ਹੁਣ ਤੱਕ ਤਾਂ ਰੇਲਗੱਡੀਆਂ ’ਚ ਹੀ ਅੱਗ ਲੱਗਣ ਦੀਆਂ ਘਟਨਾਵਾਂ ਸੁਣਨ ’ਚ ਆਉਂਦੀਆਂ ਸਨ ਪਰ ਪਿਛਲੇ ਕੁਝ ਸਮੇਂ ਤੋਂ ਮੁਸਾਫਰ ਬੱਸਾਂ ’ਚ ਅੱਗ ਲੱਗਣ ਦੀਆਂ ਘਟਨਾਵਾਂ ਕਾਫ਼ੀ ਵਧ ਗਈਆਂ ਹਨ, ਜਿਸ ਨਾਲ ਮੁਸਾਫਰਾਂ ਦੀ ਜਾਨ ਖਤਰੇ ’ਚ ਪੈ ਰਹੀ ਹੈ। ਪਿਛਲੇ ਲਗਭਗ 2 ਮਹੀਨਿਆਂ ’ਚ ਸਾਹਮਣੇ ਆਈਆਂ ਚਲਦੀਆਂ ਬੱਸਾਂ ’ਚ ਅੱਗ ਲੱਗਣ ਦੀਆਂ ਕੁਝ ਘਟਨਾਵਾਂ ਹੇਠਾਂ ਦਰਜ ਹਨ :
* 13 ਅਗਸਤ ਨੂੰ ‘ਗੁਰੂਗ੍ਰਾਮ’ (ਹਰਿਆਣਾ) ’ਚ ਮੁਸਾਫਰਾਂ ਨਾਲ ਭਰੀ ਇਕ ਸਿਟੀ ਬੱਸ ’ਚ ਅਚਾਨਕ ਅੱਗ ਲੱਗ ਜਾਣ ਨਾਲ ਉਸ ’ਚ ਸਵਾਰ ਮੁਸਾਫਰਾਂ ’ਚ ਹਫੜਾ-ਦਫੜੀ ਮੱਚ ਗਈ ਪਰ ਸਮੇਂ ਸਿਰ ਹੀ ਮੁਸਾਫਰਾਂ ਨੂੰ ਬੱਸ ਤੋਂ ਬਾਹਰ ਕੱਢ ਲਿਆ ਗਿਆ
* 20 ਸਤੰਬਰ ਨੂੰ ‘ਲਖਨਊ’ (ਉੱਤਰ ਪ੍ਰਦੇਸ਼) ’ਚ 25 ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਹੀ ਇਕ ਚਲਦੀ ਬੱਸ ’ਚ ਅਚਾਨਕ ਅੱਗ ਦੀਆਂ ਲਪਟਾਂ ਉੱਠਣ ਲੱਗੀਆਂ। ਸਮੇਂ ਸਿਰ ਬੱਚਿਆਂ ਨੂੰ ਕੱਢ ਲਿਆ ਗਿਆ ਪਰ ਇਕ ਬੱਚਾ ਝੁਲਸ ਗਿਆ।
* 23 ਸਤੰਬਰ ਨੂੰ ‘ਦਿੱਲੀ’ ਤੋਂ ‘ਮਹੋਬਾ’ (ਉੱਤਰ ਪ੍ਰਦੇਸ਼) ਜਾ ਰਹੀ ਇਕ ਪ੍ਰਾਈਵੇਟ ਏ. ਸੀ. ਸਲੀਪਰ ਬੱਸ ’ਚ ਯਮੁਨਾ ਐਕਸਪ੍ਰੈੱਸ-ਵੇਅ ’ਤੇ ਭਿਆਨਕ ਅੱਗ ਲੱਗ ਜਾਣ ਨਾਲ 9 ਯਾਤਰੀਆਂ ਦੀ ਜ਼ਿੰਦਾ ਸੜ ਕੇ ਮੌਤ ਹੋ ਗਈ ਅਤੇ ਕਈ ਹੋਰ ਗੰਭੀਰ ਰੂਪ ਨਾਲ ਝੁਲਸ ਗਏ। ਜਾਂਚ ’ਚ ਪਾਇਆ ਗਿਆ ਕਿ ਬੱਸ ਦੇ ਐਮਰਜੈਂਸੀ ਐਗਜ਼ਿਟ ਨੂੰ ਸੀਟਾਂ ਨਾਲ ਬਲਾਕ ਕੀਤਾ ਗਿਆ ਸੀ ਅਤੇ ਏ. ਸੀ. ਸਿਸਟਮ ਦੀ ਖਰਾਬੀ ਦੇ ਕਾਰਨ ਅੱਗ ਲੱਗੀ।
