ਅੱਜ ਦੇਸ਼ ’ਚ ਜਿੱਥੇ ਇਕ ਪਾਸੇ ਭ੍ਰਿਸ਼ਟਾਚਾਰ ਅਤੇ ਮਹਿੰਗਾਈ ਨੇ ਲੋਕਾਂ ਦਾ ਜਿਊਣਾ ਔਖਾ ਕੀਤਾ ਹੋਇਆ ਹੈ, ਉੱਥੇ ਦੂਜੇ ਪਾਸੇ ਸਮਾਜ ਵਿਰੋਧੀ ਅਨਸਰਾਂ ਅਤੇ ਵੱਖ-ਵੱਖ ਮਾਫੀਆਵਾਂ ਵਲੋਂ ਦੇਸ਼ ’ਚ ਹਿੰਸਾ ਦਾ ਸਿਲਸਿਲਾ ਰੁਕਣ ’ਚ ਨਹੀਂ ਆ ਰਿਹਾ ਅਤੇ ਅਜਿਹਾ ਲੱਗਦਾ ਹੈ ਕਿ ਜਿਵੇਂ ਦੇਸ਼ ਮਾਫੀਆ ਰਾਜ ਦੀ ਗ੍ਰਿਫਤ ’ਚ ਆਇਆ ਹੋਇਆ ਹੋਵੇ।
ਰੇਤ ਮਾਫੀਆ ਵਲੋਂ ਅੰਨ੍ਹੇਵਾਹ ਅਤੇ ਨਾਜਾਇਜ਼ ਮਾਈਨਿੰਗ ਕਾਰਨ ਚੌਗਿਰਦੇ ਨੂੰ ਭਾਰੀ ਨੁਕਸਾਨ ਪਹੁੰਚ ਰਿਹਾ ਹੈ ਅਤੇ ਪੁਲ ਆਦਿ ਵੀ ਕਮਜ਼ੋਰ ਹੋ ਰਹੇ ਹਨ। ਇਨ੍ਹਾਂ ਰੇਤ ਮਾਫੀਆਵਾਂ ਦੇ ਹੌਸਲੇ ਇੰਨੇ ਵਧ ਚੁੱਕੇ ਹਨ ਕਿ ਉਹ ਆਪਣੇ ਰਾਹ ’ਚ ਕੋਈ ਵੀ ਅੜਿੱਕਾ ਬਰਦਾਸ਼ਤ ਨਹੀਂ ਕਰਦੇ, ਜਿਸ ਦੀਆਂ ਪਿਛਲੇ ਲਗਭਗ ਸਾਢੇ ਤਿੰਨ ਮਹੀਨਿਆਂ ਦੀਆਂ ਘਟਨਾਵਾਂ ਹੇਠਾਂ ਦਰਜ ਹਨ :
* 18 ਮਾਰਚ ਨੂੰ ‘ਪਟਨਾ’ (ਬਿਹਾਰ) ’ਚ ਨਾਜਾਇਜ਼ ਰੇਤ ਮਾਈਨਿੰਗ ਵਿਰੁੱਧ ਕਾਰਵਾਈ ਦੌਰਾਨ ਰੇਤ ਮਾਫੀਆਵਾਂ ਨੇ ਪੁਲਸ ’ਤੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਪੁਲਸ ਨੂੰ ਘੇਰ ਕੇ ਪੱਥਰਬਾਜ਼ੀ ਅਤੇ ਫਾਇਰਿੰਗ ਕੀਤੀ। ਇਸ ਨਾਲ ਕਈ ਪੁਲਸ ਮੁਲਾਜ਼ਮ ਜ਼ਖਮੀ ਹੋ ਗਏ ਅਤੇ ਦਰਜਨਾਂ ਟਰੈਕਟਰ ਛੁਡਾ ਕੇ ਮੁਲਜ਼ਮ ਫਰਾਰ ਹੋ ਗਏ।
