ਬਿਜ਼ਨੈੱਸ ਡੈਸਕ : ਅੱਜ ਭਾਰਤੀ ਸ਼ੇਅਰ ਬਾਜ਼ਾਰ ’ਚ ਕਰੋੜਾਂ ਛੋਟੇ ਨਿਵੇਸ਼ਕ ਆਪਣੀ ਬਚਤ ਲਾਉਂਦੇ ਹਨ ਪਰ ਇਕ ਦੌਰ ਅਜਿਹਾ ਵੀ ਸੀ, ਜਦੋਂ ਸ਼ੇਅਰ ਬਾਜ਼ਾਰ ’ਤੇ ਵੱਡੇ ਕਾਰੋਬਾਰੀਆਂ, ਅਮੀਰ ਪਰਿਵਾਰਾਂ ਅਤੇ ਚੋਣਵੇਂ ਨਿਵੇਸ਼ਕਾਂ ਦਾ ਦਬਦਬਾ ਹੁੰਦਾ ਸੀ। ਮੱਧਮਵਰਗੀ ਪਰਿਵਾਰਾਂ ਲਈ ਸ਼ੇਅਰ ਬਾਜ਼ਾਰ ’ਚ ਨਿਵੇਸ਼ ਕਰਨਾ ਆਸਾਨ ਨਹੀਂ ਸੀ। ਇਸ ਤਸਵੀਰ ਨੂੰ ਬਦਲਣ ’ਚ ਰਿਲਾਇੰਸ ਇੰਡਸਟਰੀਜ਼ ਦੇ ਸੰਸਥਾਪਕ ਧੀਰੂਭਾਈ ਅੰਬਾਨੀ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਨੇ ਨਾ ਸਿਰਫ ਇਕ ਵਿਸ਼ਾਲ ਕਾਰੋਬਾਰੀ ਸਾਮਰਾਜ ਖੜ੍ਹਾ ਕੀਤਾ, ਸਗੋਂ ਆਮ ਭਾਰਤੀਆਂ ਨੂੰ ਵੀ ਵੱਡੀਆਂ ਕੰਪਨੀਆਂ ਦੀ ਤਰੱਕੀ ’ਚ ਹਿੱਸੇਦਾਰ ਬਣਨ ਦਾ ਮੌਕਾ ਦਿੱਤਾ।
ਇਹ ਵੀ ਪੜ੍ਹੋ : 11 ਲੱਖ ਤੋਂ ਵੱਧ ਸਰਕਾਰੀ ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ, ਕੇਂਦਰੀ ਕੈਬਨਿਟ ਨੇ ਬੋਨਸ ਨੂੰ ਦਿੱਤੀ ਮਨਜ਼ੂਰੀ
ਚੋਰਵਾੜ ਤੋਂ ਸ਼ੁਰੂ ਹੋਇਆ ਕਾਰੋਬਾਰੀ ਸਫਰ :
ਸਾਲ 1932 ’ਚ ਗੁਜਰਾਤ ਦੇ ਸੌਰਾਸ਼ਟਰ ਖੇਤਰ ਦੇ ਚੋਰਵਾੜ ’ਚ ਇਕ ਸਾਧਾਰਨ ਪਰਿਵਾਰ ’ਚ ਜੰਮੇ ਧੀਰੂਭਾਈ ਅੰਬਾਨੀ ਨੇ ਘੱਟ ਉਮਰ ’ਚ ਹੀ ਕਾਰੋਬਾਰ ਦੀ ਦੁਨੀਆ ’ਚ ਕਦਮ ਰੱਖ ਦਿੱਤਾ ਸੀ। ਉਨ੍ਹਾਂ ਨੇ ਸ਼ੁਰੂਆਤੀ ਦਿਨਾਂ ’ਚ ਯਮਨ ਦੇ ਅਦਨ ’ਚ ਇਕ ਕੰਪਨੀ ’ਚ ਕੰਮ ਕੀਤਾ, ਜਿੱਥੇ ਉਨ੍ਹਾਂ ਨੂੰ ਵਪਾਰ ਦੀਆਂ ਬਾਰੀਕੀਆਂ ਸਿੱਖਣ ਦਾ ਮੌਕਾ ਮਿਲਿਆ।
