ਇਕ ਪਾਸੇ ਸਰਕਾਰ ਨਸ਼ਿਆਂ ਅਤੇ ਸੋਨੇ ਦੀ ਸਮੱਗਲਿੰਗ ਰੋਕਣ ਲਈ ਮੁਹਿੰਮ ਚਲਾ ਰਹੀ ਹੈ ਤਾਂ ਦੂਜੇ ਪਾਸੇ ਸਮਾਜ ਵਿਰੋਧੀ ਅਨਸਰ ਇਨ੍ਹਾਂ ਦੀ ਸਮੱਗਲਿੰਗ ਲਈ ਸਖਤ ਸੁਰੱਖਿਆ ਵਾਲੇ ਹਵਾਈ ਜਹਾਜ਼ਾਂ ਦੀ ਵਰਤੋਂ ਕਰ ਰਹੇ ਹਨ। ਪਿਛਲੇ ਲਗਭਗ ਇਕ ਮਹੀਨੇ ਦੌਰਾਨ ਭਾਰਤ ਦੇ ਪ੍ਰਮੁੱਖ ਹਵਾਈ ਅੱਡਿਆਂ ’ਤੇ ਨਸ਼ੇ ਅਤੇ ਸੋਨੇ ਦੀ ਸਮੱਗਲਿੰਗ ਦੀਆਂ ਕਈ ਵੱਡੀਆਂ ਘਟਨਾਵਾਂ ਸਾਹਮਣੇ ਆਈਆਂ ਜਿਨ੍ਹਾਂ ’ਚੋਂ ਕੁਝ ਹੇਠਾਂ ਦਰਜ ਹਨ :
* 14 ਅਪ੍ਰੈਲ ਨੂੰ ‘ਇੰਫਾਲ ਹਵਾਈ ਅੱਡੇ’ ਉੱਤੇ ਸੁਰੱਖਿਆ ਫੋਰਸਾਂ ਨੇ 6.74 ਕਿਲੋ ‘ਬ੍ਰਾਊਨ ਸ਼ੂਗਰ’ ਜ਼ਬਤ ਕਰਕੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ।
* 18 ਅਪ੍ਰੈਲ ਨੂੰ ਲਖਨਊ ਦੇ ‘ਚੌਧਰੀ ਚਰਨ ਸਿੰਘ ਹਵਾਈ ਅੱਡੇ’ ਉੱਤੇ ਬੈਂਕਾਕ ਤੋਂ ਆਈ ‘ਓਮਾਨ ਏਅਰਵੇਜ਼’ ਦੀ ਫਲਾਈਟ ਰਾਹੀਂ ਆਏ ਮੁਸਾਫਰ ਕੋਲੋਂ 14.5 ਕਰੋੜ ਰੁਪਏ ਦਾ ‘ਹਾਈਡ੍ਰੋਪੋਨਿਕ ਵੀਡ’ (ਉੱਨਤ ਕਿਸਮ ਦਾ ਗਾਂਜਾ) ਬਰਾਮਦ ਕੀਤਾ ਗਿਆ।
* 18 ਅਪ੍ਰੈਲ ਨੂੰ ਹੀ ‘ਕਾਲੀਕਟ ਦੇ ਅੰਤਰਰਾਸ਼ਟਰੀ ਹਵਾਈ ਅੱਡੇ’ ਉੱਤੇ ਮਸਕਟ ਤੋਂ ਆਏ ਮੁਸਾਫਰ ਕੋਲੋਂ 1.58 ਕਰੋੜ ਰੁਪਏ ਦੀਆਂ ‘ਸਿੰਥੈਟਿਕ ਡਰੱਗਜ਼’ ਜ਼ਬਤ ਕੀਤੀਆਂ ਗਈਆਂ।
* 23 ਅਪ੍ਰੈਲ ਨੂੰ ਨਵੀਂ ਦਿੱਲੀ ’ਚ ਬੈਂਕਾਕ ਤੋਂ ਆਏ 4 ਭਾਰਤੀ ਮੁਸਾਫਰਾਂ ਕੋਲੋਂ 9 ਕਰੋੜ ਰੁਪਏ ਦਾ ਗਾਂਜਾ ਜ਼ਬਤ ਕੀਤਾ ਗਿਆ।