* 9 ਅਪ੍ਰੈਲ ਨੂੰ ‘ਮੁਰੈਨਾ’ (ਮੱਧ ਪ੍ਰਦੇਸ਼) ਦੇ ‘ਘੜਿਆਲ’ ਖੇਤਰ ’ਚ ‘ਹਰਕੇਸ਼ ਗੁਰਜਰ’ ਨਾਂ ਦੇ ਫਾਰੈਸਟ ਗਾਰਡ ਨੇ ਜਦੋਂ ਚੰਬਲ ਨਦੀ ਤੋਂ ਰੇਤ ਨਾਲ ਭਰੀ ਟਰੈਕਟਰ-ਟਰਾਲੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਰੇਤ ਮਾਫੀਆ ਨੇ ਉਸ ਨੂੰ ਟਰੈਕਟਰ-ਟਰਾਲੀ ਨਾਲ ਕੁਚਲ ਕੇ ਮਾਰ ਦਿੱਤਾ।
* 12 ਅਪ੍ਰੈਲ ਨੂੰ ‘ਫਿਰੋਜ਼ਪੁਰ’ (ਪੰਜਾਬ) ’ਚ ‘ਸਤਲੁਜ’ ਦੇ ਕੰਢੇ ਸਥਿਤ ‘ਕਮਾਲਵਾਲਾ’ ਅਤੇ ‘ਮੁੱਠੀਆਂ ਵਾਲਾ’ ਪਿੰਡਾਂ ’ਚ ਪੁਲਸ ਨੇ ਰੇਤ ਮਾਫੀਆ ਨਾਲ ਟਕਰਾਅ ਤੋਂ ਬਾਅਦ ਰੇਤ ਨਾਲ ਲੱਦੀਆਂ ਦੋ ਟਰਾਲੀਆਂ ਅਤੇ ਇਕ ਜੇ. ਸੀ. ਬੀ. ਮਸ਼ੀਨ ਜ਼ਬਤ ਕਰ ਕੇ ਦੋ ਮੁਲਜ਼ਮਾਂ ਵਿਰੁੱਧ ਨਾਜਾਇਜ਼ ਮਾਈਨਿੰਗ ਦੇ ਦੋਸ਼ ’ਚ ਕੇਸ ਦਰਜ ਕੀਤਾ।
* 11 ਮਈ ਨੂੰ ‘ਨਿਆਂਗੜ੍ਹ’ (ਓਡਿਸ਼ਾ) ਦੇ ‘ਓੜਗਾਂਵ’ ਥਾਣਾ ਖੇਤਰ ਦੇ ‘ਕਡਾਲੀਬਾਂਧਾ’ ਪਿੰਡ ’ਚ ਨਾਜਾਇਜ਼ ਰੇਤ ਮਾਈਨਿੰਗ ਦਾ ਵਿਰੋਧ ਕਰਨ ਵਾਲੇ ‘ਅਜੀਤ ਕੁਮਾਰ ਸਾਹੂ’ ਨਾਂ ਦੇ ਨੌਜਵਾਨ ਦੀ ਰੇਤ ਮਾਫੀਆ ਨੇ ਕੁਲਹਾੜੀ ਅਤੇ ਧਾਰਦਾਰ ਹਥਿਆਰਾਂ ਨਾਲ ਉਸ ਦੇ ਦੋਵੇਂ ਹੱਥ ਕੱਟ ਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ
* 27 ਮਈ ਨੂੰ ‘ਬਾਲਾਘਾਟ’ (ਮੱਧ ਪ੍ਰਦੇਸ਼) ’ਚ ਨਾਜਾਇਜ਼ ਮਾਈਨਿੰਗ ਕਰ ਕੇ ਰੇਤ ਨਾਲ ਭਰੀ ਟਰੈਕਟਰ-ਟਰਾਲੀ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ‘ਹੈਂਡ ਕਾਸਟੇਬਲ ਰਾਜੇਸ਼ਵਰ’ ਨੂੰ ਮਾਫੀਆ ਨੇ ਕੁਚਲ ਦਿੱਤਾ, ਿਜਸ ਕਾਰਨ ਉਸ ਦੇ ਸਰੀਰ ਦੀਆਂ ਕਈ ਹੱਡੀਆਂ ਟੁੱਟ ਗਈਆਂ।
