‘ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਟੀ ਆਫ਼ ਇੰਡੀਆ’ (ਐੱਫ. ਐੱਸ. ਐੱਸ. ਏ. ਆਈ.) ਦੇ ਵਿੱਤੀ ਸਾਲ 2025-26 ਦੀ ਰਿਪੋਰਟ ਅਨੁਸਾਰ ਦੇਸ਼ ’ਚ ਲਏ ਗਏ 1,65,747 ਖੁਰਾਕ ਪਦਾਰਥਾਂ ਦੇ ਸੈਂਪਲਾਂ ’ਚੋਂ 17.16 ਫੀਸਦੀ ਨਮੂਨੇ ਜਾਂਚ ’ਚ ਫੇਲ ਪਾਏ ਗਏ ਹਨ।
ਮਿਲਾਵਟੀ ਪਦਾਰਥਾਂ ਦੀ ਵਿਕਰੀ ਰੋਕਣ ਲਈ ਦੇਸ਼ ’ਚ ਮੌਜੂਦ ਤਮਾਮ ਕਾਨੂੰਨਾਂ ਦੇ ਬਾਵਜੂਦ ਮਿਲਾਵਟੀ ਖੁਰਾਕ ਪਦਾਰਥਾਂ ਦਾ ਧੰਦਾ ਲਗਾਤਾਰ ਵਧ ਰਿਹਾ ਹੈ, ਜਿਸ ਦੀਅਾਂ ਇਸ ਸਾਲ ਦੀਅਾਂ 4 ਮਹੀਨਿਆਂ ਦੀਆਂ ਘਟਨਾਵਾਂ ਹੇਠਾਂ ਦਰਜ ਹਨ:
* 23 ਫਰਵਰੀ ਨੂੰ ‘ਓਡਿਸ਼ਾ’ ਦੇ ਵੱਖ-ਵੱਖ ਜ਼ਿਲਿਆਂ ’ਚ ਵੱਡੇ ਪੱਧਰ ’ਤੇ ਚਾਹ- ਪੱਤੀ, ਬਿਸਕੁਟ, ਸੱਤੂ, ਸਰ੍ਹੋਂ ਦੇ ਤੇਲ, ਪਨੀਰ ਅਤੇ ਮਸਾਲਿਆਂ ’ਚ ਭਾਰੀ ਮਿਲਾਵਟ ਪਾਏ ਜਾਣ ਤੋਂ ਬਾਅਦ ਸਾਰਾ ਸਟਾਕ ਜ਼ਬਤ ਕੀਤਾ ਗਿਆ।
* 26 ਫਰਵਰੀ ਨੂੰ ‘ਮੁੰਬਈ’ (ਮਹਾਰਾਸ਼ਟਰ) ਪੁਲਸ ਨੇ ਫਲਾਂ ’ਤੇ ਚੂਹੇ ਮਾਰਨ ਵਾਲੀ ਜ਼ਹਿਰ ਛਿੜਕ ਕੇ ਵੇਚਣ ਦੇ ਦੋਸ਼ ’ਚ 2 ਫਲ ਵਿਕਰੇਤਾਵਾਂ ‘ਮਨੋਜ ਕੁਮਾਰ ਕੇਸਰਵਾਨੀ’ ਅਤੇ ‘ਵਿਪਿਨ ਕੇਸਰਵਾਨੀ’ ਨੂੰ ਗ੍ਰਿਫ਼ਤਾਰ ਕੀਤਾ। ਮੁਲਜ਼ਮਾਂ ਨੇ ਦੱਸਿਆ ਕਿ ਉਹ ਫਲਾਂ ’ਤੇ ਚੂਹੇ ਮਾਰਨ ਵਾਲੀ ਜ਼ਹਿਰ ਇਸ ਲਈ ਲਗਾਉਂਦੇ ਸਨ, ਤਾਂ ਜੋ ਉਨ੍ਹਾਂ ਨੂੰ ਚੂਹਿਆਂ ਦੁਆਰਾ ਖਾਣ ਤੋਂ ਬਚਾ ਸਕਣ।
