ਨਵੀਂ ਦਿੱਲੀ— ਇਕ ਰਾਜਾ ਪਰਜਾ ਵਿਚ ਬਹੁਤ ਲੋਕਪ੍ਰਿਯ ਸੀ। ਇਕ ਵਾਰ ਉਹ ਆਪਣੇ ਦਰਬਾਰ ਵਿਚ ਬੈਠਾ ਹੀ ਸੀ ਕਿ ਅਚਾਨਕ ਉਸ ਦੇ ਦਿਮਾਗ ਵਿਚ ਸਵਾਲ ਆਇਆ ਕਿ ਮਨੁੱਖ ਦਾ ਮਰਨ ਤੋਂ ਬਾਅਦ ਕੀ ਹੁੰਦਾ ਹੋਵੇਗਾ? ਇਸ ਸਵਾਲ ਦਾ ਜਵਾਬ ਹਾਸਲ ਕਰਨ ਲਈ ਉਸ ਨੇ ਦਰਬਾਰ ਵਿਚ ਸਾਰੇ ਮੰਤਰੀਆਂ ਆਦਿ ਨਾਲ ਮਸ਼ਵਰਾ ਕੀਤਾ। ਕਾਫੀ ਦੇਰ ਸੋਚ-ਵਿਚਾਰ ਕਰਨ ਤੋਂ ਬਾਅਦ ਉਸ ਨੇ ਫੈਸਲਾ ਕੀਤਾ ਕਿ ਮੇਰੇ ਸਾਰੇ ਰਾਜ ਵਿਚ ਢਿੰਡੋਰਾ ਪਿਟਵਾ ਦਿੱਤਾ ਜਾਵੇ ਕਿ ਜਿਹੜਾ ਆਦਮੀ ਕਬਰ ਵਿਚ ਮਰਨ ਤੋਂ ਬਾਅਦ ਹੋਣ ਵਾਲੀਆਂ ਸਾਰੀਆਂ ਕਿਰਿਆਵਾਂ ਦਾ ਹਵਾਲਾ ਦੇਵੇਗਾ, ਉਸ ਨੂੰ ਸੋਨੇ ਦੀਆਂ 50 ਮੋਹਰਾਂ ਇਨਾਮ ਵਿਚ ਦਿੱਤੀਆਂ ਜਾਣਗੀਆਂ।
ਸਾਰੇ ਰਾਜ ਵਿਚ ਢਿੰਡੋਰਾ ਪਿਟਵਾ ਦਿੱਤਾ ਗਿਆ। ਹੁਣ ਸਮੱਸਿਆ ਆਈ ਕਿ ਚੰਗਾ-ਭਲਾ ਜ਼ਿੰਦਾ ਕਿਹੜਾ ਵਿਅਕਤੀ ਮਰਨ ਲਈ ਤਿਆਰ ਹੋਵੇ? ਆਖਿਰ ਸਾਰੇ ਰਾਜ ਵਿਚ ਇਕ ਅਜਿਹਾ ਵਿਅਕਤੀ ਇਸ ਕੰਮ ਲਈ ਤਿਆਰ ਹੋ ਗਿਆ, ਜੋ ਇੰਨਾ ਕੰਜੂਸ ਸੀ ਕਿ ਨਾ ਤਾਂ ਆਰਾਮ ਨਾਲ ਖਾਂਦਾ-ਪੀਂਦਾ ਸੀ ਤੇ ਨਾ ਹੀ ਸੌਂਦਾ ਸੀ। ਉਸ ਨੂੰ ਰਾਜੇ ਸਾਹਮਣੇ ਪੇਸ਼ ਕੀਤਾ ਗਿਆ। ਉਸ ਦੇ ਲਈ ਵਧੀਆ ਫੁੱਲਾਂ ਨਾਲ ਸਜੀ ਅਰਥੀ ਬਣਾਈ ਗਈ। ਉਸ ਨੂੰ ਉਸ ’ਤੇ ਲਿਟਾ ਕੇ ਬਾਕਾਇਦਾ ਸਫੈਦ ਕੱਫਣ ਨਾਲ ਢਕ ਦਿੱਤਾ ਗਿਆ ਅਤੇ ਕਬਰਿਸਤਾਨ ਲਿਜਾਇਆ ਗਿਆ।
ਘਰੋਂ ਜਾਣ ’ਤੇ ਰਸਤੇ ਵਿਚ ਇਕ ਫਕੀਰ ਨੇ ਉਸ ਦਾ ਪਿੱਛਾ ਕੀਤਾ ਅਤੇ ਉਸ ਨੂੰ ਕਹਿਣ ਲੱਗਾ, ‘‘ਹੁਣ ਤਾਂ ਮਰਨ ਜਾ ਰਿਹਾ ਏਂ, ਘਰ ਵਿਚ ਤੂੰ ਇਕੱਲਾ ਏਂ। ਇੰਨਾ ਪੈਸਾ ਤੇਰੇ ਘਰ ਵਿਚ ਹੀ ਕੈਦ ਪਿਆ ਰਹੇਗਾ, ਮੈਨੂੰ ਕੁਝ ਦੇ ਦੇ।’’
