ਨਵੀਂ ਦਿੱਲੀ — ਦੋ ਸਾਲ ਪਹਿਲਾਂ ਅੱਜ ਹੀ ਦੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੋਟਬੰਦੀ ਦਾ ਐਲਾਨ ਕੀਤਾ ਸੀ। 8 ਨਵੰਬਰ 2016 ਦੀ ਸ਼ਾਮ ਉਨ੍ਹਾਂ ਨੇ ਇਹ ਕਹਿ ਕੇ ਦੇਸ਼-ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ ਕਿ ਰਾਤ ਦੇ 12 ਵਜੇ ਤੋਂ 500 ਅਤੇ 1000 ਰੁਪਏ ਦੇ ਸਰਕੂਲੇਸ਼ਨ ਦੇ ਨੋਟ ਗੈਰ-ਕਾਨੂੰਨੀ ਹੋਣਗੇ। ਪ੍ਰਧਾਨ ਮੰਤਰੀ ਦੇ ਇਸ ਐਲਾਨ ਤੋਂ ਬਾਅਦ ਦੇਸ਼ 'ਚ ਹਰ ਪਾਸੇ ਹਫੜਾ-ਦਫੜੀ ਮੱਚ ਗਈ। ਹਾਲਾਂਕਿ ਰਿਜ਼ਰਵ ਬੈਂਕ ਆਫ ਇੰਡੀਆ (ਰਿਜ਼ਰਵ ਬੈਂਕ) ਵਲੋਂ 500 ਰੁਪਏ ਦੇ ਨਵੇਂ ਨੋਟ ਪ੍ਰਸਾਰਣ ਵਿਚ ਲਿਆਂਦੇ ਗਏ, ਪਰ 1000 ਰੁਪਏ ਦਾ ਨੋਟ ਪੂਰੀ ਤਰ੍ਹਾਂ ਨਾਲ ਸਰਕੂਲੇਸ਼ਨ ਵਿਚ ਖਤਮ ਕਰ ਦਿੱਤਾ ਗਿਆ ਅਤੇ 2000 ਰੁਪਏ ਦੇ ਨਵੇਂ ਨੋਟ ਜਾਰੀ ਕਰ ਦਿੱਤੇ ਗਏ। ਨੋਟਬੰਦੀ ਦੇ ਇਨ੍ਹਾਂ ਦੋ ਸਾਲਾਂ ਵਿਚ ਇਸ ਦੀਆਂ ਸਫਲਤਾਵਾਂ ਅਤੇ ਅਸਫਲਤਾਵਾਂ ਦੇ ਕਈ ਚਰਚੇ ਹੋਏ ਅਤੇ ਅਜੇ ਤੱਕ ਹੋ ਰਹੇ ਹਨ। ਆਓ ਜਾਣਦੇ ਹਾਂ ਨੋਟਬੰਦੀ ਦੇ ਹੁਣ ਤੱਕ ਦੇ ਸਫਰ ਬਾਰੇ।
ਕੀ ਬਣਿਆ ਪੁਰਾਣੇ ਨੋਟਾਂ ਦਾ
ਰਿਜ਼ਰਵ ਬੈਂਕ ਦੀ ਸਾਲਾਨਾ ਰਿਪੋਰਟ ਅਨੁਸਾਰ ਵਿੱਤੀ ਸਾਲ 2016-17 'ਚ ਗੈਰ-ਕਾਨੂੰਨੀ ਘੋਸ਼ਿਤ 15.44 ਲੱਖ ਕਰੋੜ ਰੁਪਏ ਵਿਚੋਂ 15.31 ਲੱਖ ਕਰੋੜ ਰੁਪਏ ਬੈਂਕਿੰਗ ਸਿਸਟਮ ਵਿਚ ਵਾਪਸ ਆ ਗਏ। ਗੈਰ-ਕਾਨੂੰਨੀ ਘੋਸ਼ਿਤ ਕੁੱਲ 99.3% ਨੋਟ ਬੈਂਕਾਂ ਵਿਚ ਜਮ੍ਹਾਂ ਕਰਵਾ ਦਿੱਤੇ ਗਏ ਜਦੋਂਕਿ 10,720 ਕਰੋੜ ਰੁਪਏ ਮੁੱਲ ਦੇ ਸਿਰਫ 0.7% ਨੋਟਾਂ ਬਾਰੇ ਜਾਣਕਾਰੀ ਨਹੀਂ ਮਿਲ ਸਕੀਂ ਹੈ।
