ਮੁੰਬਈ-ਵਰਲਡ ਗੋਲਡ ਕੌਂਸਲ (ਡਬਲਯੂ. ਜੀ. ਸੀ.) ਨੇ ਆਪਣੀ ਰਿਪੋਰਟ ’ਚ ਜਾਣਕਾਰੀ ਦਿੱਤੀ ਕਿ ਦੇਸ਼ ’ਚ ਸੋਨੇ ਦੀ ਮੰਗ ਜੁਲਾਈ-ਸਤੰਬਰ ਤਿਮਾਹੀ ’ਚ ਸਾਲਾਨਾ ਆਧਾਰ ’ਤੇ 10 ਫ਼ੀਸਦੀ ਵਧ ਕੇ 183.2 ਟਨ ਹੋ ਗਈ। ਸੋਨੇ ਦੀਆਂ ਵਧਦੀਆਂ ਕੀਮਤਾਂ ਅਤੇ ਬਾਜ਼ਾਰ ’ਚ ਨਕਦੀ/ਤਰਲਤਾ ਦੀ ਕਮੀ ਨਾਲ ਇਸ ਵਾਰ ਧਨਤੇਰਸ ਅਤੇ ਦੀਵਾਲੀ ’ਤੇ ਸੋਨੇ ਦੀ ਮੰਗ ਸਾਧਾਰਨ ਰਹਿ ਸਕਦੀ ਹੈ।
ਡਬਲਯੂ. ਜੀ. ਸੀ. ਦੀ ਤੀਜੀ ਤਿਮਾਹੀ (ਜੁਲਾਈ-ਸਤੰਬਰ) ਦੀ ‘ਸੋਨੇ ਦੀ ਮੰਗ ਦਾ ਰੁਖ਼’ ਰਿਪੋਰਟ ਅਨੁਸਾਰ ਮੁੱਲ ਦੇ ਆਧਾਰ ’ਤੇ ਦੇਸ਼ ’ਚ ਇਸ ਦੌਰਾਨ ਸੋਨੇ ਦੀ ਮੰਗ 14 ਫ਼ੀਸਦੀ ਵਧੀ। ਇਹ 50,090 ਕਰੋੜ ਰੁਪਏ ਰਹੀ, ਜਦੋਂ ਕਿ 2017 ਦੀ ਇਸੇ ਤਿਮਾਹੀ ’ਚ ਇਹ ਅੰਕੜਾ 43,800 ਕਰੋੜ ਰੁਪਏ ਸੀ। ਡਬਲਯੂ. ਜੀ. ਸੀ. ਦੇ ਭਾਰਤ ਦੇ ਪ੍ਰਬੰਧ ਨਿਰਦੇਸ਼ਕ ਸੋਮਸੁੰਦਰਮ ਪੀ. ਆਰ. ਨੇ ਇਕ ਇੰਟਰਵਿਊ ਦੌਰਾਨ ਕਿਹਾ, ‘‘ਤਿਮਾਹੀ ਦੀ ਸ਼ੁਰੂਆਤ ’ਚ ਸੋਨੇ ਦੇ ਮੁੱਲ ’ਚ ਕਮੀ ਵੇਖੀ ਗਈ। ਇਹ ਟੈਕਸ ਸਮੇਤ 29,000 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ’ਤੇ ਆ ਗਿਆ, ਜੋ ਜਨਵਰੀ 2018 ਤੋਂ ਬਾਅਦ ਸੋਨੇ ਦੇ ਭਾਅ ਦਾ ਸਭ ਤੋਂ ਨੀਵਾਂ ਪੱਧਰ ਸੀ। ਇਸ ਨਾਲ ਸੋਨੇ ਦੀ ਮੰਗ ’ਚ ਤੇਜ਼ੀ ਆਈ।’’
ਉਨ੍ਹਾਂ ਕਿਹਾ, ‘‘ਸੋਨਾ ਖਰੀਦ ਦੇ ਮੌਕੇ ਘੱਟ ਹੋਣ ਅਤੇ ਕੇਰਲ ਵਰਗੇ ਪ੍ਰਮੁੱਖ ਬਾਜ਼ਾਰ ਦੇ ਹੜ੍ਹ ਨਾਲ ਪ੍ਰਭਾਵਿਤ ਹੋਣ ਵਰਗੇ ਕਈ ਕਾਰਨਾਂ ਦੇ ਕਾਰਨ ਇਸ ਤਿਮਾਹੀ ’ਚ ਸੋਨੇ ਦੀ ਮੰਗ ’ਤੇ ਅਸਰ ਪਿਆ।’’ ਸਾਲ ਦੀ ਆਖਰੀ ਤਿਮਾਹੀ (ਅਕਤੂਬਰ-ਦਸੰਬਰ) ਆਮ ਤੌਰ ’ਤੇ ਸੋਨੇ ਦੀ ਮੰਗ ਲਈ ਚੰਗੀ ਰਹਿੰਦੀ ਹੈ। ਤਿਉਹਾਰਾਂ ਅਤੇ ਵਿਆਹ-ਸ਼ਾਦੀਆਂ ਕਾਰਨ ਇਸ ਦੌਰਾਨ ਸੋਨੇ ਦੀ ਮੰਗ ਅਤੇ ਖਰੀਦ ਵਧਦੀ ਹੈ। ਸੋਮਸੁੰਦਰਮ ਨੇ ਕਿਹਾ ਕਿ ਇਸ ਦੇ ਬਾਵਜੂਦ ਹਾਲਾਂਕਿ ਇਸ ਸਾਲ ਸੋਨੇ ਦੀ ਮੰਗ ਇਸ ਦੌਰਾਨ ਸਾਧਾਰਨ ਹੀ ਰਹਿ ਸਕਦੀ ਹੈ, ਕਿਉਂਕਿ ਬਾਜ਼ਾਰ ਤਰਲਤਾ ਦੀ ਕਮੀ ਹੈ, ਉਥੇ ਹੀ ਭਾਰਤ ’ਚ ਇਸ ਦੀਆਂ ਕੀਮਤਾਂ ਵੀ ਵਧ ਰਹੀਆਂ ਹਨ। ਇਸ ਤੋਂ ਇਲਾਵਾ ਕੁਝ ਸੂਬਿਆਂ ’ਚ ਚੋਣਾਂ ਦੇ ਕਾਰਨ ਇਸ ਦੀ ਆਵਾਜਾਈ ਵੀ ਪ੍ਰਭਾਵਿਤ ਹੋਵੇਗੀ। ਉਨ੍ਹਾਂ ਕਿਹਾ ਕਿ ਸਾਲ ਭਰ ’ਚ ਸੋਨੇ ਦੀ ਮੰਗ ਘੱਟ ਰਹਿਣ ਦਾ ਅੰਦਾਜ਼ਾ ਹੈ। ਇਹ 700 ਤੋਂ 800 ਟਨ ਦੇ ਘੇਰੇ ’ਚ ਰਹਿ ਸਕਦੀ ਹੈ।
ਬੀ. ਆਈ. ਐੱਸ. ਦੀ ਹਾਲਮਾਰਕ ਸੋਨੇ ਦੀ ਖਰੀਦ ਨੂੰ ਹੱਲਾਸ਼ੇਰੀ ਦੇਣ ਲਈ ਮੁਹਿੰਮ
ਭਾਰਤੀ ਸਟੈਂਡਰਡ ਬਿਊਰੋ (ਬੀ. ਆਈ. ਐੱਸ.) ਨੇ ਗਾਹਕਾਂ ਵਿਚਾਲੇ ਸਿਰਫ ‘ਹਾਲਮਾਰਕ’ ਸੋਨਾ ਅਤੇ ਗਹਿਣੇ ਦੀ ਖਰੀਦ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਨਵੀਂ ਮੁਹਿੰਮ ਸ਼ੁਰੂ ਕੀਤੀ ਹੈ। ਮੌਜੂਦਾ ਤਿਉਹਾਰੀ ਮੌਸਮ ਦੀ ਖਰੀਦ ਨੂੰ ਵੇਖਦਿਆਂ ਬਿਊਰੋ ਨੇ ਇਹ ਕਦਮ ਚੁੱਕਿਆ ਹੈ। ਬੀ. ਆਈ. ਐੱਸ. ਨੇ ਇਕ ਬਿਆਨ ’ਚ ਕਿਹਾ ਕਿ ਇਹ ਜਾਗਰੂਕਤਾ ਮੁਹਿੰਮ ਪ੍ਰਿੰਟ, ਇਲੈਕਟ੍ਰਾਨਿਕ, ਰੇਡੀਓ ਅਤੇ ਡਿਜੀਟਲ ਮੀਡੀਆ ਦੇ ਮਾਧਿਅਮ ਨਾਲ ਚਲਾਈ ਜਾਵੇਗੀ। ਬੀ. ਆਈ. ਐੱਸ. ਦਾ ਕਹਿਣਾ ਹੈ ਕਿ ਇਸ ਮੁਹਿੰਮ ਦਾ ਮਕਸਦ ਗਾਹਕਾਂ ਨੂੰ ਸਿਰਫ ਬੀ. ਆਈ. ਐੱਸ. ਤੋਂ ਮਾਨਤਾ ਪ੍ਰਾਪਤ ਹਾਲਮਾਰਕ ਸੋਨਾ ਖਰੀਦਣ ਲਈ ਜਾਗਰੂਕ ਕਰਨਾ ਹੈ। ਹਾਲਮਾਰਕ ਤੋਂ ਮਤਲਬ ਕਿਸੇ ਉਤਪਾਦ ਦੀ ਗੁਣਵੱਤਾ ਦਾ ਸਟੈਂਡਰਡ ਹੁੰਦਾ ਹੈ। ਬੀ. ਆਈ. ਐੱਸ. ਖਪਤਕਾਰ ਮਾਮਲਿਆਂ ਦੇ ਮੰਤਰਾਲਾ ਦੇ ਅਧੀਨ ਕੰਮ ਕਰਦਾ ਹੈ। ਇਹ ਹਾਲਮਾਰਕ ਦੀ ਪ੍ਰਬੰਧਕੀ ਇਕਾਈ ਹੈ।
ਅਮਰੀਕੀ ਕੱਚੇ ਤੇਲ 'ਚ 2.5 ਫੀਸਦੀ ਦੀ ਗਿਰਾਵਟ, ਸਸਤਾ ਹੋ ਸਕਦਾ ਹੈ ਪੈਟਰੋਲ!
NEXT STORY