ਲੁਈ ਬਰੇਲ ਜਦੋਂ ਸਿਰਫ 3 ਸਾਲ ਦੇ ਸਨ ਤਾਂ ਉਨ੍ਹਾਂ ਨਾਲ ਇਕ ਹਾਦਸਾ ਵਾਪਰਿਆ। ਖੇਡਦੇ-ਖੇਡਦੇ ਉਨ੍ਹਾਂ ਦੀਆਂ ਅੱਖਾਂ ਵਿਚ ਨੁਕੀਲੀ ਚੀਜ਼ ਵੱਜ ਗਈ, ਜਿਸ ਨਾਲ ਉਨ੍ਹਾਂ ਦੀ ਦੇਖਣ ਦੀ ਸ਼ਕਤੀ ਚਲੀ ਗਈ। ਨੰਨ੍ਹੇ ਬੱਚੇ ਦੀਆਂ ਅੱਖਾਂ ਦੀ ਰੌਸ਼ਨੀ ਜਾਣ ਨਾਲ ਪੂਰਾ ਪਰਿਵਾਰ ਫਿਕਰਮੰਦ ਹੋ ਗਿਆ ਪਰ ਬਾਲ ਲੁਈ ਬਰੇਲ ਹੁਨਰਮੰਦ ਸਨ। ਉਹ ਅਕਸਰ ਸੋਚਦੇ ਕਿ ਕੀ ਕੋਈ ਅਜਿਹੀ ਤਕਨੀਕ ਨਹੀਂ ਬਣਾਈ ਜਾ ਸਕਦੀ, ਜਿਸ ਨਾਲ ਨੇਤਰਹੀਣ ਵੀ ਪੜ੍ਹ ਸਕਣ।
ਸੰਜੋਗ ਨਾਲ ਇਕ ਦਿਨ ਉਨ੍ਹਾਂ ਦੀ ਮੁਲਾਕਾਤ ਫਰਾਂਸ ਦੀ ਸੈਨਾ ਦੇ ਕੈਪਟਨ ਚਾਰਲਸ ਬਾਰਬੀਅਰ ਨਾਲ ਹੋਈ। ਉਨ੍ਹਾਂ ਲੁਈ ਬਰੇਲ ਨੂੰ ਸੈਨਿਕਾਂ ਵਲੋਂ ਹਨੇਰੇ ਵਿਚ ਪੜ੍ਹੀ ਜਾਣ ਵਾਲੀ ਨਾਈਟ ਰਾਈਟਿੰਗ ਤੇ ਸੋਨੋਗ੍ਰਾਫੀ ਬਾਰੇ ਦੱਸਿਆ। ਇਹ ਲਿੱਪੀ ਉਭਰੀ ਹੋਈ ਅਤੇ 12 ਬਿੰਦੂਆਂ ’ਤੇ ਆਧਾਰਤ ਸੀ।
ਇੱਥੋਂ ਹੀ ਲੁਈ ਬਰੇਲ ਨੂੰ ਨੇਤਰਹੀਣਾਂ ਲਈ ਨਵੀਂ ਲਿੱਪੀ ਲੱਭਣ ਦਾ ਵਿਚਾਰ ਆਇਆ। ਉਨ੍ਹਾਂ ਸੈਨਿਕਾਂ ਦੀ ਉਭਰੀ ਹੋਈ ਲਿੱਪੀ ਵਿਚ ਸੋਧ ਕਰ ਕੇ 6 ਬਿੰਦੂਆਂ ਵਾਲੀ ਲਿੱਪੀ ਤਿਆਰ ਕੀਤੀ, ਜਿਸ ਦੀ ਮਦਦ ਨਾਲ ਨੇਤਰਹੀਣ ਆਸਾਨੀ ਨਾਲ ਪੜ੍ਹ ਸਕਦੇ ਸਨ। ਇਸ ਵਿਚ ਉਨ੍ਹਾਂ ਨੇ ਚਿੰਨ੍ਹਾ ਨੂੰ ਵੀ ਪ੍ਰਦਰਸ਼ਿਤ ਕੀਤਾ। ਇਸ ਲਿੱਪੀ ਦੀ ਕਾਢ ਨੇ ਨੇਤਰਹੀਣਾਂ ਦੇ ਜੀਵਨ ਵਿਚ ਕ੍ਰਾਂਤੀ ਲਿਆ ਦਿੱਤੀ।
ਲੁਈ ਬਰੇਲ ਨੇ ਆਪਣੇ ਹੁਨਰ ਰਾਹੀਂ ਖੁਦ ਨਾਲ ਵਾਪਰੇ ਹਾਦਸੇ ਨੂੰ ਕਾਮਯਾਬੀ ਦੀ ਪੌੜੀ ਬਣਾ ਲਿਆ। ਇੰਨਾ ਹੀ ਨਹੀਂ, ਉਨ੍ਹਾਂ ਦੀ ਇਸ ਪੌੜੀ ਦੀ ਵਰਤੋਂ ਅੱਜ ਵੀ ਨੇਤਰਹੀਣ ਲੋਕ ਕਰਦੇ ਹਨ ਅਤੇ ਕਾਮਯਾਬ ਬਣ ਕੇ ਆਪਣੇ ਜੀਵਨ ਨੂੰ ਸਫਲ ਬਣਾਉਂਦੇ ਹਨ।
ਲੁਈ ਬਰੇਲ ਨੇ ਆਪਣੇ ਵਿਸ਼ਵਾਸ ਦੇ ਦਮ ’ਤੇ ਹਰ ਰੁਕਾਵਟ ਨੂੰ ਆਪਣੇ ਰਸਤੇ ਤੋਂ ਹਟਾ ਦਿੱਤਾ। 43 ਸਾਲ ਦੀ ਘੱਟ ਉਮਰ ਵਿਚ ਹੀ ਨੇਤਰਹੀਣਾਂ ਦੇ ਜੀਵਨ ਵਿਚ ਸਿੱਖਿਆ ਦੀ ਜੋਤ ਜਗਾਉਣ ਵਾਲੇ ਬਰੇਲ ਦੇ ਜੀਵਨ ਦੀ ਜੋਤ ਬੁੱਝ ਗਈ। ਉਨ੍ਹਾਂ ਦੇ ਦਿਹਾਂਤ ਪਿੱਛੋਂ ਅੱਜ ਵੀ ਬਰੇਲ ਲਿੱਪੀ ਦੀ ਮਦਦ ਨਾਲ ਉਨ੍ਹਾਂ ਦੇ ਅਨੋਖੇ ਕਾਰਜ ਤੇ ਸ਼ਖਸੀਅਤ ਦੀ ਜੋਤ ਅਨੇਕਾਂ ਨੇਤਰਹੀਣਾਂ ਦੀਆਂ ਅੱਖਾਂ ਵਿਚ ਬਲ ਰਹੀ ਹੈ ਅਤੇ ਬਲਦੀ ਰਹੇਗੀ। ਲੁਈ ਬਰੇਲ ਵਰਗੀ ਸ਼ਖਸੀਅਤ ਖੁਦ ਹਨੇਰੇ ਵਿਚ ਰਹਿ ਕੇ ਆਪਣੇ ਸੰਘਰਸ਼ ਤੇ ਹੌਸਲਿਆਂ ਨਾਲ ਦੂਜਿਆਂ ਦੇ ਘਰਾਂ ਨੂੰ ਰੌਸ਼ਨ ਕਰ ਦਿੰਦੇ ਹਨ।
ਭਵਿੱਖਫਲ: ਅੱਜ ਇਨ੍ਹਾਂ ਰਾਸ਼ੀਆਂ ਨੂੰ ਹੋ ਸਕਦਾ ਹੈ ਧਨ-ਲਾਭ
NEXT STORY