ਦੇਸ਼ ’ਚ ਬੇਰੁਜ਼ਗਾਰੀ ਦੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ ਅਤੇ ਕੇਂਦਰ ਤੇ ਰਾਜ ਸਰਕਾਰਾਂ ਵੱਲੋਂ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਦੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ। ਇਸੇ ਕਰਕੇ ਦੇਸ਼ ਦੇ ਵੱਖ-ਵੱਖ ਰਾਜਾਂ ’ਚੋਂ ਨੌਜਵਾਨ ਹਿਜਰਤ ਕਰਕੇ ਰੁਜ਼ਗਾਰ ਦੀ ਭਾਲ ’ਚ ਦੂਜੇ ਦੇਸ਼ਾਂ ਨੂੰ ਜਾ ਰਹੇ ਹਨ ਅਤੇ ਜੋ ਵਿਦੇਸ਼ ਜਾਣ ਦਾ ਜੁਗਾੜ ਨਹੀਂ ਕਰ ਪਾਉਂਦੇ, ਉਨ੍ਹਾਂ ’ਚੋਂ ਬਹੁਤ ਸਾਰੇ ਨੌਕਰੀ ਦਿਵਾਉਣ ਦਾ ਲਾਲਚ ਦੇ ਕੇ ਠੱਗਣ ਵਾਲੇ ਗਿਰੋਹਾਂ ਦਾ ਸ਼ਿਕਾਰ ਬਣ ਰਹੇ ਹਨ, ਜੋ ਇਸੇ ਸਾਲ ਦੀਆਂ ਹੇਠਾਂ ਦਰਜ ਘਟਨਾਵਾਂ ਤੋਂ ਸਪੱਸ਼ਟ ਹੈ :
* 2 ਜਨਵਰੀ ਨੂੰ ‘ਅਨੂਪਸ਼ਹਿਰ’ (ਉੱਤਰ ਪ੍ਰਦੇਸ਼) ਦੇ ਇਕ ਨੌਜਵਾਨ ‘ਅੰਕਿਤ ਕੁਮਾਰ’ ਨੂੰ ਗ੍ਰਹਿ ਮੰਤਰਾਲੇ ’ਚ ਡਾਟਾ ਐਂਟਰੀ ਆਪ੍ਰੇਟਰ ਦੀ ਨੌਕਰੀ ਦਿਵਾਉਣ ਦਾ ਲਾਲਚ ਦੇ ਕੇ ਉਸ ਨਾਲ 16 ਲੱਖ ਰੁਪਏ ਦੀ ਧੋਖਾਦੇਹੀ ਕਰਨ ਦੇ ਦੋਸ਼ ’ਚ ਦਿੱਲੀ ਦੀ ਇਕ ਮਹਿਲਾ ਵਿਰੁੱਧ ਕੇਸ ਦਰਜ ਕੀਤਾ ਗਿਆ।
* 1 ਮਾਰਚ ਨੂੰ ‘ਨੋਇਡਾ’ (ਉੱਤਰ ਪ੍ਰਦੇਸ਼) ’ਚ ਵਿਦੇਸ਼ ’ਚ ਉੱਚੀ ਸੈਲਰੀ ਵਾਲੀ ਨੌਕਰੀ ਦਿਵਾਉਣ ਦਾ ਲਾਲਚ ਦੇ ਕੇ 100 ਤੋਂ ਵੱਧ ਲੋਕਾਂ ਕੋਲੋਂ ਲਗਭਗ 70 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ 2 ਜਾਅਲਸਾਜ਼ਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ।
* 13 ਮਾਰਚ ਨੂੰ ‘ਗੁਰੂਗ੍ਰਾਮ’ ’ਚ ‘ਵਰਕ ਇੰਡੀਆ ਐਪ’ ਜ਼ਰੀਏ ‘ਸ਼ਿਸ ਕਾਰਪੋਰੇਸ਼ਨ’ ਨਾਂ ਦੀ ਫ਼ਰਜ਼ੀ ਕੰਪਨੀ ਬਣਾ ਕੇ ਬੇਰੁਜ਼ਗਾਰਾਂ ਕੋਲੋਂ ਟ੍ਰੇਨਿੰਗ ਅਤੇ ਵੈਰੀਫਿਕੇਸ਼ਨ ਦੇ ਨਾਂ ’ਤੇ ਪੈਸੇ ਵਸੂਲਣ ਵਾਲੇ ਗਿਰੋਹ ਵਿਰੁੱਧ ਐੱਫ. ਆਈ. ਆਰ. ਦਰਜ ਕੀਤੀ ਗਈ।
