ਵਾਸ਼ਿੰਗਟਨ— 2021 ਤੱਕ 15 ਕਰੋੜ ਲੋਕਾਂ ਦੇ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਗਰੀਬੀ ਦੀ ਦਲਦਲ ਵਿਚ ਫਸਣ ਦੀ ਸੰਭਾਵਨਾ ਹੈ। ਵਿਸ਼ਵ ਬੈਂਕ ਨੇ ਬੁੱਧਵਾਰ ਨੂੰ ਇਹ ਚੇਤਾਵਨੀ ਦਿੱਤੀ। ਵਿਸ਼ਵ ਬੈਂਕ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਤੋਂ ਬਾਅਦ ਦੇਸ਼ਾਂ ਨੂੰ ਵੱਖਰੀ ਕਿਸਮ ਦੀ ਆਰਥਿਕਤਾ ਲਈ ਤਿਆਰ ਰਹਿਣਾ ਪਵੇਗਾ। ਸੰਸਥਾ ਨੇ ਕਿਹਾ ਕਿ ਕੋਵਿਡ-19 ਕਾਰਨ ਇਸ ਸਾਲ 8.8 ਕਰੋੜ ਤੋਂ 11.5 ਹੋਰ ਲੋਕਾਂ ਦੇ ਅਤਿ ਦੀ ਗਰੀਬੀ ਹੇਠਾਂ ਜਾਣ ਦੀ ਸੰਭਾਵਨਾ ਹੈ ਅਤੇ 2021 ਤੱਕ ਅਤਿਅੰਤ ਗਰੀਬ ਲੋਕਾਂ ਦੀ ਗਿਣਤੀ 15 ਕਰੋੜ ਤੱਕ ਪਹੁੰਚ ਸਕਦੀ ਹੈ। ਸੰਗਠਨ ਨੇ ਕਿਹਾ ਕਿ ਇਹ ਆਰਥਿਕ ਗਿਰਾਵਟ ਦੀ ਰਫਤਾਰ 'ਤੇ ਨਿਰਭਰ ਕਰੇਗਾ।
ਵਿਸ਼ਵ ਬੈਂਕ ਨੇ ਆਪਣੀ ਗਰੀਬੀ ਤੇ ਸਾਂਝੀ ਖ਼ੁਸ਼ਖ਼ਹਾਲੀ ਰਿਪੋਰਟ 'ਚ ਕਿਹਾ ਕਿ ਜੇਕਰ ਇਹ ਮਹਾਮਾਰੀ ਨਹੀਂ ਆਉਂਦੀ ਤਾਂ 2020 'ਚ ਅਤਿਅੰਤ ਗਰੀਬ ਲੋਕਾਂ ਦੀ ਗਿਣਤੀ ਘੱਟ ਹੋ ਕੇ 7.9 ਫੀਸਦੀ 'ਤੇ ਆ ਜਾਣ ਦਾ ਅੰਦਾਜ਼ਾ ਸੀ।
ਵਿਸ਼ਵ ਬੈਂਕ ਦੇ ਸਮੂਹ ਮੁਖੀ ਡੈਵਿਡ ਮਾਲਪਾਸ ਨੇ ਕਿਹਾ, ''ਮਹਾਮਾਰੀ ਅਤੇ ਆਲਮੀ ਮੰਦੀ ਦੁਨੀਆ ਦੀ ਆਬਾਦੀ ਦੇ 1.4 ਫੀਸਦੀ ਤੋਂ ਜ਼ਿਆਦਾ ਲੋਕਾਂ ਦੇ ਗਰੀਬੀ 'ਚ ਡਿੱਗਣ ਦਾ ਕਾਰਨ ਹੋ ਸਕਦੀ ਹੈ।''
ਰਿਪੋਰਟ 'ਚ ਕਿਹਾ ਗਿਆ ਹੈ ਕਿ ਪਹਿਲਾਂ ਤੋਂ ਹੀ ਜਿਨ੍ਹਾਂ ਦੇਸ਼ਾਂ 'ਚ ਗਰੀਬੀ ਦਰ ਜ਼ਿਆਦਾ ਹੈ, ਉਨ੍ਹਾਂ ਦੇਸ਼ਾਂ 'ਚ ਨਵੇਂ ਗਰੀਬਾਂ ਦੀ ਗਿਣਤੀ ਵੀ ਵਧਣ ਵਾਲੀ ਹੈ। ਕਈ ਦਰਮਿਆਨੀ ਆਮਦਨ ਵਾਲੇ ਦੇਸ਼ਾਂ 'ਚ ਮਹੱਤਵਪੂਰਨ ਗਿਣਤੀ 'ਚ ਲੋਕ ਅਤਿਅੰਤ ਗਰੀਬੀ ਰੇਖਾ ਤੋਂ ਹੇਠਾਂ ਖਿਸਕ ਜਾਣਗੇ।
ਰਿਪੋਰਟ 'ਚ ਅਨੁਮਾਨ ਮੁਤਾਬਕ ਲਗਭਗ 82 ਫੀਸਦੀ ਅਜਿਹੇ ਲੋਕ ਦਰਮਿਆਨੀ ਆਮਦਨ ਵਾਲੇ ਦੇਸ਼ਾਂ 'ਚ ਹੋਣਗੇ। ਵਿਸ਼ਵ ਬੈਂਕ ਨੇ ਕਿਹਾ ਕਿ ਸੰਘਰਸ਼ਾਂ, ਵਤਾਵਰਣ 'ਚ ਪਰਿਵਰਤਨ ਸਮੇਤ ਕੋਵਿਡ-19 ਕਾਰਨ 2030 ਤੱਕ ਗਰੀਬੀ ਨੂੰ ਖ਼ਤਮ ਕਰਨ ਦੇ ਟੀਚੇ ਨੂੰ ਹਾਸਲ ਕਰ ਪਾਉਣਾ ਮੁਸ਼ਕਲ ਲੱਗ ਰਿਹਾ ਹੈ। ਉਸ ਨੇ ਕਿਹਾ ਕਿ ਹੁਣ 2030 ਤੱਕ ਆਲਮੀ ਗਰੀਬੀ ਦਰ 7 ਫੀਸਦੀ ਦੇ ਆਸਪਾਸ ਰਹਿਣ ਦਾ ਅਨੁਮਾਨ ਹੈ।
ਮਹਾਮਾਰੀ ਦੌਰਾਨ ਕੰਮ ਨੂੰ ਲੈ ਕੇ ਜ਼ਿਆਦਾ ਦਬਾਅ ਝੱਲ ਰਹੇ ਭਾਰਤ 'ਚ ਕਾਮੇ : ਰਿਪੋਰਟ
NEXT STORY