ਬਲੂਮਬਰਗ ਦੇ ਅੰਕੜਿਆਂ ਅਨੁਸਾਰ, ਅਕਤੂਬਰ ਵਿਚ ਸੁਧਾਰ ਦੇ ਬਾਵਜੂਦ ਭਾਰਤੀ ਸ਼ੇਅਰ ਅੱਜ ਉੱਭਰ ਰਹੇ ਬਾਜ਼ਾਰਾਂ ਦੀਆਂ ਸਭ ਤੋਂ ਮਾੜੇ ਪ੍ਰਦਰਸ਼ਨ ਕਰਨ ਵਾਲੀਆਂ ਜਾਇਦਾਦਾਂ ਵਿਚ ਸ਼ਾਮਲ ਹਨ। ਬੈਂਚਮਾਰਕ ਨਿਫਟੀ 50 ਇੰਡੈਕਸ ਇਸ ਸਾਲ 12 ਫੀਸਦੀ ਡਿੱਗਿਆ ਹੈ (ਡਾਲਰ ਦੇ ਸੰਦਰਭ ਵਿਚ 17 ਫੀਸਦੀ)। ਪ੍ਰਮੁੱਖ ਉੱਭਰ ਰਹੇ ਬਾਜ਼ਾਰਾਂ ਵਿਚ ਸਿਰਫ਼ ਇੰਡੋਨੇਸ਼ੀਆਈ ਸ਼ੇਅਰਾਂ ਦਾ ਪ੍ਰਦਰਸ਼ਨ ਇਸ ਨਾਲੋਂ ਵੀ ਭੈੜਾ ਰਿਹਾ ਹੈ, ਜਿੱਥੇ ਮਾਰਗਨ ਸਟੈਨਲੇ ਕੈਪੀਟਲ ਇੰਟਰਨੈਸ਼ਨਲ (ਐੱਮ.ਐੱਸ.ਸੀ.ਆਈ.) ਵੱਲੋਂ ਇਹ ਚਿਤਾਵਨੀ ਦਿੱਤੇ ਜਾਣ ਤੋਂ ਬਾਅਦ ਕਿ ਇੰਡੋਨੇਸ਼ੀਆ ਆਪਣਾ ਉੱਭਰਦੇ ਬਾਜ਼ਾਰ ਦਾ ਦਰਜਾ ਗੁਆ ਸਕਦਾ ਹੈ, ਬੈਂਚਮਾਰਕ ਆਈ.ਡੀ.ਐਕਸ. ਕੰਪੋਜ਼ਿਟ ਇੰਡੈਕਸ ਇਸ ਸਾਲ 42 ਫੀਸਦੀ ਡਿੱਗਿਆ ਹੈ (ਡਾਲਰ ਦੇ ਸੰਦਰਭ ਵਿਚ 46 ਫੀਸਦੀ)।
ਭਾਰਤੀ ਬਾਜ਼ਾਰਾਂ ਵਿਚ ਇਹ ਗਿਰਾਵਟ ਅੰਸ਼ਕ ਤੌਰ ’ਤੇ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ.ਪੀ.ਆਈ.) ਵੱਲੋਂ ਵੱਡੇ ਪੱਧਰ ’ਤੇ ਕੀਤੀ ਗਈ ਬਿਕਵਾਲੀ ਕਾਰਨ ਹੈ, ਜਿਨ੍ਹਾਂ ਨੇ ਇਸ ਸਾਲ ਹੁਣ ਤੱਕ ਭਾਰਤੀ ਇਕੁਇਟੀ ਬਾਜ਼ਾਰਾਂ ਵਿਚੋਂ ਲਗਭਗ 3 ਟ੍ਰਿਲੀਅਨ ਰੁਪਏ ਕੱਢੇ ਹਨ, ਜੋ ਕਿ ਇਕ ਦਹਾਕੇ ਦਾ ਸਭ ਤੋਂ ਉੱਚਾ ਪੱਧਰ ਹੈ। ਇਸ ਪੂੰਜੀ ਨਿਕਾਸੀ ਨੇ ਰੁਪਏ ਨੂੰ ਕਮਜ਼ੋਰ ਕੀਤਾ ਹੈ ਅਤੇ ਸਿੱਟੇ ਵਜੋਂ ਭਾਰਤੀ ਇਕੁਇਟੀ ਤੋਂ ਵਿਦੇਸ਼ੀ ਨਿਵੇਸ਼ਕਾਂ ਨੂੰ ਮਿਲਣ ਵਾਲੇ ਡਾਲਰ ਰਿਟਰਨ ਨੂੰ ਘਟਾ ਦਿੱਤਾ ਹੈ।
