ਭੋਪਾਲ— ਪੀਪਲਸ ਡੈਂਟਲ ਕਾਲਜ ਦੇ ਡਾਕਟਰਾਂ ਨੇ ਇਲਾਜ ਕਰਵਾਉਣ ਪੁੱਜੇ ਇਕ ਨਾਬਾਲਗ ਦਾ ਗਲਤ ਦੰਦ ਪੁੱਟ ਦਿੱਤਾ। ਇਹ ਉਸ ਦਾ ਮੂਲ ਦੰਦ ਸੀ, ਜੋ ਹੁਣ ਕਦੇ ਨਹੀਂ ਉੱਗ ਸਕਦਾ। ਗਲਤ ਇਲਾਜ ਕਰਨ ਦੇ ਮਾਮਲੇ 'ਚ ਜ਼ਿਲਾ ਖਪਤਕਾਰ ਫੋਰਮ ਨੇ ਇਲਾਜ ਕਰਨ ਵਾਲੇ ਡਾਕਟਰ ਸਮੇਤ ਹਸਪਤਾਲ ਪ੍ਰਬੰਧਨ ਨੂੰ ਇਲਾਜ ਖਰਚ, ਕੇਸ ਖਰਚ ਅਤੇ ਹਰਜਾਨੇ ਸਮੇਤ 1,25,680 ਰੁਪਏ ਦੇਣ ਦਾ ਹੁਕਮ ਦਿੱਤਾ।
ਕੀ ਸੀ ਮਾਮਲਾ
ਭਾਨਪੁਰ ਨਿਵਾਸੀ ਅੰਕੁਰ ਚੰਦੇਲ ਨੇ ਦੱਸਿਆ ਕਿ ਉਹ 7 ਨਵੰਬਰ 2009 ਨੂੰ ਆਪਣੇ ਦੰਦਾਂ ਦੀ ਆਮ ਜਾਂਚ ਅਤੇ ਸਫਾਈ ਕਰਵਾਉਣ ਪੀਪਲਸ ਡੈਂਟਲ ਅਕੈਡਮੀ ਗਿਆ। ਉੱਥੇ ਉਸ ਨੂੰ ਦੱਸਿਆ ਗਿਆ ਕਿ ਉਸ ਦੇ ਉੱਪਰੀ ਜਬੜੇ 'ਚ ਸਾਹਮਣੇ ਦੇ ਸੱਜੇ ਪਾਸੇ ਅੰਦਰ ਵੱਲ ਕਰੋਲਿੰਗ ਦੰਦ ਹੈ, ਜੋ ਆਮ ਤੌਰ 'ਤੇ ਬਾਹਰ ਵਿਖਾਈ ਨਹੀਂ ਦਿੰਦਾ ਹੈ। ਡਾਕਟਰਾਂ ਨੇ ਉਸ ਨੂੰ ਦੱਸੇ ਬਿਨਾਂ ਉਸ ਦੇ ਦੰਦ ਦਾ ਇਲਾਜ ਸ਼ੁਰੂ ਕਰ ਦਿੱਤਾ। ਸ਼ਿਕਾਇਤਕਰਤਾ ਨਾਬਾਲਗ ਸੀ ਪਰ ਡਾਕਟਰਾਂ ਨੇ ਇਲਾਜ ਲਈ ਉਸ ਦੇ ਪਰਿਵਾਰਕ ਮੈਂਬਰਾਂ ਤੋਂ ਵੀ ਆਗਿਆ ਨਹੀਂ ਲਈ। 30 ਨਵੰਬਰ 2009 ਨੂੰ ਉਸ ਦੀ ਸਲਾਹ ਅਤੇ ਆਗਿਆ ਦੇ ਬਿਨਾਂ ਹੀ ਡਾਕਟਰਾਂ ਨੇ ਉਸ ਦਾ ਦੰਦ ਕੱਢ ਦਿੱਤਾ ਅਤੇ ਬ੍ਰਸ਼ੇਸ ਲਾ ਦਿੱਤੇ। 