8 ਨਵੰਬਰ 2016 ਨੂੰ ਜਿਸ ਸਮੇਂ ਨੋਟਬੰਦੀ ਦਾ ਐਲਾਨ ਹੋਇਆ, ਉਸ ਸਮੇਂ 500 ਰੁਪਏ ਦੇ 1,716.5 ਕਰੋੜ ਨੋਟ ਜਦੋਂਕਿ 1,000 ਰੁਪਏ ਦੇ 685.8 ਕਰੋੜ ਨੋਟ ਸਰਕੂਲੇਸ਼ਨ ਵਿਚ ਸਨ। ਦੋਵਾਂ ਦਾ ਕੁੱਲ ਮੁੱਲ 15.44 ਲੱਖ ਕਰੋੜ ਰੁਪਏ ਸੀ। ਰਿਜ਼ਰਵ ਬੈਂਕ ਅਨੁਸਾਰ 1,000 ਰੁਪਏ ਦੇ 8.9 ਕਰੋੜ ਨੋਟ ਯਾਨੀ 1.3 ਫੀਸਦੀ ਨੋਟ ਬੈਂਕਿੰਗ ਸਿਸਟਮ 'ਚ ਵਾਪਸ ਨਹੀਂ ਆਏ।
ਮੌਜੂਦਾ ਸਮੇਂ ਸਰਕੂਲੇਸ਼ਨ 'ਚ ਨੋਟ
ਵਿੱਤੀ ਸਾਲ 2017-18 ਦੀ ਸਾਲਾਨਾ ਰਿਪੋਰਟ ਵਿਚ ਰਿਜ਼ਰਵ ਬੈਂਕ ਨੇ ਦੱਸਿਆ ਕਿ ਮਾਰਚ 2018 ਦੇ ਅੰਤ ਤੱਕ, ਮੁੱਲ ਦੇ ਰੂਪ ਵਿਚ ਸਰਕੂਲੇਸ਼ਨ 'ਚ 37.7 ਫੀਸਦੀ ਨੋਟ ਵਧ ਕੇ 18.03 ਲੱਖ ਕਰੋੜ ਰੁਪਏ ਹੋ ਗਏ। ਸੰਖਿਆਵਾਂ ਦੇ ਹਿਸਾਬ ਨਾਲ ਸਰਕੂਲੇਸ਼ਨ ਵਿਚ ਵਧੇ ਨੋਟਾਂ ਦੀ ਪ੍ਰਤੀਸ਼ਤ 2.1 ਫੀਸਦੀ ਰਹੀ। ਇਹ ਦਰਸਾਉਂਦਾ ਹੈ ਕਿ ਪਾਬੰਦੀ ਤੋਂ ਬਾਅਦ ਡਿਜੀਟਾਈਜ਼ੇਸ਼ਨ ਅਤੇ ਘੱਟ ਨਕਦੀ ਅਰਥਵਿਵਸਥਾ (ਨਕਦੀ-ਰਹਿਤ ਅਰਥ-ਵਿਵਸਥਾ) 'ਤੇ ਧਿਆਨ ਦਿੱਤੇ ਜਾਣ ਦਾ ਸਰਕਾਰ ਦਾ ਮਕਸਦ ਪੂਰਾ ਨਹੀਂ ਹੋਇਆ।
ਨਕਲੀ ਨੋਟਾਂ ਦਾ ਅੰਕੜਾ
ਰਿਜ਼ਰਵ ਡਾਟਾ ਮੁਤਾਬਕ 2017-18 ਦੌਰਾਨ ਬੈਂਕਿੰਗ ਸਿਸਟਮ 'ਚ 5 ਲੱਖ 22 ਹਜ਼ਾਰ 783 ਨਕਲੀ ਨੋਟਾਂ ਦਾ ਪਤਾ ਲੱਗਾ। ਯਾਨੀ ਕੁੱਲ ਨੋਟਾਂ 'ਚ ਫੜੇ ਗਏ ਨਕਲੀ ਨੋਟਾਂ ਦਾ ਫੀਸਦੀ 36.1 ਰਿਹਾ ਜਿਹੜਾ ਕਿ 2016-17 'ਚ ਸਿਰਫ 4.3 ਫੀਸਦੀ ਸੀ।
ਟੈਕਸ ਚੋਰੀ 'ਤੇ ਅਸਰ
