ਡਾ. ਵੇਦਪ੍ਰਤਾਪ ਵੈਦਿਕ
ਗਲਵਾਨ ਘਾਟੀ ’ਚ ਹੋਏ ਹੱਤਿਆ ਕਾਂਡ ’ਤੇ ਵਿਰੋਧੀ ਨੇਤਾ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤਿੱਖੇ ਦੋਸ਼ ਲਗਾ ਰਹੇ ਹਨ ਤਾਂ ਚੀਨੀ ਅਖਬਾਰ ਉਨ੍ਹਾਂ ਦੇ ਸੰਜਮ ਦੀਆਂ ਤਾਰੀਫਾਂ ਕਰ ਰਹੇ ਹਨ। ਕਾਂਗਰਸੀ ਯੁਵਰਾਜ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਇਹ , ‘ਨਰੇਂਦਰ’ ਮੋਦੀ ਨਹੀਂ, ‘ਸਰੇਂਡਰ’ ਮੋਦੀ ਹਨ। ਭਾਵ ਮੋਦੀ ਨੇ ਚੀਨੀਆਂ ਦੇ ਅੱਗੇ ਆਤਮ-ਸਮਰਪਣ ਕਰ ਦਿੱਤਾ ਹੈ। ਮੋਦੀ ਨੇ ਜਾਣਬੂਝ ਕੇ ਭਾਰਤੀ ਜ਼ਮੀਨ ਚੀਨ ਨੂੰ ਸੌਂਪ ਦਿੱਤੀ ਹੈ। ਰਾਹੁਲ ਦੀ ਇਸ ਜੁਮਲੇਬਾਜ਼ੀ ’ਤੇ ਮੈਨੂੰ ਖਾਸ ਹੈਰਾਨੀ ਨਹੀਂ ਹੋਈ ਕਿਉਂਕਿ ਆਸ ਪਾਸ ਬੈਠੇ ਕਿਸੇ ਆਦਮੀ ਨੇ ਜਿਵੇਂ ਚਾਬੀ ਭਰੀ, ਗੁੱਡੇ ਨੇ ਉਵੇਂ ਨਾਚ ਦਿਖਾ ਦਿੱਤਾ। ਹਾਂ, ਇਹ ਤਾਂ ਮੰਨਣਾ ਪਵੇਗਾ ਕਿ ‘ਨਰੇਂਦਰ’ ਨੂੰ ‘ਸਰੇਂਡਰ’ ਕਹਿ ਕੇ ਤੁੱਕ ਬੰਦੀ ’ਚ ਰਾਹੁਲ ਨੇ ਮੋਦੀ ਮਾਤ ਕਰ ਦਿੱਤਾ ਹੈ। ਚੰਗਾ ਹੁੰਦਾ ਕਿ ਸਾਡੇ ਨੇਤਾ ਜਨਤਕ ਤੌਰ ’ਤੇ ਇਸ ਤਰ੍ਹਾਂ ਦੇ ਬਿਆਨ ਦੇਣ ਦੀ ਬਜਾਏ ਇਸ ਰਾਸ਼ਟਰੀ ਦੁੱਖ ਅਤੇ ਨਿਰਾਦਰ ਦੀ ਘੜੀ ’ਚ ਘਰ ’ਚ ਬੈਠ ਕੇ ਸਮੇਂ ਅਨੁਸਾਰ ਸਲਾਹ-ਮਸ਼ਵਰਾ ਕਰਦੇ ਅਤੇ ਅਗਲੀ ਰਣਨੀਤੀ ਬਣਾਉਂਦੇ।
ਜੇਕਰ ਮੋਦੀ ਵੀ ਚਾਹੁੰਦੇ ਤਾਂ ਜਵਾਹਰ ਲਾਲ ਨਹਿਰੂ ਵਾਂਗ ਆਕੜ ਦਿਖਾ ਸਕਦੇ ਸਨ। ਜਿਵੇਂ ਨਹਿਰੂ ਨੇ 1962 ’ਚ ਸ਼੍ਰੀਲੰਕਾ ਯਾਤਰਾ ’ਤੇ ਜਾਂਦੇ ਹੋਏ ਕਿਹਾ ਸੀ ਕਿ ਮੈਂ ਭਾਰਤੀ ਫੌਜੀਆਂ ਨੂੰ ਹੁਕਮ ਦੇ ਦਿੱਤਾ ਹੈ ਕਿ ਚੀਨੀਆਂ ਨੂੰ ਆਪਣੀਆਂ ਸਰਹੱਦਾਂ ਤੋਂ ਮਾਰ ਭਜਾਓ। ਅਜਿਹਾ ਹੁਕਮ ਮੌਜੂਦਾ ਸਰਕਾਰ ਦੇ ਦਿੰਦੀ ਤਾਂ ਉਸਦੇ ਨਤੀਜੇ ਕੀ ਹੁੰਦੇ? ਅਜਿਹਾ ਹੁਕਮ ਜਾਰੀ ਕਰਨ ਦੀ ਬਜਾਏ ਮੋਦੀ ਨੇ ਸਾਰੀ ਕੂਟਨੀਤੀ ਦਾ ਭਾਰ ਆਪਣੇ ਹੀ ਮੋਢਿਆਂ ’ਤੇ ਪਾ ਲਿਆ ਹੈ। ਉਨ੍ਹਾਂ ਕਹਿ ਦਿੱਤਾ ਹੈ ਕਿ ਭਾਰਤ ਦੀ ਸਰਹੱਦ ’ਚ ਕੋਈ ਦਾਖਲ ਨਹੀਂ ਹੋਇਆ। ਭਾਰਤ ਦੀ ਜ਼ਮੀਨ ’ਤੇ ਕਿਸੇ ਦਾ ਵੀ ਕਬਜ਼ਾ ਨਹੀਂ ਹੋਇਆ ਹੈ। ਜੇਕਰ ਅਜਿਹਾ ਹੀ ਹੈ ਤਾਂ ਇਹ ਸਾਰਾ ਬਵਾਲ ਹੋਇਆ ਹੀ ਕਿਉਂ ਹੈ?
