ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਅਤੇ ਵੱਡੀ ਗਿਣਤੀ ’ਚ ਨੌਜਵਾਨਾਂ ’ਤੇ ਚਰਚਾ ’ਚ ਆਉਣ ਲਈ ‘ਰੀਲ’ ਬਣਾ ਕੇ ਸੋਸ਼ਲ ਮੀਡੀਆ ’ਤੇ ਪਾਉਣ ਦਾ ਜਨੂੰਨ ਸਵਾਰ ਹੈ। ਸੋਸ਼ਲ ਮੀਡੀਆ ’ਤੇ ਰਾਤੋ-ਰਾਤ ਪ੍ਰਸਿੱਧ ਹੋਣ ਅਤੇ ਲਾਈਕਸ-ਵਿਊਜ਼ ਹਾਸਲ ਕਰਨ ਦੀ ਚਾਹਤ ’ਚ ਰੀਲ ਬਣਾਉਣ ਵਾਲੇ ਕੁਝ ਨੌਜਵਾਨ ਕਦੇ-ਕਦੇ ਆਪਣੀਆਂ ਜਾਨਾਂ ਤੱਕ ਗੁਆ ਬੈਠਦੇ ਹਨ, ਜਿਨ੍ਹਾਂ ਦੀਆਂ ਪਿਛਲੇ 5 ਮਹੀਨਿਆਂ ਦੀਆਂ ਘਟਨਾਵਾਂ ਹੇਠਾਂ ਦਰਜ ਹਨ :
* 14 ਮਈ ਨੂੰ ‘ਕੋਰਬਾ’ (ਛੱਤੀਸਗੜ੍ਹ) ’ਚ ਆਪਣੇ 3 ਦੋਸਤਾਂ ਨਾਲ ਨਦੀ ’ਚ ਨਹਾਉਣ ਗਏ ‘ਨਿਖਿਲ’ ਨਾਂ ਦੇ ਲੜਕੇ ਨੇ ਰੀਲ ਬਣਾਉਣ ਦੇ ਚੱਕਰ ’ਚ ਕਾਫ਼ੀ ਉੱਚਾਈ ਤੋਂ ਨਦੀ ’ਚ ਛਾਲ ਮਾਰ ਦਿੱਤੀ ਅਤੇ ਡੂੰਘੇ ਪਾਣੀ ’ਚ ਫਸ ਜਾਣ ਕਰ ਕੇ ਹੱਥ-ਪੈਰ ਮਾਰਨ ਲੱਗਾ। ਉਸ ਦੇ ਦੋਸਤ ਇਹ ਸਮਝ ਕੇ ਕਿ ਉਹ ਤੈਰ ਰਿਹਾ ਹੈ ਅਤੇ ਮਸਤੀ ਕਰ ਰਿਹਾ ਹੈ, ਉਸ ਦੀ ਵੀਡੀਓ ਬਣਾਉਂਦੇ ਰਹੇ ਪਰ ‘ਨਿਖਿਲ’ ਦੀ ਪਾਣੀ ’ਚ ਡੁੱਬ ਕੇ ਮੌਤ ਹੋ ਗਈ।
* 4 ਸਤੰਬਰ ਨੂੰ ‘ਜੈਪੁਰ’ (ਰਾਜਸਥਾਨ) ’ਚ ਇਕ ਬਹੁ-ਮੰਜ਼ਿਲਾ ਇਮਾਰਤ ਦੀ 13ਵੀਂ ਮੰਜ਼ਿਲ ’ਤੇ ਖੜ੍ਹੇ ਹੋ ਕੇ ਸੈਲਫ਼ੀ ਰੀਲ ਬਣਾਉਣ ਦੀ ਕੋਸ਼ਿਸ਼ ’ਚ 22 ਸਾਲਾ ਆਈ.ਟੀ. ਇੰਜੀਨੀਅਰ ਗੌਰਵ ਸ਼ਰਮਾ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਹੇਠਾਂ ਡਿੱਗ ਗਿਆ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
* 5 ਸਤੰਬਰ ਨੂੰ ‘ਕੋਰਬਾ’ (ਛੱਤੀਸਗੜ੍ਹ) ਦੇ ‘ਕੇਰਾਕਾਛਾਰ’ ਪਿੰਡ ’ਚ ਰੀਲ ਦੇਖਣ ਅਤੇ ਬਣਾਉਣ ਦੀ ਭਾਰੀ ਆਦਤ ਦੀ ਸ਼ਿਕਾਰ ‘ਮੰਗਲੋ ਬਾਈ ਸਾਰਥੀ’ ਨਾਂ ਦੀ ਔਰਤ ਨੇ ਵਾਰ-ਵਾਰ ਇੰਟਰਨੈੱਟ ਅਤੇ ਨੈੱਟਵਰਕ ਕੱਟਣ ਕਰ ਕੇ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ।