ਵਿੱਤੀ ਸਾਲ 2017-18 ਲਈ ਆਮਦਨ ਟੈਕਸ ਰਿਟਰਨ ਦਾਖਲ ਕਰਨ ਦੀ ਆਖਰੀ ਤਾਰੀਖ 31 ਅਗਸਤ ਦੇ ਆਖਰੀ ਸਮੇਂ ਪ੍ਰਾਪਤ ਕੁੱਲ ਰਿਟਰਨ ਦੀ ਸੰਖਿਆ 71% ਵਧ ਕੇ 5.42 ਕਰੋੜ ਰਹੀ। ਅਗਸਤ 2018 ਤੱਕ ਦਾਖਲ ਆਮਦਨ ਕਰ ਰਿਟਰਨ ਦੀ ਸੰਖਿਆ 5.42 ਕਰੋੜ ਹੈ ਜੋ 31 ਅਗਸਤ 2017 'ਚ 3.17 ਕਰੋੜ ਸੀ। ਇਹ ਦਾਖਲ ਰਿਟਰਨ ਦੀ ਸੰਖਿਆ 'ਚ 70.86% ਵਾਧੇ ਨੂੰ ਦਰਸਾਉਂਦੀ ਹੈ।
ਛਪਾਈ ਅਤੇ ਹੋਰ ਚੀਜ਼ਾਂ 'ਤੇ ਖਰਚਾ ਵਧਿਆ
ਰਿਜ਼ਰਵ ਬੈਂਕ ਨੇ ਨੋਟਬੰਦੀ ਦੌਰਾਨ 500 ਰੁਪਏ ਅਤੇ 2000 ਰੁਪਏ ਦੇ ਨਵੇਂ ਨੋਟ ਛਾਪਣ ਲਈ 7,965 ਕਰੋੜ ਰੁਪਏ ਖਰਚ ਕੀਤੇ ਜਦੋਂਕਿ ਪਿਛਲੇ ਸਾਲ ਨੋਟ ਛਾਪਣ 'ਤੇ 3,421 ਕਰੋੜ ਰੁਪਏ ਹੀ ਖਰਚ ਹੋਏ ਸਨ। ਵਿੱਤੀ ਸਾਲ 2017-18 'ਚ ਨੋਟ ਛਪਾਈ 'ਤੇ 4,912 ਕਰੋੜ ਰੁਪਏ ਖਰਚ ਹੋਏ।
ਇਸ ਦੇ ਨਾਲ ਹੀ ਪਿੰ੍ਰਟਿੰਗ ਅਤੇ ਹੋਰ ਦੂਜੇ ਖਰਚਿਆਂ 'ਚ ਵਾਧੇ ਕਾਰਨ ਰਿਜ਼ਰਵ ਬੈਂਕ ਵਲੋਂ ਸਰਕਾਰ ਨੂੰ ਦਿੱਤੇ ਜਾਣ ਵਾਲੇ ਲਾਭ ਅੰਸ਼ 'ਤੇ ਵੀ ਇਸ ਦਾ ਅਸਰ ਪਿਆ ਹੈ। ਕੇਂਦਰੀ ਬੈਂਕ ਨੇ ਕਿਹਾ ਕਿ ਵਿੱਤੀ ਸਾਲ 2016-17 'ਚ ਉਸਦੀ ਆਮਦਨੀ 23.56 ਫੀਸਦੀ ਘਟ ਗਈ ਜਦੋਂਕਿ ਖਰਚੇ ਦੁੱਗਣੇ ਤੋਂ ਵੀ ਜ਼ਿਆਦਾ 107.84 ਫੀਸਦੀ ਵਧ ਗਏ। ਵਿੱਤੀ ਸਾਲ 2017-18 'ਚ 500 ਅਤੇ 1,000 ਰੁਪਏ ਦੇ 2,700 ਕਰੋੜ ਰੁਪਏ ਨਸ਼ਟ ਹੋਏ। ਪਿਛਲੇ ਸਾਲ ਇਸ ਦੀ ਸੰਖਿਆ 1,200 ਕਰੋੜ ਸੀ।
ਡਿਜੀਟਲ ਟਰਾਂਜੈਕਸ਼ਨ
ਨੋਟਬੰਦੀ ਤੋਂ ਬਾਅਦ ਦੇਸ਼ ਵਿਚ ਡਿਜੀਟਲ ਟਰਾਂਜੈਕਸ਼ਨ ਦਾ ਤੇਜ਼ੀ ਨਾਲ ਵਾਧਾ ਹੋਇਆ। ਸਤੰਬਰ 2018 ਤੱਕ ਭੀਮ ਐਪ ਦਾ ਐਂਡਰਾਇਡ ਵਰਜਨ 3 ਕਰੋੜ 55 ਲੱਖ ਜਦੋਂਕਿ ਆਈ.ਓ.ਐੱਸ. ਵਰਜਨ 17 ਲੱਖ ਡਾਊਨਲੋਡ ਹੋ ਚੁੱਕਾ ਸੀ। ਅੰਕੜੇ ਦੱਸਦੇ ਹਨ ਕਿ 18 ਅਕਤੂਬਰ 2018 ਤੱਕ ਭੀਮ ਐਪ ਜ਼ਰੀਏ 8,206.37 ਕਰੋੜ ਰੁਪਏ ਮੁੱਲ ਦੇ ਕੁੱਲ 18 ਲੱਖ 27 ਹਜ਼ਾਰ ਟਰਾਂਜੈਕਸ਼ਨ ਹੋਏ।
