ਪਿਛਲੇ ਕੁਝ ਸਮੇਂ ਤੋਂ ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਹੋਰਨਾਂ ਹਿੱਸਿਆਂ ’ਚ ਸਕੂਲਾਂ, ਅਦਾਲਤਾਂ, ਰੇਲਵੇ ਸਟੇਸ਼ਨਾਂ ਆਦਿ ’ਚ ਬੰਬ ਰੱਖੇ ਹੋਣ ਦੀਆਂ ਧਮਕੀਆਂ ਈ-ਮੇਲ ਅਤੇ ਫ਼ੋਨ ਆਦਿ ਰਾਹੀਂ ਮਿਲ ਰਹੀਆਂ ਹਨ। ਇਨ੍ਹਾਂ ਦੇ ਨਤੀਜੇ ਵਜੋਂ ਜਿੱਥੇ ਸੁਰੱਖਿਆ ਬਲਾਂ ਦੀ ਜ਼ਿੰਮੇਵਾਰੀ ਵਧ ਗਈ ਹੈ, ਉੱਥੇ ਹੀ ਲੋਕਾਂ ’ਚ ਵੀ ਦਹਿਸ਼ਤ ਪਾਈ ਜਾ ਰਹੀ ਹੈ। ਅਜਿਹੀਆਂ ਹੀ ਇਸੇ ਸਾਲ ਸਾਹਮਣੇ ਆਈਆਂ ਕੁਝ ਘਟਨਾਵਾਂ ਹੇਠਾਂ ਦਰਜ ਹਨ :
* 1 ਜਨਵਰੀ ਨੂੰ ‘ਅੰਬਾਲਾ ਛਾਉਣੀ’ ਰੇਲਵੇ ਸਟੇਸ਼ਨ ਨੂੰ ਦੇਰ ਰਾਤ ਇਕ ਅਣਪਛਾਤੇ ਫ਼ੋਨ ਕਾਲ ਜ਼ਰੀਏ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ। ਇਸ ਤੋਂ ਬਾਅਦ ਸਟੇਸ਼ਨ ਕੰਪਲੈਕਸ ’ਚ ਭਾਰੀ ਤਲਾਸ਼ੀ ਮੁਹਿੰਮ ਚਲਾਈ ਗਈ ਪਰ ਕੋਈ ਸ਼ੱਕੀ ਵਸਤੂ ਨਹੀਂ ਮਿਲੀ। ਬਾਅਦ ’ਚ ਇਸ ਸਿਲਸਿਲੇ ’ਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ।
* 6 ਜਨਵਰੀ ਨੂੰ ‘ਮਊ’ (ਉੱਤਰ ਪ੍ਰਦੇਸ਼) ਰੇਲਵੇ ਸਟੇਸ਼ਨ ’ਤੇ ਇਕ ਸ਼ੱਕੀ ਬੈਗ ਪਿਆ ਮਿਲਿਆ ਜਿਸ ਤੋਂ ਬਾਅਦ ਕਿਸੇ ਅਣਪਛਾਤੇ ਵਿਅਕਤੀ ਨੇ ਰੇਲਵੇ ਸਟੇਸ਼ਨ ’ਤੇ ਫ਼ੋਨ ਕਰ ਕੇ ਕੁਝ ਹੀ ਦੇਰ ’ਚ ਪਹੁੰਚਣ ਵਾਲੀ ‘ਕਾਸ਼ੀ ਐਕਸਪ੍ਰੈੱਸ’ ’ਚ ਬੰਬ ਰੱਖੇ ਹੋਣ ਦੀ ਸੂਚਨਾ ਦਿੱਤੀ ਜਿਸ ਨਾਲ ਪਲੇਟਫਾਰਮ ’ਤੇ ਟ੍ਰੇਨ ਦੇ ਪਹੁੰਚਣ ’ਤੇ ਉਸ ਦੀ ਹਰ ਬੋਗੀ ਦੀ ਤਲਾਸ਼ੀ ਲਈ ਗਈ ਪਰ ਕੋਈ ਸ਼ੱਕੀ ਵਸਤੂ ਨਹੀਂ ਮਿਲੀ।
* 8 ਜਨਵਰੀ ਨੂੰ ਅਣਪਛਾਤੀਆਂ ਈ-ਮੇਲਾਂ ਰਾਹੀਂ ‘ਹਿਮਾਚਲ ਪ੍ਰਦੇਸ਼ ਹਾਈ ਕੋਰਟ’ ਅਤੇ ਪੰਜਾਬ, ਬਿਹਾਰ, ਹਰਿਆਣਾ ਅਤੇ ਛੱਤੀਸਗੜ੍ਹ ਦੀਆਂ ਕਈ ਅਦਾਲਤਾਂ ਨੂੰ ਇਕੋ ਸਮੇਂ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦਿੱਤੀਆਂ ਗਈਆਂ।
