ਨਵੀਂ ਦਿੱਲੀ— ਮੁਕੇਸ਼ ਅੰਬਾਨੀ ਦੀ ਰਿਲਾਇੰਸ ਜਿਓ ਨੇ ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) 'ਤੇ ਇੰਟਰਕੁਨੈਕਟ ਯੂਜ਼ਜ ਚਾਰਜ (ਆਈ. ਯੂ. ਸੀ.) ਨੂੰ ਲੈ ਕੇ ਤਿੱਖਾ ਨਿਸ਼ਾਨਾ ਵਿੰਨ੍ਹਿਆ ਹੈ। ਜਿਓ ਨੇ ਟਰਾਈ ਵੱਲੋਂ ਇੰਟਰਕੁਨੈਕਟ ਯੂਜ਼ਜ ਚਾਰਜ 'ਤੇ ਪੇਸ਼ ਕੀਤੇ ਗਏ ਪਰਾਮਰਸ਼ ਪੱਤਰ ਨੂੰ ਮਨਮਾਨਿਆ, ਤਕਨੀਕ ਤੇ ਗਰੀਬ ਵਿਰੋਧੀ ਦੱਸਦੇ ਹੋਏ ਕਿਹਾ ਕਿ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਡਿਜਿਟਲ ਇੰਡਿਆ' ਦੇ ਸੁਪਨੇ ਨੂੰ ਚਕਨਾਚੂਰ ਕਰ ਦੇਵੇਗਾ। ਜਿਓ ਨੇ ਟਰਾਈ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਆਈ. ਯੂ. ਸੀ. 'ਤੇ ਰੈਗੂਲੇਟਰੀ ਅਥਾਰਟੀ ਦੀ ਮਨਮਰਜ਼ੀ ਉਸ ਦੀ ਭਰੋਸੇਯੋਗਤਾ 'ਤੇ ਸਵਾਲ ਖੜ੍ਹੇ ਕਰਦੀ ਹੈ। ਇਸ ਨਾਲ ਦੂਰਸੰਚਾਰ ਖੇਤਰ ਦੇ ਨਿਵੇਸ਼ਕਾਂ ਦੇ ਭਰੋਸੇ 'ਤੇ ਘਾਤਕ ਸੱਟ ਵੱਜੇਗੀ।
ਜਿਓ ਨੇ ਕਿਹਾ ਕਿ ਆਈ. ਯੂ. ਸੀ. (IUC) ਦੀ ਵਜ੍ਹਾ ਨਾਲ ਉਹ ਹੋਰ ਦੂਰਸੰਚਾਰ ਕੰਪਨੀਆਂ ਨੂੰ ਤਿੰਨ ਸਾਲਾਂ 'ਚ 13,500 ਕਰੋੜ ਰੁਪਏ ਦਾ ਭੁਗਤਾਨ ਕਰ ਚੁੱਕੀ ਹੈ ਪਰ ਬਦਲੇ 'ਚ ਉਨ੍ਹਾਂ ਕੋਲੋਂ ਕੁਝ ਵੀ ਪ੍ਰਾਪਤ ਨਹੀਂ ਹੋਇਆ। ਜ਼ਿਕਰਯੋਗ ਹੈ ਕਿ ਪਹਿਲਾਂ ਟਰਾਈ ਨੇ 1 ਜਨਵਰੀ 2020 ਤੋਂ ਇੰਟਰਕੁਨੈਕਟ ਯੂਜ਼ਜ ਚਾਰਜ ਸਮਾਪਤ ਕਰਨ ਦੀ ਗੱਲ ਕਹੀ ਸੀ ਪਰ ਹੁਣ ਉਸ ਨੇ ਇਸ ਤਰੀਕ ਨੂੰ ਟਾਲਣ ਲਈ ਹਾਲ ਹੀ 'ਚ ਪਰਾਮਰਸ਼ ਪੱਤਰ ਜਾਰੀ ਕੀਤਾ ਹੈ। 'ਇੰਟਰਕੁਨੈਕਟ ਯੂਜ਼ਜ ਚਾਰਜ' ਉਹ ਚਾਰਜ ਹੈ ਜੋ ਇਕ ਨੈੱਟਵਰਕ ਤੋਂ ਦੂਜੇ ਕਿਸੇ ਹੋਰ ਕੰਪਨੀ ਦੇ ਨੈੱਟਵਰਕ 'ਤੇ ਕੀਤੀ ਗਈ ਕਾਲ 'ਤੇ ਲੱਗਦਾ ਹੈ, ਯਾਨੀ ਜਦੋਂ ਤੁਸੀਂ ਜਿਓ ਤੋਂ ਏਅਰਟੈੱਲ ਜਾਂ ਵੋਡਾ-ਆਈਡਆ 'ਤੇ ਕਾਲ ਕਰਦੇ ਹੋ ਤਾਂ ਇਹ ਕੰਪਨੀਆਂ ਜਿਓ ਤੋਂ ਉਨ੍ਹਾਂ ਦੇ ਨੈੱਟਵਰਕ 'ਤੇ ਆਈ ਕਾਲ 'ਤੇ ਚਾਰਜ ਵਸੂਲਦੀਆਂ ਹਨ। ਇਹ ਚਾਰਜ ਟਰਾਈ ਵੱਲੋਂ ਨਿਰਧਾਰਤ ਹੈ।