* 29 ਮਈ ਨੂੰ ‘ਬਾਰਾ’ (ਰਾਜਸਥਾਨ) ’ਚ ਵਣ ਵਿਭਾਗ ਦੀ ਟੀਮ ਵਲੋਂ ‘ਛਿਪਾਬੜੋਦ’ ਖੇਤਰ ਦੀ ‘ਪੀਪਲਖੇੜਾ’ ਪਿੰਡ ’ਚ ਨਾਜਾਇਜ਼ ਰੇਤ ਲੈ ਕੇ ਜਾ ਰਹੇ ਟਰੈਕਟਰ ਨੂੰ ਰੋਕਣ ’ਤੇ ਮਾਈਨਿੰਗ ਮਾਫੀਆ ਨੇ ਉਸ ’ਤੇ ਹਮਲਾ ਕਰ ਕੇ ਉਨ੍ਹਾਂ ਦੀ ਸਰਕਾਰੀ ਗੱਡੀ ਤੋੜ ਦਿੱਤੀ ਅਤੇ 2 ਵਣਰੱਖਿਅਕਾਂ ‘ਸੰਜੇ ਮੀਣਾ’ ਅਤੇ ‘ਪ੍ਰਵੀਨ ਸ਼ਰਮਾ’ ਨੂੰ ਗੰਭੀਰ ਰੂਪ ’ਚ ਜ਼ਖਮੀ ਕਰ ਦਿੱਤਾ।
* 3 ਜੂਨ ਨੂੰ ‘ਸੁੰਦਰਗੜ੍ਹ’ (ਓਡਿਸ਼ਾ) ’ਚ ਨਾਜਾਇਜ਼ ਰੇਤ ਮਾਈਨਿੰਗ ਰੋਕਣ ਗਏ ਪੁਲਸ ਮੁਲਾਜ਼ਮਾਂ ਨੂੰ ਮਾਫੀਆਵਾਂ ਨੇ ਲਾਠੀ-ਡੰਡਿਆਂ ਅਤੇ ਮੁੱਕਿਆਂ ਨਾਲ ਬੁਰੀ ਤਰ੍ਹਾਂ ਕੁੱਟਿਆ ਅਤੇ ਉਹ ਪੁਲਸ ਵਲੋਂ ਜ਼ਬਤ ਕੀਤੀਆਂ ਗਈਆਂ 4 ਟਰਾਲੀਆਂ ਜਬਰੀ ਛੁਡਾ ਕੇ ਲੈ ਗਏ।
* 7 ਜੂਨ ਨੂੰ ‘ਚੰਬਲ’ (ਮੱਧ ਪ੍ਰਦੇਸ਼) ’ਚ ਨੈਸ਼ਨਲ ਹਾਈਵੇ 44 ’ਤੇ ਚੈਕਿੰਗ ਕਰ ਰਹੀ ਟਰਾਂਸਪੋਰਟ ਵਿਭਾਗ ਦੀ ਟੀਮ ’ਤੇ ਰੇਤ ਮਾਫੀਆਵਾਂ ਨੇ ਤੇਜ਼ ਰਫਤਾਰ ਟਰੈਕਟਰ-ਟਰਾਲੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਟਰਾਂਸਪੋਰਟ ਉਪਨਿਰੀਖਕ ਦੀ ਟੀਮ ਨੇ ਪਿੱਛਾ ਕਰ ਕੇ ਟਰੈਕਟਰ ਨੂੰ ਤਾਂ ਜ਼ਬਤ ਕਰ ਲਿਆ ਪਰ ਚਾਲਕ ਫਰਾਰ ਹੋ ਗਿਆ।
