ਦੇਸ਼ ’ਚ ਸਿਆਸੀ ਲੜਾਈ ‘ਵੋਟ ਚੋਰੀ ਬਨਾਮ ਅਰਾਜਕਤਾ’ ਦੇ ਬ੍ਰਿਤਾਂਤ ਤੱਕ ਸੁੰਘੜਦੀ ਦਿਸ ਰਹੀ ਹੈ। ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ, ਦੋਵੇਂ ਹੀ ਐਤਵਾਰ ਨੂੰ ਸੜਕਾਂ ’ਤੇ ਨਜ਼ਰ ਆਏ। ਵੋਟ ਚੋਰੀ ਦੇ ਮੁੱਦੇ ’ਤੇ ਵਿਰੋਧੀ ਧਿਰ ਨੇ ਮਾਰਚ ਕੱਢਦਿਆਂ ਦਿੱਲੀ ਦੇ ਰਾਮਲੀਲਾ ਮੈਦਾਨ ’ਚ ਰੈਲੀ ਕੀਤੀ, ਤਾਂ ਭਾਜਪਾ ਨੇ ਇਸ ਨੂੰ 1984 ਦੇ ਸਿੱਖ ਦੰਗਿਆਂ ਨਾਲ ਜੋੜਦਿਆਂ ਦੇਸ਼ ਭਰ ਵਿਚ ਕਾਂਗਰਸ ਵਿਰੁੱਧ ਮਾਰਚ ਕੱਢਿਆ।
ਵੋਟ ਚੋਰੀ ਬਨਾਮ ਅਰਾਜਕਤਾ ਦੇ ਬ੍ਰਿਤਾਂਤ ਦੀ ਸਿਆਸਤ ਘੱਟੋ-ਘੱਟ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੱਕ ਤਾਂ ਚੱਲੇਗੀ। ਜੇਕਰ ਵਿਧਾਨ ਸਭਾ ਚੋਣਾਂ ਵਿਚ ਇਸ ਦਾ ਅਸਰ ਦਿਸਿਆ ਤਾਂ 2029 ਦੀਆਂ ਲੋਕ ਸਭਾ ਚੋਣਾਂ ਤੱਕ ਵੀ ਇਹ ਸਿਆਸਤ ਖਿੱਚ ਸਕਦੀ ਹੈ। ਵਿਰੋਧੀ ਗੱਠਜੋੜ ‘ਇੰਡੀਆ’ ਵੱਲੋਂ 31 ਅਕਤੂਬਰ ਨੂੰ ਮੌਕ ਪਾਰਲੀਮੈਂਟ ਵਿਚ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵਿਰੁੱਧ ਮਹਾਂਦੋਸ਼ ਪਾਸ ਕਰਨ ਦੇ ਅਗਲੇ ਹੀ ਦਿਨ ਰਾਮਲੀਲਾ ਮੈਦਾਨ ਦੀ ਰੈਲੀ ਵਿਚ ਤੇਵਰਾਂ ਤੋਂ ਸਾਫ਼ ਹੈ ਕਿ ਵਿਰੋਧੀ ਧਿਰ ਇਸ ਮੁੱਦੇ ਨੂੰ ਹੱਥੋਂ ਨਹੀਂ ਜਾਣ ਦੇਵੇਗੀ ਅਤੇ ਸੜਕ ’ਤੇ ਵੀ ਲੜਾਈ ਜਾਰੀ ਰੱਖੇਗੀ।
