ਨਵੀਂ ਦਿੱਲੀ— ਟਰੰਪ ਪ੍ਰਸ਼ਾਸਨ ਵੱਲੋਂ ਅਮਰੀਕਾ 'ਚ ਐੱਚ-1ਬੀ ਵੀਜ਼ਾ ਧਾਰਕਾਂ ਲਈ ਨਿਯਮਾਂ ਨੂੰ ਸਖਤ ਕਰਨ ਨਾਲ ਹੁਣ ਸਾਫਟਵੇਅਰ ਪ੍ਰੋਫੈਸ਼ਨਲ ਕੈਨੇਡਾ ਦਾ ਰੁਖ਼ ਕਰ ਰਹੇ ਹਨ, ਜਿਨ੍ਹਾਂ 'ਚ ਵੱਡੀ ਗਿਣਤੀ 'ਚ ਭਾਰਤੀ ਹਨ। ਕੈਨੇਡਾ ਸਰਕਾਰ ਨੇ 2017 'ਚ 'ਗਲੋਬਲ ਸਕਿਲ ਸਟ੍ਰੈਟਜੀ' ਨਾਂ ਦਾ ਇਕ ਪ੍ਰੋਗਰਾਮ ਸ਼ੁਰੂ ਕੀਤਾ ਸੀ। ਇਸ ਤਹਿਤ 2018 'ਚ 3,10,000 ਲੋਕਾਂ ਨੂੰ ਪੀ. ਆਰ. ਦੇਣ ਤੇ 2019 'ਚ 3,30,000 ਨੂੰ ਸਥਾਈ ਨਿਵਾਸੀ ਦਾ ਦਰਜਾ ਪ੍ਰਦਾਨ ਕਰਨ ਦਾ ਟੀਚਾ ਮਿੱਥਿਆ ਗਿਆ ਸੀ।
ਕੈਨੇਡਾ ਦੀ ਸਰਕਾਰ ਵੱਲੋਂ ਜਾਰੀ 'ਬਿਲਡਿੰਗ ਏ ਨੈਸ਼ਨ ਆਫ ਇਨੋਵੇਟਰਜ਼' ਨਾਂ ਦੀ ਇਕ ਰਿਪੋਰਟ ਅਨੁਸਾਰ ਨਵੰਬਰ 2018 ਤਕ 40 ਹਜ਼ਾਰ 833 ਨੌਕਰੀਆਂ ਤੇ 3,625 ਅਰਜ਼ੀਆਂ ਨੂੰ ਉੱਚ ਹੁਨਰਮੰਦ ਪ੍ਰਵਾਸੀਆਂ ਲਈ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ।
ਇਕ ਰਿਪੋਰਟ ਮੁਤਾਬਕ, ਪ੍ਰੋਫੈਸ਼ਨਲਜ਼ ਲਈ ਕੈਨੇਡਾ ਦੀ ਵੀਜ਼ਾ ਵਿਵਸਥਾ ਨਰਮ ਹੋਣ ਕਾਰਨ ਬਹੁਤ ਸਾਰੇ ਲੋਕ ਉੱਥੇ ਨੌਕਰੀ ਦਾ ਸੁਪਨਾ ਲੈ ਕੇ ਜਾ ਰਹੇ ਹਨ। ਇਸ ਦਾ ਕਾਰਨ ਹੈ ਕਿ ਪਹਿਲਾਂ ਐੱਚ-1 ਬੀ ਵੀਜ਼ਾ ਵਾਲੇ ਪ੍ਰੋਫੈਸ਼ਨਲਜ਼ ਨੂੰ ਅਮਰੀਕਾ 'ਚ ਹੋਰ ਤਿੰਨ ਸਾਲਾਂ ਲਈ ਰਹਿਣ ਦੀ ਮਨਜ਼ੂਰੀ ਮਿਲ ਜਾਂਦੀ ਸੀ ਪਰ ਸਖਤ ਦਿਸ਼ਾ-ਨਿਰਦੇਸ਼ਾਂ ਨੇ ਇਨ੍ਹਾਂ ਵੀਜ਼ਾ ਧਾਰਕਾਂ ਤੇ ਨਵੇਂ ਵੀਜ਼ਾ ਐਪਲੀਕੇਸ਼ਨਾਂ ਦੀ ਜਾਂਚ ਬਹੁਤ ਵਧਾ ਦਿੱਤੀ ਹੈ।