* 30 ਮਾਰਚ ਨੂੰ ‘ਠਾਣੇ’ (ਮਹਾਰਾਸ਼ਟਰ) ’ਚ ਇਕ ਬੇਰੁਜ਼ਗਾਰ ਨੌਜਵਾਨ ਨੂੰ ਰੂਸ ’ਚ ਚੰਗੀ ਨੌਕਰੀ ਦਿਵਾਉਣ ਦਾ ਲਾਲਚ ਦੇ ਕੇ ਉਸ ਕੋਲੋਂ 2.92 ਲੱਖ ਰੁਪਏ ਠੱਗਣ ਦੇ ਦੋਸ਼ ’ਚ ਇਕ ਮਹਿਲਾ ਸਮੇਤ 3 ਲੋਕਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ।
* 5 ਮਈ ਨੂੰ ‘ਰਾਏਪੁਰ’ (ਛੱਤੀਸਗੜ੍ਹ) ਦਿਹਾਤੀ ਪੁਲਸ ਨੇ ਸਰਕਾਰੀ ਵਿਭਾਗਾਂ ’ਚ ਨੌਕਰੀ ਦਿਵਾਉਣ ਦੇ ਨਾਂ ’ਤੇ 34 ਲੋਕਾਂ ਕੋਲੋਂ ਕਰੋੜਾਂ ਰੁਪਏ ਦੀ ਵਸੂਲੀ ਕਰਨ ਵਾਲੇ ਇਕ ਅਧਿਆਪਕ ਅਤੇ ਕਲਰਕ ਨੂੰ ਗ੍ਰਿਫ਼ਤਾਰ ਕੀਤਾ।
* 28 ਮਈ ਨੂੰ ‘ਜਬਲਪੁਰ’ (ਮੱਧ ਪ੍ਰਦੇਸ਼) ’ਚ ਨੌਕਰੀ ਲਗਵਾਉਣ ਦਾ ਲਾਲਚ ਦੇ ਕੇ ਇਕ ਨੌਜਵਾਨ ਕੋਲੋਂ 1.26 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ। ਮੁਲਜ਼ਮ ਖ਼ੁਦ ਨੂੰ ਨੇਤਾਵਾਂ ਦਾ ਨਜ਼ਦੀਕੀ ਦੱਸ ਕੇ ਲੋਕਾਂ ਕੋਲੋਂ ਰੁਪਏ ਵਸੂਲਦਾ ਸੀ।
* 3 ਜੂਨ ਨੂੰ ‘ਖਟੀਮਾ’ (ਉੱਤਰਾਖੰਡ) ’ਚ ਇਕ ਵਿਅਕਤੀ ਨੂੰ ਸਰਕਾਰੀ ਨੌਕਰੀ ਦਿਵਾਉਣ ਦਾ ਲਾਲਚ ਦੇ ਕੇ ਅਤੇ ਉਸ ਨੂੰ ਫ਼ਰਜ਼ੀ ਨਿਯੁਕਤੀ ਪੱਤਰ ਦੇ ਕੇ ਉਸ ਕੋਲੋਂ 21 ਲੱਖ ਰੁਪਏ ਠੱਗ ਲੈਣ ਦੇ ਦੋਸ਼ ’ਚ ਪੁਲਸ ਨੇ ਕੇਸ ਦਰਜ ਕੀਤਾ।
* 4 ਜੂਨ ਨੂੰ ‘ਪੁਣੇ’ (ਮਹਾਰਾਸ਼ਟਰ) ਦੇ ‘ਹਿੰਜਵਾੜੀ ਫੇਜ਼-2’ ਸਥਿਤ ‘ਥਿੰਕ ਟੈਕਨਾਲੋਜੀ ਇੰਡੀਆ’ ਨਾਂ ਦੀ ਕੰਪਨੀ ਵੱਲੋਂ ਸੈਂਕੜੇ ਇੰਜੀਨੀਅਰਿੰਗ ਗ੍ਰੈਜੂਏਟਸ, ਫ੍ਰੈਸ਼ਰਸ ਅਤੇ ਇੰਟਰਨਸ ਨੂੰ ਨੌਕਰੀ, ਸਟਾਈਪੈਂਡ ਤੇ ਸਥਾਈ ਰੁਜ਼ਗਾਰ ਦਾ ਸੁਪਨਾ ਦਿਖਾ ਕੇ ਲੱਖਾਂ ਰੁਪਏ ਠੱਗ ਲੈਣ ਦੇ ਦੋਸ਼ ’ਚ ਕੰਪਨੀ ਦੇ ਸੀ. ਈ. ਓ. ‘ਹਰਸ਼ਲ ਠਾਕਰੇ’ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਦਕਿ ਬਾਕੀ ਮੁਲਜ਼ਮਾਂ ਦੀ ਭਾਲ ਜਾਰੀ ਹੈ।