ਇਸ ਮੰਦੀ ਲਈ ਕਈ ਮੁਕਾਬਲੇਬਾਜ਼ੀ ਵਿਆਖਿਆਵਾਂ ਮੌਜੂਦ ਹਨ। ਇਕ ਸਿਧਾਂਤ ਦੇਸ਼ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਕੰਪਨੀਆਂ ਦੀ ਕਮੀ ਵੱਲ ਇਸ਼ਾਰਾ ਕਰਦਾ ਹੈ। ਕਿਉਂਕਿ ਨਿਵੇਸ਼ਕਾਂ ਨੇ ਏ.ਆਈ. ਫਰਮਾਂ ਅਤੇ ਏ.ਆਈ. ਨਾਲ ਜੁੜੇ ਖੇਤਰਾਂ ਵਿਚ ਭਾਰੀ ਮਾਤਰਾ ਵਿਚ ਡਾਲਰ ਲਗਾਏ ਹਨ, ਇਸ ਲਈ ਭਾਰਤ ਪਿੱਛੇ ਰਹਿ ਗਿਆ ਹੈ। ਇਸ ਸਿਧਾਂਤ ਦੇ ਅਨੁਸਾਰ, ਜਿਵੇਂ ਹੀ ਏ.ਆਈ. ਨਾਲ ਜੁੜਿਆ ਵਪਾਰ ਹੌਲੀ ਪਵੇਗਾ, ਭਾਰਤ ਨੂੰ ਲਾਭ ਹੋ ਸਕਦਾ ਹੈ।
ਦੂਜਾ ਸਿਧਾਂਤ ਭੂ-ਸਿਆਸੀ ਤਣਾਅ ’ਤੇ ਜ਼ੋਰ ਦਿੰਦਾ ਹੈ, ਜਿਨ੍ਹਾਂ ਨੇ ਕਮੋਡਿਟੀ ਦੀਆਂ ਕੀਮਤਾਂ ਨੂੰ ਵਧਾ ਦਿੱਤਾ ਹੈ। ਇਕ ਵੱਡੇ ਕਮੋਡਿਟੀ ਦਰਾਮਦਕਾਰ ਵਜੋਂ, ਭਾਰਤ ’ਤੇ ਬਾਕੀਆਂ ਨਾਲੋਂ ਵਧੇਰੇ ਅਸਰ ਪਿਆ ਹੈ। ਇਸ ਨਾਲ ਸੰਬੰਧਤ, ਅਮਰੀਕਾ ਵਿਚ ਵਧਦੀ ਮਹਿੰਗਾਈ ਅਤੇ ਬਾਂਡ ਈਲਡ ਨੇ ਅਮਰੀਕੀ ਅਤੇ ਉੱਭਰਦੇ ਬਾਜ਼ਾਰ ਦੀਆਂ ਜਾਇਦਾਦਾਂ ਦੇ ਵਿਚਕਾਰ ਦੇ ਅੰਤਰ ਨੂੰ ਘਟਾ ਦਿੱਤਾ ਹੈ, ਜਿਸ ਨਾਲ ਉੱਭਰਦੇ ਬਾਜ਼ਾਰਾਂ ਵਿਚ ਆਉਣ ਵਾਲੇ ਫੰਡ ਦਾ ਪ੍ਰਵਾਹ ਕਮਜ਼ੋਰ ਹੋਇਆ ਹੈ। ਇਸ ਸਿਧਾਂਤ ਦੇ ਸਮਰਥਕਾਂ ਦਾ ਤਰਕ ਹੈ ਕਿ ਜਿਵੇਂ ਹੀ ਭੂ-ਸਿਆਸੀ ਤਣਾਅ ਸ਼ਾਂਤ ਹੋਣਗੇ ਅਤੇ ਵਿਸ਼ਵ ਕਮੋਡਿਟੀ ਚੱਕਰ ਠੰਢਾ ਪਵੇਗਾ, ਭਾਰਤ ਫਿਰ ਤੋਂ ਨਿਵੇਸ਼ਕਾਂ ਦੀ ਪਸੰਦ ਬਣ ਜਾਵੇਗਾ।