ਜਵਾਬ ਵਿਚ ਭਾਜਪਾ ਬੇਹੱਦ ਹਮਲਾਵਰ ਨਜ਼ਰ ਆ ਰਹੀ ਹੈ ਪਰ ਉਸ ਦੀਆਂ ਪ੍ਰਤੀਕਿਰਿਆਵਾਂ ਨੂੰ ਇਸ ਮੁੱਦੇ ’ਤੇ ਉਸ ਦੇ ਦਬਾਅ ਹੇਠ ਹੋਣ ਦੇ ਸੰਕੇਤ ਵਜੋਂ ਵੀ ਦੇਖਿਆ ਜਾ ਰਿਹਾ ਹੈ। ਮੌਕ ਪਾਰਲੀਮੈਂਟ ਦਾ ਮਜ਼ਾਕ ਉਡਾਉਣ ਵਾਲੀ ਭਾਜਪਾ ਨੇ 1 ਨਵੰਬਰ ਨੂੰ ‘ਇੰਡੀਆ’ ਗੱਠਜੋੜ ਦੀ ਰੈਲੀ ਨੂੰ ਸਿੱਖ ਦੰਗਾ ਪੀੜਤਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਕਰਾਰ ਦਿੰਦਿਆਂ ਕਾਂਗਰਸ ਨੂੰ ਕਟਹਿਰੇ ਵਿਚ ਖੜ੍ਹਾ ਕਰਨ ਲਈ ਦੇਸ਼ ਭਰ ਵਿਚ ਮਾਰਚ ਕੱਢੇ। ਦਿੱਲੀ ਦੇ ਸਿੱਖ ਬਹੁਗਿਣਤੀ ਵਾਲੇ ਇਲਾਕਿਆਂ ਵਿਚ ਇਸ ਮਾਰਚ ਦੀ ਅਗਵਾਈ ਸਿੱਖ ਭਾਈਚਾਰੇ ਨਾਲ ਸਬੰਧਤ ਇਕੋ-ਇਕ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕੀਤੀ ਤਾਂ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੇ ਮਾਰਚ ਲਈ ਹਰਿਆਣਾ ਦੇ ਰੋਹਤਕ ਨੂੰ ਚੁਣਿਆ।
ਯਾਦ ਰਹੇ ਕਿ 31 ਅਕਤੂਬਰ, 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਉਨ੍ਹਾਂ ਦੇ ਹੀ ਸਿੱਖ ਸੁਰੱਖਿਆ ਮੁਲਾਜ਼ਮਾਂ ਵੱਲੋਂ ਹੱਤਿਆ ਕੀਤੇ ਜਾਣ ਤੋਂ ਬਾਅਦ ਮੁੱਖ ਤੌਰ ’ਤੇ 1 ਨਵੰਬਰ ਤੋਂ ਭੜਕੇ ਸਿੱਖ ਵਿਰੋਧੀ ਦੰਗਿਆਂ ਵਿਚ ਦੇਸ਼ ਭਰ ਵਿਚ ਹਜ਼ਾਰਾਂ ਸਿੱਖਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਰਾਜਧਾਨੀ ਦਿੱਲੀ ਵਿਚ ਹੀ ਹਜ਼ਾਰ ਤੋਂ ਵੱਧ ਸਿੱਖ ਮਾਰੇ ਗਏ ਸਨ। ਦਿੱਲੀ ਦੇ ਕਈ ਵੱਡੇ ਕਾਂਗਰਸੀ ਨੇਤਾਵਾਂ ’ਤੇ ਸਿੱਖ ਵਿਰੋਧੀ ਦੰਗਿਆਂ ਵਿਚ ਸ਼ਾਮਲ ਹੋਣ ਦੇ ਦੋਸ਼ ਲੱਗੇ। ਸੱਜਣ ਕੁਮਾਰ ਨੂੰ ਤਾਂ ਸਜ਼ਾ ਵੀ ਹੋਈ, ਜਿਸ ਦੀ ਪਿਛਲੇ ਦਿਨੀਂ ਹੀ ਜੇਲ ਵਿਚ ਮੌਤ ਹੋ ਗਈ।
