ਕ੍ਰਿਸ਼ਨ ਭਾਟੀਆ
ਕੌਣ ਬਣੇਗਾ ਪ੍ਰਧਾਨ ਮੰਤਰੀ? ਇਹ ਸਵਾਲ ਭਾਰਤ ’ਚ ਕਈ ਮਹੀਨਿਆਂ ਤਕ ਉੱਠਦਾ ਰਿਹਾ। ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਚੁਣ ਕੇ ਭਾਰਤ ਨੇ ਤਾਂ ਇਸ ਸਮੱਸਿਆ ਨੂੰ ਸੁਲਝਾ ਲਿਆ ਹੈ ਪਰ ਹੁਣ ਇੰਗਲੈਂਡ ਆਪਣਾ ਨਵਾਂ ਨੇਤਾ ਚੁਣਨ ਦੀ ਉਲਝਣ ’ਚ ਫਸਿਆ ਹੋਇਆ ਹੈ। ਥੈਰੇਸਾ ਮੇ ਵਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਦੀ ਗੱਦੀ ’ਤੇ ਬੈਠਣ ਦੀ ਜੰਗ ਜ਼ੋਰਾਂ ਨਾਲ ਜਾਰੀ ਹੈ। ਕੌਣ ਬਣੇਗਾ ਪ੍ਰਧਾਨ ਮੰਤਰੀ, ਪਤਾ ਲੱਗੇਗਾ 22 ਜੁਲਾਈ ਨੂੰ।
ਨਵਾਂ ਪ੍ਰਧਾਨ ਮੰਤਰੀ ਚੁਣਨਾ ਹੈ ਸਿਰਫ ਮੌਜੂਦਾ ਸੱਤਾਧਾਰੀ ਟੋਰੀ ਪਾਰਟੀ ਦੇ ਮੈਂਬਰਾਂ ਨੇ। ਇਸ ਵਿਸ਼ੇ ’ਤੇ ਆਪਣੇ ਪਿਛਲੇ ਲੇਖ ਵਿਚ ਮੈਂ ਵਿਸਥਾਰ ਨਾਲ ਜ਼ਿਕਰ ਕੀਤਾ ਸੀ ਕਿ ਮੈਦਾਨ ’ਚ ਉਤਰੇ 10 ਉਮੀਦਵਾਰਾਂ ’ਚੋਂ ਟੋਰੀ ਪਾਰਟੀ ਦੇ 313 ਸੰਸਦ ਮੈਂਬਰ ਵੋਟਿੰਗ ਰਾਹੀਂ 8 ਉਮੀਦਵਾਰਾਂ ਦੀ ਛਾਂਟੀ ਕਰ ਕੇ ਆਖਰੀ ਮੁਕਾਬਲੇ ਲਈ ਸਿਰਫ 2 ਉਮੀਦਵਾਰ ਚੁਣਨਗੇ।
ਕੌਣ ਪਹਿਨੇਗਾ ਪ੍ਰਧਾਨ ਮੰਤਰੀ ਦਾ ਮੁਕੁਟ?
