੂ ਲੱਗੇ ਹਨ, ਤਾਂ ਇਕ ਵੱਡੇ ਪੱਕੇ ਕੱਦੂ ਨੂੰ ਸੰਭਾਲ ਕੇ ਰੱਖ ਲਿਆ ਜਾਂਦਾ ਹੈ, ਤਾਂ ਜੋ ਉਹ ਗੁਆਂਢੀ ਦੀ ਧੀ ਦੇ ਵਿਆਹ ਵਿਚ ਕੰਮ ਆ ਸਕੇ। ਕੱਦੂ ਜੇ ਕੱਟਿਆ ਨਹੀਂ ਹੈ, ਤਾਂ ਉਹ ਅਰਸਿਆਂ ਤੱਕ ਖਰਾਬ ਨਹੀਂ ਹੁੰਦਾ। ਇਸੇ ਤਰ੍ਹਾਂ ਵਿਆਹ ਦੇ ਮੌਕੇ ’ਤੇ ਘਰ ਦੀਆਂ ਮੰਜੀਆਂ, ਬਿਸਤਰੇ, ਭਾਂਡੇ, ਫਰਨੀਚਰ ਸਭ ਦੂਜੇ ਦੇ ਘਰ ਚਲੇ ਜਾਂਦੇ ਸਨ। ਸਭ ਰਲ-ਮਿਲ ਕੇ ਕੰਮ ਚਲਾਉਂਦੇ ਸਨ।
ਇਹੀ ਹਾਲ ਕਿਸੇ ਗ਼ਮੀ ਦੇ ਮੌਕੇ ’ਤੇ ਹੁੰਦਾ ਸੀ। ਇੰਨਾ ਹੀ ਨਹੀਂ, ਖੇਤੀਬਾੜੀ ਵਿਚ ਵੀ ਇਕ-ਦੂਜੇ ਦੇ ਕੰਮ ਆਇਆ ਜਾਂਦਾ ਸੀ। ਹੋਰ ਤਾਂ ਹੋਰ ਘਰ ਦਾ ਛੱਪਰ ਜਦੋਂ ਪੈਂਦਾ ਸੀ, ਤਾਂ ਉਸ ਨੂੰ ਉਠਵਾਉਣ ਲਈ ਆਲੇ-ਦੁਆਲੇ ਦੇ ਲੋਕ ਬਿਨਾਂ ਸੱਦੇ ਹੀ ਆ ਜਾਂਦੇ ਸਨ। ਅੱਜ ਵਿਕਾਸ ਦੀ ਅੰਨ੍ਹੀ ਦੌੜ ਵਿਚ ਅਸੀਂ ਸਾਰੀਆਂ ਚੰਗੀਆਂ ਗੱਲਾਂ ਅਤੇ ਸਾਂਝੀਵਾਲਤਾ ਨੂੰ ਭੁੱਲ ਗਏ ਹਾਂ।
—ਸ਼ਮਾ ਸ਼ਰਮਾ
ਭਾਰਤ ਦੇ ਬਾਜ਼ਾਰ ’ਚ ਗਿਰਾਵਟ ਦੇ ਕਾਰਨ ਅਤੇ ਹੱਲ
NEXT STORY