* 24 ਸਤੰਬਰ ਨੂੰ ਮੁੰਬਈ-ਪੁਣੇ ਐਕਸਪ੍ਰੈੱਸ-ਵੇਅ ’ਤੇ ‘ਪਨਵੇਲ’ ਦੇ ਨੇੜੇ ਇਕ ਚਲਦੀ ਬੱਸ ’ਚ ਅਚਾਨਕ ਅੱਗ ਲੱਗ ਗਈ। ਗਨੀਮਤ ਇਹ ਰਹੀ ਕਿ ਸਮੇਂ ਸਿਰ ਸਾਰੇ ਮੁਸਾਫਰਾਂ ਨੂੰ ਬਾਹਰ ਕੱਢ ਲਿਆ ਗਿਆ ਜਿਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
* 5 ਅਕਤੂਬਰ ਨੂੰ ‘ਨਾਗੌਰ’ (ਰਾਜਸਥਾਨ) ’ਚ ਇਕ ਚਲਦੀ ਮਿੰਨੀ ਬੱਸ ’ਚ ਸ਼ਾਰਟ ਸਰਕਟ ਦੇ ਕਾਰਨ ਅੱਗ ਲੱਗ ਗਈ ਜਿਸ ’ਚ ਡਰਾਈਵਰ ਦੀ ਸਿਆਣਪ ਨਾਲ ਬੱਸ ’ਚ ਸਵਾਰ ਸਾਰੇ 13 ਮੁਸਾਫਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
* 6 ਅਕਤੂਬਰ ਨੂੰ ‘ਦਿੱਲੀ’ ਤੋਂ ‘ਮੁਜ਼ੱਫਰਪੁਰ’ (ਬਿਹਾਰ) ਜਾ ਰਹੀ ਇਕ ਡਬਲ ਡੈਕਰ ਸਲੀਪਰ ਬੱਸ ’ਚ ਨੋਇਡਾ-ਗ੍ਰੇਟਰ ਨੋਇਡਾ ਐਕਸਪ੍ਰੈੱਸ-ਵੇਅ ’ਤੇ ਅਚਾਨਕ ਭਿਆਨਕ ਅੱਗ ਲੱਗ ਗਈ। ਗਨੀਮਤ ਰਹੀ ਕਿ ਸਮੇਂ ਸਿਰ ਸਭ 32 ਮੁਸਾਫਰਾਂ ਨੂੰ ਸੁਰੱਖਿਅਤ ਬੱਸ ਤੋਂ ਬਾਹਰ ਕੱਢ ਲਿਆ ਗਿਆ ਪਰ ਮੁਸਾਫਰਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਦਾ ਕਾਰਨ ਇੰਜਣ ’ਚ ਸ਼ਾਰਟ ਸਰਕਟ ਦੱਸਿਆ ਗਿਆ।