* 27 ਫਰਵਰੀ ਨੂੰ ‘ਉੱਤਰ ਪ੍ਰਦੇਸ਼’ ’ਚ ਰਾਜ ਵਿਆਪੀ ਛਾਪੇਮਾਰੀ ਦੌਰਾਨ ਖੁਰਾਕ ਵਿਭਾਗ ਨੇ ‘ਗਾਜ਼ੀਆਬਾਦ’ ਤੋਂ 1200 ਕਿਲੋ ਤੋਂ ਵੱਧ ਮਿਲਾਵਟੀ ਪਨੀਰ ਅਤੇ 200 ਕਿਲੋ ਨਕਲੀ ਖੋਇਆ, ‘ਗੋਰਖਪੁਰ’ ਤੋਂ 150 ਕਿਲੋ ਨਕਲੀ ਖੋਇਆ ਅਤੇ ਮਿਲਾਵਟੀ ਪੇੜੇ, ‘ਸਹਾਰਨਪੁਰ’ ਤੋਂ 650 ਕਿਲੋ ਸ਼ੱਕੀ ਪਨੀਰ ਅਤੇ 2000 ਲੀਟਰ ਖੁੱਲ੍ਹਾ ਦੁੱਧ ਜ਼ਬਤ ਕਰਨ ਤੋਂ ਇਲਾਵਾ ‘ਇਟਾਵਾ’ ਅਤੇ ‘ਅਯੁੱਧਿਆ’ ਤੋਂ ਹਜ਼ਾਰਾਂ ਲੀਟਰ ਮਿਲਾਵਟੀ ਸਰ੍ਹੋਂ ਦਾ ਤੇਲ ਅਤੇ ਪਾਮ ਆਇਲ ਜ਼ਬਤ ਕੀਤਾ।
* 14 ਮਾਰਚ ਨੂੰ ‘ਗੁਜਰਾਤ’ ’ਚ ਖੁਰਾਕ ਅਤੇ ਔਸ਼ਧੀ ਕੰਟਰੋਲ ਪ੍ਰਸ਼ਾਸਨ ਨੇ ਰਾਜ ’ਚ ਵੇਚਿਆ ਜਾ ਰਿਹਾ ਹਜ਼ਾਰਾਂ ਕਿਲੋ ਮਿਲਾਵਟੀ ‘ਦੇਸੀ ਘਿਓ’ ਜ਼ਬਤ ਕੀਤਾ।
* 15 ਮਾਰਚ ਨੂੰ ‘ਜੈਪੁਰ’ (ਰਾਜਸਥਾਨ) ’ਚ ਖੁਰਾਕ ਸੁਰੱਖਿਆ ਵਿਭਾਗ ਨੇ ਇਕ ਕਾਰਵਾਈ ’ਚ ਵੱਖ-ਵੱਖ ਗੋਦਾਮਾਂ ਤੋਂ 1.5 ਲੱਖ ਕਿਲੋ (150 ਟਨ) ‘ਐਕਸਪਾਇਰਡ ਨੂਡਲਜ਼’, ‘ਸੌਸ’ ਅਤੇ ‘ਮੇਓਨੀਜ਼’ ਜ਼ਬਤ ਕੀਤੀ। ਇੱਥੋਂ ਪੈਕਟਾਂ ’ਤੇ ਲਿਖੀ ਐਕਸਪਾਇਰੀ ਡੇਟ ਮਿਟਾਉਣ ਵਾਲੀਆਂ ਮਸ਼ੀਨਾਂ ਵੀ ਬਰਾਮਦ ਹੋਈਆਂ।