ਇਸ ਵਿਚ ਦੋ ਰਾਵਾਂ ਨਹੀਂ ਹਨ ਕਿ ਸਿੱਖ ਦੰਗੇ ਇਕ ਦੁਖਦ ਅਤੇ ਸ਼ਰਮਨਾਕ ਘਟਨਾਕ੍ਰਮ ਰਿਹਾ ਪਰ ਕੀ 1984 ਤੋਂ ਬਾਅਦ ਪੰਜਾਬ ਵਿਚ ਕਈ ਵਾਰ ਕਾਂਗਰਸ ਸਰਕਾਰ ਬਣਨਾ ਇਹ ਨਹੀਂ ਦੱਸਦਾ ਕਿ ਸਿੱਖ ਭਾਈਚਾਰਾ ਕਾਂਗਰਸ ਨੂੰ ਆਪਣੇ ਦੁਸ਼ਮਣ ਵਜੋਂ ਨਹੀਂ ਦੇਖਦਾ? ਦਿੱਲੀ ਵਿਚ ਵੀ ਲਗਾਤਾਰ 3 ਵਾਰ ਕਾਂਗਰਸ ਸਰਕਾਰ ਬਿਨਾਂ ਸਿੱਖ ਭਾਈਚਾਰੇ ਦੇ ਸਮਰਥਨ ਦੇ ਨਹੀਂ ਬਣ ਸਕਦੀ ਸੀ। ਸਿੱਖ ਦੰਗਿਆਂ ਲਈ ਮਨਮੋਹਨ ਸਿੰਘ ਨੇ ਪ੍ਰਧਾਨ ਮੰਤਰੀ ਰਹਿੰਦਿਆਂ ਮੁਆਫੀ ਮੰਗੀ ਸੀ ਤਾਂ ਖੁਦ ਰਾਹੁਲ ਗਾਂਧੀ ਵੀ ਮੁਆਫੀ ਮੰਗ ਚੁੱਕੇ ਹਨ।
ਭਾਜਪਾ ਨੇ ਕਾਂਗਰਸ ਨੂੰ ਧਨਤੇਰਸ ਅਤੇ ਦੀਵਾਲੀ ਵਰਗੇ ਤਿਉਹਾਰਾਂ ਦੇ ਮੱਦੇਨਜ਼ਰ ਵੀ ਕਟਹਿਰੇ ਵਿਚ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ ਕਿ ਇਸ ਨਾਲ ਖਾਸ ਕਰਕੇ ਰਾਮਲੀਲਾ ਮੈਦਾਨ ਦੇ ਨੇੜਲੇ ਚਾਂਦਨੀ ਚੌਕ ਅਤੇ ਸਦਰ ਬਾਜ਼ਾਰ ਵਰਗੇ ਵੱਡੇ ਬਾਜ਼ਾਰਾਂ ਦੇ ਦੁਕਾਨਦਾਰਾਂ ਨੂੰ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਹੋਵੇਗਾ। ਬੇਸ਼ੱਕ ਵਪਾਰੀਆਂ ਦੀ ਜਥੇਬੰਦੀ ਸੀ.ਆਈ.