ਇਕ ਵਾਰ ਅਧਿਆਪਕ ਜਮਾਤ ਵਿਚ ਵਿਦਿਆਰਥੀਆਂ ਨੂੰ ਸਮਝਾ ਰਿਹਾ ਸੀ ਕਿ ਮਨੁੱਖ ਦੀ ਕਿਸਮਤ ਖੁਦ ਮਨੁੱਖ ਦੇ ਹੱਥ ’ਚ ਹੁੰਦੀ ਹੈ। ਤੁਸੀਂ ਜਿਸ ਤਰ੍ਹਾਂ ਦੇ ਵਿਚਾਰ ਰੱਖੋਗੇ ਜਾਂ ਜਿਸ ਤਰ੍ਹਾਂ ਦੇ ਕਰਮ ਕਰੋਗੇ, ਉਸੇ ਅਨੁਸਾਰ ਬਣ ਜਾਓਗੇ। ਕੁਦਰਤ ਸਾਰਿਆਂ ਨੂੰ ਸਮਾਨ ਮੌਕੇ ਦਿੰਦੀ ਹੈ ਪਰ ਇਹ ਤੁਹਾਡੇ ’ਤੇ ਨਿਰਭਰ ਕਰਦਾ ਹੈ ਕਿ ਤੁਸੀਂ ਮੌਕਿਆਂ ਦੀ ਵਰਤੋਂ ਕਿਵੇਂ ਕਰਦੇ ਹੋ।
ਉਦਾਹਰਣ ਲਈ ਅਧਿਆਪਕ ਨੇ 3 ਕੌਲੀਆਂ ਲਈਆਂ। ਇਕ ਵਿਚ ਆਲੂ, ਦੂਜੀ ਵਿਚ ਅੰਡਾ ਤੇ ਤੀਜੀ ਵਿਚ ਚਾਹ ਪੱਤੀ ਪਾ ਦਿੱਤੀ। ਹੁਣ ਤਿੰਨਾਂ ਕੌਲੀਆਂ ਵਿਚ ਪਾਣੀ ਪਾ ਕੇ ਉਨ੍ਹਾਂ ਨੂੰ ਗੈਸ ’ਤੇ ਉਬਲਣ ਲਈ ਰੱਖ ਦਿੱਤਾ।
ਵਿਦਿਆਰਥੀ ਇਹ ਸਭ ਹੈਰਾਨੀ ਨਾਲ ਦੇਖ ਰਹੇ ਸਨ ਪਰ ਉਨ੍ਹਾਂ ਦੀ ਸਮਝ ਵਿਚ ਕੁਝ ਨਹੀਂ ਆ ਰਿਹਾ ਸੀ। 20 ਮਿੰਟ ਬਾਅਦ ਜਦੋਂ ਤਿੰਨਾਂ ਭਾਂਡਿਆਂ ਵਿਚ ਉਬਾਲਾ ਆਉਣ ਲੱਗਾ ਤਾਂ ਅਧਿਆਪਕ ਨੇ ਸਾਰੀਆਂ ਕੌਲੀਆਂ ਥੱਲੇ ਲਾਹੀਆਂ ਅਤੇ ਆਲੂ, ਅੰਡਾ ਤੇ ਚਾਹ ਪੱਤੀ ਨੂੰ ਬਾਹਰ ਕੱਢਿਆ। ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਤਿੰਨਾਂ ਵੱਲ ਧਿਆਨ ਨਾਲ ਦੇਖਣ ਲਈ ਕਿਹਾ।
ਅਖੀਰ ’ਚ ਗੁਰੂ ਜੀ ਨੇ ਇਕ ਬੱਚੇ ਨੂੰ ਤਿੰਨਾਂ ਨੂੰ ਛੂਹਣ ਲਈ ਕਿਹਾ। ਜਦੋਂ ਵਿਦਿਆਰਥੀ ਨੇ ਆਲੂ ਨੂੰ ਹੱਥ ਲਾਇਆ ਤਾਂ ਦੇਖਿਆ ਕਿ ਜਿਹੜਾ ਆਲੂ ਪਹਿਲਾਂ ਕਾਫੀ ਸਖਤ ਸੀ, ਪਾਣੀ ਵਿਚ ਉਬਲਣ ਤੋਂ ਬਾਅਦ ਕਾਫੀ ਮੁਲਾਇਮ ਹੋ ਗਿਆ ਹੈ।