* 28 ਫਰਵਰੀ ਨੂੰ ਇਕ ਐਮਰਜੈਂਸੀ ਕਾਲ ਰਾਹੀਂ ਕਾਨਪੁਰ ਸੈਂਟਰਲ ਰੇਲਵੇ ਸਟੇਸ਼ਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੀ ਈ-ਮੇਲ ਮਿਲਣ ’ਤੇ ਤੁਰੰਤ ਹਾਈ ਸਿਕਿਓਰਿਟੀ ਕਾਰਵਾਈ ਕੀਤੀ ਗਈ ਪਰ ਕੋਈ ਸ਼ੱਕੀ ਵਸਤੂ ਨਹੀਂ ਮਿਲੀ।
* 10 ਮਾਰਚ ਨੂੰ ‘ਗੁਜਰਾਤ’ ਹਾਈ ਕੋਰਟ ਅਤੇ ‘ਅਹਿਮਦਾਬਾਦ ਗ੍ਰਾਮੀਣ ਅਦਾਲਤ ਕੰਪਲੈਕਸ’ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਉੱਥੋਂ 400 ਲੋਕਾਂ ਨੂੰ ਕਾਹਲੀ-ਕਾਹਲੀ ’ਚ ਸੁਰੱਖਿਅਤ ਬਾਹਰ ਕੱਢਿਆ ਗਿਆ।
* 6 ਅਪ੍ਰੈਲ ਨੂੰ ‘ਪੰਜਾਬ ਅਤੇ ਹਰਿਆਣਾ ਹਾਈ ਕੋਰਟ’ ਦੇ ਨਾਲ-ਨਾਲ ਚੰਡੀਗੜ੍ਹ ਅਤੇ ਪੰਜਾਬ ਦੇ ਮੋਹਾਲੀ ਅਤੇ ਫਿਰੋਜ਼ਪੁਰ ਦੀਆਂ ਜ਼ਿਲਾ ਅਦਾਲਤਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਵਾਲੀਆਂ ਈ-ਮੇਲ ਮਿਲੀਆਂ ਜੋ ਤਲਾਸ਼ੀ ਦੌਰਾਨ ਝੂਠੀਆਂ ਸਾਬਤ ਹੋਈਆਂ।
* 19 ਜੁਲਾਈ ਨੂੰ ‘ਦਿੱਲੀ’ ਦੇ 45 ਤੋਂ ਵੱਧ ਪ੍ਰਾਈਵੇਟ ਸਕੂਲਾਂ ਅਤੇ ਦਿੱਲੀ ਯੂਨੀਵਰਸਿਟੀ ਨਾਲ ਸੰਬੰਧਤ 3 ਕਾਲਜਾਂ ਨੂੰ ਧਮਕੀ ਭਰੀਆਂ ਈ-ਮੇਲ ਮਿਲੀਆਂ।
* 31 ਜੁਲਾਈ ਨੂੰ ਈ-ਮੇਲ ਰਾਹੀਂ ਬਠਿੰਡਾ ਰੇਲਵੇ ਸਟੇਸ਼ਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਸਟੇਸ਼ਨ ਕੰਪਲੈਕਸ ਦੇ ਕੋਨੇ-ਕੋਨੇ ਦੀ ਜਾਂਚ ਕੀਤੀ ਗਈ ਪਰ ਕੋਈ ਸ਼ੱਕੀ ਵਸਤੂ ਨਾ ਮਿਲਣ ’ਤੇ ਅਧਿਕਾਰੀਆਂ ਨੇ ਸੁੱਖ ਦਾ ਸਾਹ ਲਿਆ।
* 14 ਅਗਸਤ ਨੂੰ ਈ-ਮੇਲ ਰਾਹੀਂ ਦਿੱਲੀ ਹਾਈ ਕੋਰਟ ਅਤੇ ਬੰਬੇ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਜਿਨ੍ਹਾਂ ਨੂੰ ਜਾਂਚ ਤੋਂ ਬਾਅਦ ਫਰਜ਼ੀ ਪਾਇਆ ਗਿਆ।
* 24 ਸਤੰਬਰ ਨੂੰ ਬੰਬ ਦੀਆਂ ਧਮਕੀਆਂ ਤੋਂ ਬਾਅਦ ‘ਪੰਚਕੂਲਾ’ ਦੇ ਅਨੇਕਾਂ ਸਕੂਲਾਂ ਅਤੇ ਜ਼ਿਲਾ ਅਦਾਲਤ ਕੰਪਲੈਕਸ ਨੂੰ ਖਾਲੀ ਕਰਵਾ ਕੇ ਤਲਾਸ਼ੀ ਲਈ ਗਈ।
