ਸੰਤ ਕਬੀਰ ਜੀ ਸੁਭਾਅ ਤੋਂ ਬਹੁਤ ਸ਼ਾਂਤ ਸਨ। ਕੋਈ ਕੁਝ ਵੀ ਕਹੇ, ਉਹ ਗੁੱਸੇ 'ਚ ਨਹੀਂ ਆਉਂਦੇ ਸਨ। ਇਕ ਵਾਰ ਕੁਝ ਲੜਕਿਆਂ ਨੂੰ ਸ਼ਰਾਰਤ ਸੁੱਝੀ। ਉਹ ਸਾਰੇ ਸੰਤ ਕਬੀਰ ਜੀ ਕੋਲ ਗਏ ਤੇ ਦੇਖਿਆ ਕਿ ਉਨ੍ਹਾਂ ਨੂੰ ਗੁੱਸਾ ਨਹੀਂ ਆਉਂਦਾ। ਉਨ੍ਹਾਂ 'ਚੋਂ ਇਕ ਲੜਕਾ ਅਮੀਰ ਘਰਾਣੇ ਦਾ ਸੀ। ਉਹ ਕਹਿਣ ਲੱਗਾ, ''ਇਹ ਸਾੜ੍ਹੀ ਕਿੰਨੇ ਦੀ ਦਿਓਗੇ?'' ਸੰਤ ਕਬੀਰ ਜੀ ਨੇ ਕਿਹਾ, ''10 ਸਿੱਕਿਆਂ ਦੀ।'' ਉਸ ਲੜਕੇ ਨੇ ਸੰਤ ਕਬੀਰ ਜੀ ਨੂੰ ਗੁੱਸਾ ਦਿਵਾਉਣ ਲਈ ਸਾੜ੍ਹੀ ਦੇ ਦੋ ਟੁਕੜੇ ਕਰ ਦਿੱਤੇ ਅਤੇ ਇਕ ਟੁਕੜਾ ਹੱਥ 'ਚ ਲੈ ਕੇ ਕਹਿਣ ਲੱਗਾ, ''ਮੈਨੂੰ ਪੂਰੀ ਸਾੜ੍ਹੀ ਨਹੀਂ ਚਾਹੀਦੀ, ਅੱਧੀ ਚਾਹੀਦੀ ਹੈ। ਇਸ ਦੀ ਕੀਮਤ ਕੀ ਲਓਗੇ?''
ਸੰਤ ਕਬੀਰ ਜੀ ਨੇ ਸ਼ਾਂਤੀ ਨਾਲ ਕਿਹਾ, ''ਪੰਜ ਸਿੱਕੇ।'' ਇੰਨਾ ਸੁਣਦਿਆਂ ਹੀ ਉਸ ਲੜਕੇ ਨੇ ਸਾੜ੍ਹੀ ਦੇ ਉਸ ਟੁਕੜੇ ਦੇ ਵੀ ਦੋ ਹੋਰ ਟੁਕੜੇ ਕਰ ਦਿੱਤੇ। ਸੰਤ ਕਬੀਰ ਜੀ ਨੇ ਕਿਹਾ ਕਿ ਇਸ ਦੇ ਢਾਈ ਸਿੱਕੇ ਲਵਾਂਗਾ। ਲੜਕਾ ਇਸੇ ਤਰ੍ਹਾਂ ਸਾੜ੍ਹੀ ਦੇ ਟੁਕੜੇ ਕਰਦਾ ਗਿਆ ਤੇ ਨਾਲ-ਨਾਲ ਸਾੜ੍ਹੀ ਦੀ ਕੀਮਤ ਵੀ ਪੁੱਛਦਾ ਗਿਆ। ਆਖਿਰ 'ਚ ਕਹਿਣ ਲੱਗਾ, ''ਮੈਨੂੰ ਇਹ ਸਾੜ੍ਹੀ ਨਹੀਂ ਚਾਹੀਦੀ, ਇਹ ਟੁਕੜੇ ਮੇਰੇ ਕਿਸ ਕੰਮ ਦੇ।'' ਸੰਤ ਕਬੀਰ ਜੀ ਨੇ ਸ਼ਾਂਤ ਸੁਭਾਅ ਨਾਲ ਕਿਹਾ, ''ਬੇਟਾ! ਹੁਣ ਇਹ ਟੁਕੜੇ ਤੇਰੇ ਜਾਂ ਮੇਰੇ ਨਹੀਂ, ਕਿਸੇ ਦੇ ਵੀ ਕੰਮ ਦੇ ਨਹੀਂ ਰਹੇ।'' ਹੁਣ ਲੜਕੇ ਨੂੰ ਸ਼ਰਮ ਆਈ ਤੇ ਉਹ ਕਹਿਣ ਲੱਗਾ, ''ਮੈਂ ਤੁਹਾਡਾ ਨੁਕਸਾਨ ਕੀਤਾ ਹੈ। ਮੈਂ ਤੁਹਾਡੀ ਸਾੜ੍ਹੀ ਦੀ ਕੀਮਤ ਦੇ ਦਿੰਦਾ ਹਾਂ।'' ਸੰਤ ਕਬੀਰ ਜੀ ਨੇ ਕਿਹਾ ਕਿ ਜੇਕਰ ਤੂੰ ਸਾੜ੍ਹੀ ਲਈ ਹੀ ਨਹੀਂ ਤਾਂ ਮੈਂ ਤੁਹਾਡੇ ਤੋਂ ਪੈਸੇ ਕਿਉਂ ਲਵਾਂਗਾ।
ਲੜਕੇ ਨੂੰ ਆਪਣੇ ਅਮੀਰ ਹੋਣ ਦਾ ਮਾਣ ਹੋਇਆ ਤੇ ਕਹਿਣ ਲੱਗਾ, ''ਮੈਂ ਬਹੁਤ ਅਮੀਰ ਆਦਮੀ ਹਾਂ। ਤੁਸੀਂ ਗਰੀਬ ਹੋ। ਮੈਂ ਸਿੱਕੇ ਦੇ ਦਿੰਦਾ ਹਾਂ ਤੇ ਮੈਨੂੰ ਕੋਈ ਫਰਕ ਨਹੀਂ ਪਵੇਗਾ, ਤੁਸੀਂ ਇਹ ਘਾਟਾ ਕਿਵੇਂ ਸਹੋਗੇ। ਮੈਂ ਨੁਕਸਾਨ ਕੀਤਾ ਹੈ ਤਾਂ ਹਰਜਾਨਾ ਵੀ ਮੈਂ ਹੀ ਭਰਾਂਗਾ।'' ਕਬੀਰ ਜੀ ਮੁਸਕਰਾਉਂਦੇ ਹੋਏ ਕਹਿਣ ਲੱਗੇ, ''ਤੁਸੀਂ ਘਾਟਾ ਪੂਰਾ ਨਹੀਂ ਕਰ ਸਕਦੇ। ਸੋਚੋ, ਕਿਸਾਨ ਨੇ ਕਪਾਹ ਪੈਦਾ ਕੀਤੀ, ਮੇਰੀ ਪਤਨੀ ਨੇ ਕਪਾਹ ਦਾ ਸੂਤ ਕੱਤਿਆ। ਮੈਂ ਉਸ ਨੂੰ ਰੰਗਿਆ ਤੇ ਬੁਣਿਆ। ਮਿਹਨਤ ਤਾਂ ਹੀ ਸਫਲ ਹੁੰਦੀ, ਜੇਕਰ ਕੋਈ ਇਸ ਨੂੰ ਪਹਿਨਦਾ ਪਰ ਤੂੰ ਤਾਂ ਇਸ ਦੇ ਟੁਕੜੇ-ਟੁਕੜੇ ਕਰ ਦਿੱਤੇ। ਸਿੱਕਿਆਂ ਨਾਲ ਇਹ ਘਾਟਾ ਕਿਵੇਂ ਪੂਰਾ ਹੋਵੇਗਾ।'' ਲੜਕਾ ਸ਼ਰਮ ਨਾਲ ਪਾਣੀ-ਪਾਣੀ ਹੋ ਗਿਆ।
ਤੁਹਾਡੀਆਂ ਇਨ੍ਹਾਂ ਆਦਤਾਂ ਕਾਰਨ ਮਾਂ ਲਕਸ਼ਮੀ ਹੋ ਸਕਦੀ ਹੈ ਨਾਰਾਜ਼
NEXT STORY