ਇਹ ਵੀ ਪੜ੍ਹੋ : BOB 'ਤੇ 15 ਅਰਬ ਡਾਲਰ ਦਾ ਮੁਕੱਦਮਾ ਦਰਜ, ਕਰਜ਼ਦਾਰ ਨੇ ਠੋਕਿਆ ਕੇਸ, ਧੜੰਮ ਡਿੱਗੇ ਸ਼ੇਅਰ
ਬਾਅਦ ’ਚ ਮੁੰਬਈ ਪਰਤ ਕੇ ਉਨ੍ਹਾਂ ਨੇ ਛੋਟੇ ਪੱਧਰ ’ਤੇ ਕਾਰੋਬਾਰ ਸ਼ੁਰੂ ਕੀਤਾ। ਸ਼ੁਰੂਆਤ ਮਸਾਲਿਆਂ ਦੇ ਵਪਾਰ ਤੋਂ ਹੋਈ ਅਤੇ ਫਿਰ ਉਨ੍ਹਾਂ ਦਾ ਧਿਆਨ ਕੱਪੜੇ ਅਤੇ ਪਾਲੀਏਸਟਰ ਦੇ ਕਾਰੋਬਾਰ ਵੱਲ ਵਧਿਆ। ਸਾਲ 1966 ’ਚ ਉਨ੍ਹਾਂ ਨੇ ਗੁਜਰਾਤ ਦੇ ਨਰੋਦਾ ’ਚ ਟੈਕਸਟਾਈਲ ਮਿੱਲ ਸਥਾਪਿਤ ਕੀਤੀ। ਇਸ ਤੋਂ ਬਾਅਦ ਰਿਲਾਇੰਸ ਅਤੇ ਉਸ ਦਾ ਵਿਮਲ ਬ੍ਰਾਂਡ ਦੇਸ਼ ਭਰ ’ਚ ਪਛਾਣ ਬਣਾਉਣ ਲੱਗੇ।
ਧੀਰੂਭਾਈ ਦੀ ਕਾਰੋਬਾਰੀ ਸੋਚ ਰਵਾਇਤੀ ਉਦਯੋਗਪਤੀਆਂ ਤੋਂ ਵੱਖਰੀ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਕਿਸੇ ਵਿਅਕਤੀ ਦੀ ਸਫਲਤਾ ਉਸ ਦੀ ਪਰਿਵਾਰਕ ਜਾਇਦਾਦ ਤੋਂ ਨਹੀਂ, ਸਗੋਂ ਉਸ ਦੀ ਸੋਚ, ਮਿਹਨਤ ਅਤੇ ਜੋਖਮ ਉਠਾਉਣ ਦੀ ਸਮਰੱਥਾ ਨਾਲ ਤੈਅ ਹੁੰਦੀ ਹੈ।
ਇਹ ਵੀ ਪੜ੍ਹੋ : 35 ਲੱਖ ਦੀ Toyota Fortuner 'ਚੋਂ ਨਿਕਲ ਕੇ ਜਦੋਂ ਵਿਅਕਤੀ ਨੇ ਸੜਕ 'ਤੇ ਮਾਰਿਆ ਝਾੜੂ ਤਾਂ ... ਜਾਣੋ
1977 ’ਚ ਸ਼ੇਅਰ ਬਾਜ਼ਾਰ ’ਚ ਚੁੱਕਿਆ ਇਤਿਹਾਸਕ ਕਦਮ : ਧੀਰੂਭਾਈ ਅੰਬਾਨੀ ਦੇ ਕਾਰੋਬਾਰੀ ਸਫਰ ’ਚ ਸਾਲ 1977 ਇਕ ਮਹੱਤਵਪੂਰਨ ਮੋੜ ਸਾਬਤ ਹੋਇਆ। ਇਸੇ ਸਾਲ ਰਿਲਾਇੰਸ ਟੈਕਸਟਾਈਲ ਇੰਡਸਟਰੀਜ਼ ਨੇ ਆਪਣਾ ਪਬਲਿਕ ਸ਼ੇਅਰ ਇਸ਼ੂ ਪੇਸ਼ ਕੀਤਾ। ਇਸ ਇਸ਼ੂ ਲਈ ਲੱਗਭਗ 7 ਗੁਣਾ ਅਰਜ਼ੀਆਂ ਪ੍ਰਾਪਤ ਹੋਈਆਂ, ਜਿਸ ਨੇ ਉਸ ਦੌਰ ’ਚ ਨਿਵੇਸ਼ਕਾਂ ਵਿਚਾਲੇ ਰਿਲਾਇੰਸ ਪ੍ਰਤੀ ਉਤਸ਼ਾਹ ਨੂੰ ਉਜਾਗਰ ਕੀਤਾ।
