ਸੰਤ ਅਤੇ ਮਹਾਤਮਾ ਦੇਸ਼ ਅਤੇ ਸਮਾਜ ਨੂੰ ਮਾਰਗਦਰਸ਼ਨ ਦਿੰਦੇ ਹਨ, ਪਰ ਕੁਝ ਅਖੌਤੀ ‘ਬਾਬੇ’ ਲੋਕਾਂ ਦੀ ਅਗਿਆਨਤਾ ਦਾ ਬੇਲੋੜਾ ਲਾਭ ਉਠਾ ਕੇ ਇਸ ਦੇ ਉਲਟ ਆਚਰਣ ਕਰ ਕੇ ਅਸਲੀ ਸੰਤ-ਮਹਾਤਮਾ ਨੂੰ ਬਦਨਾਮ ਕਰ ਰਹੇ ਹਨ, ਜਿਨ੍ਹਾਂ ਦੀਆਂ ਇਸੇ ਸਾਲ ਦੇ ਪਿਛਲੇ 6 ਮਹੀਨਿਆਂ ’ਚ ਸਾਹਮਣੇ ਆਈਆਂ ਕੁਝ ਘਟਨਾਵਾਂ ਹੇਠਾਂ ਦਰਜ ਹਨ :
* 18 ਮਾਰਚ ਨੂੰ ‘ਨਵੀ ਮੁੰਬਈ’ (ਮਹਾਰਾਸ਼ਟਰ) ਦੇ ‘ਖਾਰਘਰ’ ’ਚ ਇਕ 11 ਸਾਲ ਦੇ ਬੱਚੇ ਨੂੰ ਮੋਟਰਸਾਈਕਲ ’ਤੇ ਘੁਮਾਉਣ ਦੇ ਬਹਾਨੇ ਸੁੰਨਸਾਨ ਥਾਂ ’ਤੇ ਲਿਜਾ ਕੇ ਉਸ ਨਾਲ ਕੁਕਰਮ ਕਰਨ ਦੇ ਦੋਸ਼ ’ਚ ਇਕ ਬਾਬੇ ਨੂੰ ‘ਖਾਰਘਰ’ ਪੁਲਸ ਨੇ ਪੋਕਸੋ ਐਕਟ ਅਧੀਨ ਗ੍ਰਿਫ਼ਤਾਰ ਕੀਤਾ।
* 4 ਮਈ ਨੂੰ ‘ਮਥੁਰਾ’ (ਉੱਤਰ ਪ੍ਰਦੇਸ਼) ’ਚ ‘ਲਕਸ਼ਮੀਕਾਂਤ’ ਨਾਂ ਦੇ ਢੋਂਗੀ ਬਾਬੇ ਨੇ ਇਕ 10 ਸਾਲ ਦੀ ਬੱਚੀ ਨਾਲ ਜਬਰ-ਜ਼ਨਾਹ ਕੀਤਾ। ਬੱਚੀ ਦੀਆਂ ਚੀਕਾਂ ਸੁਣ ਕੇ ਉੱਥੇ ਭੀੜ ਇਕੱਠੀ ਹੋ ਗਈ ਅਤੇ ਬਾਬੇ ਦੀ ਖੂੁਬ ਪਿਟਾਈ ਕਰਨ ਅਤੇ ਜੁੱਤੀਆਂ-ਚੱਪਲਾਂ ਦੀ ਮਾਲਾ ਪਹਿਨਾ ਕੇ ਇਲਾਕੇ ’ਚ ਘੁਮਾਉਣ ਤੋਂ ਬਾਅਦ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ।
* 7 ਮਈ ਨੂੰ ਦਿੱਲੀ ਹਾਈ ਕੋਰਟ ਦੀ ਜਸਟਿਸ ‘ਸਵਰਨ ਕਾਂਤਾ ਸ਼ਰਮਾ’ ਨੇ ‘ਭੂਤ’ ਅਤੇ ‘ਉਪਰਲੀ ਹਵਾ’ ਦਾ ਪਰਛਾਵਾਂ ਹਟਾਉਣ ਦੇ ਨਾਂ ’ਤੇ ਨਾਬਾਲਗ ਬੱਚੀ ਨਾਲ ਵਾਰ-ਵਾਰ ਜਬਰ-ਜ਼ਨਾਹ ਕਰਨ ਦੇ ਮੁਲਜ਼ਮ ਇਕ ‘ਬਾਬੇ’ ਦੀ ਜ਼ਮਾਨਤ ਪਟੀਸ਼ਨ ਖਾਰਿਜ ਕਰ ਦਿੱਤੀ।
‘ਬਾਬੇ’ ਨੇ ਨਾਬਾਲਗਾ ਨੂੰ ਕਿਹਾ ਸੀ ਕਿ ਉਸ ਦੇ ਸਰੀਰ ਦੇ ‘ਭੂਤ’ ਨੂੰ ਅਸ਼ਲੀਲ ਕਾਰੇ ਨਾਲ ਹੀ ਕੱਢਿਆ ਜਾ ਸਕਦਾ ਹੈ। ਇਸ ਤੋਂ ਬਾਅਦ ਉਸ ਨੇ ਵਾਰ-ਵਾਰ ਕੁੜੀ ਦਾ ਸੈਕਸ ਸ਼ੋਸ਼ਣ ਕੀਤਾ ਅਤੇ ਧਮਕੀ ਦਿੱਤੀ ਕਿ ਕਿਸੇ ਨੂੰ ਇਸ ਬਾਰੇ ਦੱਸਣ ’ਤੇ ਗੰਭੀਰ ਨਤੀਜੇ ਭੁਗਤਣੇ ਪੈਣਗੇ।
