‘ਡੋਨਾਲਡ ਟਰੰਪ’ ਨੇ ਇਸ ਸਾਲ 20 ਜਨਵਰੀ ਨੂੰ ਅਮਰੀਕਾ ਦੇ ਰਾਸ਼ਟਰਪਤੀ ਦੇ ਰੂਪ ’ਚ ਆਪਣੀ ਦੂਜੀ ਪਾਰੀ ਸ਼ੁਰੂ ਕਰਨ ਦੇ ਤੁਰੰਤ ਬਾਅਦ ਅਨੇਕ ਅਜਿਹੇ ਫੈਸਲੇ ਲਏ ਜਿਨ੍ਹਾਂ ਨਾਲ ਅਮਰੀਕਾ ਸਮੇਤ ਦੁਨੀਆ ਭਰ ’ਚ ਰੋਸ ਭੜਕ ਪਿਆ। ਉਨ੍ਹਾਂ ਦੀਆਂ ਨੀਤੀਆਂ ਵਿਰੁੱਧ ਪ੍ਰਦਰਸ਼ਨ ਤੱਕ ਹੋਏ। ਉਨ੍ਹਾਂ ਦੇ ਅਨੇਕ ਫੈਸਲਿਆਂ ਨੂੰ ਅਦਾਲਤਾਂ ’ਚ ਚੁਣੌਤੀਆਂ ਦਿੱਤੀਆਂ ਗਈਆਂ ਅਤੇ ਅਦਾਲਤਾਂ ਨੇ ਉਨ੍ਹਾਂ ਦੇ ਕੁਝ ਫੈਸਲਿਆਂ ਨੂੰ ਰੱਦ ਵੀ ਕਰ ਦਿੱਤਾ।
ਡੋਨਾਲਡ ਟਰੰਪ ਵਾਰ-ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਆਪਣੇ ਅਪਣੱਤ ਭਰੇ ਸੰਬੰਧ ਜ਼ਾਹਿਰ ਕਰਦੇ ਰਹੇ ਹਨ ਪਰ ਉਨ੍ਹਾਂ ਨੇ ਵੱਖ-ਵੱਖ ਦੇਸ਼ਾਂ ਵਿਰੁੱਧ ‘ਟੈਰਿਫ’ ਦਾ ਹਊਆ ਖੜ੍ਹਾ ਕਰਨ ਦੇ ਨਾਲ ਹੀ ਭਾਰਤ ਨੂੰ ਵੀ ਇਸ ’ਚ ਲਪੇਟ ਲਿਆ।
ਹਾਲਾਂਕਿ ਵਿਚ-ਵਿਚ ਉਹ ਪ੍ਰਧਾਨ ਮੰਤਰੀ ‘ਨਰਿੰਦਰ ਮੋਦੀ’ ਨੂੰ ਆਪਣਾ ਪਰਮ ਮਿੱਤਰ ਵੀ ਦੱਸਦੇ ਰਹੇ ਪਰ ਦੂਜੇ ਪਾਸੇ 2 ਅਪ੍ਰੈਲ, 2025 ਨੂੰ ਭਾਰਤ ਅਤੇ ਵਿਸ਼ਵ ਦੇ ਅਨੇਕ ਦੇਸ਼ਾਂ ’ਤੇ 25 ਫੀਸਦੀ ਟੈਰਿਫ ਲਗਾਉਣ ਦਾ ਐਲਾਨ ਕਰ ਦਿੱਤਾ ਪਰ ਇਸ ਦਾ ਅਮਲ ਕੁਝ ਦਿਨਾਂ ਲਈ ਰੋਕ ਦਿੱਤਾ ਅਤੇ ਇਸ ਤੋਂ ਬਾਅਦ :
* 30 ਜੁਲਾਈ, 2025 ਨੂੰ ‘ਡੋਨਾਲਡ ਟਰੰਪ’ ਨੇ ਐਲਾਨ ਕੀਤਾ ਕਿ ਭਾਰਤ ਤੋਂ ਦਰਾਮਦੀ ਸਾਮਾਨ ’ਤੇ 25 ਫੀਸਦੀ ਟੈਰਿਫ ਲਗਾਇਆ ਜਾਵੇਗਾ।
* 1 ਅਗਸਤ, 2025 ਨੂੰ ਉਕਤ 25 ਫੀਸਦੀ ਟੈਰਿਫ ਪ੍ਰਭਾਵੀ ਹੋਇਆ।
* 6 ਅਗਸਤ, 2025 ਨੂੰ ‘ਡੋਨਾਲਡ ਟਰੰਪ’ ਨੇ ਭਾਰਤ ਵਲੋਂ ਰੂਸ ਤੋਂ ਤੇਲ ਖਰੀਦ ਨੂੰ ਕਾਰਨ ਦੱਸ ਕੇ ਵਾਧੂ 25 ਫੀਸਦੀ ਟੈਰਿਫ ਲਗਾਉਣ ਦਾ ਹੁਕਮ ਜਾਰੀ ਕਰ ਦਿੱਤਾ।
* 27 ਅਗਸਤ, 2025 ਨੂੰ ਕੁਲ ਮਿਲਾ ਕੇ ਭਾਰਤ ਤੋਂ ਦਰਾਮਦੀ ਸਾਮਾਨ ’ਤੇ 50 ਫੀਸਦੀ ਟੈਰਿਫ ਪ੍ਰਭਾਵੀ ਹੋ ਗਿਆ।
ਫਿਰ 19 ਸਤੰਬਰ ਨੂੰ ‘ਡੋਨਾਲਡ ਟਰੰਪ’ ਨੇ ‘ਐੱਚ-1 ਬੀ ਵੀਜ਼ਾ’ ਉੱਤੇ ਵੀ ਸਖਤ ਰੁਖ਼ ਅਪਣਾਇਆ ਅਤੇ ਇਸ ਦੀ ਅਰਜ਼ੀ ਅਤੇ ਨਵੀਨੀਕਰਨ ਫੀਸ 1000 ਡਾਲਰ ਤੋਂ ਵਧਾ ਕੇ 1,00,000 ਡਾਲਰ (ਲਗਭਗ 88 ਲੱਖ ਰੁਪਏ) ਕਰ ਦਿੱਤੀ।
‘ਡੋਨਾਲਡ ਟਰੰਪ’ ਦੇ ਅਨੁਸਾਰ ਇਸ ਦਾ ਉਦੇਸ਼ ਵਿਦੇਸ਼ੀ ਕਾਮਿਆਂ ਦਾ ਅਮਰੀਕਾ ’ਚ ਆਉਣਾ ਰੋਕ ਕੇ ਸਥਾਨਕ ਪ੍ਰਤਿਭਾਵਾਂ ਨੂੰ ਅੱਗੇ ਵਧਾਉਣਾ ਅਤੇ ਕੰਪਨੀਆਂ ’ਤੇ ਵਿਦੇਸ਼ੀ ਕਰਮਚਾਰੀਆਂ ਦੀ ਨਿਰਭਰਤਾ ਘੱਟ ਕਰ ਕੇ ਸਥਾਨਕ ਨੌਕਰੀਆਂ ਦੀ ਰੱਖਿਆ ਕਰਨਾ ਸੀ।
