ਮੁੰਬਈ— ਗਲੋਬਲ ਬਾਜ਼ਾਰਾਂ 'ਚ ਕਮਜ਼ੋਰੀ ਅਤੇ ਐਗਜ਼ਿਟ ਪੋਲ 'ਚ ਦੋ ਰਾਜਾਂ 'ਚ ਭਾਜਪਾ ਦੀ ਹਾਰ ਦੇ ਸੰਕੇਤਾਂ ਨਾਲ ਬਾਜ਼ਾਰ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਸਵੇਰ ਦੇ ਕਾਰੋਬਾਰ ਦੌਰਾਨ ਸੈਂਸੈਕਸ 596.33 ਅੰਕ ਟੁੱਟ ਕੇ 35,076.92 ਦੇ ਪੱਧਰ 'ਤੇ ਚਲਾ ਗਿਆ। ਫਿਲਹਾਲ ਨਿਫਟੀ 10,500 ਦੇ ਨੇੜੇ-ਤੇੜੇ ਕਾਰੋਬਾਰ ਕਰਦਾ ਦੇਖਣ ਨੂੰ ਮਿਲ ਰਿਹਾ ਹੈ। ਕੱਚੇ ਤੇਲ 'ਚ ਤੇਜ਼ੀ ਨਾਲ ਵੀ ਬਾਜ਼ਾਰ ਦੀ ਧਾਰਨਾ ਕਮਜ਼ੋਰ ਹੋਈ ਹੈ।
ਸੋਮਵਾਰ ਦੇ ਕਾਰੋਬਾਰ 'ਚ ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 468.59 ਅੰਕ ਯਾਨੀ 1.31 ਫੀਸਦੀ ਡਿੱਗ ਕੇ 35,204.66 'ਤੇ ਖੁੱਲ੍ਹਾ ਸੀ। ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 185 ਅੰਕ ਯਾਨੀ 1.73 ਫੀਸਦੀ ਦੀ ਤੇਜ਼ ਗਿਰਾਵਟ ਨਾਲ 10,508.70 ਦੇ ਪੱਧਰ 'ਤੇ ਖੁੱਲ੍ਹਾ ਸੀ।
ਇਸ ਦੌਰਾਨ ਬੀ. ਐੱਸ. ਈ. ਮਿਡ ਕੈਪ 'ਚ 290 ਅੰਕ ਦੀ ਗਿਰਾਵਟ ਅਤੇ ਬੈਂਕ ਨਿਫਟੀ 'ਚ 380 ਅੰਕ ਦੀ ਕਮਜ਼ੋਰੀ ਦੇਖਣ ਨੂੰ ਮਿਲੀ ਹੈ। ਕਰੰਸੀ ਬਾਜ਼ਾਰ ਦੀ ਗੱਲ ਕਰੀਏ ਤਾਂ ਡਾਲਰ ਦੇ ਮੁਕਾਬਲੇ ਰੁਪਿਆ ਅੱਜ 71.31 ਦੇ ਪੱਧਰ 'ਤੇ ਖੁੱਲ੍ਹਾ ਹੈ, ਜਦੋਂ ਕਿ ਬੀਤੇ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 70.80 ਦੇ ਪੱਧਰ 'ਤੇ ਬੰਦ ਹੋਇਆ ਸੀ। ਓਪੇਕ ਤੇ ਰੂਸ ਵੱਲੋਂ ਜਨਵਰੀ 2019 ਤੋਂ ਸਪਲਾਈ 'ਚ 12 ਲੱਖ ਕਟੌਤੀ ਕਰਨ ਦੇ ਐਲਾਨ ਨਾਲ ਬ੍ਰੈਂਟ ਕੱਚਾ ਤੇਲ 62 ਡਾਲਰ ਪ੍ਰਤੀ ਬੈਰਲ ਤੋਂ ਉਪਰ ਕਾਰੋਬਾਰ ਕਰ ਰਿਹਾ ਹੈ।
ਦੁਨੀਆ ਭਰ ਦੇ ਬਾਜ਼ਾਰਾਂ 'ਚ ਹਾਹਾਕਾਰ :
ਗਲੋਬਲ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਸ਼ੁੱਕਰਵਾਰ ਅਮਰੀਕੀ ਬਾਜ਼ਾਰ ਗਿਰਾਵਟ 'ਚ ਬੰਦ ਹੋਏ ਸਨ। ਡਾਓ ਜੋਂਸ 'ਚ 558.72 ਅੰਕ ਦੀ ਗਿਰਾਵਟ ਦੇਖਣ ਨੂੰ ਮਿਲੀ। ਉੱਥੇ ਹੀ ਸੋਮਵਾਰ ਨੂੰ ਏਸ਼ੀਆਈ ਬਾਜ਼ਾਰਾਂ 'ਚ ਤੇਜ਼ ਗਿਰਾਵਟ 'ਚ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਵਾਸ਼ਿੰਗਟਨ ਤੇ ਬੀਜਿੰਗ ਵਿਚਕਾਰ ਤਣਾਅ ਵਧਣ ਦੀ ਸੰਭਾਵਨਾ ਅਤੇ ਨਵੰਬਰ 'ਚ ਚੀਨ ਦਾ ਵਪਾਰ ਅੰਕੜਾ ਉਮੀਦ ਤੋਂ ਘੱਟ ਰਹਿਣ ਨਾਲ ਏਸ਼ੀਆਈ ਬਾਜ਼ਾਰਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।
ਚੀਨ ਦਾ ਬਾਜ਼ਾਰ ਸ਼ੰਘਾਈ 23 ਅੰਕ ਡਿੱਗ ਕੇ 2,582.50 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ। ਜਾਪਾਨ ਦਾ ਬਾਜ਼ਾਰ ਨਿੱਕੇਈ 487.45 ਅੰਕ ਡਿੱਗ ਕੇ 21,191.23 'ਤੇ ਕਾਰੋਬਾਰ ਕਰਦਾ ਦਿਸਿਆ। ਐੱਨ. ਐੱਸ. ਈ. ਨਿਫਟੀ-50 ਦਾ ਸਿੰਗਾਪੁਰ ਟ੍ਰੇਡਡ ਐੱਸ. ਜੀ. ਐਕਸ. ਨਿਫਟੀ 140 ਅੰਕ ਡਿੱਗ ਕੇ 10,599.50 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ। ਹਾਂਗਕਾਂਗ ਦਾ ਹੈਂਗ ਸੇਂਗ 437 ਅੰਕ ਦੀ ਗਿਰਾਵਟ ਨਾਲ 25,626.35 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ। ਦੱਖਣੀ ਕੋਰੀਆ ਦਾ ਇੰਡੈਕਸ ਕੋਸਪੀ 1.36 ਫੀਸਦੀ ਡਿੱਗ ਕੇ 2,047.48 'ਤੇ ਕਾਰੋਬਾਰ ਕਰਦਾ ਨਜ਼ਰ ਆਇਆ।
ਈ. ਵੀ. ਲਈ ਸਬਸਿਡੀ ਦੇ ਮਾਮਲੇ ’ਤੇ ਨੀਤੀ ਆਯੋਗ, ਭਾਰੀ ਉਦਯੋਗ ਮੰਤਰਾਲਾ ਆਹਮੋ-ਸਾਹਮਣੇ
NEXT STORY