ਚੁਣੇ ਗਏ ਉਮੀਦਵਾਰਾਂ ’ਚੋਂ ਇਕ ਤਾਂ ਹਨ ਸਾਬਕਾ ਵਿਦੇਸ਼ ਮੰਤਰੀ ਬੋਰਿਸ ਜਾਨਸਨ ਅਤੇ ਦੂਜੇ ਹਨ ਮੌਜੂਦਾ ਵਿਦੇਸ਼ ਮੰਤਰੀ ਜੇਰੇਮੀ ਹੰਟ। ਪ੍ਰਧਾਨ ਮੰਤਰੀ ਦਾ ਮੁਕੁਟ ਕੌਣ ਪਹਿਨੇਗਾ, ਇਸ ਦਾ ਫੈਸਲਾ ਕਰਨਗੇ ਸਾਰੇ ਦੇਸ਼ ’ਚੋਂ ਟੋਰੀ ਪਾਰਟੀ ਦੇ ਮੈਂਬਰ। ਉਨ੍ਹਾਂ ਦੀ ਗਿਣਤੀ ਹੈ 1 ਲੱਖ 60 ਹਜ਼ਾਰ। ਵੱਖ-ਵੱਖ ਸ਼ਹਿਰਾਂ ’ਚ ਸਭਾਵਾਂ ਦਾ ਆਯੋਜਨ ਕੀਤਾ ਜਾਵੇਗਾ, ਜਿਨ੍ਹਾਂ ’ਚ ਦੋਵੇਂ ਉਮੀਦਵਾਰ ਵੋਟਰ ਮੈਂਬਰਾਂ ਦੇ ਸਾਹਮਣੇ ਆਪੋ-ਆਪਣਾ ਪੱਖ ਰੱਖਣਗੇ ਅਤੇ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦੇਣਗੇ। ਮੈਂਬਰ ਆਪਣਾ ਫੈਸਲਾ ਡਾਕ ਰਾਹੀਂ ਗੁਪਤ ਵੋਟਾਂ ਨਾਲ ਦੇਣਗੇ। ਵੋਟ ਹਾਸਿਲ ਕਰਨ ਲਈ ਦੋਹਾਂ ਉਮੀਦਵਾਰਾਂ ਦੀ ਮੁਹਿੰਮ ਜ਼ੋਰਾਂ ’ਤੇ ਹੈ। ਸੰਸਦ ਮੈਂਬਰਾਂ ਵਲੋਂ ਉਮੀਦਵਾਰਾਂ ਦੀ ਛਾਂਟੀ ਦਾ ਸਿਲਸਿਲਾ 5 ਪੜਾਵਾਂ ’ਚ ਚੱਲਿਆ ਸੀ ਅਤੇ ਹਰੇਕ ਪੜਾਅ ਵਿਚ ਸਭ ਤੋਂ ਜ਼ਿਆਦਾ ਵੋਟਾਂ ਹਾਸਿਲ ਕੀਤੀਆਂ ਸਨ ਬੋਰਿਸ ਜਾਨਸਨ ਨੇ। ਹਰੇਕ ਪੜਾਅ ਤੋਂ ਬਾਅਦ ਵੋਟਾਂ ਵਧਦੀਆਂ ਹੀ ਗਈਆਂ। ਆਖਿਰ ਉਨ੍ਹਾਂ ਦੀਆਂ ਵੋਟਾਂ ਦੀ ਗਿਣਤੀ ਵਿਰੋਧੀ ਦੇ ਮੁਕਾਬਲੇ ਦੁੱਗਣੀ ਸੀ।
ਬਣੀ-ਬਣਾਈ ਖੇਡ ਕਿਤੇ ਵਿਗੜ ਨਾ ਜਾਵੇ