ਉਸ ਸਮੇਂ ਸ਼ੇਅਰ ਬਾਜ਼ਾਰ ਨੂੰ ਮੁੱਖ ਰੂਪ ’ਚ ਸੰਪੰਨ ਵਰਗ ਦਾ ਖੇਤਰ ਮੰਨਿਆ ਜਾਂਦਾ ਸੀ। ਅਜਿਹੇ ਮਾਹੌਲ ’ਚ ਧੀਰੂਭਾਈ ਨੇ ਛੋਟੇ ਨਿਵੇਸ਼ਕਾਂ ਨੂੰ ਕੰਪਨੀ ਦੇ ਵਿਕਾਸ ’ਚ ਭਾਈਵਾਲ ਬਣਾਉਣ ਦੀ ਪਹਿਲ ਕੀਤੀ।
ਉਨ੍ਹਾਂ ਨੇ ਆਮ ਪਰਿਵਾਰਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਸਿਰਫ ਵੱਡੀਆਂ ਕੰਪਨੀਆਂ ਦੇ ਉਤਪਾਦਾਂ ਦੇ ਗਾਹਕ ਹੀ ਨਹੀਂ, ਸਗੋਂ ਸ਼ੇਅਰ ਖਰੀਦ ਕੇ ਉਨ੍ਹਾਂ ਦੇ ਮਾਲਕਾਨਾ ਹੱਕ ’ਚ ਵੀ ਹਿੱਸੇਦਾਰ ਬਣ ਸਕਦੇ ਹਨ।
ਇਹ ਵੀ ਪੜ੍ਹੋ : 15 ਅਕਤਬੂਰ ਤੱਕ ਪੂਰਾ ਕਰ ਲਓ EPFO ਨਾਲ ਜੁੜਿਆ ਇਹ ਕੰਮ, ਨਹੀਂ ਤਾਂ ਲੱਗ ਸਕਦੈ ਭਾਰੀ ਜੁਰਮਾਨਾ
ਇਕ ਸਕੂਲ ਅਧਿਆਪਕ, ਛੋਟਾ ਵਪਾਰੀ ਜਾਂ ਤਨਖਾਹਦਾਰ ਕਰਮਚਾਰੀ ਵੀ ਆਪਣੀ ਬਚਤ ਰਾਹੀਂ ਕਿਸੇ ਵੱਡੀ ਕੰਪਨੀ ਦੀ ਪ੍ਰਗਤੀ ਦਾ ਲਾਭ ਉਠਾ ਸਕਦਾ ਹੈ। ਇਹ ਵਿਚਾਰ ਉਸ ਦੌਰ ’ਚ ਭਾਰਤੀ ਮੱਧ ਵਰਗ ਲਈ ਕਾਫੀ ਮਹੱਤਵਪੂਰਨ ਸੀ।
ਛੋਟੇ ਨਿਵੇਸ਼ਕਾਂ ’ਚ ਜਗਾਇਆ ਭਰੋਸਾ : ਧੀਰੂਭਾਈ ਅੰਬਾਨੀ ਦੀਆਂ ਸਭ ਤੋਂ ਵੱਡੀਆਂ ਪ੍ਰਾਪਤੀਆਂ ’ਚ ਛੋਟੇ ਨਿਵੇਸ਼ਕਾਂ ਵਿਚਾਲੇ ਸ਼ੇਅਰ ਬਾਜ਼ਾਰ ਪ੍ਰਤੀ ਵਿਸ਼ਵਾਸ ਪੈਦਾ ਕਰਨਾ ਵੀ ਸ਼ਾਮਲ ਸੀ। ਉਨ੍ਹਾਂ ਨੇ ਸ਼ੇਅਰਧਾਰਕਾਂ ਨੂੰ ਸਿਰਫ ਪੂੰਜੀ ਉਪਲੱਬਧ ਕਰਵਾਉਣ ਵਾਲੇ ਲੋਕਾਂ ਦੇ ਰੂਪ ’ਚ ਨਹੀਂ ਦੇਖਿਆ, ਸਗੋਂ ਕੰਪਨੀ ਦੀ ਵਿਕਾਸ ਯਾਤਰਾ ਦਾ ਮਹੱਤਵਪੂਰਨ ਭਾਈਵਾਲ ਮੰਨਿਆ।