* 26 ਮਾਰਚ ਨੂੰ ‘ਹੈਦਰਾਬਾਦ’ ਦੀ ਪੁਲਸ ਅਤੇ ਖੁਰਾਕ ਵਿਭਾਗ ਨੇ ਇਕ ਵੱਡੇ ਬੇਕਰੀ ਯੂਨਿਟ ’ਤੇ ਛਾਪਾ ਮਾਰਿਆ ਜਿੱਥੇ ਸੜੇ ਹੋਏ ਆਂਡਿਆਂ ਅਤੇ ਖ਼ਤਰਨਾਕ ਰਸਾਇਣਾਂ ਨਾਲ ਬਣਾਏ ਜਾ ਰਹੇ ‘ਕੇਕ’ ਅਤੇ ‘ਬਨ’ ਨਸ਼ਟ ਕਰਵਾਏ।
* 8 ਮਈ ਨੂੰ ‘ਸੂਰਤ’ ਅਤੇ ‘ਸਾਬਰਕਾਂਠਾ’ (ਗੁਜਰਾਤ) ’ਚ ਦੁੱਧ ਦੀ ਇਕ ਵੀ ਬੂੰਦ ਦੀ ਵਰਤੋਂ ਕੀਤੇ ਬਿਨਾਂ ਰੋਜ਼ਾਨਾ 400 ਕਿਲੋ ਨਕਲੀ ਪਨੀਰ ਬਣਾਉਣ ਵਾਲੀ ਫੈਕਟਰੀ ਫੜੀ ਗਈ। ਇਸ ਦੇ ਨਾਲ ਹੀ ਉੱਥੇ ਡਿਟਰਜੈਂਟ ਪਾਊਡਰ ਅਤੇ ਯੂਰੀਆ ਨਾਲ ਸਿੰਥੈਟਿਕ ਦੁੱਧ ਬਣਾਉਣ ਵਾਲੀ ਫੈਕਟਰੀ ਦਾ ਭਾਂਡਾ ਵੀ ਭੰਨਿਆ ਗਿਆ।
* 27 ਮਈ ਨੂੰ ‘ਪਾਟਣ’ (ਗੁਜਰਾਤ) ਅਤੇ ਆਸ-ਪਾਸ ਦੇ ਇਲਾਕਿਆਂ ’ਚ ਕੈਮੀਕਲ ਨਾਲ ਟ੍ਰੀਟ ਕੀਤੀ ਗਈ ਹਾਨੀਕਾਰਕ ਸੌਂਫ ਦਾ ਇਕ ਵੱਡਾ ਜ਼ਖੀਰਾ ਫੜਿਆ ਗਿਆ।
* 29 ਮਈ ਨੂੰ ‘ਮਹਾਰਾਸ਼ਟਰ’ ’ਚ ਐੱਫ. ਡੀ. ਏ. ਨੇ ਖੁਰਾਕ ਪਦਾਰਥਾਂ ’ਚ ਮਿਲਾਵਟ ਵਿਰੁੱਧ ਮੁਹਿੰਮ ਦੇ ਤਹਿਤ 33 ਲੋਕਾਂ ਨੂੰ ਗ੍ਰਿਫ਼ਤਾਰ ਕਰ ਕੇ ਕੈਮੀਕਲ ਨਾਲ ਪਕਾਏ ‘ਅੰਬ’ ਅਤੇ ਹੋਰ ਮਿਲਾਵਟੀ ਖੁਰਾਕ ਪਦਾਰਥ ਜ਼ਬਤ ਕੀਤੇ।
* 19 ਜੂਨ ਨੂੰ ਦੇਸ਼ ਦੇ ਵੱਖ-ਵੱਖ ਬਾਜ਼ਾਰਾਂ ’ਚ ਛਾਪੇਮਾਰੀ ਕਰ ਕੇ ਵੱਡੀ ਮਾਤਰਾ ’ਚ ਨਕਲੀ ਅਤੇ ਕੈਮੀਕਲ ਵਾਲਾ ‘ਪਨੀਰ’ ਫੜਿਆ ਗਿਆ ਜਿਸ ਨੂੰ ਬ੍ਰਾਂਡਿਡ ਕੰਪਨੀਆਂ ਦੇ ਰੈਪਰਾਂ ’ਚ ਬਿਨਾਂ ‘ਮੈਨੂਫੈਕਚਰਿੰਗ’ ਅਤੇ ‘ਐਕਸਪਾਇਰੀ’ ਡੇਟ ਦੇ ਵੇਚਿਆ ਜਾ ਰਿਹਾ ਸੀ।