ਅਮਰੀਕਾ ਦੀ ਇਕ ਅਦਾਲਤ ’ਚ ਇਸ ਹੁਕਮ ਦੇ ਵਿਰੁੱਧ ਪਟੀਸ਼ਨ ਦਾਇਰ ਕਰ ਕੇ ਕਿਹਾ ਗਿਆ ਹੈ ਕਿ ਇਸ ਨਾਲ ਨੌਕਰੀ ਦੇਣ ਵਾਲਿਆਂ ਅਤੇ ਕਰਮਚਾਰੀਆਂ ਵਿਚਾਲੇ ਹਫੜਾ-ਦਫੜੀ ਫੈਲ ਗਈ ਹੈ ਜਿਸ ਤੋਂ ਬਾਅਦ 21 ਅਕਤੂਬਰ ਨੂੰ ‘ਡੋਨਾਲਡ ਟਰੰਪ’ ਨੇ ਇਹ ਕਹਿੰਦੇ ਹੋਏ ‘ਐੱਚ-1ਬੀ ਵੀਜ਼ਾ’ ਧਾਰਕਾਂ ਨੂੰ ਛੋਟ ਦੇਣ ਦਾ ਐਲਾਨ ਕਰ ਦਿੱਤਾ ਕਿ ਇਹ ਫੀਸ ਅਮਰੀਕਾ ਦੇ ਅੰਦਰ ਆਪਣਾ ਵੀਜ਼ਾ ਸਟੇਟਸ ਬਦਲਣ ਵਾਲਿਆਂ ’ਤੇ ਲਾਗੂ ਨਹੀਂ ਹੋਵੇਗੀ।
ਇਸ ਤੋਂ ਬਾਅਦ ਕੁਝ ਹੋਰ ਨਾਟਕੀ ਘਟਨਾਚੱਕਰ ਵੀ ਹੋਏ ਹਨ। ‘ਡੋਨਾਲਡ ਟਰੰਪ’ ਨੇ 11 ਨਵੰਬਰ ਨੂੰ ਭਾਰਤ ’ਤੇ ਟੈਰਿਫ ਘੱਟ ਕਰਨ ਦਾ ਸੰਕੇਤ ਦਿੰਦੇ ਹੋਏ ਕਿਹਾ ਕਿ ਭਾਰਤ ਅਤੇ ਅਮਰੀਕਾ ਬਹੁਤ ਜਲਦ ਇਕ ਵਪਾਰਕ ਸਮਝੌਤੇ ਦੇ ਨੇੜੇ ਹਨ।
ਅਤੇ ਹੁਣ 12 ਨਵੰਬਰ ਨੂੰ ਉਨ੍ਹਾਂ ਨੇ ‘ਐੱਚ-1ਬੀ ਵੀਜ਼ਾ’ ਨੂੰ ਲੈ ਕੇ ਆਪਣੇ ਰੁਖ਼ ’ਚ ਬਦਲਾਅ ਲਿਆਉਂਦੇ ਹੋਏ ਕਿਹਾ ਹੈ ਕਿ ‘‘ਅਮਰੀਕਾ ਨੂੰ ਅਜੇ ਕੁਝ ਖੇਤਰਾਂ ’ਚ ਹੁਨਰਮੰਦ ਵਿਦੇਸ਼ੀ ਪ੍ਰਤਿਭਾਵਾਂ ਦੀ ਲੋੜ ਹੈ, ਇਸ ਲਈ ਐੱਚ-1ਬੀ ਵੀਜ਼ਾ ਜਾਰੀ ਰਹਿਣਾ ਚਾਹੀਦਾ ਹੈ। ਦੇਸ਼ ’ਚ ਕਈ ਮਹੱਤਵਪੂਰਨ ਨੌਕਰੀਆਂ ਲਈ ਕਾਫੀ ਗਿਣਤੀ ’ਚ ਪ੍ਰਤਿਭਾਸ਼ਾਲੀ (ਸਥਾਨਕ) ਲੋਕ ਨਹੀਂ ਹਨ, ਇਸ ਲਈ ਵਿਦੇਸ਼ੀ ਪੇਸ਼ੇਵਰ ਲੋਕਾਂ ਦੀ ਲੋੜ ਪੈਂਦੀ ਹੈ ਅਤੇ ਬੇਰੋਜ਼ਗਾਰ ਲੋਕਾਂ ਨੂੰ ਚੁੱਕ ਕੇ ਮਿਜ਼ਾਈਲ ਫੈਕਟਰੀ ’ਚ ਨਹੀਂ ਭੇਜਿਆ ਜਾ ਸਕਦਾ।’’