3 ਸਤੰਬਰ 2012 ਨੂੰ ਪ੍ਰੇਸ਼ਾਨੀ ਹੋਣ 'ਤੇ ਉਹ ਫਿਰ ਇਲਾਜ ਲਈ ਆਇਆ। ਇਲਾਜ ਦੌਰਾਨ ਉਸ ਨੂੰ ਪਤਾ ਚੱਲਿਆ ਕਿ ਡਾਕਟਰਾਂ ਨੇ ਉਸ ਦਾ ਮੂਲ ਦੰਦ ਹੀ ਕੱਢ ਦਿੱਤਾ ਹੈ, ਜੋ ਖਰਾਬ ਨਹੀਂ ਸੀ ਅਤੇ ਇਹ ਹੁਣ ਕਦੇ ਉੱਗੇਗਾ ਵੀ ਨਹੀਂ। ਪੀਪਲਸ ਡੈਂਟਲ ਅਕੈਡਮੀ ਵੱਲੋਂ ਸੁਣਵਾਈ ਦੌਰਾਨ ਦਲੀਲ ਦਿੱਤੀ ਗਈ ਕਿ ਉਸ ਦੀ ਸਹਿਮਤੀ ਤੋਂ ਬਾਅਦ ਹੀ ਇਲਾਜ ਕੀਤਾ ਗਿਆ ਸੀ। ਡਾਕਟਰਾਂ ਦੀ ਸਲਾਹ ਅਨੁਸਾਰ ਖਾਣ-ਪੀਣ 'ਚ ਲਾਪ੍ਰਵਾਹੀ ਵਰਤਣ ਦੀ ਵਜ੍ਹਾ ਨਾਲ ਉਸ ਦੀ ਹਾਲਤ ਖਰਾਬ ਹੋ ਗਈ, ਜਿਸ ਲਈ ਉਹ ਖੁਦ ਜ਼ਿੰਮੇਵਾਰ ਹੈ।
ਇਹ ਕਿਹਾ ਫੋਰਮ ਨੇ
ਫੋਰਮ ਦੇ ਪ੍ਰਧਾਨ ਜੱਜ ਆਰ. ਕੇ. ਭਾਵੇਂ ਅਤੇ ਬੈਂਚ ਮੈਂਬਰ ਸੁਨੀਲ ਸ਼੍ਰੀਵਾਸਤਵ ਦੀ ਬੈਂਚ ਨੇ ਸ਼ਿਕਾਇਤਕਰਤਾ ਅੰਕੁਰ ਚੰਦੇਲ ਦੀ ਅਪੀਲ 'ਤੇ ਸੁਣਵਾਈ ਤੋਂ ਬਾਅਦ ਮੈਨੇਜਿੰਗ ਡਾਇਰੈਕਟਰ ਪੀਪਲਸ ਡੈਂਟਲ ਅਕਾਦਮੀ ਭਾਨਪੁਰ ਡਾ. ਅਮਿਤਾਭ ਕੁਲਹਾਰੇ ਅਤੇ ਡਾਕਟਰ ਅਜੈ ਪਿੱਲਈ, ਸਰਜਨ ਐੱਚ. ਓ. ਡੀ. ਖਿਲਾਫ ਇਹ ਫੈਸਲਾ ਸੁਣਾਇਆ ਹੈ। ਫੋਰਮ ਨੇ ਇਨ੍ਹਾਂ ਡਾਕਟਰਾਂ ਨੂੰ ਨਾਬਾਲਗ ਦੇ ਇਲਾਜ 'ਚ ਖਰਚ ਕੀਤੀ ਗਈ ਰਾਸ਼ੀ 20,680 ਰੁਪਏ ਤੋਂ ਇਲਾਵਾ 1 ਲੱਖ ਰੁਪਏ ਹਰਜਾਨਾ ਅਤੇ 5000 ਰੁਪਏ ਕੇਸ ਖਰਚ ਦੇ ਰੂਪ 'ਚ 2 ਮਹੀਨੇ 'ਚ ਅਦਾ ਕਰਨ ਦੇ ਹੁਕਮ ਦਿੱਤੇ ਹਨ। ਬੈਂਚ ਨੇ ਆਪਣੇ ਹੁਕਮ 'ਚ ਇਹ ਵੀ ਕਿਹਾ ਹੈ ਕਿ ਜੇਕਰ ਡਾਕਟਰ 2 ਮਹੀਨਿਆਂ ਅੰਦਰ ਇਸ ਰਾਸ਼ੀ ਦਾ ਭੁਗਤਾਨ ਨਹੀਂ ਕਰਦੇ ਹਨ ਤਾਂ ਉਨ੍ਹਾਂ ਨੂੰ 9 ਫੀਸਦੀ ਵਿਆਜ ਦੇ ਨਾਲ ਇਹ ਰਾਸ਼ੀ ਅਦਾ ਕਰਨੀ ਹੋਵੇਗੀ।
ਭਾਰਤ ਨੇ ਫਿਰ ਟਾਲਿਆ ਅਮਰੀਕੀ ਵਸਤੂਆਂ 'ਤੇ ਆਯਾਤ ਡਿਊਟੀ ਵਧਾਉਣ ਦਾ ਫੈਸਲਾ
NEXT STORY