ਚਰਿੱਤਰ ਅਤੇ ਸੁਭਾਅ ਪੱਖੋਂ ਬੋਰਿਸ ਜਾਨਸਨ ਕਦੋਂ ਅਤੇ ਕਿਸ ਸਮੇਂ ਕੀ ਕੁਝ ਅਜੀਬ ਕਰ ਬੈਠਣ, ਕਿਸੇ ਨੂੰ ਕੁਝ ਪਤਾ ਨਹੀਂ ਹੁੰਦਾ। ਚੋਣ ਮਾਹੌਲ ਉਨ੍ਹਾਂ ਦੇ ਪੱਖ ’ਚ ਚੱਲ ਰਿਹਾ ਸੀ। ਮੀਡੀਆ, ਓਪੀਨੀਅਨ ਪੋਲ ਅਤੇ ਬੁਕੀਜ਼ ਵੀ ਜ਼ਿਆਦਾਤਰ ਉਨ੍ਹਾਂ ਦੀ ਸਫਲਤਾ ਦੇ ਅਨੁਮਾਨ ਲਾ ਰਹੇ ਸਨ ਕਿ ਅਚਾਨਕ ਬਿਜਲੀ ਜਿਹੀ ਡਿਗੀ। ਆਪਣੀ ਗਰਲਫ੍ਰੈਂਡ ਨਾਲ ਉਨ੍ਹਾਂ ਦੀ ਕੋਈ ਘਟਨਾ ਵਾਪਰ ਗਈ, ਜਿਸ ਨਾਲ ਹਵਾ ਦਾ ਰੁਖ਼ ਕੁਝ ਬਦਲ ਜਿਹਾ ਗਿਆ ਹੈ। ਉਨ੍ਹਾਂ ਦੋਹਾਂ ਵਿਚਾਲੇ ਕੀ ਕੁਝ ਹੋਇਆ, ਕਿਸੇ ਨੂੰ ਪੱਕੇ ਤੌਰ ’ਤੇ ਕੁਝ ਪਤਾ ਨਹੀਂ ਪਰ ਜੋ ਕੁਝ ਵੀ ਹੋਇਆ, ਵਿਰੋਧੀ ਉਸ ਨੂੰ ਖੂਬ ਉਛਾਲ ਰਹੇ ਹਨ, ਜਿਵੇਂ ਬਿੱਲੀ ਦੇ ਭਾਗੀਂ ਛਿੱਕਾ ਟੁੱਟਿਆ ਹੋਵੇ। ਮਾਮਲੇ ਨੂੰ ਖੂਬ ਤੂਲ ਦਿੱਤਾ ਜਾ ਰਿਹਾ ਹੈ। ਓਪੀਨੀਅਨ ਪੋਲਜ਼ ’ਚ ਬੋਰਿਸ ਦੀਆਂ ਵੋਟਾਂ ਦੀ ਗਿਣਤੀ ਘੱਟ ਹੋ ਰਹੀ ਹੈ, ਜਿਸ ਨਾਲ ਖਦਸ਼ੇ ਪੈਦਾ ਹੋ ਰਹੇ ਹਨ ਕਿ ਘਟਨਾ ਉਨ੍ਹਾਂ ਦੀ ਬਣੀ-ਬਣਾਈ ਖੇਡ ਵਿਗਾੜ ਨਾ ਦੇਵੇ।
ਗਰਲਫ੍ਰੈਂਡ ਦੇ ਫਲੈਟ ’ਚੋਂ ਚੀਕਾਂ
ਪਿਛਲੇ ਸ਼ੁੱਕਰਵਾਰ ਦੀ ਰਾਤ ਨੂੰ ਬੋਰਿਸ ਜਾਨਸਨ ਦੀ ਗਰਲਫ੍ਰੈਂਡ ਦੇ ਫਲੈਟ ਅੰਦਰੋਂ ਜ਼ੋਰ-ਜ਼ੋਰ ਦੀਆਂ ਆਵਾਜ਼ਾਂ ਅਤੇ ਚੀਕਾਂ ਸੁਣੀਆਂ ਤਾਂ ਗੁਆਂਢੀਆਂ ਨੇ ਚਿੰਤਤ ਹੋ ਕੇ ਪੁਲਸ ਨੂੰ ਫੋਨ ਕਰ ਦਿੱਤਾ। ਪੁਲਸ ਨੇ ਆ ਕੇ ਛਾਣਬੀਣ ਕੀਤੀ ਤਾਂ ਕੁਝ ਅਜਿਹਾ ਨਹੀਂ ਦੇਖਿਆ, ਜਿਸ ਨੂੰ ਉਹ ਕੋਈ ਗੰਭੀਰ ਵਾਰਦਾਤ ਸਮਝਦੀ। ਨਾ ਕੋਈ ਰਿਪੋਰਟ ਲਿਖੀ ਗਈ, ਨਾ ਹੀ ਕੋਈ ਮਾਮਲਾ ਦਰਜ ਕੀਤਾ ਗਿਆ। ਕਾਨੂੰਨ ਵਿਰੁੱਧ ਜੇਕਰ ਕੋਈ ਥੋੜ੍ਹੀ ਜਿਹੀ ਵੀ ਗੱਲ ਹੋਈ ਹੋਵੇ ਤਾਂ ਇਸ ਦੇਸ਼ ਦੀ ਪੁਲਸ ਉਸ ਨੂੰ ਰਫਾ-ਦਫਾ ਨਹੀਂ ਕਰ ਸਕਦੀ, ਲੁਕੋ ਨਹੀਂ ਸਕਦੀ ਅਤੇ ਉਹ ਵੀ ਅਜਿਹੀ ਹਾਲਤ ਵਿਚ, ਜਿਸ ਦਾ ਸਬੰਧ ਮਸ਼ਹੂਰ ਸਿਆਸੀ ਹਸਤੀ ਨਾਲ ਹੋਵੇ, ਜਿਸ ਨੂੰ ਪ੍ਰਧਾਨ ਮੰਤਰੀ ਬਣਾਉਣ ਦਾ ਜ਼ੋਰਦਾਰ ਸਮਰਥਨ ਖ਼ੁਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤਕ ਨੇ ਕੀਤਾ ਹੋਵੇ।
ਫਿਰ ਵੀ ਕੁਝ ਤਾਂ ਹੋਇਆ ਹੈ, ਜਿਸ ਦਾ ਇੰਨਾ ਰੌਲਾ ਹੈ। ਸਾਰੀਆਂ ਅਖ਼ਬਾਰਾਂ ਦੇ ਪਹਿਲੇ ਸਫੇ ਮੋਟੇ ਸਿਰਲੇਖਾਂ ਨਾਲ ਇਸ ਘਟਨਾ ਬਾਰੇ ਭਰੇ ਹੋਏ ਹਨ, ਟੀ. ਵੀ. ਚੈਨਲਾਂ ’ਤੇ ਚਰਚੇ ਹਨ, ਰਾਜਨੇਤਾ ਤਰ੍ਹਾਂ-ਤਰ੍ਹਾਂ ਦੇ ਬਿਆਨ ਦੇ ਰਹੇ ਹਨ। ਮਾਮਲਾ ਇਕ ਗੰਭੀਰ ਵਿਸ਼ਾ ਬਣ ਗਿਆ ਹੈ, ਜਿਸ ਦੇ ਭਿਆਨਕ ਸਿਆਸੀ ਨਤੀਜੇ ਨਿਕਲਣ ਦਾ ਸ਼ੱਕ ਪੈਦਾ ਹੋਣ ਲੱਗਾ ਹੈ।
ਹੋਇਆ ਕੀ ਹੈ? ਨਾ ਤਾਂ ਖ਼ੁਦ ਬੋਰਿਸ ਜਾਨਸਨ ਕੁਝ ਦੱਸ ਰਹੇ ਹਨ, ਨਾ ਹੀ ਉਨ੍ਹਾਂ ਦੀ ਗਰਲਫ੍ਰੈਂਡ ਕੈਰੀ ਸੈਯਮੋਂਡਸ। ਪੁਲਸ ਨੂੰ ਫੋਨ ਕਰਨ ਵਾਲੇ ਗੁਆਂਢੀਆਂ ਨੇ ਜੋ ਕੁਝ ਦੱਸਿਆ ਹੈ, ਉਸ ਅਨੁਸਾਰ ਉਨ੍ਹਾਂ ਨੇ ਕੈਰੀ ਦੇ ਫਲੈਟ ’ਚੋਂ ਅੱਧੀ ਰਾਤ ਨੂੰ ਜ਼ੋਰ-ਜ਼ੋਰ ਨਾਲ ਚੀਕਣ-ਚਿੱਲਾਉਣ ਦੀਆਂ ਆਵਾਜ਼ਾਂ ਸੁਣੀਆਂ। ਕੈਰੀ ਨੂੰ ਇਹ ਕਹਿੰਦੇ ਸੁਣਿਆ, ‘‘ਮੇਰੇ ਤੋਂ ਦੂਰ ਹੋ ਜਾਓ, ਮੇਰੇ ਫਲੈਟ ’ਚੋਂ ਨਿਕਲ ਜਾਓ।’’ ਜਾਨਸਨ ਕਹਿ ਰਿਹਾ ਸੀ, ‘‘ਮੇਰੇ ਲੈਪਟਾਪ ਨੂੰ ਛੱਡ ਦੇ।’’ ਪਲੇਟਾਂ ਟੁੱਟਣ ਦੀਆਂ ਆਵਾਜ਼ਾਂ ਵੀ ਸੁਣੀਆਂ ਗਈਆਂ। ਰੌਲੇ-ਰੱਪੇ ਦਾ ਸਿਲਸਿਲਾ ਕਾਫੀ ਦੇਰ ਤਕ ਚੱਲਦਾ ਰਿਹਾ। ਇਸ ਨਾਲ ਕੈਰੀ ਦੀ ਸੁਰੱਖਿਆ ਬਾਰੇ ਚਿੰਤਤ ਹੋ ਕੇ ਅਸੀਂ ਪੁਲਸ ਨੂੰ ਫੋਨ ਕਰ ਦਿੱਤਾ। ਉਸ ਦੇ ਸੋਫੇ ’ਤੇ ਰੈੱਡ ਵਾਈਨ ਡਿੱਗਣ ਨਾਲ ਝਗੜਾ ਹੋਇਆ, ਅਜਿਹੀ ਚਰਚਾ ਵੀ ਸੁਣਨ ਨੂੰ ਮਿਲੀ ਹੈ।
ਪ੍ਰੇਮ-ਸਬੰਧਾਂ ਦੇ ਚਰਚੇ
ਇਹ ਦੱਸਿਆ ਗਿਆ ਹੈ ਕਿ ਭਾਰਤੀ ਮੂਲ ਦੀ ਆਪਣੀ 25 ਸਾਲ ਤੋਂ ਵਿਆਹੁਤਾ ਪਤਨੀ, ਜਿਸ ਤੋਂ ਉਸ ਦੇ ਚਾਰ ਬੱਚੇ ਵੀ ਹਨ, ਤੋਂ 8 ਮਹੀਨੇ ਪਹਿਲਾਂ ਤਲਾਕ ਲੈਣ ਤੋਂ ਬਾਅਦ ਬੋਰਿਸ ਗਰਲਫ੍ਰੈਂਡ ਕੈਰੀ ਦੇ ਫਲੈਟ ’ਚ ਰਹਿ ਰਹੇ ਸਨ। ਉਨ੍ਹਾਂ ਦੇ ਪ੍ਰੇਮ-ਸਬੰਧਾਂ ਦੇ ਚਰਚੇ ਮੀਡੀਆ ਅਤੇ ਸਿਆਸੀ ਖੇਤਰਾਂ ’ਚ ਖੂਬ ਚੱਲਦੇ ਰਹੇ ਹਨ ਕਿਉਂਕਿ ਹੁਣ ਉਹ ਪ੍ਰਧਾਨ ਮੰਤਰੀ ਅਹੁਦੇ ਦੇ ਨਿਸ਼ਚਿਤ ਉਮੀਦਵਾਰ ਸਮਝੇ ਜਾ ਰਹੇ ਸਨ। ਇਸ ਘਟਨਾ ਨੇ ਇਕ ਸਕੈਂਡਲ ਦਾ ਰੂਪ ਧਾਰਨ ਕਰ ਲਿਆ ਹੈ। ਬੋਰਿਸ ’ਤੇ ਦਬਾਅ ਵਧ ਰਿਹਾ ਹੈ ਕਿ ਉਹ ਖੁੱਲ੍ਹ ਕੇ ਦੱਸਣ ਕਿ ਉਸ ਰਾਤ ਕੀ ਹੋਇਆ ਸੀ? ਬੋਰਿਸ ਅਜੇ ਖਾਮੋਸ਼ ਹਨ। ਉਨ੍ਹਾਂ ਦੀ ਇਸ ਖਾਮੋਸ਼ੀ ਦਾ ਸਮਰਥਨ ਬ੍ਰਿਟਿਸ਼ ਸਮਾਜ ਦਾ ਇਕ ਭਾਰੀ ਵਰਗ ਇਹ ਦਲੀਲ ਦੇ ਕੇ ਕਰ ਰਿਹਾ ਹੈ ਕਿ : ਇਹ ਬੋਰਿਸ ਅਤੇ ਕੈਰੀ ਦਾ ਨਿੱਜੀ ਮਾਮਲਾ ਹੈ। ਇਸ ਵਿਚ ਦਖਲ ਦੇਣ ਜਾਂ ਉਸ ਦੀ ਡੂੰਘਾਈ ਵਿਚ ਜਾਣ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ। ਬ੍ਰਿਟਿਸ਼ ਸਮਾਜ ਦੀ ਇਹ ਪੁਰਾਣੀ ਰਵਾਇਤ ਹੈ ਕਿ ਰਾਜਨੀਤੀ ਨੂੰ ਨਿੱਜੀ ਮਾਮਲਿਆਂ ਤੋਂ ਪ੍ਰਭਾਵਿਤ ਨਹੀਂ ਹੋਣ ਦਿੱਤਾ ਜਾਂਦਾ। ਰਾਜਨੀਤੀ ਅਤੇ ਨਿੱਜੀ ਜੀਵਨ ਦੋਹਾਂ ਦਾ ਆਪਸ ਵਿਚ ਦਖਲ ਨਹੀਂ ਹੋਣ ਦਿੱਤਾ ਜਾਂਦਾ ਪਰ ਵਿਰੋਧੀ ਇਸ ਨੂੰ ਸਵੀਕਾਰ ਨਹੀਂ ਕਰ ਰਹੇ। ਉਨ੍ਹਾਂ ਨੂੰ ਤਾਂ ਮੌਕਾ ਮਿਲ ਗਿਆ ਹੈ ਬੋਰਿਸ ਜਾਨਸਨ ਵਿਰੁੱਧ ਖੂਬ ਚਿੱਕੜ ਉਛਾਲਣ ਦਾ। ਉਨ੍ਹਾਂ ਦਾ ਕਹਿਣਾ ਹੈ ਕਿ ਕਿਉਂਕਿ ਬੋਰਿਸ ਪ੍ਰਧਾਨ ਮੰਤਰੀ ਅਹੁਦੇ ਲਈ ਖੜ੍ਹੇ ਹਨ, ਇਸ ਘਟਨਾ ਨੂੰ ਨਿੱਜੀ ਕਹਿ ਕੇ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਸ ਦਾ ਸਬੰਧ ਦੇਸ਼ ਦੇ ਭਵਿੱਖ ਨਾਲ ਹੈ ਕਿ ਉਸ ਦਾ ਭਵਿੱਖੀ ਨੇਤਾ ਕਿਸ ਪ੍ਰਕਿਰਤੀ ਦਾ ਹੈ।
ਆਉਣ ਵਾਲੇ ਦਿਨਾਂ ’ਚ ਬੋਰਿਸ ਵਿਰੋਧੀ ਗਰੁੱਪ ਇਹ ਮਾਮਲਾ ਖੂਬ ਉਛਾਲੇਗਾ, ਇਹ ਯਕੀਨੀ ਹੈ। ਵੋਟ ਪਾਉਂਦੇ ਸਮੇਂ ਟੋਰੀ ਮੈਂਬਰ ਇਸ ਨੂੰ ਕਿਸ ਰੂਪ ’ਚ ਲੈਂਦੇ ਹਨ, ਇਹ ਸਮਾਂ ਹੀ ਦੱਸੇਗਾ ਪਰ ਇੰਨਾ ਜ਼ਰੂਰ ਮੰਨਣਾ ਪਵੇਗਾ ਕਿ ਪ੍ਰਧਾਨ ਮੰਤਰੀ ਦੇ ਰੂਪ ’ਚ ਬੋਰਿਸ ਦੀ ਚੋੋਣ ਜਿਥੇ ਅਕਸਰ ਯਕੀਨੀ ਲੱਗ ਰਹੀ ਸੀ, ਉਥੇ ਹੀ ਇਸ ਘਟਨਾ ਦਾ ਕੁਝ ਉਲਟ ਪ੍ਰਭਾਵ ਪੈਂਦਾ ਜ਼ਰੂਰ ਨਜ਼ਰ ਆ ਰਿਹਾ ਹੈ।
(krishanbhatia@btinternet.com)
ਦੇਸ਼ ਨੂੰ ਚਾਹੀਦਾ ਹੈ ਵਿਰੋਧੀ ਧਿਰ ਦਾ ਮਜ਼ਬੂਤ ਨੇਤਾ
NEXT STORY