ਰਿਲਾਇੰਸ ਦੀਆਂ ਸਾਲਾਨਾ ਆਮ ਬੈਠਕਾਂ (ਏ. ਜੀ. ਐੱਮ.) ’ਚ ਵੱਡੀ ਗਿਣਤੀ ’ਚ ਸ਼ੇਅਰਧਾਰਕਾਂ ਦੀ ਭਾਈਵਾਲੀ ਇਸ ਭਰੋਸੇ ਦਾ ਪ੍ਰਤੀਕ ਬਣ ਗਈ। ਧੀਰੂਭਾਈ ਨੇ ਆਮ ਨਿਵੇਸ਼ਕਾਂ ਨਾਲ ਸਿੱਧੀ ਗੱਲਬਾਤ ਕਰਨ ਅਤੇ ਉਨ੍ਹਾਂ ਨੂੰ ਕੰਪਨੀ ਦੀ ਪ੍ਰਗਤੀ ਨਾਲ ਜੋੜਨ ਦੀ ਰਵਾਇਤ ਵਿਕਸਤ ਕੀਤੀ।
ਉਨ੍ਹਾਂ ਦੇ ਇਸ ਦ੍ਰਿਸ਼ਟੀਕੋਣ ਨੇ ਭਾਰਤੀ ਪੂੰਜੀ ਬਾਜ਼ਾਰ ’ਚ ਛੋਟੇ ਨਿਵੇਸ਼ਕਾਂ ਦੀ ਭਾਈਵਾਲੀ ਵਧਾਉਣ ’ਚ ਯੋਗਦਾਨ ਦਿੱਤਾ। ਇਸ ਨਾਲ ਸ਼ੇਅਰ ਬਾਜ਼ਾਰ ਪ੍ਰਤੀ ਮੱਧਵਰਗੀ ਪਰਿਵਾਰਾਂ ਦੀ ਸੋਚ ਵੀ ਹੌਲੀ-ਹੌਲੀ ਬਦਲਣ ਲੱਗੀ।
ਇਹ ਵੀ ਪੜ੍ਹੋ : ਸ਼ਾਹਰੁਖ਼ ਖਾਨ ਦੇ ਨਾਂ 'ਤੇ Dubai 'ਚ ਬਣੇਗਾ ਲਗਜ਼ਰੀ ਰਿਹਾਇਸ਼ੀ ਪ੍ਰੋਜੈਕਟ, ਜਾਣੋ ਕਿੰਨੀ ਹੋਵੇਗੀ ਕੀਮਤ
ਗੁਜਰਾਤ ਦੀ ਉੱਦਮਤਾ ਨੂੰ ਦਿੱਤੀ ਨਵੀਂ ਪਛਾਣ : ਧੀਰੂਭਾਈ ਅੰਬਾਨੀ ਦੀ ਸਫਲਤਾ ਨੇ ਗੁਜਰਾਤ ਦੀ ਉੱਦਮਤਾ ਦੀ ਰਵਾਇਤ ਨੂੰ ਵੀ ਨਵੀਂ ਪਛਾਣ ਦਿੱਤੀ। ਗੁਜਰਾਤ ਲੰਮੇ ਸਮੇਂ ਤੋਂ ਵਪਾਰ ਅਤੇ ਕਾਰੋਬਾਰ ਲਈ ਜਾਣਿਆ ਜਾਂਦਾ ਰਿਹਾ ਹੈ ਪਰ ਧੀਰੂਭਾਈ ਨੇ ਦਿਖਾਇਆ ਕਿ ਸੀਮਤ ਸਾਧਨਾਂ ਤੋਂ ਸ਼ੁਰੂਆਤ ਕਰ ਕੇ ਵੀ ਰਾਸ਼ਟਰੀ ਪੱਧਰ ਦਾ ਵੱਡਾ ਉਦਯੋਗਿਕ ਸਮੂਹ ਖੜ੍ਹਾ ਕੀਤਾ ਜਾ ਸਕਦਾ ਹੈ।
ਉਨ੍ਹਾਂ ਦੀ ਸਫਲਤਾ ਨੇ ਵਿਸ਼ੇਸ਼ ਰੂਪ ’ਚ ਗੁਜਰਾਤੀ ਪਰਿਵਾਰਾਂ ’ਚ ਕਾਰੋਬਾਰ, ਨਿਵੇਸ਼ ਅਤੇ ਜੋਖਮ ਉਠਾਉਣ ਪ੍ਰਤੀ ਆਤਮ-ਵਿਸ਼ਵਾਸ ਨੂੰ ਮਜ਼ਬੂਤ ਕੀਤਾ। ਰਿਲਾਇੰਸ ਦੇ ਵਿਕਾਸ ਨੇ ਇਹ ਸੁਨੇਹਾ ਦਿੱਤਾ ਕਿ ਵੱਡੀ ਕਾਰੋਬਾਰੀ ਸਫਲਤਾ ਸਿਰਫ ਵਿਰਾਸਤ ’ਚ ਮਿਲੀ ਜਾਇਦਾਦ ’ਤੇ ਨਿਰਭਰ ਨਹੀਂ ਹੁੰਦੀ।