ਟੀ. ਨੇ ਵੀ ਕਾਂਗਰਸ ਨੂੰ 4-4 ਪੱਤਰ ਲਿਖੇ ਕਿ ਰੈਲੀ ਮੁਲਤਵੀ ਕੀਤੀ ਜਾਵੇ। ਕਾਂਗਰਸ ਤੋਂ ਹਰਜਾਨਾ ਮੰਗਣ ਦੀ ਧਮਕੀ ਵੀ ਦਿੱਤੀ ਗਈ ਪਰ ਰਾਹੁਲ ਗਾਂਧੀ ਨੇ ਜਵਾਬ ਦਿੱਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਿਆਨੇਸ਼ ਕੁਮਾਰ ਕੋਲੋਂ ਅਸਤੀਫ਼ਾ ਦਿਵਾ ਦੇਣ, 30 ਸਕਿੰਟਾਂ ਵਿਚ ਰੈਲੀ ਰੱਦ ਕਰ ਦਿੱਤੀ ਜਾਵੇਗੀ। ਰੈਲੀ ਵਾਲੇ ਦਿਨ ਰਾਹੁਲ ਗਾਂਧੀ ਨੇ ਵੀਡੀਓ ਜਾਰੀ ਕਰ ਕੇ ਰੈਲੀ ਵਿਚ ਹਿੱਸਾ ਲੈਣ ਆਏ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਾਪਸੀ ’ਤੇ ਦਿੱਲੀ ਦੇ ਵਪਾਰੀਆਂ ਤੋਂ ਖਰੀਦਦਾਰੀ ਕਰਨ ਪਰ ਬਾਅਦ ਵਿਚ ਦੂਜਾ ਵੀਡੀਓ ਜਾਰੀ ਕਰ ਕੇ ਦਿੱਲੀ ਪੁਲਸ ’ਤੇ ਧੱਕੇ ਨਾਲ ਦੁਕਾਨਾਂ ਬੰਦ ਕਰਵਾਉਣ ਦਾ ਦੋਸ਼ ਵੀ ਲਗਾਇਆ,ਭਾਵ ਬਿਰਤਾਂਤ ਬਣਾਉਣ ਦੀ ਕਵਾਇਦ ਵਿਚ ਕੋਈ ਵੀ ਕਿਸੇ ਤੋਂ ਪਿੱਛੇ ਨਹੀਂ ਰਹਿਣਾ ਚਾਹੁੰਦਾ।
ਵੋਟ ਚੋਰੀ ਦੇ ਮੁੱਦੇ ’ਤੇ ਪੂਰਾ ਵਿਰੋਧੀ ਗਠਜੋੜ ਨਾ ਸਿਰਫ਼ ਇਕਜੁੱਟ, ਸਗੋਂ ਬਹੁਤ ਹਮਲਾਵਰ ਵੀ ਨਜ਼ਰ ਆ ਰਿਹਾ ਹੈ। ਜੰਤਰ-ਮੰਤਰ ’ਤੇ ਪ੍ਰਦਰਸ਼ਨ ਅਤੇ ਨਤੀਜੇ ਵਜੋਂ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਨਾਲ ਚਰਚਾ ਵਿਚ ਆਈ ਕਾਕਰੋਚ ਜਨਤਾ ਪਾਰਟੀ (ਸੀ.ਜੇ.ਪੀ.) ਨੂੰ ਤਾਂ ਇਸ ਵਾਰ ਦਿੱਲੀ ਪੁਲਸ ਨੇ ਅੰਦੋਲਨ ਨਹੀਂ ਕਰਨ ਦਿੱਤਾ ਪਰ ਵਿਰੋਧੀ ਧਿਰ ਨੂੰ ਰੋਕਣ ਵਿਚ ਉਸ ਨੂੰ ਬਹੁਤੀ ਸਫਲਤਾ ਨਹੀਂ ਮਿਲੀ। ਚੋਣ ਕਮਿਸ਼ਨ ਤੱਕ ਮਾਰਚ ਅਤੇ ਫਿਰ ਜੰਤਰ-ਮੰਤਰ 'ਤੇ ਧਰਨਾ ਪੁਲਸ ਵੱਲੋਂ ਅਸਫਲ ਕਰ ਦਿੱਤੇ ਜਾਣ ਤੋਂ ਬਾਅਦ ‘ਇੰਡੀਆ’ ਗਠਜੋੜ ਸੁਪਰੀਮ ਕੋਰਟ ਤੱਕ ਮਾਰਚ ਕੱਢਣ ਵਿਚ ਕਾਮਯਾਬ ਰਿਹਾ। ਭਾਜਪਾ ਨੇ ਇਸ ਨੂੰ ਨਿਆਂਪਾਲਿਕਾ ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਦੱਸਦਿਆਂ ਤਿੱਖੀ ਆਲੋਚਨਾ ਕੀਤੀ ਪਰ ਸੁਪਰੀਮ ਕੋਰਟ ਨੇ ਇਸ ਨੂੰ ਉਸ ਨਜ਼ਰੀਏ ਨਾਲ ਨਹੀਂ ਦੇਖਿਆ।
ਜਿਵੇਂ ਕਿ ਅਕਸਰ ਹੁੰਦਾ ਹੈ, ਰਾਮਲੀਲਾ ਮੈਦਾਨ ਦੀ ਰੈਲੀ ਵਿਚ ਇਕੱਠੀ ਹੋਈ ਭੀੜ ਨੂੰ ਲੈ ਕੇ ਆਪਣੇ-ਆਪਣੇ ਦਾਅਵੇ ਹਨ। ਕਾਂਗਰਸ ਦੇ 10 ਲੱਖ ਲੋਕ ਜੁਟਾਉਣ ਦੇ ਦਾਅਵੇ ਦੀ ਯਾਦ ਦਿਵਾਉਂਦਿਆਂ ਭਾਜਪਾ ਰੈਲੀ ਨੂੰ ਫਲਾਪ ਦੱਸ ਰਹੀ ਹੈ, ਤਾਂ ‘ਇੰਡੀਆ’ ਗਠਜੋੜ ਰੈਲੀ ਨੂੰ ਇਤਿਹਾਸਕ ਦੱਸ ਰਿਹਾ ਹੈ। ਸੱਚ ਇਨ੍ਹਾਂ ਦੋਵਾਂ ਦੇ ਵਿਚਕਾਰ ਕਿਤੇ ਹੈ। 10 ਲੱਖ ਦੀ ਭੀੜ ਦਿੱਲੀ ਵਿਚ ਅੱਜ ਤੱਕ ਕਿਸੇ ਰੈਲੀ ਵਿਚ ਨਹੀਂ ਇਕੱਠੀ ਪਰ 12 ਸਾਲਾਂ ਤੋਂ ਚੋਣ ਹਾਰਾਂ ਤੋਂ ਪਰੇਸ਼ਾਨ ਵਿਰੋਧੀ ਧਿਰ, ਤਮਾਮ ਸਰਕਾਰੀ ਪਾਬੰਦੀਆਂ ਦੇ ਬਾਵਜੂਦ, ਪ੍ਰਭਾਵਸ਼ਾਲੀ ਭੀੜ ਇਕੱਠੀ ਕਰਨ ਵਿਚ ਸਫਲ ਰਹੀ।
ਸਿਆਸੀ ਰੈਲੀਆਂ ਵਿਚ ਭੀੜ ਦਾ ਆਪਣਾ ਮਹੱਤਵ ਹੈ ਪਰ ਇਸ ਤੋਂ ਵੱਧ ਮਹੱਤਵਪੂਰਨ ਗੱਲ ਇਹ ਹੈ ਕਿ ਵੋਟ ਚੋਰੀ ਦੇ ਮੁੱਦੇ ’ਤੇ ਅੰਦੋਲਨ ਨੇ ਵਿਰੋਧੀ ਧਿਰ ਨੂੰ ਇਕਜੁੱਟ ਕਰ ਦਿੱਤਾ ਹੈ, ਤਾਂ ਰਾਹੁਲ ਗਾਂਧੀ ਨੂੰ ਇਸ ਦੇ ਨਿਰਵਿਵਾਦ ਆਗੂ ਵਜੋਂ ਸਥਾਪਤ ਕਰ ਦਿੱਤਾ ਹੈ। 