ਕੰਜੂਸ ਵਲੋਂ ਵਾਰ-ਵਾਰ ਮਨ੍ਹਾ ਕਰਨ ’ਤੇ ਵੀ ਫਕੀਰ ਨਾ ਮੰਨਿਆ ਤਾਂ ਕੰਜੂਸ ਨੇ ਕਬਰਿਸਤਾਨ ਵਿਚ ਪਈਆਂ ਬਦਾਮ ਦੀਆਂ ਛਿੱਲਾਂ ਦੇ ਢੇਰ ਵਿਚੋਂ ਇਕ ਮੁੱਠੀ ਛਿੱਲਾਂ ਚੁੱਕੀਆਂ ਅਤੇ ਉਸ ਫਕੀਰ ਨੂੰ ਦੇ ਦਿੱਤੀਆਂ।
ਬਾਅਦ ’ਚ ਕੰਜੂਸ ਨੂੰ ਕਬਰ ’ਚ ਲਿਟਾ ਦਿੱਤਾ ਗਿਆ ਅਤੇ ਉੱਪਰੋਂ ਪੂਰੀ ਕਬਰ ਬੰਦ ਕਰ ਦਿੱਤੀ ਗਈ। ਬਸ ਸਾਰ ਲੈਣ ਲਈ ਛੋਟਾ ਜਿਹਾ ਛੇਕ ਸਿਰ ਵੱਲ ਕਰ ਦਿੱਤਾ ਗਿਆ। ਰਾਤ ਹੋਣ ’ਤੇ ਇਕ ਸੱਪ ਕਬਰ ’ਤੇ ਆਇਆ ਅਤੇ ਛੇਕ ਦੇਖ ਕੇ ਉਸ ਵਿਚ ਵੜਨ ਦੀ ਕੋਸ਼ਿਸ਼ ਕਰਨ ਲੱਗਾ। ਇਹ ਦੇਖ ਕੇ ਕਬਰ ਵਿਚ ਲੇਟਿਆ ਕੰਜੂਸ ਘਬਰਾ ਗਿਆ। ਸੱਪ ਨੇ ਜਿਵੇਂ ਹੀ ਅੰਦਰ ਵੜਨ ਦੀ ਕੋਸ਼ਿਸ਼ ਕੀਤੀ, ਉਸ ਛੇਕ ਵਿਚ ਬਦਾਮ ਦੀਆਂ ਛਿੱਲਾਂ ਰੁਕਾਵਟ ਬਣ ਗਈਆਂ।
ਸਵੇਰ ਹੁੰਦਿਆਂ ਹੀ ਕਬਰ ਪੁੱਟ ਕੇ ਕੰਜੂਸ ਨੂੰ ਬਾਹਰ ਕੱਢਿਆ ਗਿਆ। ਮਰਨ ਤੋਂ ਬਾਅਦ ਕੀ ਹੁੰਦਾ ਹੈ, ਇਹ ਹਾਲ ਸੁਣਾਉਣ ਲਈ ਕੰਜੂਸ ਨੂੰ ਰਾਜੇ ਕੋਲ ਚੱਲਣ ਲਈ ਕਿਹਾ। ਕੰਜੂਸ ਨੇ ਰਾਜੇ ਦੇ ਨੌਕਰਾਂ ਦੀ ਗੱਲ ਜ਼ਰਾ ਵੀ ਨਾ ਸੁਣੀ।
ਉਹ ਪਹਿਲਾਂ ਆਪਣੇ ਘਰ ਗਿਆ ਅਤੇ ਆਪਣਾ ਸਾਰਾ ਧਨ ਤੇ ਜਾਇਦਾਦ ਗਰੀਬਾਂ ਵਿਚ ਵੰਡ ਦਿੱਤੀ। ਸਾਰੇ ਲੋਕ ਕੰਜੂਸ ਵਲੋਂ ਅਚਾਨਕ ਦਾਨ ਕਰਨ ਦੇ ਕੰਮ ਨੂੰ ਦੇਖ ਕੇ ਹੈਰਾਨੀ ਵਿਚ ਪੈ ਗਏ। ਅਖੀਰ ’ਚ ਕੰਜੂਸ ਨੂੰ ਰਾਜ ਦਰਬਾਰ ਵਿਚ ਪੂਰਾ ਹਾਲ ਸੁਣਾਉਣ ਲਈ ਰਾਜੇ ਸਾਹਮਣੇ ਪੇਸ਼ ਕੀਤਾ ਗਿਆ।
ਕੰਜੂਸ ਨੇ ਬੀਤੀ ਰਾਤ ਸੱਪ ਤੇ ਬਦਾਮ ਦੀਆਂ ਛਿੱਲਾਂ ਦੇ ਸੰਘਰਸ਼ ਦੀ ਪੂਰੀ ਕਹਾਣੀ ਸੁਣਾਈ ਅਤੇ ਬੋਲਿਆ, ‘‘ਮਹਾਰਾਜ, ਮਰਨ ਤੋਂ ਬਾਅਦ ਸਭ ਤੋਂ ਜ਼ਿਆਦਾ ਦਾਨ ਹੀ ਕੰਮ ਆਉਂਦਾ ਹੈ, ਇਸ ਲਈ ਦਾਨ ਕਰਨਾ ਹੀ ਸਾਰੇ ਧਰਮਾਂ ਨਾਲੋਂ ਸ੍ਰੇਸ਼ਠ ਹੈ।’’
ਸਿਤਾਰੇ ਪ੍ਰਬਲ ਹੋਣ ਕਾਰਨ ਬਣਨਗੇ ਅੱਜ ਇਹ ਕੰਮ
NEXT STORY