ਮੁੰਬਈ— ਸਰਕਾਰ ਵੱਲੋਂ ਸੁਸਤ ਵਿਕਾਸ ਨੂੰ ਰਫਤਾਰ ਦੇਣ ਲਈ ਹਾਲ ਹੀ 'ਚ ਹਾਊਸਿੰਗ ਸੈਕਟਰ ਅਤੇ ਕਾਰਪੋਰੇਟ ਟੈਕਸਾਂ ਨੂੰ ਲੈ ਕੇ ਚੁੱਕੇ ਗਏ ਵੱਡੇ ਕਦਮਾਂ ਮਗਰੋਂ ਹੁਣ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵੀ ਵੱਡੀ ਸੌਗਾਤ ਦੇ ਸਕਦਾ ਹੈ। 4 ਅਕਤੂਬਰ ਨੂੰ ਵਿਆਜ ਦਰਾਂ 'ਚ ਇਕ ਵਾਰ ਹੋਰ ਕਟੌਤੀ ਕੀਤੀ ਜਾ ਸਕਦੀ ਹੈ, ਯਾਨੀ ਬੈਂਕ ਗਾਹਕਾਂ ਲਈ ਤਿਉਹਾਰੀ ਸੀਜ਼ਨ 'ਚ ਹੋਮ-ਕਾਰ ਲੋਨ ਲੈਣਾ ਹੋਰ ਸਸਤਾ ਹੋ ਜਾਵੇਗਾ।
ਹੁਣ ਤਕ ਪ੍ਰਚੂਨ ਮਹਿੰਗਾਈ ਦਰ 4 ਫੀਸਦੀ ਤੋਂ ਘੱਟ ਹੀ ਰਹੀ ਹੈ, ਜੋ ਆਰ. ਬੀ. ਆਈ. ਨੇ ਮਹਿੰਗਾਈ ਕੰਟਰੋਲ ਰੱਖਣ ਦਾ ਟੀਚਾ ਨਿਰਧਾਰਤ ਕੀਤਾ ਹੈ। ਇਸ ਲਈ ਸੰਭਾਵਨਾ ਹੈ ਕਿ ਆਰ. ਬੀ. ਆਈ. ਕੋਲ ਦਰਾਂ 'ਚ ਕਟੌਤੀ ਦਾ ਇਕ ਹੋਰ ਮੌਕਾ ਹੈ। ਬਾਜ਼ਾਰ ਮਾਹਰਾਂ ਵੱਲੋਂ ਉਮੀਦ ਜਤਾਈ ਜਾ ਰਹੀ ਹੈ ਕਿ ਆਰ. ਬੀ. ਆਈ. ਅਗਾਮੀ ਪਾਲਿਸੀ ਮੀਟਿੰਗ 'ਚ ਰੇਪੋ ਦਰ 'ਚ 0.25-0.40 ਫੀਸਦੀ ਤਕ ਦੀ ਕਟੌਤੀ ਕਰ ਸਕਦਾ ਹੈ। ਮਹਿੰਗਾਈ ਦਰ 'ਚ ਨਰਮੀ ਤੇ ਇਕਨੋਮਿਕ ਸਲੋਡਾਊਨ ਕਾਰਨ ਇਹ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਕਟੌਤੀ ਨਾਲ ਬੈਂਕ ਗਾਹਕਾਂ ਦੀ ਈ. ਐੱਮ. ਆਈ. ਹੋਰ ਘੱਟ ਹੋ ਜਾਵੇਗੀ ਤੇ ਨਵਾਂ ਲੋਨ ਵੀ ਸਸਤਾ ਹੋਵੇਗਾ।
ਰਿਜ਼ਰਵ ਬੈਂਕ ਸਾਰੇ ਬੈਂਕਾਂ ਨੂੰ ਰਿਟੇਲ ਲੋਨ ਤੇ ਛੋਟੇ ਕਾਰੋਬਾਰਾਂ ਦੇ ਲੋਨ ਨੂੰ 1 ਅਕਤੂਬਰ ਤੋਂ ਬਾਹਰੀ ਬੈਂਚਮਾਰਕ ਯਾਨੀ ਰੇਪੋ ਰੇਟ ਜਾਂ ਸਰਕਾਰੀ ਬਾਂਡ ਦੀ ਸ਼ਾਰਟ ਟਰਮ ਦਰ ਨਾਲ ਜੋੜਨ ਲਈ ਨਿਰਦੇਸ਼ ਦੇ ਚੁੱਕਾ ਹੈ, ਯਾਨੀ ਜਿਨ੍ਹਾਂ ਬੈਂਕਾਂ ਦਾ ਲੋਨ ਰੇਪੋ ਰੇਟ ਨਾਲ ਲਿੰਕਡ ਹੋਵੇਗਾ ਉਨ੍ਹਾਂ ਦੇ ਗਾਹਕਾਂ ਨੂੰ ਇਸ ਕਟੌਤੀ ਦਾ ਤੁਰੰਤ ਫਾਇਦਾ ਮਿਲੇਗਾ। ਵਿਆਜ ਦਰਾਂ 'ਚ ਆਰ. ਬੀ. ਆਈ. ਹੁਣ ਤਕ ਕੁੱਲ ਮਿਲਾ ਕੇ 1.10 ਫੀਸਦੀ ਦੀ ਕਟੌਤੀ ਕਰ ਚੁੱਕਾ ਹੈ। ਪਿਛਲੀ ਵਾਰ ਅਗਸਤ 'ਚ ਉਸ ਨੇ ਪਹਿਲੀ ਵਾਰ ਰੇਪੋ ਰੇਟ 'ਚ 0.35 ਫੀਸਦੀ ਦੀ ਕਟੌਤੀ ਕੀਤੀ ਸੀ ਤੇ ਇਹ ਮੌਜੂਦਾ ਸਮੇਂ 5.40 ਫੀਸਦੀ ਹੈ।
ਰਿਜ਼ਰਵ ਬੈਂਕ ਦੀ ਬੈਠਕ,PMA ਅੰਕੜਿਆਂ ਨਾਲ ਤੈਅ ਹੋਵੇਗੀ ਸ਼ੇਅਰ ਬਾਜ਼ਾਰ ਦੀ ਚਾਲ
NEXT STORY