* 19 ਜੂਨ ਨੂੰ ‘ਦੇਵਗੜ੍ਹ’ (ਓਡਿਸ਼ਾ) ’ਚ ‘ਬਾਰਕੋਟ’ ਥਾਣਾ ਖੇਤਰ ਦੇ ‘ਿਸੰਗਹਾਸਲ’ ਪਿੰਡ ’ਚ ਰੇਤ ਮਾਫੀਆਵਾਂ ਨੇ ‘ਇੰਦਰਮੁੰਡਾ’ ਨਾਂ ਦੇ ਇਕ ਸਥਾਨਕ ਨੌਜਵਾਨ ਦੀ ਹੱਤਿਆ ਕਰ ਕੇ ਉਸ ਦੀ ਲਾਸ਼ ਨੂੰ ਉੱਥੇ ਹੀ ਦਫਨਾ ਦਿੱਤਾ।
* 26 ਜੂਨ ਨੂੰ ‘ਕੇਂਦਰਪਾੜਾ’ (ਓਡਿਸ਼ਾ) ’ਚ ਰਾਜਨਗਰ ਦੇ ਐਡੀਸ਼ਨਲ ਤਹਿਸੀਲਦਾਰ ‘ਆਸ਼ੀਸ਼ ਕੁਮਾਰ ਜੇਨਾ’ ਵਲੋਂ ਨਾਜਾਇਜ਼ ਰੇਤ ਮਾਈਨਿੰਗ ਨੂੰ ਰੋਕਣ ’ਤੇ ਰੇਤ ਮਾਫੀਆ ਨੇ ਉਸ ਨਾਲ ਕੁੱਟਮਾਰ ਅਤੇ ਗਾਲੀ-ਗਲੋਚ ਕੀਤਾ। ਸਥਾਨਕ ਲੋਕਾਂ ਨੇ ਦਖਲ ਦੇ ਕੇ ‘ਆਸ਼ੀਸ਼ ਕੁਮਾਰ ਜੇਨਾ’ ਨੂੰ ਤਾਂ ਬਚਾਅ ਲਿਆ ਪਰ ਮਾਫੀਆ ਦੇ ਮੈਂਬਰ ਰੇਤ ਨਾਲ ਭਰਿਆ ਟਰੱਕ ਲੈ ਕੇ ਦੌੜਨ ’ਚ ਸਫਲ ਹੋ ਗਏ।
ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਅੱਜ ਵੱਖ-ਵੱਖ ਖੇਤਰਾਂ ’ਚ ਰੇਤ ਮਾਫੀਆ ਦੀਆਂ ਸਰਗਰਮੀਆਂ ਅਤੇ ਹੌਸਲੇ ਇਸ ਕਦਰ ਵਧੇ ਹੋਏ ਹਨ ਅਤੇ ਆਮ ਆਦਮੀ ਹੀ ਨਹੀਂ, ਪ੍ਰਸ਼ਾਸਨ ਵੀ ਮਾਫੀਆ ਦੇ ਹੱਥੋਂ ਬੰਧਕ ਬਣ ਕੇ ਰਹਿ ਗਿਆ ਹੈ। ਇਸ ਲਈ ਮਾਫੀਆ ਵਿਰੁੱਧ ਸਖਤ ਮੁਹਿੰਮ ਛੇੜ ਕੇ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕੀਤੇ ਬਿਨਾਂ ਇਸ ਸਮੱਸਿਆ ਦਾ ਹੱਲ ਸੰਭਵ ਨਹੀਂ।
–ਵਿਜੇ ਕੁਮਾਰ
ਦਿੱਲੀ ਅਤੇ ਸ਼੍ਰੀਨਗਰ ’ਚ ਸੰਵਾਦ ਜ਼ਰੂਰੀ
NEXT STORY