* 6 ਅਕਤੂਬਰ ਨੂੰ ਹੀ ਮੱਧ ਪ੍ਰਦੇਸ਼ ’ਚ ਉਜੈਨ ਤੋਂ ਇੰਦੌਰ ਆ ਰਹੀ ਮੁੱਖ ਮੰਤਰੀ ਸੁਗਮ ਪਰਿਵਹਨ ਸੇਵਾ’ ਦੀ ਬੱਸ ’ਚ ਅੱਗ ਲੱਗ ਜਾਣ ਕਾਰਨ ਬੱਸ ਸੜ ਕੇ ਸੁਆਹ ਹੋ ਗਈ।
* 8 ਅਕਤੂਬਰ ਨੂੰ ‘ਸ਼ਿਵਮੋਗਾ’ (ਕਰਨਾਟਕ) ਦੇ ‘ਮੁੰਬੁਲੂ’ ਪਿੰਡ ਦੇ ਨੇੜੇ ਇਕ ਡਬਲ ਡੈਕਰ ਸਲੀਪਰ ਬੱਸ ਅੱਗ ਲੱਗ ਜਾਣ ਦੇ ਕਾਰਨ ਸੜ ਕੇ ਸੁਆਹ ਹੋ ਗਈ ਪਰ ਸਮੇਂ ਸਿਰ ਮੁਸਾਫਰਾਂ ਨੂੰ ਬਾਹਰ ਕੱਢ ਲ਼ੈਣ ਦੇ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਸੜਕ ਸੁਰੱਖਿਆ ਮਾਹਿਰਾਂ ਅਨੁਸਾਰ ਬੱਸਾਂ ’ਚ ਅੱਗ ਲੱਗਣ ਦੀਆਂ ਘਟਨਾਵਾਂ ਨੂੰ 2 ਹਿੱਸਿਆਂ ’ਚ ਵੰਡਿਆ ਜਾ ਸਕਦਾ ਹੈ ‘ਟੱਕਰ ਨਾਲ ਲੱਗਣ ਵਾਲੀ ਅੱਗ’ ਅਤੇ ‘ਬਿਨਾਂ ਟੱਕਰ ਦੇ ਲੱਗਣ ਵਾਲੀ ਅੱਗ’। ਬਿਨਾਂ ਹਾਦਸੇ ਦੇ ਬੱਸਾਂ ’ਚ ਲੱਗਣ ਵਾਲੀ ਅੱਗ ਵਧੇਰੇ ਖਤਰਨਾਕ ਹੁੰਦੀ ਹੈ। ਦਿੱਲੀ ਦੇ ਸਾਬਕਾ ਡਿਪਟੀ ਟਰਾਂਸਪੋਰਟ ਕਮਿਸ਼ਨਰ ‘ਸ਼੍ਰੀ ਅਨਿਲ ਛਿਕਾਰਾ’ ਅਨੁਸਾਰ ਬੱਸਾਂ ਨੂੰ ਅੱਗ ਲੱਗਣ ਦਾ ਵੱਡਾ ਕਾਰਨ ਏ. ਸੀ. ਬੱਸਾਂ ’ਚ ਕੀਤੀ ਜਾਣ ਵਾਲੀ ਲੋਕਲ ‘ਰੈਟਰੋ ਫਿਟਿੰਗ’ ਹੈ।
ਇਕ ਪਾਸੇ ਜਿੱਥੇ ਓਰਿਜਨਲ ਉਪਕਰਣ ਨਿਰਮਾਤਾ ਵਲੋਂ ਤਿਆਰ ਕੀਤੀ ਗਈ ਬੱਸ ਦੀ ਕੀਮਤ 2 ਕਰੋੜ ਰੁਪਏ ਤੋਂ ਵੱਧ ਹੁੰਦੀ ਹੈ ਉੱਥੇ ਹੀ ਲੋਕਲ ਬਾਡੀ ਬਿਲਡਰ ਇਸ ਤੋਂ ਘੱਟ ਕੀਮਤ ’ਚ ਹੀ ਬੱਸ ਨੂੰ ‘ਕਸਟਮਾਈਜ਼ਡ ਬੱਸ’ ਬਣਾ ਦਿੰਦੇ ਹਨ।
ਇਨ੍ਹਾਂ ’ਚ 14-15 ਘੰਟਿਆਂ ਤੱਕ ਲਗਾਤਾਰ ਏ.ਸੀ., ਲਾਈਟਿੰਗ ਅਤੇ ਮੋਬਾਈਲ ਚਾਰਜਿੰਗ ਪੁਆਇੰਟ ਚੱਲਣ ਕਾਰਨ ਤਾਰਾਂ ’ਤੇ ਭਾਰੀ ਇਲੈਕਟ੍ਰੀਕਲ ਲੋਡ ਕਾਰਨ ਤਾਰਾਂ ਦੇ ਗਰਮ ਹੋ ਕੇ ਪਿਘਲਣ ਨਾਲ ਚੰਗਿਆੜੀ ਉੱਠਦੀ ਹੈ ਅਤੇ ਦੇਖਦੇ ਹੀ ਦੇਖਦੇ ਅੱਗ ਪੂਰੀ ਬੱਸ ’ਚ ਫੈਲ ਜਾਂਦੀ ਹੈ।
ਜ਼ਿਆਦਾਤਰ ਮਾਮਲਿਆਂ ’ਚ ਇਹ ਦੇਖਿਆ ਗਿਆ ਹੈ ਕਿ ਬੱਸਾਂ ’ਚ ਅੱਗ ਲੱਗਣ ਦਾ ਮੁੱਖ ਕਾਰਨ ਏ.ਸੀ. ਸਿਸਟਮ ’ਚ ਖਰਾਬੀ ਅਤੇ ਵਾਇਰਿੰਗ ’ਚ ਸ਼ਾਰਟ ਸਰਕਟ ਰਿਹਾ ਹੈ। ਟਰਾਂਸਪੋਰਟ ਆਪਰੇਟਰਾਂ ਵਲੋਂ ਸੁਰੱਖਿਆ ਨਿਯਮਾਂ ਦਾ ਪਾਲਣ ਨਾ ਕਰਨ ਅਤੇ ਸਹੀ ਢੰਗ ਨਾਲ ਸੇਵਾ ਸੰਭਾਲ ਨਾ ਕਰਨ ਕਾਰਨ ਇਸ ਤਰ੍ਹਾਂ ਦੀਆਂ ਦੁਰਘਟਨਾਵਾਂ ਹੋ ਰਹੀਆਂ ਹਨ।
ਏ. ਸੀ. ਬੱਸਾਂ ’ਚ ਖਰਾਬ ਕੂਲਿੰਗ ਸਿਸਟਮ ਜਾਂ ਰੇਡੀਏਟਰ ’ਚ ਰਿਸਾਵ ਕਾਰਨ ਇੰਜਣ ਵਧੇਰੇ ਗਰਮ ਹੋ ਸਕਦਾ ਹੈ, ਜਿਸ ਕਾਰਨ ਆਸ-ਪਾਸ ਦੇ ਪਲਾਸਟਿਕ ਜਾਂ ਤੇਲ ਨੂੰ ਅੱਗ ਲੱਗ ਸਕਦੀ ਹੈ। ਬੈਟਰੀ ’ਚ ਸ਼ਾਰਟ ਸਰਕਟ ਜਾਂ ਖਰਾਬੀ ਵੀ ਅੱਗ ਲੱਗਣ ਦਾ ਕਾਰਨ ਬਣ ਸਕਦੀ ਹੈ।
ਇਸ ਲਈ ਬੱਸਾਂ ਦੇ ਸੇਵਾ-ਸੰਭਾਲ ਵੱਲ ਹੋਰ ਧਿਆਨ ਨਾ ਦੇ ਕੇ ਮੁਸਾਫਰਾਂ ਦੀ ਜਾਨ ਨੂੰ ਸੰਕਟ ’ਚ ਪਾਉਣ ਵਾਲੇ ਟਰਾਂਸਪੋਰਟ ਆਪਰੇਟਰਾਂ ਦੇ ਵਿਰੁੱਧ ਤੁਰੰਤ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ।
—ਵਿਜੇ ਕੁਮਾਰ
ਤੁਹਾਨੂੰ ਕੌਣ ਚਾਹੀਦੈ, ਦੇਸ਼ਭਗਤ ਜਾਂ ਦੇਸ਼ਧ੍ਰੋਹੀ
NEXT STORY