2-ਜੀ ਟੈਲੀਕਾਮ ਓਪਰੇਟਰ ਵੀ ਲਏ ਨਿਸ਼ਾਨੇ 'ਤੇ-
ਜਿਓ ਨੇ ਕਿਹਾ ਕਿ ਕੁਝ ਦੂਰਸੰਚਾਰ (ਟੈਲੀਕਾਮ) ਓਪਰੇਟਰ ਪੁਰਾਣਾ 2-ਜੀ ਨੈੱਟਵਰਕ ਹਮੇਸ਼ਾ ਬਣਾਈ ਰੱਖਣਾ ਚਾਹੁੰਦੇ ਹਨ, ਤਾਂ ਜੋ ਇਸ ਨੈੱਟਵਰਕ ਨਾਲ ਜੁੜੇ 47 ਕਰੋੜ ਤੋਂ ਵੱਧ ਗਾਹਕ ਡਿਜਿਟਲ ਕ੍ਰਾਂਤੀ ਦੇ ਲਾਭਾਂ ਤੋਂ ਵਾਂਝੇ ਰਹਿ ਜਾਣ। ਕੰਸਲਟੇਸ਼ਨ ਪੇਪਰ ਜਾਰੀ ਕਰਕੇ ਟਰਾਈ ਇਨ੍ਹਾਂ ਟੈਲੀਕਾਮ ਓਪਰੇਟਰਾਂ ਦੇ ਨਿੱਜੀ ਸਵਾਰਥ ਦਾ ਸਾਥ ਦੇ ਰਿਹਾ ਹੈ। ਇਹ ਓਪਰੇਟਰ 2-ਜੀ ਗਾਹਕਾਂ ਕੋਲੋਂ ਕਾਲਿੰਗ ਦੇ ਪੈਸੇ ਵਸੂਲਦੇ ਹਨ, ਜਦੋਂ ਕਿ ਜਿਓ ਦੇ 4-ਜੀ ਨੈੱਟਵਰਕ 'ਤੇ ਇਹ ਮੁਫਤ ਹੈ। ਜਿਓ ਨੇ ਟਰਾਈ ਦੇ 18 ਸਤੰਬਰ ਨੂੰ ਆਈ. ਯੂ. ਸੀ. 'ਤੇ ਜਾਰੀ ਕੰਸਲਟੇਸ਼ਨ ਪੇਪਰ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਇਹ ਪੇਪਰ ਜਲਦਬਾਜ਼ੀ 'ਚ ਤੇ ਬਿਨਾਂ ਕਿਸੇ ਸੋਚ-ਵਿਚਾਰ ਦੇ ਜਾਰੀ ਕੀਤਾ ਗਿਆ ਹੈ ਤੇ ਇਸ ਪਿੱਛੇ ਤਰਕ ਦਿੱਤਾ ਜਾ ਰਿਹਾ ਹੈ ਕੁਝ ਕੰਪਨੀਆਂ ਦੀ ਵਿੱਤੀ ਹਾਲਤ ਕਾਬੂ 'ਚ ਨਹੀਂ ਹੈ। ਜਿਓ ਮੁਤਾਬਕ ਇਸ ਤਰਕ 'ਚ ਕੋਈ ਦਮ ਨਹੀ ਹੈ ਕਿਉਂਕਿ ਆਈ. ਯੂ. ਸੀ. ਦੀ ਰਕਮ ਇੰਨੀ ਵੱਡੀ ਨਹੀਂ ਹੁੰਦੀ ਕਿ ਕਈ ਹਜ਼ਾਰ ਕਰੋੜ ਦੀਆਂ ਕੰਪਨੀਆਂ ਦੀ ਵਿੱਤੀ ਹਾਲਾਤ 'ਤੇ ਇਸ ਦਾ ਕੋਈ ਮਹੱਤਵਪੂਰਣ ਪ੍ਰਭਾਵ ਪਏ। ਰਿਲਾਇੰਸ ਜਿਓ ਦਾ ਕਹਿਣਾ ਹੈ ਕਿ ਵਿੱਤੀ ਹਾਲਾਤ ਦਾ ਰੋਣਾ ਰੋਣ ਵਾਲੀ ਕੰਪਨੀਆਂ ਇਸ ਨੂੰ ਇਕ ਬਹਾਨੇ ਦੇ ਤੌਰ 'ਤੇ ਇਸਤੇਮਾਲ ਕਰ ਰਹੀਆਂ ਹਨ। ਰਿਲਾਇੰਸ ਜਿਓ ਨੇ ਕਿਹਾ ਕਿ ਟਰਾਈ ਇੰਟਰਕੁਨੈਕਟ ਯੂਜ਼ਸ ਚਾਰਜ ਖਤਮ ਕਰਨ 'ਤੇ ਦੁਬਾਰਾ ਵਿਚਾਰ ਕਰੇ।
ਬੀਮਾ ਇਸ਼ਤਿਹਾਰਾਂ ਨੂੰ ਲੈ ਕੇ ਇਰਡਾ ਨੇ ਜਾਰੀ ਕੀਤੇ ਸਖਤ ਹੁਕਮ
NEXT STORY