ਅਵਿਨਾਸ਼ ਰਾਏ ਖੰਨਾ
ਭਾਰਤੀ ਫੌਜ ਸਮੁੱਚੇ ਵਿਸ਼ਵ ਦੀ ਦੂਜੀ ਵੱਡੀ ਫੌਜ ਹੈ ਅਤੇ ਭਾਰਤੀ ਫੌਜ ਦਾ ਸਾਲਾਨਾ ਖਰਚਾ ਸਮੁੱਚੇ ਵਿਸ਼ਵ ’ਚ ਇਸ ਨੂੰ ਪੰਜਵਾਂ ਸਥਾਨ ਪ੍ਰਦਾਨ ਕਰਦਾ ਹੈ। ਸਾਲ 2018 ’ਚ ਭਾਰਤੀ ਫੌਜ ਦਾ ਬਜਟ ਸਿੱਖਿਆ ਅਤੇ ਹੋਰ ਕਲਿਆਣਕਾਰੀ ਯੋਜਨਾਵਾਂ ਦੇ ਬਜਟ ਦਾ 5 ਗੁਣਾ ਸੀ, ਫਿਰ ਵੀ ਪਾਕਿਸਤਾਨ ਤੇ ਚੀਨ ਦੇ ਨਾਲ ਲੱਗਦੀਆਂ ਸਰਹੱਦਾਂ ’ਤੇ ਆਏ ਦਿਨ ਤਣਾਅ ਦੇ ਮੱਦੇਨਜ਼ਰ ਰੱਖਿਆ ਮਾਹਿਰਾਂ ਅਨੁਸਾਰ ਇਹ ਬਜਟ ਹੋਰ ਜ਼ਿਆਦਾ ਹੋਣਾ ਚਾਹੀਦਾ ਹੈ। ਲਗਭਗ 3 ਲੱਖ ਕਰੋੜ ਰੁਪਏ ਪ੍ਰਤੀ ਸਾਲ ਸੇਵਾ-ਮੁਕਤ ਫੌਜੀਆਂ ਨੂੰ ਪੈਨਸ਼ਨ ਦੇ ਰੂਪ ’ਚ ਵੰਡੇ ਜਾਂਦੇ ਹਨ। ਹੁਣ ਤਕ ਭਾਰਤੀ ਫੌਜ ਲਈ ਰੱਖਿਆ ਉਪਕਰਨ ਜ਼ਿਆਦਾਤਰ ਵਿਦੇਸ਼ਾਂ ਤੋਂ ਦਰਾਮਦ ਕੀਤੇ ਜਾਂਦੇ ਸਨ ਪਰ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਮੇਕ ਇਨ ਇੰਡੀਆ’ ਸੱਦੇ ਕਾਰਣ ਭਾਰਤ ’ਚ ਕਈ ਤਰ੍ਹਾਂ ਦੇ ਰੱਖਿਆ ਉਪਕਰਨਾਂ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਨਾਲ ਨੇੜ-ਭਵਿੱਖ ’ਚ ਭਾਰਤ ਰੱਖਿਆ ਉਪਕਰਨਾਂ ਦਾ ਬਰਾਮਦਕਾਰ ਦੇਸ਼ ਬਣਨ ਦੀ ਹਾਲਤ ’ਚ ਆ ਸਕਦਾ ਹੈ। ਮਾਰੀਸ਼ਸ, ਸ਼੍ਰੀਲੰਕਾ, ਵੀਅਤਨਾਮ ਤੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵਰਗੇ ਦੇਸ਼ਾਂ ਨਾਲ ਰੱਖਿਆ ਉਪਕਰਨ ਬਰਾਮਦ ਦੇ ਸਮਝੌਤੇ ਵੀ ਹੋ ਚੁੱਕੇ ਹਨ। ਸ਼੍ਰੀ ਨਰਿੰਦਰ ਮੋਦੀ ਨੇ ਰੱਖਿਆ ਉਪਕਰਨਾਂ ਦੇ ਨਿਰਮਾਣ ’ਚ ਭਾਰਤ ਅਤੇ ਭਾਰਤ ਦੇ ਬਾਹਰੋਂ ਨਿੱਜੀ ਨਿਵੇਸ਼ਕਾਂ ਨੂੰ ਸੱਦਾ ਦੇ ਕੇ ਭਾਰਤ ’ਚ ਵੱਡੀ ਪੱਧਰ ’ਤੇ ਵੱਡੇ-ਵੱਡੇ ਰੱਖਿਆ ਉਪਕਰਨਾਂ ਦੇ ਨਿਰਮਾਣ ਦਾ ਰਾਹ ਪੱਧਰਾ ਕਰ ਕੇ ਦਿਖਾਇਆ ਹੈ। ਭਾਰਤ ਅੰਦਰ ਰੱਖਿਆ ਉਪਕਰਨਾਂ ਦੇ ਨਿਰਮਾਣ ਦੇ ਨਾਲ ਰੱਖਿਆ ਉਪਕਰਨਾਂ ਦੀ ਦਰਾਮਦ ਦੇ ਮੁਕਾਬਲੇ ਲਾਗਤ ਵੀ ਘੱਟ ਆਏਗੀ ਤੇ ਭ੍ਰਿਸ਼ਟਾਚਾਰ ਵੀ ਖਤਮ ਹੋਵੇਗਾ।
ਹਾਲ ਹੀ ’ਚ ਭਾਰਤ ਦੇ ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਅਮੇਠੀ ਜ਼ਿਲੇ ’ਚ ਏ. ਕੇ. 203 ਰਾਈਫਲ ਦਾ ਨਿਰਮਾਣ ਕਰਨ ਵਾਲੀ ਇਕ ਬਹੁਤ ਵੱਡੀ ਫੈਕਟਰੀ ਦਾ ਵੀ ਨੀਂਹ ਪੱਥਰ ਰੱਖਿਆ ਹੈ, ਜੋ ਭਾਰਤ ਅਤੇ ਰੂਸ ਦੇ ਸਹਿਯੋਗ ਨਾਲ ਸੰਚਾਲਿਤ ਹੋਵੇਗੀ। ਇਹ ਰਾਈਫਲ ਏ. ਕੇ. 47 ਤੋਂ ਵੀ ਜ਼ਿਆਦਾ ਪ੍ਰਭਾਵਸ਼ਾਲੀ ਹੈ, ਜੋੋ ਇਕ ਮਿੰਟ ’ਚ 600 ਗੋਲੀਆਂ ਛੱਡ ਸਕਦੀ ਹੈ। ਇਸ ਦੀ ਮਾਰਕ ਸਮਰੱਥਾ 400 ਮੀਟਰ ਦੀ ਹੈ, ਜੋ ਰੇਤ, ਮਿੱਟੀ ਤੇ ਪਾਣੀ ਵਿਚ ਵੀ ਬਰਾਬਰ ਰਹੇਗੀ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਆਪਣੇ ਕਾਰਜਕਾਲ ’ਚ ਫੌਜ ਦੇ ਤਿੰਨੋਂ ਅੰਗਾਂ, ਰੱਖਿਆ ਵਿਭਾਗ ਦੇ ਖੋਜ ਸੰਸਥਾਨ (ਡੀ. ਆਰ. ਡੀ. ਓ.) ਅਤੇ ਹੋਰ ਰੱਖਿਆ ਸੰਸਥਾਵਾਂ ਨੂੰ ਆਜ਼ਾਦ ਫੈਸਲਾ ਲੈਣ ਦੇ ਵੱਧ ਤੋਂ ਵੱਧ ਮੌਕੇ ਦਿੱਤੇ ਹਨ, ਜਿਸ ਦੇ ਸਿੱਟੇ ਵਜੋਂ ਭਾਰਤੀ ਫੌਜਾਂ ਸਾਧਨਾਂ ਅਤੇ ਉਤਸ਼ਾਹ ਨਾਲ ਭਰੀਆਂ ਦਿਖਾਈ ਦੇ ਰਹੀਆਂ ਹਨ ਅਤੇ ਰੱਖਿਆ ਉਪਕਰਨਾਂ ’ਚ ਨਿੱਤ-ਨਵੇਂ ਆਯਾਮ ਜੁੜ ਰਹੇ ਹਨ। ਨਰਿੰਦਰ ਮੋਦੀ ਸਰਕਾਰ ਦੇ ਯਤਨਾਂ ਨਾਲ ਭਾਰਤੀ ਫੌਜ ਹੁਣ ਸਵੈ-ਨਿਰਭਰ ਹੋਣ ਦੀ ਦਿਸ਼ਾ ’ਚ ਅੱਗੇ ਵਧ ਰਹੀ ਹੈ। ਫੌਜਾਂ ਨੂੰ ਸੁਰੱਖਿਅਤ ਅਤੇ ਉਤਸ਼ਾਹਿਤ ਕਰਨ ਤੋਂ ਬਾਅਦ ਫੌਜ ਦੇ ਸਾਹਮਣੇ ਸਰਹੱਦਾਂ ’ਤੇ ਮੋਰਚਾਬੰਦੀ ਅਤੇ ਸਿੱਧੀ ਕਾਰਵਾਈ ਦੇ ਮੌਕੇ ਮਿਲਣ ’ਤੇ ਨਰਿੰਦਰ ਮੋਦੀ ਸਰਕਾਰ ਨੇ ਉਨ੍ਹਾਂ ਨੂੰ ਸਰਹੱਦ ਦੇ ਹਾਲਾਤ ਨੂੰ ਦੇਖਦੇ ਹੋਏ ਖੁਦ ਫੈਸਲਾ ਲੈਣ ਦੀ ਆਜ਼ਾਦੀ ਦਿੱਤੀ ਹੈ, ਜਦਕਿ ਇਸ ਤੋਂ ਪਹਿਲਾਂ ਫੌਜੀ ਕਾਰਵਾਈ ਸ਼ੁਰੂ ਕਰਨ ਲਈ ਸਿਆਸੀ ਫੈਸਲਿਆਂ ਦੀ ਲੰਬੀ ਉਡੀਕ ਕਰਨੀ ਪੈਂਦੀ ਸੀ। ਭਾਰਤੀ ਫੌਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਿਆਸੀ ਕਾਰਜਸ਼ੈਲੀ ਅਤੇ ਉਨ੍ਹਾਂ ਦੀ ਭਾਵਨਾਤਮਕ ਲੀਡਰਸ਼ਿਪ ਤੋਂ ਅਤਿਅੰਤ ਉਤਸ਼ਾਹਿਤ ਦਿਖਾਈ ਦਿੰਦੀਆਂ ਹਨ। ਸਾਲ 2014 ’ਚ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਸ਼੍ਰੀ ਨਰਿੰਦਰ ਮੋਦੀ ਨੇ ਹਰੇਕ ਸਾਲ ਦੀਵਾਲੀ ਦੇ ਮੌਕੇ ’ਤੇ ਵੱਖ-ਵੱਖ ਸਰਹੱਦੀ ਖੇਤਰਾਂ ’ਚ ਆਪਣੀ ਹਾਜ਼ਰੀ ਨਾਲ ਭਾਰਤੀ ਫੌਜੀਆਂ ਨੂੰ ਉਤਸ਼ਾਹਿਤ ਕਰਨ ਦਾ ਮਹਾਨ ਯਤਨ ਕੀਤਾ ਹੈ। ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਸ਼੍ਰੀ ਨਰਿੰਦਰ ਮੋਦੀ ਨੇ ਸੇਵਾ-ਮੁਕਤ ਫੌਜੀਆਂ ਲਈ ‘ਇਕ ਰੈਂਕ, ਇਕ ਪੈਨਸ਼ਨ’ ਸ਼ੁਰੂ ਕਰ ਕੇ ਦਿਖਾਈ ਹੈ, ਜਿਸ ਨੂੰ ਅਨੇਕਾਂ ਪਹਿਲੀਆਂ ਸਰਕਾਰਾਂ ਅਸਵੀਕਾਰ ਕਰਦੀਆਂ ਰਹੀਆਂ ਹਨ। ਕਾਂਗਰਸ ਦੇ ਕਾਰਜਕਾਲ ’ਚ ਇਸ ਪੈਨਸ਼ਨ ਯੋਜਨਾ ਦਾ ਬਜਟ ਜਾਇਜ਼ਾ 500 ਕਰੋੜ ਰੁਪਏ ਸੀ, ਜਦਕਿ ਸ਼੍ਰੀ ਨਰਿੰਦਰ ਮੋਦੀ ਸਰਕਾਰ ਨੇ ਇਸ ਯੋਜਨਾ ਨੂੰ 3500 ਕਰੋੜ ਰੁਪਏ ਦੇ ਬਜਟ ਨਾਲ ਲਾਗੂ ਕੀਤਾ ਹੈ।
ਭਾਰਤ ਦੀਆਂ ਸਰਹੱਦਾਂ
ਭਾਰਤ ਦੀਆਂ 14818 ਕਿਲੋਮੀਟਰ ਦੀਆਂ ਸਰਹੱਦਾਂ 6 ਦੇਸ਼ਾਂ ਨਾਲ ਲੱਗਦੀਆਂ ਹਨ- ਪਾਕਿਸਤਾਨ (3323 ਕਿ. ਮੀ.), ਚੀਨ (3488 ਕਿ. ਮੀ.), ਨੇਪਾਲ (1757 ਕਿ. ਮੀ.), ਭੂਟਾਨ (699 ਕਿ. ਮੀ.), ਬੰਗਲਾਦੇਸ਼ (4096 ਕਿ. ਮੀ.) ਅਤੇ ਮਿਆਂਮਾਰ (1647 ਕਿ. ਮੀ.)। ਇਨ੍ਹਾਂ ਸਾਰੇ ਦੇਸ਼ਾਂ ਦੇ ਨਾਲ ਇਕ ਪਾਸੇ ਨਸ਼ਾ, ਪਸ਼ੂ, ਮਨੁੱਖੀ, ਜਾਅਲੀ ਮੁਦਰਾ ਤੇ ਕੀਮਤੀ ਕਲਾਕ੍ਰਿਤੀਆਂ ਦੀ ਸਮੱਗਲਿੰਗ ਇਕ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ ਤਾਂ ਦੂਜੇ ਪਾਸੇ ਚੀਨ ਤੇ ਪਾਕਿਸਤਾਨ ਦੀਆਂ ਸਰਹੱਦਾਂ ’ਤੇ ਵਿਸ਼ੇਸ਼ ਤੌਰ ’ਤੇ ਫੌਜੀ ਤਣਾਅ ਲਗਾਤਾਰ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਲੱਗਭਗ 7516 ਕਿਲੋਮੀਟਰ ਦੀਆਂ ਸਰਹੱਦਾਂ ਸਮੁੰਦਰੀ ਕੰਢਿਆਂ ਦੇ ਰੂਪ ’ਚ ਹਨ। ਅਜਿਹੀ ਹਾਲਤ ’ਚ ਭਾਰਤੀ ਫੌਜਾਂ ਨੂੰ ਕਿਸੇ ਵੀ ਕਿਸਮ ਦੀ ਫੌਜੀ ਕਾਰਵਾਈ ਲਈ ਆਜ਼ਾਦ ਫੈਸਲਾ ਲੈਣ ਦਾ ਅਧਿਕਾਰ ਦੇਣਾ, ਉਨ੍ਹਾਂ ਲਈ ਅਤਿਅੰਤ ਮਹੱਤਵਪੂਰਨ ਬਲ ਅਤੇ ਉਤਸ਼ਾਹ ਸਿੱਧ ਹੋਇਆ ਹੈ। ਉਂਝ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਭਾਰਤ ਦੇ ਸਾਰੇ ਗੁਆਂਢੀ ਦੇਸ਼ਾਂ ਨੂੰ ਵੱਖ-ਵੱਖ ਤਰ੍ਹਾਂ ਨਾਲ ਭਾਰਤੀ ਸਹਾਇਤਾ ਪ੍ਰਦਾਨ ਕਰ ਕੇ ਚੰਗੇ ਸਬੰਧ ਬਣਾਉਣ ਦੇ ਸਫਲ ਯਤਨ ਕੀਤੇ ਹਨ।
ਅੰਦਰੂਨੀ ਸੁਰੱਖਿਆ ’ਚ ਫੌਜਾਂ ਦੀ ਭੂਮਿਕਾ
ਜੰੰਮੂ-ਕਸ਼ਮੀਰ ਸੂਬੇ ’ਚ ਭਾਰਤੀ ਫੌਜਾਂ ਨੂੰ ਸਰਹੱਦਾਂ ਦੇ ਨਾਲ-ਨਾਲ ਕਸ਼ਮੀਰੀ ਜੇਹਾਦੀਆਂ ਵਿਰੁੱਧ ਵੀ ਮੋਰਚਾ ਸੰਭਾਲਣਾ ਪੈਂਦਾ ਹੈ। ਜਦੋਂ ਸੂਬਾਈ ਸਰਕਾਰ ਫੌਜਾਂ ਦੇ ਰਾਹ ’ਚ ਅੜਿੱਕਾ ਬਣਨ ਲੱਗਦੀ ਹੈ ਤਾਂ ਫੌਜਾਂ ਦਾ ਉਤਸ਼ਾਹ ਕਮਜ਼ੋਰ ਹੋਣ ਲੱਗਦਾ ਹੈ। ਦੇਸ਼ ਦੀ ਸਰਹੱਦੀ ਸੁਰੱਖਿਆ ਤੇ ਜੰਮੂ-ਕਸ਼ਮੀਰ ਦੇ ਅੰਦਰੂਨੀ ਹਾਲਾਤ ਨੂੰ ਦੇਖਦੇ ਹੋਏ ਸ਼੍ਰੀ ਨਰਿੰਦਰ ਮੋਦੀ ਨੇ ਆਪਣੇ ਸਹਿਯੋਗੀ ਦਲ ਨਾਲ ਬਣੀ ਸਰਕਾਰ ਨੂੰ ਵੀ ਦੇਸ਼ ਦੇ ਹਿੱਤ ’ਚ ਬਲੀਦਾਨ ਕਰ ਦਿੱਤਾ। ਰਾਸ਼ਟਰਪਤੀ ਸ਼ਾਸਨ ਦੇ ਬਾਵਜੂਦ ਜਦੋਂ ਜੈਸ਼-ਏ-ਮੁਹੰਮਦ ਦੇ ਇਕ ਜੇਹਾਦੀ ਨੇ ਕੇਂਦਰੀ ਰਿਜ਼ਰਵ ਪੁਲਸ ਬਲ ਦੇ 44 ਜਵਾਨਾਂ ’ਤੇ ਹਮਲਾ ਕੀਤਾ ਤਾਂ ਭਾਰਤੀ ਫੌਜ ਨੇ ਇਸ ਦਾ ਬਦਲਾ ਲੈਂਦੇ ਹੋਏ ਪਾਕਿਸਤਾਨੀ ਸਰਹੱਦ ’ਚ ਸੰਚਾਲਿਤ ਅੱਤਵਾਦੀਆਂ ਦੇ 3 