ਤਿੰਨ ਸਾਲਾਂ 'ਚ ਵੀ ਮਿਲ ਸਕਦੀ ਹੈ PR
ਰਿਪੋਰਟਾਂ ਮੁਤਾਬਕ, ਜੇਕਰ ਕੋਈ ਅਮਰੀਕਾ 'ਚ ਕੰਮ ਕਰਨ ਮਗਰੋਂ ਕੈਨੇਡਾ ਦਾ ਰੁਖ਼ ਕਰ ਰਿਹਾ ਹੈ ਤਾਂ ਉਸ ਨੂੰ ਪਹਿਲ ਦਿੱਤੀ ਜਾ ਰਹੀ ਹੈ। ਕੈਨੇਡਾ ਜਾਣ ਵਾਲੇ ਐੱਚ-1ਬੀ ਵੀਜ਼ਾ ਧਾਰਕਾਂ 'ਚੋਂ ਲਗਭਗ ਇਕ ਤਿਹਾਈ ਭਾਰਤੀ ਹਨ। ਉੱਥੇ ਹੀ, ਐੱਚ-1ਬੀ ਵੀਜ਼ਾ 'ਤੇ ਸਖਤੀ ਕਾਰਨ ਕੰਪਨੀਆਂ ਦੀ ਮੁਸ਼ਕਲ ਵੀ ਵਧੀ ਹੈ। ਇਨ੍ਹਾਂ 'ਚੋਂ ਕਈ ਫਰਮਾਂ ਨੇ ਕੈਨੇਡਾ 'ਚ ਦਫਤਰ ਸਥਾਪਤ ਕੀਤੇ ਹਨ ਤੇ ਨਾਲ ਪ੍ਰੋਫੈਸ਼ਨਲ ਵੀ ਭੇਜੇ ਹਨ।
ਕੈਨੇਡਾ ਉਨ੍ਹਾਂ ਸੰਭਾਵਿਤ ਉੱਚ ਹੁਨਰਮੰਦ ਪੇਸ਼ੇਵਰਾਂ ਨੂੰ ਵੀ ਲੁਭਾ ਰਿਹਾ ਹੈ ਜਿਨ੍ਹਾਂ ਨੂੰ ਤਿੰਨ ਸਾਲਾਂ 'ਚ ਨਾਗਰਿਕਤਾ ਦਿੱਤੀ ਜਾ ਸਕਦੀ ਹੈ, ਜਦੋਂ ਕਿ ਭਾਰਤੀਆਂ ਨੂੰ ਅਮਰੀਕਾ 'ਚ ਗਰੀਨ ਕਾਰਡ ਲਈ ਇਕ ਦਹਾਕੇ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਹਾਲਾਂਕਿ ਤਨਖਾਹ ਪੈਕੇਜ ਅਮਰੀਕਾ ਦੀ ਤੁਲਨਾ 'ਚ ਘੱਟ ਹੈ ਪਰ ਨਾਗਰਿਕਤਾ ਲਈ ਪ੍ਰਕਿਰਿਆ ਤੇਜ਼ ਹੋਣ ਕਾਰਨ ਪ੍ਰੋਫੈਸ਼ਨਲ ਕੈਨੇਡਾ ਦਾ ਰੁਖ ਕਰ ਰਹੇ ਹਨ।
ਸੈਂਸੈਕਸ 'ਚ 112 ਅੰਕ ਦਾ ਉਛਾਲ, ਨਿਫਟੀ 'ਚ 24 ਅੰਕ ਦੀ ਬੜ੍ਹਤ
NEXT STORY