* 25 ਅਪ੍ਰੈਲ ਨੂੰ ਦਿੱਲੀ ’ਚ ‘ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ’ ਉੱਤੇ ਕਸਟਮ ਵਿਭਾਗ ਅਤੇ ਉੱਤਰਾਖੰਡ ਦੀ ਨਾਰਕੋਟਿਕਸ ਟੀਮ ਨੇ ਸਾਂਝੀ ਕਾਰਵਾਈ ’ਚ ਉੱਤਰਾਖੰਡ ਦੇ ‘ਕਿੱਛਾ’ ਤੋਂ ਕੈਨੇਡਾ ਭੇਜੇ ਜਾ ਰਹੇ ਇਕ ਪਾਰਸਲ ’ਚੋਂ 500 ਗ੍ਰਾਮ ਅਫ਼ੀਮ ਬਰਾਮਦ ਕੀਤੀ। ਇਸ ਸੰਬੰਧੀ ਇਕ ਨੌਜਵਾਨ ਅਤੇ ਮੁਟਿਅਾਰ ਨੂੰ ਹਿਰਾਸਤ ’ਚ ਲਿਆ ਗਿਆ।
* 28 ਅਪ੍ਰੈਲ ਨੂੰ ਹੈਦਰਾਬਾਦ ਸਥਿਤ ‘ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ’ ਉੱਤੇ ਬੈਂਕਾਕ ਤੋਂ ਆਏ ਇਕ ਮੁਸਾਫਰ ਕੋਲੋਂ 6.15 ਕਿਲੋ ‘ਹਾਈਡ੍ਰੋਪੋਨਿਕ ਗਾਂਜਾ’ ਜ਼ਬਤ ਕੀਤਾ ਗਿਆ।
* 28 ਅਪ੍ਰੈਲ ਨੂੰ ਹੀ ਮੁੰਬਈ ਸਥਿਤ ‘ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ’ ਤੋਂ ਧਾਤੂ ਦੇ ਡੱਬਿਆਂ ’ਚ ਲੁਕੋ ਕੇ 60 ਲੱਖ ਰੁਪਏ ਮੁੱਲ ਦੀਆਂ ਡਰੱਗਜ਼ ਲਿਆਉਂਦੇ ਹੋਏ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ।
* 29 ਅਪ੍ਰੈਲ ਨੂੰ ‘ਚੇਨਈ’ ਸਥਿਤ ਹਵਾਈ ਅੱਡੇ ’ਤੇ ਬੈਂਕਾਕ ਤੋਂ ਆਏ ਮੁਸਾਫਰ ਤੋਂ ਕਾਸਮੈਟਿਕ ਉਤਪਾਦਾਂ ’ਚ ਲੁਕੋਇਆ ਹੋਇਆ 868 ਗ੍ਰਾਮ ‘ਹਾਈਡ੍ਰੋਪੋਨਿਕ ਗਾਂਜਾ’ ਜ਼ਬਤ ਕੀਤਾ ਗਿਆ।
* 2 ਮਈ ਨੂੰ ‘ਲਖਨਊ ਹਵਾਈ ਅੱਡੇ’ ਉੱਤੇ ਬੈਂਕਾਕ ਤੋਂ ਆਏ ਇਕ ਮੁਸਾਫਰ ਕੋਲੋਂ 12 ਕਿਲੋ ‘ਹਾਈਡ੍ਰੋਪੋਨਿਕ ਵੀਡ’ (ਉੱਨਤ ਕਿਸਮ ਦਾ ਗਾਂਜਾ) ਫੜਿਆ ਗਿਆ।