* 2 ਜੂਨ ਨੂੰ ‘ਮਥੁਰਾ’ (ਉੱਤਰ ਪ੍ਰਦੇਸ਼) ਦੇ ‘ਗੋਵਰਧਨ ਥਾਣਾ’ ਖੇਤਰ ’ਚ ਓਡਿਸ਼ਾ ਦੇ ਰਹਿਣ ਵਾਲੇ ਢੋਂਗਾ ਬਾਬਾ ‘ਅਭਿਸ਼ੇਕ ਮਿਸ਼ਰਾ’ ਉਰਫ਼ ‘ਆਦਿ ਕਰਤਾ’ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਰਿਕਾਰਡ ਅਨੁਸਾਰ ਮਕੈਨੀਕਲ ਇੰਜੀਨੀਅਰ ਰਹਿ ਚੁੱਕਾ ਇਹ ਮੁਲਜ਼ਮ ਆਨਲਾਈਨ ਭਜਨ ਮੰਡਲੀਆਂ ਰਾਹੀਂ ਮੁਟਿਆਰਾਂ ਦਾ ‘ਬ੍ਰੇਨਵਾਸ਼’ ਕਰ ਕੇ ਉਨ੍ਹਾਂ ਨੂੰ ਨਸ਼ੀਲਾ ਪਦਾਰਥ ਦੇ ਕੇ ਉਨ੍ਹਾਂ ਦਾ ਸੈਕਸ ਸ਼ੋਸ਼ਣ ਕਰਦਾ ਸੀ।
* 18 ਜੂਨ ਨੂੰ ‘ਪੁਣੇ’ (ਮਹਾਰਾਸ਼ਟਰ) ’ਚ ਖੁਦ ਨੂੰ ਈਸ਼ਵਰੀ ਸ਼ਕਤੀਆਂ ਨਾਲ ਸੰਪੰਨ ਦੱਸਣ ਵਾਲੇ ਢੋਂਗੀ ਬਾਬਾ ‘ਰਾਧਾ ਮੋਹਨ’ ਨੂੰ ਇਕ ਔਰਤ ਨੂੰ 15 ਸਾਲਾਂ ਤੱਕ ਬੰਧਕ ਬਣਾ ਕੇ ਉਸ ਦਾ ਸੈਕਸ ਸ਼ੋਸ਼ਣ ਅਤੇ ਕੁੱਟਮਾਰ ਕਰਨ ਦੇ ਦੋਸ਼ ਹੇਠ ਪੁਲਸ ਨੇ ਉਸ ਨੂੰ ਇਕ ਬੰਗਲੇ ’ਤੇ ਛਾਪਾ ਮਾਰ ਕੇ ਗ੍ਰਿਫ਼ਤਾਰ ਕੀਤਾ।
* 31 ਜੁਲਾਈ ਨੂੰ ‘ਮਥੁਰਾ’ (ਉੱਤਰ ਪ੍ਰਦੇਸ਼) ਦੇ ‘ਗੋਵਰਧਨ’ ’ਚ ਕਿਰਾਏਦਾਰ ਦੀ 11 ਸਾਲ ਦੀ ਬੇਟੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ਹੇਠ ਪੁਲਸ ਨੇ ‘ਪੱਛਮੀ ਬੰਗਾਲ’ ਦੇ ਰਹਿਣ ਵਾਲੇ ਸਾਧੂ ਦੇ ਭੇਸ ਵਾਲੇ ਢੋਂਗੀ ਬਾਬਾ ‘ਭਜੋ ਹਰੀਦਾਸ’ ਨੂੰ ਗ੍ਰਿਫ਼ਤਾਰ ਕੀਤਾ। ਪੁਲਸ ਨੂੰ ਉਸ ਦੇ ਮੋਬਾਈਲ ’ਚ ਇਤਰਾਜ਼ਯੋਗ ਵੀਡੀਓ ਵੀ ਮਿਲੇ।
* 9 ਅਗਸਤ ਨੂੰ ‘ਦਰਭੰਗਾ’ (ਬਿਹਾਰ) ਦੀ ਪੁਲਸ ਨੇ ਇਕ ਬਾਬੇ ਨੂੰ ਇਕ ਨਾਬਾਲਗ ਵਿਦਿਆਰਥਣ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ। ਪੁਲਸ ਅਨੁਸਾਰ ਮੈਡੀਕਲ ਸਬੂਤਾਂ ’ਚ ਦੋਸ਼ ਸਹੀ ਪਾਏ ਗਏ।