ਹੁਣ ਅੰਡੇ ਨੂੰ ਚੁੱਕਿਆ ਤਾਂ ਉਹ ਪਹਿਲਾਂ ਬਹੁਤ ਨਾਜ਼ੁਕ ਸੀ, ਹੁਣ ਸਖਤ ਹੋ ਗਿਆ ਸੀ। ਚਾਹ ਵਾਲੀ ਕੌਲੀ ਚੁੱਕੀ ਤਾਂ ਦੇਖਿਆ ਕਿ ਚਾਹ ਪੱਤੀ ਨੇ ਗਰਮ ਪਾਣੀ ਨਾਲ ਮਿਲ ਕੇ ਰੂਪ ਬਦਲ ਲਿਆ ਸੀ ਅਤੇ ਹੁਣ ਉਹ ਚਾਹ ਬਣ ਚੁੱਕੀ ਸੀ।
ਗੁਰੂ ਜੀ ਨੇ ਸਮਝਾਇਆ, ‘‘ਅਸੀਂ 3 ਵੱਖ-ਵੱਖ ਚੀਜ਼ਾਂ ਨੂੰ ਸਮਾਨ ਸਥਿਤੀ ’ਚੋਂ ਲੰਘਾਇਆ ਮਤਲਬ ਤਿੰਨਾਂ ਨੂੰ ਸਮਾਨ ਰੂਪ ਨਾਲ ਪਾਣੀ ਵਿਚ ਉਬਾਲਿਆ ਪਰ ਬਾਹਰ ਆਉਣ ’ਤੇ ਤਿੰਨੋਂ ਚੀਜ਼ਾਂ ਇਕੋ ਜਿਹੀਆਂ ਨਹੀਂ ਮਿਲੀਆਂ। ਆਲੂ ਜੋ ਸਖਤ ਸੀ, ਮੁਲਾਇਮ ਹੋ ਗਿਆ। ਅੰਡਾ ਪਹਿਲਾਂ ਨਾਲੋਂ ਸਖਤ ਹੋ ਗਿਆ ਅਤੇ ਚਾਹ ਪੱਤੀ ਨੇ ਵੀ ਰੂਪ ਬਦਲ ਲਿਆ। ਇਹੋ ਗੱਲ ਮਨੁੱਖਾਂ ’ਤੇ ਵੀ ਲਾਗੂ ਹੁੰਦੀ ਹੈ। ਇਕ ਮਨੁੱਖ ਮੁਸੀਬਤ ਵੇਲੇ ਧੀਰਜ ਗੁਆ ਦਿੰਦਾ ਹੈ, ਉੱਥੇ ਹੀ ਦੂਜਾ ਸਿਆਣਾ ਮਨੁੱਖ ਮੁਸੀਬਤ ਦਾ ਸਾਹਮਣਾ ਕਰਦੇ ਹੋਏ ਆਪਣੇ ਟੀਚੇ ਤਕ ਪਹੁੰਚਦਾ ਹੈ।
ਕੁਦਰਤ ਸਾਰਿਆਂ ਨੂੰ ਸਮਾਨ ਮੌਕੇ ਤੇ ਮੁਸੀਬਤਾਂ ਦਿੰਦੀ ਹੈ ਪਰ ਇਹ ਪੂਰੀ ਤਰ੍ਹਾਂ ਤੁਹਾਡੇ ’ਤੇ ਨਿਰਭਰ ਹੈ ਕਿ ਤੁਸੀਂ ਕਿਹੋ ਜਿਹੇ ਬਣਨਾ ਚਾਹੁੰਦੇ ਹੋ ਅਤੇ ਕਿਵੇਂ ਆਪਣੇ ਜੀਵਨ ਨੂੰ ਢਾਲਦੇ ਹੋ।
ਜਾਣੋਂ ਅੱਜ ਦੇ ਰਾਸ਼ੀਫਲ 'ਚ ਕੀ ਹੈ ਤੁਹਾਡੇ ਲਈ ਸਪੈਸ਼ਲ
NEXT STORY