* 26 ਜੂਨ ਨੂੰ ‘ਬੜੌਤ’ (ਉੱਤਰ ਪ੍ਰਦੇਸ਼) ’ਚ ਖੁਰਾਕ ਸੁਰੱਖਿਆ ਵਿਭਾਗ ਦੀ ਟੀਮ ਨੇ ‘ਮੇਰਠ’ ਅਤੇ ‘ਗਾਜ਼ੀਆਬਾਦ’ ਤੋਂ ਸਪਲਾਈ ਹੋਣ ਜਾ ਰਿਹਾ ਲਗਭਗ 6 ਕੁਇੰਟਲ (600 ਕਿਲੋ) ‘ਮਿਲਾਵਟੀ ਪਨੀਰ’ ਅਤੇ ਢਾਈ ਕੁਇੰਟਲ ‘ਕ੍ਰੀਮ’ ਜ਼ਬਤ ਕਰਨ ਤੋਂ ਇਲਾਵਾ ਇਸ ਨੂੰ ਜ਼ਮੀਨ ’ਚ ਦੱਬ ਕੇ ਨਸ਼ਟ ਕਰਵਾਇਆ।
* 28 ਜੂਨ ਨੂੰ ‘ਗਾਜ਼ੀਆਬਾਦ’ (ਉੱਤਰ ਪ੍ਰਦੇਸ਼) ’ਚ ਕੇਂਦਰੀ ਖੁਰਾਕ ਸੁਰੱਖਿਆ ਅਥਾਰਟੀ ਨੇ ‘ਸਾਹਿਬਾਬਾਦ’ ਦੇ 2 ਕਮਰਸ਼ੀਅਲ ਸੈਂਟਰਾਂ ’ਤੇ ਛਾਪਾ ਮਾਰ ਕੇ 7 ਲੱਖ ਕਿਲੋ ਤੋਂ ਵੱਧ ਘਟੀਆ ‘ਚਾਹ-ਪੱਤੀ’ ਅਤੇ ‘ਐਕਸਪਾਇਰਡ ਖੁਰਾਕ ਸਮੱਗਰੀਆਂ’ ਜ਼ਬਤ ਕੀਤੀਆਂ।
ਹਾਲਾਂਕਿ ਮਿਲਾਵਟ ਦੇ ਮਾਮਲਿਆਂ ’ਚ ਐੱਫ. ਐੱਸ. ਐੱਸ. ਏ. ਆਈ. ਨੇ ਸਾਲ 2025-26 ’ਚ 1756 ਅਪਰਾਧੀਆਂ ਨੂੰ ਸਜ਼ਾ ਵੀ ਦਿਵਾਈ ਹੈ ਅਤੇ 154.87 ਕਰੋੜ ਰੁਪਏ ਦੇ ਜੁਰਮਾਨੇ ਵੀ ਕੀਤੇ ਹਨ ਪਰ ਇਹ ਕਾਰਵਾਈ ਨਾਕਾਫ਼ੀ ਲੱਗਦੀ ਹੈ। ਇਸ ਲਈ ਅਜਿਹੇ ਅਪਰਾਧੀਆਂ ਵਿਰੁੱਧ ਹੋਰ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ ਤਾਂ ਜੋ ਉਹ ਆਪਣੇ ਫਾਇਦੇ ਲਈ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਨਾ ਕਰ ਸਕਣ।
—ਵਿਜੇ ਕੁਮਾਰ
ਸੋਨਮ ਅਤੇ ਸੀਆ : ਲੜਕਿਆਂ ਨੂੰ ਮੌਤ ਕਿਉਂ
NEXT STORY