ਕੈੈਂਪ ਤਬਾਹ ਕਰ ਦਿੱਤੇ। ਇਹ ਸਿਰਫ ਕੇਂਦਰ ਸਰਕਾਰ ਵਲੋਂ ਫੌਜਾਂ ਨੂੰ ਹਾਲਾਤ ਦੇ ਅਨੁਸਾਰ ਫੈਸਲਾ ਲੈਣ ਅਤੇ ਕਾਰਵਾਈ ਕਰਨ ਦੀ ਆਜ਼ਾਦੀ ਦਾ ਹੀ ਨਤੀਜਾ ਸੀ। ਦੂਸਰੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੌਮਾਂਤਰੀ ਪੱਧਰ ’ਤੇ ਆਪਣੇ ਵਿਦੇਸ਼ੀ ਦੌਰਿਆਂ ਅਤੇ ਮੇਲ-ਜੋਲ ਦੇ ਆਧਾਰ ’ਤੇ ਚਲਾਈ ਗਈ ਭਾਰਤ ਮਿੱਤਰਤਾ ਮੁਹਿੰਮ ਦੇ ਸਿੱਟੇ ਵਜੋਂ ਸਾਰਾ ਵਿਸ਼ਵ ਇਕਜੁੱਟ ਭਾਰਤ ਦੇ ਸਮਰਥਨ ’ਚ ਅਤੇ ਪਾਕਿਸਤਾਨੀ ਹਰਕਤਾਂ ਦੇ ਵਿਰੁੱਧ ਖੜ੍ਹਾ ਦਿਖਾਈ ਦਿੱਤਾ। ਸ਼੍ਰੀ ਨਰਿੰਦਰ ਮੋਦੀ ਦੀ ਇਸੇ ਕੂਟਨੀਤਕ ਸਫਲਤਾ ਦਾ ਨਤੀਜਾ ਸੀ ਕਿ ਭਾਰਤੀ ਹਵਾਈ ਫੌਜ ਦੇ ਇਕ ਬਹਾਦਰ ਅਧਿਕਾਰੀ ਅਭਿਨੰਦਨ ਦੇ ਪਾਕਿਸਤਾਨ ਪਹੁੰਚ ਜਾਣ ਤੋਂ ਬਾਅਦ ਉਸ ਨੂੰ 2-3 ਦਿਨਾਂ ਦੇ ਅੰਦਰ ਭਾਰਤ ਨੂੰ ਸੌਂਪਣ ਦਾ ਕੰਮ ਸੰਪੰਨ ਹੋ ਸਕਿਆ। ਇਕ ਪਾਸੇ ਸਾਰਾ ਭਾਰਤ ਆਪਣੀਆਂ ਫੌਜਾਂ ਦੀ ਪ੍ਰਸ਼ੰਸਾ ’ਚ ਮਗਨ ਸੀ ਅਤੇ ਦੂਜੇ ਪਾਸੇ ਭਾਰਤੀ ਫੌਜਾਂ ਵੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਸਿਆਸੀ ਵਤੀਰੇ ਤੋਂ ਖੁਸ਼ ਦਿਖਾਈ ਦਿੱਤੀਆਂ।
ਭਾਰਤੀ ਫੌਜਾਂ ਤੇ ਕੇਂਦਰ ਸਰਕਾਰ ਵਿਚਾਲੇ ਇਕ ਵਿਸ਼ਾ ਅਜੇ ਵੀ ਅਣਸੁਲਝਿਆ ਦਿਖਾਈ ਦਿੰਦਾ ਹੈ। ਰੱਖਿਆ ਮਾਹਿਰਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੇ ਰੱਖਿਆ ਮੰਤਰਾਲੇ ਅਤੇ ਤਿੰਨ ਫੌਜਾਂ ਦੇ ਮੁੱਖ ਦਫਤਰਾਂ ਨੂੰ ਪੂਰੀ ਮੁਹਾਰਤਾ ਨਾਲ ਇਕ ਟੀਮ ਦੇ ਰੂਪ ’ਚ ਦਿਖਾਈ ਦੇਣਾ ਚਾਹੀਦਾ ਹੈ। ਇਸ ਸਮੱਸਿਆ ਦਾ ਹੱਲ ਇਕ ਛੋਟੇ ਜਿਹੇ ਯਤਨ ਨਾਲ ਸੰਭਵ ਹੋ ਸਕਦਾ ਹੈ। ਹੁਣ ਤਕ ਰੱਖਿਆ ਸਕੱਤਰ ਕਿਸੇ ਸੀਨੀਅਰ ਭਾਰਤੀ ਪ੍ਰਸ਼ਾਸਨਿਕ ਅਧਿਕਾਰੀ ਨੂੰ ਬਣਾਇਆ ਜਾਂਦਾ ਰਿਹਾ ਹੈ, ਇਸ ਦੀ ਥਾਂ ’ਤੇ ਜੇਕਰ ਫੌਜ ਦੇ ਕਿਸੇ ਅਧਿਕਾਰੀ ਨੂੰ ਰੱਖਿਆ ਸਕੱਤਰ ਬਣਾਇਆ ਜਾਵੇ ਤਾਂ ਰੱਖਿਆ ਮੰਤਰਾਲਾ ਤੇ ਤਿੰਨ ਫੌਜਾਂ ਦਾ ਤਾਲਮੇਲ ਜ਼ਿਆਦਾ ਲਾਹੇਵੰਦ ਹੋ ਸਕਦਾ ਹੈ। ਉਂਝ ਸ਼੍ਰੀ ਨਰਿੰਦਰ ਮੋਦੀ ਦੀ ਭਾਵਨਾਤਮਕ ਅਗਵਾਈ ਨੇ ਫੌਜਾਂ ਦੀ ਇਸ ਸਮੱਸਿਆ ਨੂੰ ਕਾਫੀ ਹੱਦ ਤਕ ਹੱਲ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤੀ ਫੌਜ ਦੇ ਸੱਚੇ ਰਾਜਨੀਤਕ ਸੈਨਾਪਤੀ ਸਿੱਧ ਹੋਏ ਹਨ। ਸ਼੍ਰੀ ਮੋਦੀ ਦੇ ਦੂਜੇ ਕਾਰਜਕਾਲ ’ਚ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਫੌਜਾਂ ਨੂੰ ਲੋੜ ਪੈਣ ’ਤੇ ਦੁਸ਼ਮਣਾਂ ਵਿਰੁੱਧ ਕਾਰਵਾਈ ਕਰਨ ਦੀ ਆਜ਼ਾਦੀ ਦੇ ਕੇ ਉਨ੍ਹਾਂ ਨੇ ਜਿਸ ਤਰ੍ਹਾਂ ਉਨ੍ਹਾਂ ਨੂੰ ਹੋਰ ਜ਼ਿਆਦਾ ਤਾਕਤਵਰ ਅਤੇ ਉਤਸ਼ਾਹ-ਵਧਾਊ ਵਾਤਾਵਰਣ ਪ੍ਰਦਾਨ ਕੀਤਾ ਹੈ, ਉਹ ਭਾਰਤ ਦੇ ਭਵਿੱੱਖ ਦੀ ਇਕ ਸਥਾਈ ਪ੍ਰੰਪਰਾ ਬਣ ਸਕੇਗਾ।
avinkhannamp@gmail.com
ਕੀ ਲੋਕ ਸਭਾ ਦੇ ‘ਮਾਣ’ ਨੂੰ ਬਹਾਲ ਕਰ ਸਕਣਗੇ ਨਵੇਂ ਸਪੀਕਰ
NEXT STORY