* 16 ਸਤੰਬਰ ਨੂੰ ‘ਪਾਲਘਰ’ (ਮਹਾਰਾਸ਼ਟਰ) ’ਚ ‘ਵੈਤਰਣਾ ਨਦੀ’ ਦੇ ਕੰਢੇ ਮੋਬਾਈਲ ਨਾਲ ਰੀਲ ਸ਼ੂਟ ਕਰਨ ਦੌਰਾਨ ‘ਗੀਤੇਸ਼ ਪਾਟਿਲ’ ਅਤੇ ‘ਮਾਨਵ ਰਾਠੌੜ’ ਨਾਂ ਦੇ 2 ਦੋਸਤਾਂ ਦੀ ਡੂੰਘੇ ਪਾਣੀ ’ਚ ਡੁੱਬਣ ਨਾਲ ਮੌਤ ਹੋ ਗਈ।
* 4 ਅਕਤੂਬਰ ਨੂੰ ‘ਫ਼ਰੀਦਾਬਾਦ’ (ਹਰਿਆਣਾ) ’ਚ ‘ਸਿਰੋਹੀ ਝੀਲ’ ਦੇ ਨੇੜੇ ਰੀਲ ਬਣਾਉਣ ਦੌਰਾਨ ਮੋਬਾਈਲ ਫ਼ੋਨ ਦੇ ਡੈਮੇਜ ਹੋਣ ਨੂੰ ਲੈ ਕੇ 2 ਦੋਸਤਾਂ ’ਚ ਵਿਵਾਦ ਇਸ ਹੱਦ ਤੱਕ ਵਧ ਗਿਆ ਕਿ ਆਪਸੀ ਹੱਥੋਪਾਈ ’ਚ ਉਨ੍ਹਾਂ ’ਚੋਂ ਇਕ ਨੌਜਵਾਨ ਦੀ ਜਾਨ ਚਲੀ ਗਈ, ਜਿਸ ਤੋਂ ਬਾਅਦ ਪੁਲਸ ਨੇ ਮੁੱਖ ਮੁਲਜ਼ਮ ‘ਮੁਫ਼ੀਦ’ ਉਰਫ਼ ‘ਮੰਨੂ’ ਨੂੰ ਗ੍ਰਿਫ਼ਤਾਰ ਕਰ ਲਿਆ।
* 8 ਅਕਤੂਬਰ ਨੂੰ ‘ਪੱਛਮੀ ਚੰਪਾਰਨ’ (ਬਿਹਾਰ) ਦੇ ‘ਮਝੌਲਿਆ’ ਪਿੰਡ ’ਚ ਆਪਣੇ ਵੱਡੇ ਭਰਾ ‘ਹੀਰਾਮਨ’ ਦੇ ਰੀਲ ਬਣਾਉਣ ਦੇ ਸ਼ੌਕ ਤੋਂ ਨਾਰਾਜ਼ ਉਸ ਦੇ ਛੋਟੇ ਭਰਾ ‘ਵਿਸ਼ਵਨਾਥ’ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਇਸੇ ਝਗੜੇ ਦੌਰਾਨ ਜਾਨ ਬਚਾਉਣ ਲਈ ਭੱਜੇ ‘ਹੀਰਾਮਨ’ ਦੀ ਜ਼ਮੀਨ ’ਤੇ ਡਿੱਗ ਕੇ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਜਾਣ ਕਾਰਨ ਮੌਤ ਹੋ ਗਈ।
* 9 ਅਕਤੂਬਰ ਨੂੰ ‘ਬੌਧ ਜ਼ਿਲਾ’ (ਓਡਿਸ਼ਾ) ਦੇ ‘ਖੋਰਧਾ-ਬੇਲਾਂਗੀਰ’ ਰੇਲਵੇ ਟਰੈਕ ’ਤੇ ਲੇਟ ਕੇ ਮੀਡੀਆ ਲਈ ਰੀਲ ਬਣਾ ਰਿਹਾ ਇਕ ਲੜਕਾ ਅਚਾਨਕ ਆਈ ਤੇਜ਼ ਰਫ਼ਤਾਰ ਟ੍ਰੇਨ ਦੀ ਲਪੇਟ ’ਚ ਆ ਗਿਆ, ਜਿਸ ਨਾਲ ਉਸ ਦੀ ਮੌਤ ਹੋ ਗਈ।
