ਨਵੀਂ ਦਿੱਲੀ — ਸੌਰਾਸ਼ਟਰ ਅਤੇ ਦੱਖਣੀ ਗੁਜਰਾਤ 'ਚ ਭਾਰੀ ਬਾਰਸ਼ ਕਾਰਨ ਮੂੰਗਫਲੀ, ਕਪਾਹ ਅਤੇ ਦਾਲਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਹਨ। ਸੌਰਾਸ਼ਟਰ ਖੇਤਰ ਦੇ ਮੂੰਗਫਲੀ ਅਤੇ ਕਪਾਹ ਉਤਪਾਦਕ ਪ੍ਰਮੁੱਖ ਜ਼ਿਲਿਆਂ 'ਚ ਹੜ੍ਹਾਂ ਕਾਰਨ ਇਲਾਕੇ ਦੀਆਂ 45 ਤੋਂ 50 ਫੀਸਦੀ ਤੱਕ ਫਸਲਾਂ ਨੁਕਸਾਨੀਆਂ ਗਈਆਂ ਹਨ। ਖੇਤੀਬਾੜੀ ਵਿਭਾਗ ਦੇ ਇਕ ਅਧਿਕਾਰੀ ਨੇ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ,'ਸਰਕਾਰ ਨੇ ਅਜੇ ਤੱਕ ਜਾਇਜ਼ਾ ਨਹੀਂ ਲਿਆ ਕਿ ਇਨ੍ਹਾਂ ਬਾਰਸ਼ਾਂ ਕਾਰਨ ਅਸਲ 'ਚ ਫਸਲਾਂ ਦਾ ਕਿੰਨਾ ਨੁਕਸਾਨ ਹੋ ਚੁੱਕਾ ਹੈ। ਅੰਦਾਜ਼ਨ 45 ਤੋਂ 50 ਫੀਸਦੀ ਤੱਕ ਫਸਲਾਂ ਦਾ ਨੁਕਸਾਨ ਹੋ ਚੁੱਕਾ ਹੈ। ਇਸ ਤੋਂ ਪਹਿਲਾਂ ਕਿਸਾਨਾਂ ਨੂੰ ਦੇਰ ਨਾਲ ਮਾਨਸੂਨ ਆਉਣ ਅਤੇ ਪਾਣੀ ਦੀ ਕਮੀ ਕਾਰਨ ਖਰੀਫ ਫਸਲਾਂ ਦੀ ਬਿਜਾਈ ਘੱਟ ਅਤੇ ਦੇਰ ਨਾਲ ਕਰਨ ਲਈ ਮਜਬੂਰ ਹੋਣਾ ਪਿਆ ਸੀ।
ਇਲਾਕੇ ਪਾਣੀ ਦੀ ਮਾਰ ਹੇਠ
ਪੂਰੇ ਗੁਜਰਾਤ ਸੂਬੇ 'ਚ ਹੁਣ ਤੱਕ ਮਾਨਸੂਨ ਆਮ ਨਾਲੋਂ 45 ਤੋਂ 55 ਫੀਸਦੀ ਜ਼ਿਆਦਾ ਰਿਹਾ ਹੈ ਜਦੋਂਕਿ ਸੌਰਾਸ਼ਟਰ ਅਤੇ ਦੱਖਣੀ ਗੁਜਰਾਤ ਖੇਤਰ 'ਚ ਇਹ ਆਮ ਨਾਲੋਂ ਬਹੁਤ ਜ਼ਿਆਦਾ ਹੈ। ਇਨ੍ਹਾਂ ਇਲਾਕਿਆਂ 'ਚ ਬਹੁਤ ਜ਼ਿਆਦਾ ਪਾਣੀ ਭਰ ਗਿਆ ਹੈ। ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੁਪਾਣੀ ਨੇ ਕਿਹਾ ਹੈ ਕਿ ਸੂਬਾ ਸਰਕਾਰ ਨੁਕਸਾਨ ਦੇ ਪੱਧਰ ਦਾ ਪਤਾ ਲਗਾਉਣ ਲਈ ਸਰਕਾਰੀ ਮੁਲਾਂਕਣ ਕਰੇਗੀ। ਖੇਤੀਬਾੜੀ ਮਾਹਰ ਮੂੰਗਫਲੀ ਅਤੇ ਕਪਾਹ ਬਦਲੇ ਘੱਟ ਮਿਆਦ ਵਾਲੀਆਂ ਫਸਲਾਂ ਉਗਾਉਣ ਦੀ ਸਲਾਹ ਦੇ ਰਹੇ ਹਨ।
ਉੱਤਰੀ ਗੁਜਰਾਤ 'ਚ ਹੋਈ ਘੱਟ ਬਾਰਸ਼
ਜੂਨਾਗੜ੍ਹ ਖੇਤੀਬਾੜੀ ਯੂਨੀਵਰਸਿਟੀ ਦੇ ਇਕ ਅਧਿਆਪਕ ਨੇ ਕਿਹਾ,'ਅਸੀਂ ਕਿਸਾਨਾਂ ਨੂੰ ਸਲਾਹ ਦੇ ਰਹੇ ਹਾਂ ਕਿ ਮਾਨਸੂਨ ਦੀ ਬਾਕੀ ਰਹਿੰਦੀ ਮਿਆਦ 'ਚ ਛੋਲੇ ਅਤੇ ਅਰਹਰ ਵਰਗੀਆਂ ਫਸਲਾਂ ਉਗਾਉਣ। ਜਿਥੇ ਸੌਰਾਸ਼ਟਰ ਅਤੇ ਦੱਖਣੀ ਗੁਜਰਾਤ 'ਚ ਭਾਰੀ ਬਾਰਸ਼ ਕਾਰਨ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ, ਉਥੇ ਉੱਤਰੀ ਗੁਜਰਾਤ 'ਚ ਘੱਟ ਬਾਰਸ਼ ਹੋਈ ਹੈ। ਇਸ ਖੇਤਰ ਵਿਚ ਹੁਣ ਤੱਕ ਆਮ ਨਾਲੋਂ 20 ਫੀਸਦੀ ਘੱਟ ਬਾਰਸ਼ ਹੋਈ ਹੈ, ਜਿਸ ਕਾਰਨ ਇਥੋਂ ਦੇ ਕਿਸਾਨ ਖਰੀਫ ਸੀਜ਼ਨ 'ਚ ਬਿਜਾਈ ਦੀ ਰਫਤਾਰ ਨਹੀਂ ਪਕੜ ਸਕੇ। ਉੱਤਰੀ ਗੁਜਰਾਤ ਅਰਿੰਡੀ,ਜੀਰਾ,ਗਵਾਰ,ਬਾਜਰਾ ਅਤੇ ਜਵਾਰ ਵਰਗੀਆਂ ਫਸਲਾਂ ਲਈ ਮਸ਼ਹੂਰ ਹੈ।
ਰੁਪਏ ਦੀ ਮਜ਼ਬੂਤੀ ਵਧੀ, 68.70 'ਤੇ ਖੁੱਲ੍ਹਿਆ
NEXT STORY