ਇਹੀ ਨਹੀਂ, ਅਮਰੀਕਾ ’ਚ ਪੜ੍ਹਨ ਵਾਲੇ ਵਿਦੇਸ਼ੀ ਵਿਦਿਆਰਥੀਆਂ ਨੂੰ ਲੈ ਕੇ ਵੀ ਆਪਣੇ ਰੁਖ਼ ’ਚ ਯੂ-ਟਰਨ ਲੈਂਦੇ ਹੋਏ ‘ਟਰੰਪ’ ਨੇ ਕਿਹਾ ਕਿ ‘‘ਵਿਦੇਸ਼ੀ ਵਿਦਿਆਰਥੀਆਂ ਨੂੰ ਅਮਰੀਕਾ ’ਚ ਪੜ੍ਹਾਈ ਦੀ ਇਜਾਜ਼ਤ ਮਿਲਦੀ ਰਹਿਣੀ ਚਾਹੀਦੀ ਹੈ ਕਿਉਂਕਿ ਉਹ ਨਾ ਸਿਰਫ ਦੇਸ਼ ਦੀ ਸਿੱਖਿਆ ਵਿਵਸਥਾ ਨੂੰ ਮਜ਼ਬੂਤ ਬਣਾਉਂਦੇ ਹਨ ਸਗੋਂ ਯੂਨੀਵਰਸਿਟੀਆਂ ਦੀ ਆਰਥਿਕ ਸਥਿਤੀ ਵੀ ਸੰਭਾਲਦੇ ਹਨ।’’
‘ਡੋਨਾਲਡ ਟਰੰਪ’ ਵਲੋਂ ਲਏ ਗਏ ਉਕਤ ਤਿੰਨੋਂ ਹੀ ਫੈਸਲੇ ਜਿੰਨੇ ਭਾਰਤ ਦੇ ਹਿੱਤ ’ਚ ਹਨ ਓਨੇ ਹੀ ਅਮਰੀਕਾ ਦੇ ਹਿੱਤ ’ਚ ਵੀ ਹਨ। ‘ਡੋਨਾਲਡ ਟਰੰਪ’ ਨੇ ਉਕਤ ਫੈਸਲੇ ਲੈ ਕੇ ਸਵੀਕਾਰ ਕਰ ਲਿਆ ਹੈ ਕਿ ਅਮਰੀਕਾ ਭਾਵੇਂ ਕਿੰਨੀ ਵੀ ਤਰੱਕੀ ਕਰ ਗਿਆ ਹੋਵੇ, ਕਾਫੀ ਹੱਦ ਤਕ ਉਹ ਭਾਰਤ ਵਰਗੇ ਦੇਸ਼ਾਂ ’ਤੇ ਨਿਰਭਰ ਹੈ। ਆਸ ਹੈ ਕਿ ਉਹ ਅਾਪਣੇ ਰੁਖ਼ ’ਚ ਬਦਲਾਅ ’ਤੇ ਕਾਇਮ ਰਹਿਣਗੇ ਜਿਸ ਨਾਲ ਉਨ੍ਹਾਂ ਦੇ ਖਰਾਬ ਹੋ ਰਹੇ ਅਕਸ ’ਚ ਸੁਧਾਰ ਹੋਵੇਗਾ।
–ਵਿਜੇ ਕੁਮਾਰ
ਬੁਸਾਨ ’ਚ ਟਰੰਪ-ਸ਼ੀ ਵਾਰਤਾ ਕੋਈ ਸਮਝੌਤਾ ਨਹੀਂ ਸਗੋਂ ਇਕ ਵਿਰਾਮ ਸੀ
NEXT STORY