RuPay ਨੂੰ ਮਿਲੀ ਸਫਲਤਾ
ਸਾਲ 2012 'ਚ ਨੈਸ਼ਨਲ ਪੇਮੈਂਟ ਕਾਊਂਸਲ ਆਫ ਇੰਡੀਆ(NPCI) ਵਲੋਂ ਤਿਆਰ ਕੀਤਾ ਗਿਆ ਪੇਮੈਂਟ ਸਿਸਟਮ RuPay ਭਾਰਤੀ ਪੇਮੈਂਟ ਮਾਰਕਿਟ 'ਚ ਦੋਵੇਂ ਅਮਰੀਕੀ ਕੰਪਨੀਆਂ ਤੋਂ ਕਾਫੀ ਅੱਗੇ ਨਿਕਲ ਚੁੱਕਾ ਹੈ। NPCI ਡਾਟਾ ਤੋਂ ਪਤਾ ਲੱਗਦਾ ਹੈ ਕਿ ਇਸ ਸਾਲ ਅਗਸਤ ਮਹੀਨੇ 'ਚ RuPay ਕਾਰਡ ਤੋਂ 4 ਕਰੋੜ 96 ਟਰਾਂਜੈਕਸ਼ਨ ਜ਼ਰੀਏ 62 ਅਰਬ 90 ਕਰੋੜ ਰੁਪਏ ਦਾ ਲੈਣ-ਦੇਣ ਹੋਇਆ। RuPay ਦੀ ਸਫਲਤਾ ਤੋਂ ਘਬਰਾ ਕੇ ਮਾਸਟਰ ਕਾਰਡ ਨੇ ਅਮਰੀਕੀ ਸਰਕਾਰ ਨੂੰ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਦੇ ਆਪਣੇ ਪੇਮੈਂਟ ਨੈੱਟਵਰਕ RuPay ਨੂੰ ਪ੍ਰਮੋਟ ਕਰਨ ਲਈ ਰਾਸ਼ਟਰਵਾਦ ਦਾ ਸਹਾਰਾ ਲੈ ਰਹੇ ਹਨ।
UPI ਦੀ ਪ੍ਰਸਿੱਧੀ
10 ਸਾਲ ਪਹਿਲਾਂ 1 ਕਰੋੜ 40 ਲੱਖ ਡੈਬਿਟ ਕਾਰਡ ਹੀ ਸਨ ਜਿਹੜੇ ਕਿ ਹੁਣ ਵੱਧ ਕੇ 1 ਅਰਬ ਡਾਲਰ ਤੱਕ ਪਹੁੰਚ ਚੁੱਕੇ ਹਨ। ਜ਼ਿਕਰਯੋਗ ਹੈ ਕਿ NPCI ਦਾ ਆਪਣਾ ਵੱਖਰਾ ਪੇਮੈਂਟ ਮੋਡ ਹੈ, ਜਿਸਨੂੰ UPI ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਅਗਸਤ ਮਹੀਨੇ 'ਚ 31 ਕਰੋੜ 20 ਲੱਖ ਵਾਰ ਇਸ ਪੇਮੈਂਟ ਮੋਡ ਦੇ ਇਸਤੇਮਾਲ ਤੋਂ 5 ਅਰਬ 42 ਕਰੋੜ 10 ਲੱਖ ਰੁਪਏ ਦਾ ਟ੍ਰਾਂਜੈਕਸ਼ਨ ਹੋਇਆ ਸੀ। ਯਾਨੀ ਇਸ ਦੀ ਪ੍ਰਸਿੱਧੀ ਤੇਜ਼ੀ ਨਾਲ ਵਧੀ ਹੈ।
ਹੁਣ Facebook, WhatsApp ਰਾਹੀਂ ਪੰਜਾਬ ਦੇ ਕਿਸਾਨਾਂ ਦੇ ਬਚਣਗੇ ਕਰੋੜਾਂ!
NEXT STORY