ਚੰਡੀਗੜ੍ਹ (ਅਮਰਦੀਪ)–ਕਿਸਾਨਾਂ ਵਲੋਂ ਫਸਲਾਂ ਨੂੰ ਕੈਮੀਕਲ ਵਾਲਾ ਗੰਦਾ ਪਾਣੀ ਖੇਤਾਂ ਵਿਚ ਲਗਾਇਆ ਜਾਂਦਾ ਹੈ ਪਰ ਪ੍ਰਸ਼ਾਸਨ ਵਲੋਂ ਇਸ ਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਖਰਡ਼ ਇਲਾਕੇ ਵਿਚ ਕਿਸਾਨ ਗੰਦੇ ਨਾਲੇ, ਜਿਸ ਵਿਚ ਕਈ ਫੈਕਟਰੀਆਂ ਦਾ ਕੈਮੀਕਲ ਵਾਲਾ ਪਾਣੀ ਡਿਗਦਾ ਹੈ, ਦਾ ਪਾਣੀ ਆਪਣੀਆਂ ਫਸਲਾਂ ਨੂੰ ਲਗਾ ਕੇ ਲੋਕਾਂ ਨੂੰ ਬੀਮਾਰੀਆਂ ਵੰਡ ਰਹੇ ਹਨ। ਇਹ ਸਬਜ਼ੀਆਂ ਅਤੇ ਫਸਲਾਂ ਖਾ ਕੇ ਲੋਕਾਂ ਨੂੰ ਭਿਆਨਕ ਬੀਮਾਰੀ ਲੱਗ ਸਕਦੀ ਹੈ ਪਰ ਕਿਸਾਨਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਅਤੇ ਨਾ ਹੀ ਪ੍ਰਸ਼ਾਸਨ ਅਜਿਹੇ ਕਿਸਾਨਾਂ ਖਿਲਾਫ ਕੋਈ ਕਾਰਵਾਈ ਕਰਦਾ ਹੈ। ਪਿੰਡ ਪੀਰ ਸੋਹਾਣਾ ਨੇਡ਼ੇ ਇਕ ਖੇਤਾਂ ਵਿਚ ਕਿਸਾਨ ਕਣਕ ਨੂੰ ਜਦੋਂ ਗੰਦੇ ਨਾਲੇ ਦਾ ਪਾਣੀ ਲਗਾ ਰਿਹਾ ਸੀ ਤਾਂ ਕੈਮੀਕਲ ਦੀ ਉਥੇ ਝੱਗ ਹੀ ਝੱਗ ਬਣੀ ਹੋਈ ਸੀ। ਅਜਿਹਾ ਦੂਸ਼ਿਤ ਪਾਣੀ ਫਸਲਾਂ ਨੂੰ ਲਾ ਕੇ ਕਿਸਾਨ ਲੋਕਾਂ ਨੂੰ ਬੀਮਾਰੀਆਂ ਵੰਡਣ ਵਿਚ ਆਪਣਾ ਯੋਗਦਾਨ ਪਾ ਰਹੇ ਹਨ ਜਿਨ੍ਹਾਂ ਖਿਲਾਫ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ। ਭਾਵੇਂ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਸਬਜ਼ੀਆਂ, ਫਸਲਾਂ ਲਈ ਦੂਸ਼ਿਤ ਪਾਣੀ ਲਾਉਣ ਤੋਂ ਮਨਾਹੀ ਕੀਤੀ ਹੋਈ ਹੈ ਪਰ ਫਿਰ ਵੀ ਕਿਸਾਨ ਦੂਸ਼ਿਤ ਪਾਣੀ ਸਬਜ਼ੀਆਂ ਅਤੇ ਫਸਲਾਂ ਨੂੰ ਦੇ ਰਹੇ ਹਨ। ਇਸ ਸਬੰਧੀ ਜ਼ਿਲੇ ਦੀ ਡਿਪਟੀ ਕਮਿਸ਼ਨਰ ਨੇ ਵੀ ਚੁੱਪ ਧਾਰੀ ਹੋਈ ਹੈ। ਉਨ੍ਹਾਂ ਵਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਅਤੇ ਨਾ ਹੀ ਪ੍ਰਸ਼ਾਸਨ ਵਲੋਂ ਕਿਸਨਾਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਡੀ. ਸੀ. ਦਾ ਜਵਾਬ- ‘ਡੀ. ਪੀ. ਆਰ. ਓ. ਨਾਲ ਕਰੋ ਗੱਲ ’ ਇਸ ਮਾਮਲੇ ਸਬੰਧੀ ਜਦੋਂ ਜ਼ਿਲੇ ਦੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਜਵਾਬ ਦਿੰਦਿਆਂ ਕਿਹਾ ਕਿ ਉਹ ਇਸ ਸਬੰਧੀ ਡੀ. ਪੀ. ਆਰ. ਓ. ਨਾਲ ਗੱਲ ਕਰਨ। ਡੀ. ਸੀ. ਨੇ ਇਸ ਮਾਮਲੇ ਵਿਚ ਆਪਣਾ ਜਵਾਬ ਦੇਣਾ ਮੁਨਾਸਿਬ ਨਾ ਸਮਝਿਆ, ਜਦੋਂਕਿ ਸ਼ਰੇਆਮ ਕਿਸਾਨ ਕੈਮੀਕਲ ਵਾਲਾ ਗੰਦਾ ਪਾਣੀ ਸਬਜ਼ੀਆਂ ਨੂੰ ਲਾ ਰਹੇ ਹਨ।
ਪਤਨੀ ਦਾ ਕਾਤਲ ਤੇ ਸਾਥੀ 2 ਦਿਨਾ ਪੁਲਸ ਰਿਮਾਂਡ ’ਤੇ, ਚੌਥੇ ਦੀ ਭਾਲ ਜਾਰੀ
NEXT STORY