ਇਹ ਵੀ ਪੜ੍ਹੋ : Kamal Haasan ਨੇ ਸੈਟੇਲਾਈਟ ਇੰਟਰਨੈੱਟ ਨੀਤੀ 'ਤੇ Elon Musk ਨੂੰ ਦਿੱਤਾ ਠੋਕਵਾਂ ਜਵਾਬ
ਇਕ ਅਜਿਹਾ ਸੱਦਾ, ਜਿਸ ਨੇ ਨਿਵੇਸ਼ ਦੀ ਸੋਚ ਬਦਲੀ : ਸਾਲ 1977 ’ਚ ਰਿਲਾਇੰਸ ਦਾ ਪਬਲਿਕ ਸ਼ੇਅਰ ਇਸ਼ੂ ਸਿਰਫ ਪੂੰਜੀ ਜੁਟਾਉਣ ਦਾ ਸਾਧਨ ਨਹੀਂ ਸੀ। ਇਹ ਆਮ ਭਾਰਤੀਆਂ ਨੂੰ ਵੱਡੇ ਕਾਰੋਬਾਰ ’ਚ ਹਿੱਸੇਦਾਰੀ ਦੇਣ ਦੀ ਦਿਸ਼ਾ ’ਚ ਮਹੱਤਵਪੂਰਨ ਪਹਿਲ ਵੀ ਸੀ।
ਉਸ ਦੌਰ ’ਚ ਸ਼ੇਅਰ ਬਾਜ਼ਾਰ ਤੋਂ ਦੂਰ ਰਹਿਣ ਵਾਲੇ ਅਨੇਕਾਂ ਪਰਿਵਾਰਾਂ ਲਈ ਇਹ ਇਕ ਨਵਾਂ ਮੌਕਾ ਸੀ। ਧੀਰੂਭਾਈ ਨੇ ਇਸ ਸੋਚ ਨੂੰ ਲੋਕਪ੍ਰਿਆ ਬਣਾਉਣ ’ਚ ਯੋਗਦਾਨ ਦਿੱਤਾ ਕਿ ਕਿਸੇ ਕੰਪਨੀ ਦੀ ਸਫਲਤਾ ਦਾ ਲਾਭ ਸਿਰਫ ਉਸ ਦੇ ਸੰਸਥਾਪਕਾਂ ਜਾਂ ਵੱਡੇ ਨਿਵੇਸ਼ਕਾਂ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ।
ਅੱਜ ਭਾਰਤ ’ਚ ਸ਼ੇਅਰ ਬਾਜ਼ਾਰ ਅਤੇ ਮਿਊਚੁਅਲ ਫੰਡ ਰਾਹੀਂ ਆਮ ਲੋਕਾਂ ਦੀ ਵਧਦੀ ਭਾਈਵਾਲੀ ਪਿੱਛੇ ਕਈ ਦਹਾਕਿਆਂ ਦਾ ਆਰਥਿਕ ਅਤੇ ਸੰਸਥਾਗਤ ਵਿਕਾਸ ਰਿਹਾ ਹੈ। ਇਸ ਯਾਤਰਾ ’ਚ ਧੀਰੂਭਾਈ ਅੰਬਾਨੀ ਦੀ ਪਹਿਲ ਨੂੰ ਇਕ ਮਹੱਤਵਪੂਰਨ ਅਧਿਆਏ ਮੰਨਿਆ ਜਾਂਦਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
Netflix 'ਚ ਵੱਡੇ ਪੱਧਰ ਤੇ ਛਾਂਟੀ ਦੀ ਤਿਆਰੀ, 1,000 ਕਰਮਚਾਰੀਆਂ ਦੀ ਜਾ ਸਕਦੀ ਹੈ ਨੌਕਰੀ
NEXT STORY