ਦੇਸ਼ ਦੀ ਆਜ਼ਾਦੀ ਤੋਂ ਬਾਅਦ ਸ਼੍ਰੀਮਤੀ ਪੁਸ਼ਪਾ ਗੁਜਰਾਲ ਅਤੇ ਸ਼੍ਰੀ ਏ. ਐੱਨ. ਗੁਜਰਾਲ ਨੇ ਵੰਡ ਤੋਂ ਪ੍ਰਭਾਵਿਤ ਔਰਤਾਂ ਲਈ ਜਲੰਧਰ ’ਚ ‘ਨਾਰੀ ਨਿਕੇਤਨ’ ਦੀ ਸਥਾਪਨਾ ਕੀਤੀ ਸੀ। ਇਸ ਦੀ ਬਾਹਰਲੀ ਕੰਧ ’ਚ ਇਕ ਝੂਲਾ ਵੀ ਬਣਵਾਇਆ ਗਿਆ ਸੀ, ਜਿਸ ਦਾ ਸੁਨੇਹਾ ਹੈ ਕਿ, ‘‘ਇੱਥੇ ਕੋਈ ਵੀ ਬੱਚਾ ਅਣਚਾਹਿਆ ਨਹੀਂ ਹੈ। ਆਪਣੇ ਨਵਜੰਮੇ ਸ਼ਿਸ਼ੂ ਦਾ ਪਾਲਣ-ਪੋਸ਼ਣ ਕਰਨ ’ਚ ਅਸਮਰੱਥ ਮਾਂ-ਬਾਪ ਉਸ ਨੂੰ ਇੱਥੇ ਛੱਡ ਸਕਦੇ ਹਨ। ਕੋਈ ਸਵਾਲ ਨਹੀਂ ਪੁੱਛਿਆ ਜਾਵੇਗਾ ਅਤੇ ਬੱਚੇ ਦਾ ਭਵਿੱਖ ਸੁਰੱਖਿਅਤ ਰਹੇਗਾ।’’
ਇਸ ਤਰ੍ਹਾਂ ਇੱਥੇ ਕਈ ਬੱਚਿਆਂ ਨੇ ਨਵਾਂ ਭਵਿੱਖ ਪਾਇਆ। ਹੌਲੀ-ਹੌਲੀ ਸਮਾਜ ’ਚ ਅਤੇ ਕਾਨੂੰਨ ’ਚ ਕਈ ਬਦਲਾਅ ਆਏ। ਹੁਣ ਇਸ ‘ਪਾਲਣੇ’ ’ਚ ਕਦੇ-ਕਦਾਈਂ ਬੱਚੇ ਬਹੁਤ ਸਵੇਰੇ ਜਾਂ ਜ਼ਿਆਦਾਤਰ ਰਾਤ ਨੂੰ ਛੱਡੇ ਜਾਣ ਲੱਗੇ ਹਨ।
ਪਰ ਹੁਣ ਜ਼ਮਾਨਾ ਬਦਲ ਗਿਆ ਹੈ ਅਤੇ ਹਾਲ ਹੀ ਦੇ ਦਿਨਾਂ ’ਚ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਲੋੜਵੰਦ ਮਾਤਾ-ਪਿਤਾ ਦੁਆਰਾ ਆਪਣੇ ਹੀ ਬੱਚਿਆਂ ਨੂੰ ਵੇਚਣ ਦੀਆਂ ਦਿਲ ਦੁਖਾਉਣ ਵਾਲੀਆਂ ਖ਼ਬਰਾਂ ਆਉਣ ਲੱਗੀਆਂ ਹਨ। ਇਨ੍ਹਾਂ ਦੇ ਪਿੱਛੇ ਮੁੱਖ ਤੌਰ ’ਤੇ ਗ਼ਰੀਬੀ, ਕਰਜ਼ੇ ਦਾ ਬੋਝ ਅਤੇ ਕੁਝ ਮਾਮਲਿਆਂ ’ਚ ਲਾਲਚ ਜਾਂ ਐਸ਼ੋ-ਆਰਾਮ ਦੀਆਂ ਇੱਛਾਵਾਂ ਨੂੰ ਪੂਰਾ ਕਰਨਾ ਸ਼ਾਮਲ ਹੈ। ਪੁਲਸ ਅਤੇ ‘ਬਾਲ ਭਲਾਈ ਕਮੇਟੀਆਂ’ ਨੇ ਇਨ੍ਹਾਂ ’ਚੋਂ ਕਈ ਬੱਚਿਆਂ ਨੂੰ ਸੁਰੱਖਿਅਤ ਬਚਾਅ ਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਵੀ ਕਰਵਾਇਆ ਹੈ, ਜਿਨ੍ਹਾਂ ਦੀਆਂ ਇਸੇ ਸਾਲ ਸਾਹਮਣੇ ਆਈਆਂ ਕੁਝ ਘਟਨਾਵਾਂ ਹੇਠਾਂ ਦਰਜ ਹਨ :
* 17 ਜਨਵਰੀ ਨੂੰ ‘ਭੱਦਰਕ’ (ਓਡਿਸ਼ਾ) ਦੇ ‘ਬਯਾਂਬਨਾਪੁਰ’ ਪਿੰਡ ’ਚ ਕਰਜ਼ਾ ਉਤਾਰਨ ਲਈ ਆਪਣੀ ਨਵਜੰਮੀ ਬੱਚੀ ਨੂੰ 35,000 ਰੁਪਏ ’ਚ ਵੇਚਣ ਦੇ ਦੋਸ਼ ’ਚ ‘ਰੰਜੀਤਾ’ ਨਾਂ ਦੀ ਔਰਤ ਅਤੇ ਉਸ ਦੇ ਪਤੀ ‘ਸੀਪੂ ਦਾਸ’ ਵਿਰੁੱਧ ਪੁਲਸ ਨੇ ਕੇਸ ਦਰਜ ਕਰਨ ਤੋਂ ਬਾਅਦ ਬੱਚੀ ਨੂੰ ਸੁਰੱਖਿਅਤ ਬਚਾਅ ਕੇ ‘ਬਾਲ ਭਲਾਈ ਕਮੇਟੀ’ ਦੇ ਹਵਾਲੇ ਕਰ ਦਿੱਤਾ।
* 23 ਜੂਨ ਨੂੰ ‘ਕ੍ਰਿਸ਼ਨਾ’ (ਆਂਧਰਾ ਪ੍ਰਦੇਸ਼) ਜ਼ਿਲੇ ’ਚ ‘ਬਾਲ ਭਲਾਈ ਕਮੇਟੀ’ ਨੇ ਇਕ ਮਨੁੱਖੀ ਸਮੱਗਲਿੰਗ ਗਿਰੋਹ ਦਾ ਪਰਦਾਫਾਸ਼ ਕਰ ਕੇ ਇਕ ਜੋੜੇ ਦੁਆਰਾ ‘ਵਿਜੇਵਾੜਾ’ ’ਚ 2.65 ਲੱਖ ਰੁਪਏ ’ਚ ਵੇਚੇ ਗਏ ਉਨ੍ਹਾਂ ਦੇ ਮਾਸੂਮ ਬੱਚੇ ਦਾ ਪਤਾ ਲਗਾ ਕੇ ਇਸ ਸਿਲਸਿਲੇ ’ਚ ‘ਮੈਰੀ’ ਅਤੇ ‘ਸਰੋਜਾ’ ਨਾਂ ਦੀਆਂ 2 ਔਰਤ ਦਲਾਲਾਂ ਵਿਰੁੱਧ ਕੇਸ ਦਰਜ ਕਰਵਾਇਆ।
* 28 ਜੁਲਾਈ ਨੂੰ ‘ਬੋਲਾਂਗੀਰ’ (ਓਡਿਸ਼ਾ) ਜ਼ਿਲੇ ਦੇ ਇਕ ਜੋੜੇ ‘ਨੀਲਾ’ ਅਤੇ ਉਸ ਦੀ ਪਤਨੀ ‘ਕਨਕ’ ਨੇ ਬਹੁਤ ਜ਼ਿਆਦਾ ਗ਼ਰੀਬੀ ਕਾਰਨ ਆਪਣੀ 28 ਦਿਨਾਂ ਦੀ ਮਾਸੂਮ ਬੇਟੀ ਨੂੰ ‘ਬਾਰਗੜ੍ਹ’ ਜ਼ਿਲੇ ਦੇ ‘ਪੈਕਮਲ’ ਪਿੰਡ ’ਚ ਸਿਰਫ 20,000 ਰੁਪਏ ’ਚ ਵੇਚ ਦਿੱਤਾ।