ਤੀਜਾ ਸਿਧਾਂਤ ਵੱਡੀਆਂ ਭਾਰਤੀ ਕੰਪਨੀਆਂ ਵਿਚ ਇਨੋਵੇਸ਼ਨ ਦੀ ਘਾਟ ’ਤੇ ਜ਼ੋਰ ਦਿੰਦਾ ਹੈ। ਲਗਾਤਾਰ ਕਮਾਈ ਵਿਚ ਵਾਧੇ ਦੇ ਵਾਅਦੇ ਤੋਂ ਬਿਨਾਂ, ਭਾਰਤੀ ਸ਼ੇਅਰ ਵਿਦੇਸ਼ੀ ਨਿਵੇਸ਼ਕਾਂ ਲਈ ਅਨਅਕਰਸ਼ਕ ਬਣੇ ਰਹਿਣਗੇ, ਜਿਵੇਂ ਕਿ ਬਰਨਸਟਾਈਨ ਰਿਸਰਚ ਦੇ ਵਿਸ਼ਲੇਸ਼ਕਾਂ ਵੇਣੁਗੋਪਾਲ ਗਾਰੇ ਅਤੇ ਨਿਖਿਲ ਅਰੇਲਾ ਨੇ ਕੁਝ ਹਫ਼ਤੇ ਪਹਿਲਾਂ ਗਾਹਕਾਂ ਨੂੰ ਲਿਖੇ ਇਕ ਨੋਟ ਵਿਚ ਕਿਹਾ ਸੀ। ਉਨ੍ਹਾਂ ਨੇ ਲਿਖਿਆ ਕਿ ਜੇਕਰ ਏ.ਆਈ. ਦਾ ਵਪਾਰ ਕਮਜ਼ੋਰ ਹੁੰਦਾ ਹੈ ਜਾਂ ਤੇਲ ਦੀਆਂ ਕੀਮਤਾਂ ਡਿੱਗਦੀਆਂ ਹਨ, ਤਾਂ ਵਿਦੇਸ਼ੀ ਪੂੰਜੀ ਅਸਥਾਈ ਤੌਰ ’ਤੇ ਪਰਤ ਸਕਦੀ ਹੈ ਪਰ ਨਿਰੰਤਰ ਪ੍ਰਵਾਹ ਇਸ ਗੱਲ ’ਤੇ ਨਿਰਭਰ ਕਰੇਗਾ ਕਿ ‘ਕੀ ਭਾਰਤ ਪ੍ਰਤੀਯੋਗਤਾ, ਨਵਾਚਾਰ ਅਤੇ ਿਵਸ਼ਵ ਪ੍ਰਾਸੰਗਿਕਤਾ ਦੇ ਨਵੇਂ ਇੰਜਣ ਬਣਾ ਸਕਦਾ ਹੈ?’ ਇਸ ਜੋੜੀ ਨੇ ਤਰਕ ਦਿੱਤਾ ਕਿ ਪੁਲਾੜ, ਰੱਖਿਆ, ਸੈਮੀਕੰਡਕਟਰ ਅਤੇ ਡੀਪ-ਟੈਕ ਵਰਗੇ ਖੇਤਰਾਂ ਵਿਚ ਉੱਭਰ ਰਹੀਆਂ ਨਵੀਆਂ ਫਰਮਾਂ ਮੌਜੂਦਾ ਸਮੇਂ ਵਿਚ ਵੱਡੇ ਪੱਧਰ 'ਤੇ ਵਿਸ਼ਵ ਪੱਧਰੀ ਪੂੰਜੀ ਨੂੰ ਆਕਰਸ਼ਿਤ ਕਰਨ ਲਈ ਬਹੁਤ ਛੋਟੀਆਂ ਹਨ।
