ਨਵੀਂ ਦਿੱਲੀ— ਸਤੰਬਰ 2020 ਨੂੰ ਖ਼ਤਮ ਹੋਈ ਦੂਜੀ ਤਿਮਾਹੀ 'ਚ ਆਈ. ਸੀ. ਆਈ. ਸੀ. ਆਈ. ਬੈਂਕ ਦਾ ਮੁਨਾਫਾ ਲਗਭਗ 6 ਗੁਣਾ ਵੱਧ ਕੇ 4,251 ਕਰੋੜ ਰੁਪਏ ਰਿਹਾ। ਸ਼ਨੀਵਾਰ ਨੂੰ ਬੈਂਕ ਨੇ ਇਹ ਜਾਣਕਾਰੀ ਦਿੱਤੀ। ਬੀਤੇ ਵਿੱਤੀ ਸਾਲ ਦੀ ਇਸੇ ਤਿਮਾਹੀ 'ਚ ਬੈਂਕ ਦਾ ਮੁਨਾਫਾ 655 ਕਰੋੜ ਰੁਪਏ ਰਿਹਾ ਸੀ। ਬੈਂਕ ਨੇ ਕਿਹਾ ਕਿ ਜੁਲਾਈ ਤੋਂ ਸਤੰਬਰ 2020 'ਚ ਉਸ ਦੀ ਕੁੱਲ ਆਮਦਨ 23,650.77 ਕਰੋੜ ਰੁਪਏ ਰਹੀ, ਜੋ ਇਕ ਸਾਲ ਪਹਿਲਾਂ ਇਸ ਮਿਆਦ 'ਚ 22,759.52 ਕਰੋੜ ਰੁਪਏ ਸੀ।
ਉੱਥੇ ਹੀ, ਇਸ ਦੌਰਾਨ ਬੈਂਕ ਦੇ ਐੱਨ. ਪੀ. ਏ. ਘੱਟ ਕੇ ਕੁੱਲ ਐਡਵਾਂਸਿਸ ਦਾ 5.17 ਫੀਸਦੀ 'ਤੇ ਆ ਗਿਆ, ਜੋ ਸਾਲ ਪਹਿਲਾਂ 5.37 ਫੀਸਦੀ ਸੀ। ਮੁੱਲ ਦੇ ਹਿਸਾਬ ਨਾਲ ਕੁੱਲ ਐੱਨ. ਪੀ. ਏ. ਜਾਂ ਮਾੜਾ ਕਰਜ਼ 45,638.79 ਕਰੋੜ ਰੁਪਏ ਦੇ ਮੁਕਾਬਲੇ ਘੱਟ ਕੇ 38,989.19 ਕਰੋੜ ਰੁਪਏ ਰਿਹਾ। ਸ਼ੁੱਧ ਐੱਨ. ਪੀ. ਏ. ਵੀ 10,916.40 ਕਰੋੜ ਰੁਪਏ ਤੋਂ ਘੱਟ ਕੇ 7,187.51 ਕਰੋੜ ਰੁਪਏ 'ਤੇ ਆ ਗਿਆ।
ਏਕੀਕ੍ਰਿਤ ਆਧਾਰ 'ਤੇ ਬੈਂਕ ਦਾ ਸ਼ੁੱਧ ਮੁਨਾਫਾ ਪਿਛਲੇ ਵਿੱਤੀ ਸਾਲ ਦੇ 1,131 ਕਰੋੜ ਰੁਪਏ ਦੇ ਮੁਕਾਬਲੇ 4 ਗੁਣਾ ਵੱਧ ਕੇ 4,882 ਕਰੋੜ ਰੁਪਏ ਰਿਹਾ। ਇਸ ਤੋਂ ਇਲਾਵਾ ਮਾੜਾ ਕਰਜ਼ ਅਤੇ ਸੰਕਟਕਾਲੀਨ ਹਾਲਾਤਾਂ ਲਈ ਸਤੰਬਰ ਤਿਮਾਹੀ 'ਚ ਬੈਂਕ ਨੂੰ 2,995.27 ਕਰੋੜ ਰੁਪਏ ਦੀ ਵਿਵਸਥਾ ਕਰਨੀ ਪਈ, ਜੋ ਇਕ ਸਾਲ ਪਹਿਲਾਂ ਇਸ ਦੌਰਾਨ 2,506.87 ਕਰੋੜ ਰੁਪਏ ਸੀ। 30 ਸਤੰਬਰ ਤੱਕ ਬੈਂਕ ਨੇ ਕੋਵਿਡ ਨਾਲ ਸਬੰਧਤ 8,772 ਕਰੋੜ ਰੁਪਏ ਦੀ ਵਿਵਸਥਾ ਕੀਤੀ।
ਵੋਡਾਫੋਨ-IDEA ਦੇ ਪਲਾਨ ਹੋਣਗੇ ਮਹਿੰਗੇ, ਵਧਣ ਜਾ ਰਿਹਾ ਹੈ ਤੁਹਾਡਾ ਖ਼ਰਚ!
NEXT STORY