* 5 ਜੂਨ ਨੂੰ ‘ਨੋਇਡਾ’ (ਉੱਤਰ ਪ੍ਰਦੇਸ਼) ’ਚ ਹੋਟਲ ਮੈਨੇਜਮੈਂਟ ਦੇ ਵਿਦਿਆਰਥੀਆਂ ਨੂੰ ਵਿਦੇਸ਼ੀ ਕਰੂਜ਼ ’ਤੇ ਨੌਕਰੀ ਦਿਵਾਉਣ ਦਾ ਲਾਲਚ ਦੇ ਕੇ 52 ਲੱਖ ਰੁਪਏ ਦੀ ਠੱਗੀ ਕਰਨ ਦਾ ਭਾਂਡਾ ਭੱਜਾ। ਠੱਗਾਂ ਨੇ ਸੋਸ਼ਲ ਮੀਡੀਆ ਇਸ਼ਤਿਹਾਰਾਂ ਅਤੇ ਫ਼ਰਜ਼ੀ ਇੰਟਰਵਿਊਆਂ ਰਾਹੀਂ ਵਿਦਿਆਰਥੀਆਂ ਨੂੰ ਜਾਲ ’ਚ ਫਸਾਇਆ ਸੀ।
* 5 ਜੂਨ ਨੂੰ ਹੀ ‘ਸਿਰਸਾ’ (ਹਰਿਆਣਾ) ਦੇ ‘ਨਾਥੂਸਰੀ ਚੌਪਟਾ’ ਪਿੰਡ ’ਚ ‘ਅਲੀ ਮੁਹੰਮਦ’ ਨਾਂ ਦੇ ਨੌਜਵਾਨ ਨੂੰ ਵਿਦੇਸ਼ ’ਚ ਨੌਕਰੀ ਦਿਵਾਉਣ ਦਾ ਲਾਲਚ ਦੇ ਕੇ ਉਸ ਕੋਲੋਂ 1.90 ਲੱਖ ਰੁਪਏ ਠੱਗਣ ਦੇ ਦੋਸ਼ ’ਚ ਰਾਜਸਥਾਨ ਦੇ ਇਕ ਮੁਲਜ਼ਮ ਵਿਰੁੱਧ ਪੁਲਸ ਨੇ ਕੇਸ ਦਰਜ ਕੀਤਾ।
* ਅਤੇ ਹੁਣ 6 ਜੂਨ ਨੂੰ ‘ਗਵਾਲੀਅਰ’ (ਮੱਧ ਪ੍ਰਦੇਸ਼) ਦੇ ‘ਮਹਾਰਾਜਪੁਰਾ’ ’ਚ ਇਕ ਟਾਂਗਾ ਚਲਾਉਣ ਵਾਲੇ ਨੂੰ ਨਗਰ ਨਿਗਮ ’ਚ ਨੌਕਰੀ ਦਿਵਾਉਣ ਦਾ ਲਾਲਚ ਦੇ ਕੇ ਉਸ ਕੋਲੋਂ 2.25 ਲੱਖ ਰੁਪਏ ਠੱਗ ਲੈਣ ਦੇ ਦੋਸ਼ ’ਚ ਪੁਲਸ ਨੇ ਇਕ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ।
ਇਹ ਤਾਂ ਉਹ ਕੁਝ ਚੋਣਵੀਆਂ ਉਦਾਹਰਣਾਂ ਹਨ ਜੋ ਅਖ਼ਬਾਰਾਂ ’ਚ ਪ੍ਰਕਾਸ਼ਿਤ ਹੋਈਆਂ ਹਨ। ਇਨ੍ਹਾਂ ਤੋਂ ਇਲਾਵਾ ਵੀ ਪਤਾ ਨਹੀਂ ਅਜਿਹੇ ਕਿੰਨੇ ਮਾਮਲੇ ਹੋਏ ਹੋਣਗੇ ਜਿਨ੍ਹਾਂ ਦੀ ਰਿਪੋਰਟ ਦਰਜ ਨਹੀਂ ਹੋਈ ਹੈ। ਇਸ ਲਈ, ਨੌਕਰੀ ਪਾਉਣ ਦੇ ਉਤਾਲਵੇਪਣ ’ਚ ਨੌਕਰੀ ਦਿਵਾਉਣ ਦਾ ਦਾਅਵਾ ਕਰਨ ਵਾਲੇ ਲੋਕਾਂ ਦੀ ਚੰਗੀ ਤਰ੍ਹਾਂ ਪੜਤਾਲ ਕਰਨ ਅਤੇ ਕੰਮ ਹੋ ਜਾਣ ਤੋਂ ਬਾਅਦ ਹੀ ਉਨ੍ਹਾਂ ਨੂੰ ਪੈਸੇ ਦੇਣੇ ਚਾਹੀਦੇ ਹਨ।
ਅਜਿਹੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੁਲਸ ਨੂੰ ਮੁਲਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਰੁਜ਼ਗਾਰ ਦੇ ਢੁੱਕਵੇਂ ਮੌਕੇ ਪੈਦਾ ਕਰਨੇ ਚਾਹੀਦੇ ਹਨ। ਅਜਿਹਾ ਕਰਕੇ ਹੀ ਨੌਜਵਾਨਾਂ ਨੂੰ ਇਸ ਤਰ੍ਹਾਂ ਦੀ ਠੱਗੀ ਤੋਂ ਬਚਾਇਆ ਜਾ ਸਕਦਾ ਹੈ।
–ਵਿਜੇ ਕੁਮਾਰ
ਅਜਿਹੀਆਂ ਹੱਤਿਆਵਾਂ ’ਤੇ ਅਸੀਂ ਕਿਹੋ ਜਿਹਾ ਵਿਵਹਾਰ ਕਰੀਏ
NEXT STORY