* 9 ਅਕਤੂਬਰ ਨੂੰ ਹੀ ਜ਼ਹਿਰੀਲੇ ਸੱਪਾਂ ਨੂੰ ਰੈਸਕਿਊ ਕਰਨ ਅਤੇ ਉਨ੍ਹਾਂ ਨਾਲ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਪਾਉਣ ਲਈ ਮਸ਼ਹੂਰ ‘ਤਪਨ ਕੁਮਾਰ ਪ੍ਰਧਾਨ’ (28) ਨੂੰ ‘ਪੁਰੀ’ (ਓਡਿਸ਼ਾ) ਦੇ ‘ਕੰਥਾਪੁਰ’ ਪਿੰਡ ’ਚ ਇਕ ਕੋਬਰਾ ਨੇ ਹਮਲਾਵਰ ਹੋ ਕੇ ਉਂਗਲਾਂ, ਕੂਹਣੀ ਅਤੇ ਬਾਂਹ ਦੇ ਉੱਪਰਲੇ ਹਿੱਸੇ ’ਤੇ ਕਈ ਵਾਰ ਡੰਗ ਲਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਉਹ ਆਪਣੇ ਘਰ ਦੇ ਵਰਾਂਡੇ ’ਚ ਬੈਠ ਕੇ ਇਕ ਖ਼ਤਰਨਾਕ ਕੋਬਰਾ ਨਾਲ ਇੰਸਟਾਗ੍ਰਾਮ ਲਈ ਰੀਲ ਬਣਾ ਰਿਹਾ ਸੀ।
* 10 ਅਕਤੂਬਰ ਨੂੰ ‘ਆਗਰਾ’ (ਉੱਤਰ ਪ੍ਰਦੇਸ਼) ਦੇ ‘ਬਸਈ ਅਰੇਲਾ’ ਇਲਾਕੇ ’ਚ ਇਕ ਵਿਦਿਆਰਥੀ ਉਸਾਰੀ ਅਧੀਨ ਮਕਾਨ ’ਚ ਰੱਖੀ ਸ਼ਿਕਾਰੀ ਏਅਰ ਗੰਨ ਨੂੰ ਫੜ ਕੇ ਉਸ ਨਾਲ ਰੀਲ ਬਣਾਉਣ ਲੱਗਾ। ਇਸੇ ਦੌਰਾਨ ਅਚਾਨਕ ਬੰਦੂਕ ਤੋਂ ਫ਼ਾਇਰ ਹੋ ਗਿਆ ਅਤੇ ਛੱਰੇ ਲੱਗਣ ਨਾਲ ਨੌਜਵਾਨ ਦੀ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ।
* 11 ਅਕਤੂਬਰ ਨੂੰ ‘ਪਾਰਾਦੀਪ’ (ਓਡਿਸ਼ਾ) ਦੇ ਸਮੁੰਦਰੀ ਕੰਢੇ ’ਤੇ ਰੀਲ ਬਣਾਉਣ ਦੌਰਾਨ ‘ਬੇਗੂਸਰਾਏ’ (ਬਿਹਾਰ) ਤੋਂ ਘੁੰਮਣ ਆਏ ਤਿੰਨ ਨੌਜਵਾਨ ਤੇਜ਼ ਲਹਿਰਾਂ ਦੀ ਲਪੇਟ ’ਚ ਆ ਜਾਣ ਦੇ ਨਤੀਜੇ ਵਜੋਂ ਰੁੜ੍ਹ ਗਏ।
ਉਪਰੋਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਪਿਛਲੇ ਕੁਝ ਸਮੇਂ ਦੌਰਾਨ ਰੀਲ ਬਣਾਉਣ ਦੇ ਰੁਝਾਨ ਅਤੇ ਇਸ ਨਾਲ ਹੋਣ ਵਾਲੇ ਹਾਦਸਿਆਂ ’ਚ ਵਾਧਾ ਹੋਇਆ ਹੈ। ਇਸ ਸਬੰਧ ’ਚ ਅਸੀਂ ਨੌਜਵਾਨਾਂ ਨੂੰ ਇਹੋ ਸਲਾਹ ਦਿਆਂਗੇ ਕਿ ਉਹ ਆਪਣੀ ਜਾਨ ਜੋਖਮ ’ਚ ਪਾ ਕੇ ਇਸ ਤਰ੍ਹਾਂ ਦੇ ਕਰਤਬ ਨਾ ਕਰਨ ਕਿਉਂਕਿ ਉਨ੍ਹਾਂ ਦੀਆਂ ਇਸ ਤਰ੍ਹਾਂ ਦੀਆਂ ਭੁੱਲਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਜ਼ਿੰਦਗੀ ਭਰ ਦਾ ਦਰਦ ਦੇ ਸਕਦੀਆਂ ਹਨ।
— ਵਿਜੇ ਕੁਮਾਰ
ਨਵੇਂ ਯੁੱਗ ਦੀ ਪੁਲਸਿੰਗ : ਅਪਰਾਧ ਹੋਣ ਤੋਂ ਪਹਿਲਾਂ ਹੀ ਉਸ ਨੂੰ ਰੋਕਣਾ
NEXT STORY