ਇਨ੍ਹਾਂ ਵਿਚੋਂ ਕੋਈ ਵੀ ਵਿਆਖਿਆ ਇਹ ਸੰਕੇਤ ਨਹੀਂ ਦਿੰਦੀ ਕਿ ਕੈਪੀਟਲ ਗੇਂਸ ਟੈਕਸ ਵਿਚ ਬਦਲਾਅ ਵਿਦੇਸ਼ੀ ਫੰਡਾਂ ਨੂੰ ਵਾਪਸ ਲਿਆ ਸਕਦੇ ਹਨ। ਯਕੀਨੀ ਤੌਰ ’ਤੇ ਸਾਡੇ ਕੈਪੀਟਲ ਟੈਕਸ ਢਾਂਚੇ ਵਿਚ ਖ਼ਰਾਬੀਆਂ ਹਨ ਅਤੇ ਇਨ੍ਹਾਂ ਦਾ ਹੱਲ ਕੀਤਾ ਜਾਣਾ ਚਾਹੀਦਾ ਹੈ। ਕੈਪੀਟਲ ਗੇਂਸ ਟੈਕਸ ਨੂੰ ਤਰਸੰਗਤ ਬਣਾਉਣ ਨਾਲ ਵਿਦੇਸ਼ੀ ਅਤੇ ਘਰੇਲੂ ਨਿਵੇਸ਼ਕਾਂ ਨੂੰ ਆਪਣੇ ਲਈ ਵਧੇਰੇ ਢੁਕਵੀਅਾਂ ਜਾਇਦਾਦਾਂ ਚੁਣਨ ਵਿਚ ਮਦਦ ਮਿਲੇਗੀ ਪਰ ਉਹ ਪੂੰਜੀ ਦੇ ਆਊਟਫਲੋ ਨੂੰ ਰੋਕਣ ਲਈ ਕੋਈ ਤੁਰੰਤ ਹੱਲ ਨਹੀਂ ਹਨ।
ਮੌਜੂਦਾ ਮੰਦੀ ਵਿਚ ਸ਼ੇਅਰਾਂ ਦਾ ਮੁੜ-ਨਿਰਧਾਰਨ ਆਪਣੇ ਆਪ ਵਿਚ ਭਾਰਤੀ ਬਾਜ਼ਾਰਾਂ ਵਿਚ ਫਿਰ ਤੋਂ ਰੁਚੀ ਜਗਾ ਸਕਦਾ ਹੈ। ਇਹ ਧਿਆਨ ਦੇਣ ਯੋਗ ਹੈ ਕਿ ਵਿਦੇਸ਼ੀ ਨਿਵੇਸ਼ਕਾਂ ਨੇ ਹਾਲ ਹੀ ਦੇ ਦਿਨਾਂ ਵਿਚ ਆਈ.ਪੀ.ਓਜ਼ ਵਿਚ ਭਾਰੀ ਨਿਵੇਸ਼ ਕੀਤਾ ਹੈ, ਭਾਵੇਂ ਕਿ ਉਨ੍ਹਾਂ ਨੇ ਸੈਕੰਡਰੀ ਮਾਰਕੀਟ ਵਿਚ ਬੜੇ ਮਹਿੰਗੇ ਸ਼ੇਅਰਾਂ ਤੋਂ ਪ੍ਰਹੇਜ਼ ਕੀਤਾ ਹੋਵੇ।
ਨੀਤੀ ਨਿਰਮਾਤਾਵਾਂ ਨੂੰ ਅਜਿਹੇ ਸਖ਼ਤ ਸੁਧਾਰਾਂ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ, ਜੋ ਦੇਸ਼ ਵਿਚ ਉੱਚ-ਮੁੱਲ ਵਾਲੀਆਂ, ਵਿਸ਼ਵ ਪੱਧਰ ’ਤੇ ਪ੍ਰਤੀਯੋਗੀ ਫਰਮਾਂ ਦੇ ਵਿਕਾਸ ਨੂੰ ਗਤੀ ਦੇ ਸਕਣ। ਇਨ੍ਹਾਂ ਫਰਮਾਂ ਨੂੰ ਆਪਣੇ ਸਰੋਤਾਂ ਨੂੰ ਨੌਕਰਸ਼ਾਹੀ ਨਾਲ ਨਜਿੱਠਣ ਵਿਚ ਖਰਚ ਕਰਨ ਦੀ ਬਜਾਏ ਨਿਵੇਕਲੇ ਉਤਪਾਦ ਵਿਕਸਿਤ ਕਰਨ ਲਈ ਆਜ਼ਾਦ ਹੋਣਾ ਚਾਹੀਦਾ ਹੈ।
(‘ਮਿੰਟ’ ’ਚੋਂ ਧੰਨਵਾਦ ਸਹਿਤ)
‘ਵੋਟ ਚੋਰੀ’ ਬਨਾਮ ‘ਅਰਾਜਕਤਾ’ ਦੀ ਸਿਆਸਤ
NEXT STORY