* 20 ਅਗਸਤ ਨੂੰ ‘ਫਤਿਹਪੁਰ’ (ਉੱਤਰ ਪ੍ਰਦੇਸ਼) ਦੇ ‘ਲਲੌਲੀ’ ’ਚ ਇਕ ਬਾਬੇ ਨੇ 15 ਸਾਲ ਦੀ ਨਾਬਾਲਗਾ ਨੂੰ ਵਿਆਹ ਦਾ ਝਾਂਸਾ ਦੇ ਕੇ 1 ਸਾਲ ਤੱਕ ਉਸ ਦਾ ਸੈਕਸ ਸ਼ੋਸ਼ਣ ਕਰਨ ਅਤੇ ਉਸ ਨੂੰ ਭਜਾ ਕੇ ਲਿਜਾਣ ਦੀ ਕੋਸ਼ਿਸ਼ ਕਰਨ ਦੇ ਦੋਸ਼ ’ਚ ਪੁਲਸ ਨੇ ਗ੍ਰਿਫ਼ਤਾਰ ਕਰ ਕੇ ਜੇਲ ਭੇਜਿਆ।
* 12 ਸਤੰਬਰ ਨੂੰ ‘ਇਟਾਵਾ’ (ਉੱਤਰ ਪ੍ਰਦੇਸ਼) ਦੇ ‘ਬਲਰਈ’ ’ਚ ਇਕ 9 ਸਾਲ ਦੀ ਮਾਸੂਮ ਬੱਚੀ ਨਾਲ ਜਬਰ-ਜ਼ਨਾਹ ਦੇ ਮੁਲਜ਼ਮ ਸਾਧੂ ਦੇ ਭੇਸ ਵਾਲੇ ‘ਅਜਬ ਸਿੰਘ’ ਨੂੰ ਪੁਲਸ ਨੇ ਇਕ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕੀਤਾ।
* ਅਤੇ ਹੁਣ 20 ਸਤੰਬਰ ਨੂੰ ‘ਵਾਝਾਪਾਡੀ’ (ਤਾਮਿਲਨਾਡੂ) ’ਚ ਪੁਲਸ ਨੇ ਇਕ ਢੋਂਗੀ ‘ਬਾਬਾ’ ਨੂੰ ਨਾਬਾਲਗ ਨਾਲ ਛੇੜਛਾੜ ਅਤੇ ਤੰਤਰ-ਮੰਤਰ ਦੇ ਨਾਂ ’ਤੇ ਔਰਤਾਂ ਦੇ ਸੈਕਸ ਸ਼ੋਸ਼ਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ। ਪੁਲਸ ਜਾਂਚ ’ਚ ਸਾਹਮਣੇ ਆਇਆ ਕਿ ਮੁਲਜ਼ਮ ਔਰਤਾਂ ਦੇ ਅਸ਼ਲੀਲ ਵੀਡੀਓ ਵੀ ਬਣਾਉਂਦਾ ਸੀ।
ਹਾਲਾਂਕਿ ਵਧੇਰੇ ਸੰਤ ਅਤੇ ਬਾਬੇ ਆਦਿ ਅਜਿਹੇ ਨਹੀਂ ਹਨ ਪਰ ਨਿਸ਼ਚਿਤ ਤੌਰ ’ਤੇ ਅਜਿਹੀਆਂ ਘਟਨਾਵਾਂ ਸੰਤ ਸਮਾਜ ਦੀ ਬਦਨਾਮੀ ਦਾ ਕਾਰਨ ਬਣ ਰਹੀਆਂ ਹਨ। ਇਸ ਲਈ ਇਸ ਮਾਮਲੇ ’ਚ ਲੋਕਾਂ, ਖਾਸ ਕਰ ਕੇ ਔਰਤਾਂ ਨੂੰ ਸਾਵਧਾਨੀ ਵਰਤਣ ਦੀ ਲੋੜ ਹੈ ਤਾਂ ਜੋ ਉਹ ਅਤੇ ਉਨ੍ਹਾਂ ਦੇ ਪਰਿਵਾਰ ਤਬਾਹ ਹੋਣ ਤੋਂ ਬਚ ਸਕਣ।
—ਵਿਜੇ ਕੁਮਾਰ
ਉੱਤਰ ਪ੍ਰਦੇਸ਼ ’ਚ ਕਾਂਗਰਸ ਨੂੰ ਸਮਾਜਵਾਦੀ ਪਾਰਟੀ ਦੀ ਲੋੜ
NEXT STORY