ਇਸ ਸਬੰਧ ’ਚ 16 ਜੂਨ ਤੋਂ ਹੀ ਮੈਂ ਕਈ ਸਵਾਲ ਕਰ ਚੁੱਕਾ ਹੈ। ਉਨ੍ਹਾਂ ਨੂੰ ਹੁਣ ਦੁਹਰਾਉਣ ਦੀ ਲੋੜ ਨਹੀਂ ਹੈ ਪਰ ਉਨ੍ਹਾਂ ਸਵਾਲਾਂ ’ਚੋਂ ਇਕ ਦਾ ਜਵਾਬ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੇ ਦਿੱਤਾ ਹੈ। ਉਨ੍ਹਾਂ ਨੇ ਫੌਜ ਨੰੂ ਕਿਹਾ ਹੈ ਕਿ ਹੁਣ ਉਹ ਸਰਹੱਦ ’ਤੇ ਦੇਖ-ਰੇਖ ਅਤੇ ਗੱਲਬਾਤ ਲਈ ਜਾਣ ਤਾਂ ਨਿਹੱਥੇ ਨਾ ਜਾਣ। ਹਥਿਆਬੰਦ ਹੋ ਕੇ ਜਾਣ। ਚੀਨੀਆਂ ਨੰੂ ਵੀ ਸਮਝ ’ਚ ਆ ਗਿਆ ਹੋਵੇਗਾ ਕਿ ਹੁਣ ਉਹ 15 ਜੂਨ ਦੀ ਰਾਤ ਦੁਬਾਰਾ ਦੋਹਰਾ ਨਾ ਸਕਣਗੇ। ਮੋਦੀ ਜੀ ਦਾ ਕੀ ਹੋਵੇਗਾ?
ਉਹ ਤਾਂ ਨਹਿਰੂ ਜੀ ਨਾਲੋਂ ਵੀ ਜ਼ਿਆਦਾ ਫਸ ਗਏ ਹਨ। ਨਹਿਰੂ ਨੇ 1962 ’ਚ ਇੰਨੀ ਹਿੰਮਤ ਤਾਂ ਦਿਖਾਈ ਕਿ ਚੀਨੀਆਂ ਨੂੰ ਬਾਹਰ ਕੱਢਣ ਦਾ ਹੁਕਮ ਉਨ੍ਹਾਂ ਨੇ ਦੇ ਦਿੱਤਾ ਸੀ। ਇਥੇ ਤਾਂ ਗੱਲ ਕਰਨ ਦੀ ਵੀ ਹਿੰਮਤ ਦੀ ਘਾਟ ਹੈ। ਚੀਨ ਦੇ ਸਰਕਾਰੀ ਅਖਬਾਰਾਂ ਅਤੇ ਵਿਦੇਸ਼ ਨੀਤੀ ਮਾਹਿਰਾਂ ਨੇ ਗਲਵਾਨ ਕਾਂਡ ’ਤੇ ਮੋਦੀ ਦੀ ਨਰਮੀ ਅਤੇ ਸੰਜਮ ਦੀ ਸ਼ਲਾਘਾ ਕੀਤੀ ਹੈ। ਅਜੇ ਵੀ ਮੌਕਾ ਹੈ ਕਿ ਮੋਦੀ ਪਹਿਲ ਕਰ ਕੇ ਇਸ ਬੜੇ ਹੀ ਦੁਖਦਾਈ ਕਾਂਡ ਤੋਂ ਅੱਗੇ ਵਧਣ। ਆਪਣੀ ਦੁਚਿਤੀ ਨੂੰ ਖਤਮ ਕਰਨ ਜਾਂ ਤਾਂ ਜਵਾਬੀ ਹਮਲਾ ਕਰਨ ਜਾਂ ਸ਼ੀ ਜਿਨਪਿੰਗ ਨਾਲ ਗੱਲ ਕਰਨ! ਮਾਮਲੇ ਨੂੰ ਸੁਲਝਾਉਣ ਨਹੀਂ ਤਾਂ ਜੋ ਜਨਤਾ ਅੱਜ ਚੀਨ ਦੇ ਵਿਰੱੁਧ ਉੱਠ ਖੜ੍ਹੀ ਹੋਈ ਹੈ ਉਹ ਕੱਲ ਮੋਦੀ ਦੇ ਵਿਰੁੱਧ ਉੱਠ ਖੜ੍ਹੀ ਹੋ ਸਕਦੀ ਹੈ। ਰਾਸ਼ਟਰੀ ਸਵੈਮ ਸੇਵਕ ਸੰਘ ਦੇ ਲੋਕ ਇਸ ਸਮੇਂ ਜਿਸ ਪਰੇਸ਼ਾਨੀ ਨੂੰ ਮਹਿਸੂਸ ਕਰ ਰਹੇ ਹਨ ਕੀ ਮੋਦੀ ਨੂੰ ਉਸਦਾ ਅੰਦਾਜ਼ਾ ਹੈ।
ਚੀਨੀ ਮਾਲ ਦੇ ਬਾਈਕਾਟ ਦੀ ਥਾਂ ਉਦਮਿਤਾ ਨਾਲ ਹਰਾਓ
NEXT STORY