19 ਮੈਂਬਰੀ ‘ਇੰਡੀਆ’ ਗਠਜੋੜ ਦੇ ਵਿਸਤਾਰ ਦੀਆਂ ਉਮੀਦਾਂ ਵੀ ਜਾਗੀਆਂ ਹਨ। ਗਠਜੋੜ ਦਾ ਹਿੱਸਾ ਨਾ ਹੋਣ ਦੇ ਬਾਵਜੂਦ ਓਡਿਸ਼ਾ ਦੇ ਸਾਬਕਾ ਮੁੱਖ ਮੰਤਰੀ ਨਵੀਨ ਪਟਨਾਇਕ ਦੀ ਬੀਜੂ ਜਨਤਾ ਦਲ ਨੇ ਚੋਣ ਕਮਿਸ਼ਨ ਤੱਕ ਮਾਰਚ ਵਿਚ ਹਿੱਸਾ ਲਿਆ, ਤਾਂ ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਦੀ ਵਾਈ.ਐੱਸ.ਆਰ. ਕਾਂਗਰਸ ਅਤੀਤ ਵਿਚ ਮੋਦੀ ਸਰਕਾਰ ਦਾ ਸਮਰਥਨ ਕਰਨ ’ਤੇ ਅਫ਼ਸੋਸ ਪ੍ਰਗਟਾਉਂਦਿਆਂ ਹੁਣ ਵਿਰੋਧੀ ਗਠਜੋੜ ਵਿਚ ਸ਼ਾਮਲ ਹੋਣਾ ਚਾਹੁੰਦੀ ਹੈ।
ਰਾਮਲੀਲਾ ਮੈਦਾਨ ਰੈਲੀ ਵਿਚ ‘ਇੰਡੀਆ’ ਗਠਜੋੜ ਦੇ ਆਗੂਆਂ ਤੋਂ ਵੋਟ ਚੋਰੀ ਦੇ ਮੁੱਦੇ ’ਤੇ ਅੰਦੋਲਨ ਦੇ ਅਗਲੇ ਕਦਮਾਂ ਦੇ ਐਲਾਨ ਦੀ ਉਮੀਦ ਸੀ ਪਰ ਉਨ੍ਹਾਂ ਨੇ ਅਜਿਹਾ ਕੁਝ ਨਹੀਂ ਕੀਤਾ। ਵੈਸੇ ਸੰਸਦ ਦਾ ਸਰਦ-ਰੁੱਤ ਸੈਸ਼ਨ ਸ਼ੁਰੂ ਹੋਣ ਵਿਚ 3 ਹਫ਼ਤੇ ਦਾ ਸਮਾਂ ਬਾਕੀ ਹੈ, ਜਿਸ ਵਿਚ ਵਿਰੋਧੀ ਧਿਰ ਇਸ ਮੁੱਦੇ ’ਤੇ ਸਰਕਾਰ ਨੂੰ ਕਟਹਿਰੇ ਵਿਚ ਖੜ੍ਹਾ ਕਰਨ ਦੀ ਕੋਸ਼ਿਸ਼ ਕਰੇਗੀ ਹੀ,ਭਾਵ ਸੜਕ ਤੋਂ ਸੰਸਦ ਤੱਕ ਸੱਤਾਧਾਰੀ ਅਤੇ ਵਿਰੋਧੀ ਧਿਰ ਵਿਚ ਵੋਟ ਚੋਰੀ ਬਨਾਮ ਅਰਾਜਕਤਾ ਦੇ ਸਿਆਸੀ ਬਿਰਤਾਂਤ ਦੀ ਜੰਗ ਜਾਰੀ ਹੀ ਰਹੇਗੀ ਪਰ ਵਿਵਾਦ ਦਾ ਕੇਂਦਰ ਬਣੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਮੌਨ ਟੁੱਟਣ ਦੇ ਕੋਈ ਸੰਕੇਤ ਨਹੀਂ ਮਿਲਦੇ।
–ਰਾਜ ਕੁਮਾਰ
ਤਾਜ਼ਾ ਵਿਧਾਨ ਪ੍ਰੀਸ਼ਦ ਚੋਣਾਂ ਸਥਾਨਕ ਮੁੱਦਿਆਂ ਦਾ ਮਹੱਤਵ ਦਰਸਾਉਂਦੀਆਂ ਹਨ
NEXT STORY