* 25 ਅਗਸਤ ਨੂੰ ‘ਮੋਤੀਹਾਰੀ’ (ਬਿਹਾਰ) ’ਚ ਇਕ ਜੋੜੇ ਦੁਆਰਾ ਕੁਝ ਰਿਸ਼ਤੇਦਾਰਾਂ ਨਾਲ ਮਿਲ ਕੇ ਪੈਸਿਆਂ ਦੇ ਲਾਲਚ ’ਚ ਆਪਣੇ ਨਵਜੰਮੇ ਪੁੱਤਰ ਨੂੰ 54.50 ਲੱਖ ਰੁਪਏ ’ਚ ਵੇਚਣ ਦਾ ਮਾਮਲਾ ਸਾਹਮਣੇ ਆਇਆ। ਪੁਲਸ ਨੇ ਇਸ ਸਿਲਸਿਲੇ ’ਚ ਬੱਚੇ ਦੇ ਮਾਤਾ-ਪਿਤਾ ‘ਪ੍ਰਮੋਦ ਸਹਨੀ’ ਅਤੇ ‘ਇੰਦੂ ਦੇਵੀ’, ਵਿਚੋਲੇ ‘ਤਾਨਿਆ ਖਾਤੂਨ’, ਆਸ਼ਾ ਵਰਕਰਾਂ ‘ਸ਼ੋਭਾ ਸਿੰਘ’ ਅਤੇ ‘ਚਿੰਤਾ ਦੇਵੀ’ ਸਮੇਤ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ।
* 29 ਸਤੰਬਰ ਨੂੰ ‘ਛਤਰਪਤੀ ਸੰਭਾਜੀ ਨਗਰ’ (ਮਹਾਰਾਸ਼ਟਰ) ’ਚ ਇਕ ਜੋੜੇ ਦੁਆਰਾ ਪੈਸਿਆਂ ਦੀ ਖ਼ਾਤਰ ਆਪਣੇ 1 ਮਹੀਨੇ ਦੇ ਮਾਸੂਮ ਬੇਟੇ ਨੂੰ 1.20 ਲੱਖ ਰੁਪਏ ’ਚ ਵੇਚ ਕੇ ਉਨ੍ਹਾਂ ਪੈਸਿਆਂ ਨਾਲ 2 ਸਮਾਰਟ ਫ਼ੋਨ ਤੇ ਗਹਿਣੇ ਖਰੀਦਣ ਦਾ ਮਾਮਲਾ ਸਾਹਮਣੇ ਆਇਆ। ਬੱਚੇ ਦੀ ਮਾਂ ਨੇ ਸ਼ੁਰੂ ’ਚ ਪੁਲਸ ਨੂੰ ਗੁੰਮਰਾਹ ਕਰਨ ਲਈ ਉਸ ਦੇ ਅਗਵਾ ਹੋਣ ਦੀ ਝੂਠੀ ਸ਼ਿਕਾਇਤ ਦਰਜ ਕਰਵਾਈ ਸੀ ਪਰ ਪੁਲਸ ਜਾਂਚ ਤੋਂ ਬਾਅਦ ਇਸ ਪੂਰੇ ਮਾਮਲੇ ਦਾ ਪਰਦਾਫਾਸ਼ ਹੋ ਜਾਣ ’ਤੇ ਬੱਚੇ ਨੂੰ ਬਚਾਅ ਲਿਆ ਗਿਆ ਅਤੇ ਮਾਤਾ-ਪਿਤਾ ਸਮੇਤ 7 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
* 29 ਸਤੰਬਰ ਨੂੰ ਹੀ ‘ਨਗੀਨਾ’ (ਉੱਤਰ ਪ੍ਰਦੇਸ਼) ਦੀ ਪੁਲਸ ਨੇ ਇਕ ਜੋੜੇ ਦੁਆਰਾ ਵੇਚੇ ਗਏ ਆਪਣੇ ਸਵਾ ਸਾਲ ਦੀ ਉਮਰ ਦੇ ਬੱਚੇ ਨੂੰ ‘ਹਰਿਦੁਆਰ’ ਤੋਂ ਸੁਰੱਖਿਅਤ ਬਰਾਮਦ ਕਰ ਕੇ ਬੱਚੇ ਦੇ ਮਾਤਾ-ਪਿਤਾ ਸਮੇਤ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ।