* 13 ਅਕਤੂਬਰ ਨੂੰ ‘ਨੋਇਡਾ ਅਤੇ ਦਿੱਲੀ’ ਐੱਨ. ਸੀ. ਆਰ. ਦੇ ਲਗਭਗ ਇਕ ਦਰਜਨ ਪ੍ਰਸਿੱਧ ਸਕੂਲਾਂ ਨੂੰ ਬੰਬ ਨਾਲ ਉਡਾ ਦੇਣ ਦੀਆਂ ਧਮਕੀ ਭਰੀਆਂ ਈ-ਮੇਲ ਮਿਲੀਆਂ।
* 15 ਅਕਤੂਬਰ ਨੂੰ ‘ਦਿੱਲੀ ਅਤੇ ਨੋਇਡਾ’ ਦੇ ਅਨੇਕਾਂ ਪ੍ਰਸਿੱਧ ਸਕੂਲਾਂ ਨੂੰ ਧਮਕੀ ਭਰੀਆਂ ਈ-ਮੇਲ ਮਿਲੀਆਂ ਪਰ ਪੁਲਸ ਅਤੇ ਬੰਬ ਰੋਧਕ ਦਸਤਿਆਂ ਦੀ ਛਾਣਬੀਣ ਵਿਚ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ।
ਸੁਰੱਖਿਆ ਏਜੰਸੀਆਂ ਅਤੇ ਸਾਈਬਰ ਕ੍ਰਾਈਮ ਯੂਨਿਟ ਦੀ ਜਾਂਚ ਅਨੁਸਾਰ ਇਨ੍ਹਾਂ ਧਮਕੀਆਂ ਲਈ ਵਿਦੇਸ਼ੀ ਸਰਵਰਾਂ ’ਤੇ ਆਧਾਰਿਤ ਗੁਪਤ ਈ-ਮੇਲ ਸੇਵਾਵਾਂ ਦੀ ਵਰਤੋਂ ਕੀਤੀ ਜਾਂਦੀ ਹੈ।
ਧਮਕੀਆਂ ਦੇਣ ਵਾਲਿਆਂ ਤੱਕ ਪਹੁੰਚ ਕਰਨਾ ਤਕਨੀਕੀ ਤੌਰ ’ਤੇ ਮੁਸ਼ਕਲ ਹੈ ਪਰ ਸਾਨੂੰ ਦੇਸ਼ ਦੇ ਇੰਟਰਨੈੱਟ ਢਾਂਚੇ ’ਚ ਇਸ ਤਰ੍ਹਾਂ ਦੀ ਵਿਵਸਥਾ ਕਰਨੀ ਪਵੇਗੀ ਜਿਸ ਨਾਲ ਅਜਿਹਾ ਸੰਦੇਸ਼ ਮਿਲਣ ਤੋਂ ਪਹਿਲਾਂ ਹੀ ਇਸ ਦੇ ਫਰਜ਼ੀ ਹੋਣ ਦਾ ਵੀ ਪਤਾ ਲੱਗ ਸਕੇ ਤਾਂ ਜੋ ਅਜਿਹੀਆਂ ਧਮਕੀਆਂ ਤੋਂ ਬਾਅਦ ਖਰਾਬ ਹੋਣ ਵਾਲਾ ਸੁਰੱਖਿਆ ਏਜੰਸੀਆਂ ਅਤੇ ਆਮ ਲੋਕਾਂ ਦਾ ਸਮਾਂ ਬਚ ਸਕੇ ਅਤੇ ਦੇਸ਼ ਦੀ ਤਕਨੀਕੀ ਸੁਰੱਖਿਆ ਵੀ ਮਜ਼ਬੂਤ ਬਣੇ।
ਬੇਸ਼ੱਕ ਉਕਤ ਸਾਰੀਆਂ ਧਮਕੀਆਂ ਫਰਜ਼ੀ ਸਾਬਤ ਹੋਈਆਂ ਹਨ ਅਤੇ ਇਨ੍ਹਾਂ ਨਾਲ ਪ੍ਰਸ਼ਾਸਨ ’ਚ ਕੁਝ ਚੁਸਤੀ ਵੀ ਆਈ ਹੋਵੇਗੀ ਪਰ ਸੁਰੱਖਿਆ ਵਿਵਸਥਾ ਨੂੰ ਚੌਤਰਫਾ ਮਜ਼ਬੂਤ ਕਰਨ ਦੀ ਲੋੜ ਹੈ ਕਿਉਂਕਿ ਜੇਕਰ ਅਜਿਹੀਆਂ ਧਮਕੀਆਂ ਨੂੰ ਝੂਠੀਆਂ ਮੰਨ ਕੇ ਸੁਰੱਖਿਆ ’ਚ ਢਿੱਲ ਦਿੱਤੀ ਗਈ ਤਾਂ ਕਦੇ ਅਜਿਹੀ ਕਿਸੇ ਧਮਕੀ ਦੇ ਸੱਚ ਨਿਕਲਣ ’ਤੇ ਭਾਰੀ ਅਨਰਥ ਵੀ ਹੋ ਸਕਦਾ ਹੈ।
–ਵਿਜੇ ਕੁਮਾਰ
ਭਾਰਤ ਦੇ ਅੰਦਰੂਨੀ ਮਾਮਲਿਆਂ ’ਚ ‘ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਦਫ਼ਤਰ’ ਦਾ ਰੋਣਾ-ਧੌਣਾ ਅਣਉਚਿੱਤ
NEXT STORY