ਨਵੀਂ ਦਿੱਲੀ— ਦਿੱਗਜ ਮੋਬਾਇਲ ਫੋਨ ਕੰਪਨੀ ਐਪਲ ਨੇ ਹੁਣ ਭਾਰਤ 'ਚ ਆਈਫੋਨ-7 ਦਾ ਵੀ ਨਿਰਮਾਣ ਸ਼ੁਰੂ ਕਰ ਦਿੱਤਾ ਹੈ। ਇੰਪੋਰਟ ਦੀ ਤੁਲਨਾ 'ਚ ਲੋਕਲ ਨਿਰਮਾਣ ਕੰਪਨੀ ਨੂੰ ਸਸਤਾ ਪਵੇਗਾ। ਸੂਤਰਾਂ ਦਾ ਕਹਿਣਾ ਹੈ ਕਿ ਇੱਥੇ ਨਿਰਮਾਣ ਨਾਲ ਕੰਪਨੀ ਨੂੰ ਜੋ ਫਾਇਦਾ ਹੋਵੇਗਾ ਉਹ ਇਸ ਦਾ ਇਸਤੇਮਾਲ ਵਿਕਰੀ ਤੇ ਮਾਰਕੀਟਿੰਗ ਵਧਾਉਣ 'ਤੇ ਕਰ ਸਕਦੀ ਹੈ, ਜਿਸ ਕਾਰਨ ਆਈਫੋਨ-7 ਦੀ ਕੀਮਤ 'ਚ ਕਮੀ ਹੋਣ ਦੀ ਸੰਭਾਵਨਾ ਨਹੀਂ ਹੈ। ਹਾਲਾਂਕਿ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਡੀਲਰ ਨੂੰ ਜੋ ਫਾਇਦਾ ਕੰਪਨੀ ਤੋਂ ਮਿਲੇਗਾ ਉਹ ਸਟਾਕ ਕੱਢਣ ਲਈ ਗਾਹਕ ਨੂੰ ਥੋੜ੍ਹੀ-ਬਹੁਤ ਛੋਟ ਵੀ ਦੇ ਸਕਦੇ ਹਨ।
ਇਸ ਤੋਂ ਪਹਿਲਾਂ ਕੰਪਨੀ ਭਾਰਤ 'ਚ ਆਈਫੋਨ ਐੱਸ. ਈ. ਅਤੇ ਆਈਫੋਨ 6S ਬਣਾ ਰਹੀ ਹੈ। ਪਿਛਲੀ ਵਾਰ ਜਦੋਂ ਸਰਕਾਰ ਨੇ ਇੰਪੋਰਟ ਡਿਊਟੀ ਵਧਾਈ ਸੀ ਤਾਂ ਇੱਥੇ ਬਣ ਰਹੇ ਫੋਨਾਂ ਦੀ ਕੀਮਤ 'ਚ ਐਪਲ ਨੇ ਕੋਈ ਵਾਧਾ ਨਹੀਂ ਕੀਤਾ ਸੀ। ਸੂਤਰਾਂ ਮੁਤਾਬਕ, ਕੰਪਨੀ ਮਾਰਚ ਦੀ ਸ਼ੁਰੂਆਤ ਤੋਂ ਇੱਥੇ ਆਈਫੋਨ-7 ਬਣਾ ਰਹੀ ਹੈ। ਭਾਰਤ 'ਚ ਐਪਲ ਵਿਸਟ੍ਰਾਨ ਦੇ ਬੇਂਗਲੁਰੂ ਪਲਾਂਟ 'ਚ ਇਸ ਦਾ ਨਿਰਮਾਣ ਕਰਦੀ ਹੈ।
ਜ਼ਿਕਰਯੋਗ ਹੈ ਕਿ ਐਪਲ ਲਈ 2018 ਵਿਕਰੀ ਦੇ ਲਿਹਾਜ ਨਾਲ ਬਹੁਤ ਚੰਗਾ ਨਹੀਂ ਰਿਹਾ। ਚੀਨ 'ਚ ਲਗਾਤਾਰ ਉਸ ਦੀ ਵਿਕਰੀ ਡਿੱਗ ਰਹੀ ਹੈ। ਭਾਰਤ 'ਚ ਵੀ ਬੀਤੇ ਸਾਲ ਉਸ ਦਾ ਜਲਵਾ ਖਾਸ ਨਹੀਂ ਰਿਹਾ। ਇਸ ਨੂੰ ਦੇਖਦੇ ਹੋਏ ਕੰਪਨੀ ਆਪਣੀ ਰਣਨੀਤੀ ਬਦਲ ਰਹੀ ਹੈ। ਉਸ ਨੇ ਹਾਲ ਹੀ 'ਚ ਮੈਨੇਜਮੈਂਟ ਟੀਮ ਅਤੇ ਵਿਕਰੀ ਰਣਨੀਤੀ 'ਚ ਬਦਲਾਅ ਕੀਤੇ ਹਨ। ਮਾਹਰਾਂ ਦਾ ਕਹਿਣਾ ਹੈ ਕਿ ਇਹ ਸਪੱਸ਼ਟ ਹੈ ਕਿ ਕੰਪਨੀ ਭਾਰਤ ਨੂੰ ਇਕ ਨਿਰਮਾਣ ਤੇ ਸਪਲਾਈ ਹੱਬ ਬਣਾਉਣ ਦੀ ਯੋਜਨਾ ਰੱਖਦੀ ਹੈ। ਇਸ ਦਾ ਇਕ ਵੱਡਾ ਕਾਰਨ ਚੀਨ ਅਤੇ ਅਮਰੀਕਾ ਵਿਚਕਾਰ ਵਪਾਰ ਯੁੱਧ ਨੂੰ ਲੈ ਕੇ ਖਿਚੋਤਾਣ ਵੀ ਹੈ। ਆਈਫੋਨਾਂ ਦੀ ਉੱਚੀ ਕੀਮਤ ਅਤੇ ਚੀਨੀ ਮੋਬਾਇਲ ਕੰਪਨੀਆਂ ਵੱਲੋਂ ਘੱਟ ਕੀਮਤ 'ਤੇ ਕਾਫੀ ਫੀਚਰ ਦੇਣ ਕਾਰਨ 2018 ਦੌਰਾਨ ਭਾਰਤ 'ਚ ਐਪਲ ਦੀ ਬਾਜ਼ਾਰ ਹਿੱਸੇਦਾਰੀ ਘਟ ਕੇ ਲਗਭਗ 1.2 ਫੀਸਦੀ ਰਹਿ ਗਈ ਸੀ, ਜੋ ਸਾਲ 2017 'ਚ 2.4 ਫੀਸਦੀ ਸੀ।
ਅੱਜ ਨਹੀਂ ਬਦਲੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ
NEXT STORY