* 4 ਅਕਤੂਬਰ ਨੂੰ ‘ਗੜ੍ਹਵਾ’ (ਝਾਰਖੰਡ) ਜ਼ਿਲੇ ’ਚ ਜੰਮਣ ਤੋਂ ਕੁਝ ਹੀ ਘੰਟਿਆਂ ਬਾਅਦ ਇਕ ਮਹਿਲਾ ਦੁਆਰਾ ਆਪਣੇ ਨਵਜੰਮੇ ਬੱਚੇ ਨੂੰ ਵੇਚੇ ਜਾਣ ਦੀ ਖ਼ਬਰ ਸਾਹਮਣੇ ਆਉਣ ’ਤੇ ਪੁਲਸ ਨੇ ਫ਼ੌਰੀ ਕਾਰਵਾਈ ਕਰਦਿਆਂ ‘ਪਲਾਮੂ’ ਦੇ ‘ਮੇਦਿਨੀਨਗਰ’ ਇਲਾਕੇ ’ਚੋਂ ਬੱਚੇ ਨੂੰ ਬਰਾਮਦ ਕਰ ਕੇ ਖਰੀਦਦਾਰ ਔਰਤ ਨੂੰ ਹਿਰਾਸਤ ’ਚ ਲਿਆ।
* 18 ਅਕਤੂਬਰ ਨੂੰ ‘ਕਾਸਗੰਜ’ (ਉੱਤਰ ਪ੍ਰਦੇਸ਼) ’ਚ ਇਕ ਮਹਿਲਾ ਨੇ ਆਪਣੇ 45 ਦਿਨਾਂ ਦੇ ਬੇਟੇ ਨੂੰ ਇਕ ਡਾਕਟਰ ਜੋੜੇ ਨੂੰ ਡੇਢ ਲੱਖ ਰੁਪਏ ’ਚ ਵੇਚ ਦਿੱਤਾ।
ਉਪਰੋਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਅੱਜ ਮਾਸੂਮ ਬੱਚੇ-ਬੱਚੀਆਂ ਕਿਸ ਤਰ੍ਹਾਂ ਆਪਣੇ ਹੀ ਜਨਮਦਾਤਿਆਂ ਦੇ ਨਿਸ਼ਾਨੇ ’ਤੇ ਆਏ ਹੋਏ ਹਨ। ਇਸ ਲਈ ਇਸ ਮਾਮਲੇ ’ਚ ਦੋਸ਼ੀ ਪਾਏ ਜਾਣ ਵਾਲੇ ਮਾਤਾ-ਪਿਤਾ ਅਤੇ ਗ਼ਰੀਬੀ ਕਾਰਨ ਉਨ੍ਹਾਂ ਤੋਂ ਭੀਖ ਮੰਗਵਾਉਣ, ਦੇਹ ਵਪਾਰ ਅਤੇ ਮਨੁੱਖੀ ਅੰਗਾਂ ਦੀ ਸਮੱਗਲਿੰਗ ’ਚ ਧੱਕਣ ਵਾਲੇ ਦਲਾਲਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਲੋੜ ਦੇ ਨਾਲ-ਨਾਲ ਉਨ੍ਹਾਂ ਕਾਰਨਾਂ ਨੂੰ ਵੀ ਦੂਰ ਕਰਨ ਦੀ ਲੋੜ ਹੈ, ਜਿਨ੍ਹਾਂ ਨਾਲ ਅਜਿਹੇ ਹਾਲਾਤ ਪੈਦਾ ਹੁੰਦੇ ਹਨ।
—ਵਿਜੇ ਕੁਮਾਰ
ਕੀ ਮੈਨੂੰ ਤੁਹਾਡਾ ‘ਪਰਦਾਫਾਸ਼’ ਕਰਨ ਦੀ ਇਜਾਜ਼ਤ ਮਿਲ ਸਕਦੀ ਹੈ...?
NEXT STORY