* 2 ਮਈ ਨੂੰ ਹੀ ‘ਦਿੱਲੀ ਹਵਾਈ ਅੱਡੇ’ ਉੱਤੇ 4.35 ਕਰੋੜ ਰੁਪਏ ਦੇ ਸੋਨੇ ਦੇ ਨਾਲ ਇਕ ਔਰਤ ਸਮੇਤ 3 ਵਿਦੇਸ਼ੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
* 3 ਮਈ ਨੂੰ ‘ਮੁੰਬਈ ਹਵਾਈ ਅੱਡੇ’ ਉੱਤੇ ਅਧਿਕਾਰੀਆਂ ਨੇ ਦੁਬਈ ਤੋਂ ਆਏ ਇਕ ਮੁਸਾਫਰ ਕੋਲੋਂ 1.79 ਕਰੋੜ ਰੁਪਏ ਤੋਂ ਵੱਧ ਮੁੱਲ ਦੀਆਂ ਇਲੈਕਟ੍ਰੌਨਿਕ ਵਸਤਾਂ, ਕਾਸਮੈਟਿਕਸ, ਸਿਗਰਟ ਅਤੇ ਸੋਨਾ ਜ਼ਬਤ ਕੀਤਾ।
* 6 ਮਈ ਨੂੰ ਨਵੀਂ ਦਿੱਲੀ ’ਚ ‘ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ’ ਉੱਤੇ ਵੀਅਤਨਾਮ ਤੋਂ ਆਏ ਮੁਸਾਫਰਾਂ ਕੋਲੋਂ ਲਗਭਗ 27 ਕਰੋੜ ਰੁਪਏ ਦੀਆਂ ਡਰੱਗਜ਼ ਜ਼ਬਤ ਕੀਤੀਆਂ ਗਈਆਂ।
* 7 ਅਤੇ 8 ਮਈ ਨੂੰ ਮੁੰਬਈ ’ਚ ‘ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ’ ਉੱਤੇ ਕਸਟਮ ਅਧਿਕਾਰੀਆਂ ਨੇ 2 ਦਿਨਾਂ ਦੇ ਅੰਦਰ 3 ਮਾਮਲਿਆਂ ’ਚ 19 ਕਰੋੜ ਰੁਪਏ ਤੋਂ ਵੱਧ ਮੁੱਲ ਦਾ 17.9 ਕਿਲੋ ‘ਹਾਈਡ੍ਰੋਪੋਨਿਕ ਵੀਡ’ (ਗਾਂਜਾ) ਅਤੇ ਵਿਦੇਸ਼ੀ ਕਰੰਸੀ ਜ਼ਬਤ ਕੀਤੀ।
* 8 ਮਈ ਨੂੰ ਹੀ ‘ਲਖਨਊ ਹਵਾਈ ਅੱਡੇ’ ਉੱਤੇ ਇਕ ਵਿਅਕਤੀ ਕੋਲੋਂ 12 ਕਿਲੋ ‘ਹਾਈਡ੍ਰੋਪੋਨਿਕ ਵੀਡ’ (ਗਾਂਜਾ) ਬਰਾਮਦ ਕੀਤਾ ਗਿਆ।
* 9 ਮਈ ਨੂੰ ‘ਨਵੀਂ ਦਿੱਲੀ ਹਵਾਈ ਅੱਡੇ’ ਉੱਤੇ ਕਸਟਮ ਡਿਊਟੀ ਅਧਿਕਾਰੀਆਂ ਨੇ ਬੈਂਕਾਕ ਤੋਂ ਆਏ ਮੁਸਾਫਰਾਂ ਕੋਲੋਂ ਲੱਗਭਗ 35 ਕਿਲੋ ਹਾਈ-ਗ੍ਰੇਡ ‘ਹਾਈਡ੍ਰੋਪੋਨਿਕ ਗਾਂਜਾ’ ਜ਼ਬਤ ਕੀਤਾ। ਇਸ ਦੀ ਅੰਤਰਰਾਸ਼ਟਰੀ ਮਾਰਕੀਟ ’ਚ ਕੀਮਤ 35 ਕਰੋੜ ਰੁਪਏ ਤੋਂ ਵੱਧ ਦੱਸੀ ਗਈ।
* 9 ਮਈ ਨੂੰ ਹੀ ‘ਲਖਨਊ ਹਵਾਈ ਅੱਡੇ’ ਉੱਤੇ ਬੈਂਕਾਕ ਤੋਂ ਆਏ 3 ਮੁਸਾਫਰਾਂ ਨੂੰ ਲਗਭਗ 15 ਕਰੋੜ ਰੁਪਏ ਮੁੱਲ ਦੇ 14.87 ਕਿਲੋ ‘ਹਾਈਡ੍ਰੋਪੋਨਿਕ ਵੀਡ’ (ਗਾਂਜਾ) ਦੇ ਨਾਲ ਗ੍ਰਿਫ਼ਤਾਰ ਕੀਤਾ ਗਿਆ।
* ਅਤੇ ਹੁਣ 10 ਮਈ ਨੂੰ ਅੰਮ੍ਰਿਤਸਰ ’ਚ ‘ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ’ ਉੱਤੇ ਅਧਿਕਾਰੀਆਂ ਨੇ ‘ਮਲੇਸ਼ੀਆ’ ਤੋਂ ਆਏ ਇਕ ਮੁਸਾਫਰ ਕੋਲੋਂ ਟੈਡੀ ਬੀਅਰ (ਖਿਡੌਣਾ) ’ਚ ਲੁਕੋ ਕੇ ਲਿਆਂਦੀ ਜਾ ਰਹੀ 25 ਕਰੋੜ ਰੁਪਏ ਮੁੱਲ ਦੀ ਸਿੰਥੈਟਿਕ ਡਰੱਗਜ਼ ਬਰਾਮਦ ਕੀਤੀ।
ਇਹ ਤਾਂ ਉਹ ਮਾਮਲੇ ਹਨ ਜੋ ਫੜੇ ਗਏ ਹਨ ਜਦਕਿ ਅਜਿਹੇ ਕਈ ਮਾਮਲੇ ਵੀ ਹੋਏ ਹੋਣਗੇ ਜੋ ਪਕੜ ’ਚ ਨਹੀਂ ਆ ਸਕੇ। ਇਸ ਲਈ ਨਸ਼ਿਆਂ ਆਦਿ ਦੀ ਸਮੱਗਲਿੰਗ ਰੋਕਣ ਲਈ ਸੁਰੱਖਿਆ ਏਜੰਸੀਆਂ ਨੂੰ ਜ਼ਿਆਦਾ ਚੁਸਤ ਹੋਣ ਦੀ ਲੋੜ ਹੈ ਕਿਉਂਕਿ ਇਨ੍ਹਾਂ ਦੀ ਸਮੱਗਲਿੰਗ ’ਚ ਆਮ ਸਮੱਗਲਰ ਹੀ ਨਹੀਂ ਸਗੋਂ ਵੱਖ-ਵੱਖ ਹਵਾਈ ਸੇਵਾਵਾਂ ਦੇ ਕੁਝ ਮੁਲਾਜ਼ਮ ਵੀ ਸ਼ਾਮਲ ਪਾਏ ਜਾ ਰਹੇ ਹਨ।
—ਵਿਜੇ ਕੁਮਾਰ
ਕੀ ‘ਇੰਡੀਆ’ ਗੱਠਜੋੜ ਦੇ ਸਾਹਮਣੇ ਹੋਂਦ ਦਾ ਸੰਕਟ ਹੈ ?
NEXT STORY